ਇਕ ਮਹੀਨਾ ਪਹਿਲਾਂ ਸਾਊਦੀ ਅਰਬ ’ਚ ਕਿਸ਼ਨਗੜ੍ਹ ਦੇ ਰਹਿਣ ਵਾਲੇ ਵਿਅਕਤੀ ਦੀ ਮੌਤ ਹੋ ਗਈ ਸੀ। ਇਕ ਮਹੀਨੇ ਦੇ ਬਾਅਦ ਉਸ ਦੀ ਲਾਸ਼ ਜੱਦੀ ਪਿੰਡ ਪਹੁੰਚੀ, ਜਿੱਥੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਕਿਸ਼ਨਗੜ੍ਹ ਦਾ ਰਹਿਣ ਵਾਲਾ ਬਲਵਿੰਦਰ ਕੁਮਾਰ ਉਰਫ਼ ਬਿਦਰੀ ਪੁੱਤਰ ਪ੍ਰੀਤਮ ਦਾਸ ਕਰੀਬ 9 ਸਾਲ ਪਹਿਲਾਂ ਰੋਜ਼ਗਾਰ ਖ਼ਾਤਰ ਸਾਊਦੀ ਅਰਬ ਗਿਆ ਸੀ, ਜਿੱਥੇ ਉਸ ਦਾ ਕੰਮਕਾਰ ਠੀਕ ਨਾ ਹੋਣ ਕਰਕੇ ਉਸ ਵੱਲੋਂ ਕੰਪਨੀ ਨੂੰ ਛੱਡ ਦਿੱਤਾ ਸੀ। ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕਰੀਬ ਪਿਛਲੇ ਇਕ ਸਾਲ ਤੋਂ ਉਸ ਦਾ ਕੰਮ ਨਾਮਾਤਰ ਸੀ। ਪਿਛਲੇ ਮਹੀਨੇ ਉਸ ਦੀ ਸਾਊਦੀ ਅਰਬ ਵਿਚ ਮੌਤ ਹੋ ਗਈ ਸੀ।
ਉਸ ਦੇ ਪਰਿਵਾਰਕ ਮੈਂਬਰਾਂ ਦੀ ਮਾਲੀ ਹਾਲਤ ਬਹੁਤ ਹੀ ਕਮਜ਼ੋਰ ਸੀ ਅਤੇ ਪਰਿਵਾਰ ਵਾਲੇ ਵਿਦੇਸ਼ ਵਿਚੋਂ ਮ੍ਰਿਤਕ ਦੇਹ ਲਿਆਉਣ ਤੋਂ ਵੀ ਅਸਮਰਥ ਸਨ। ਜਿਸ ਕਰਕੇ ਉਕਤ ਗਰੀਬ ਪਰਿਵਾਰ ਵੱਲੋਂ ਗ੍ਰਾਮ ਪੰਚਾਇਤ ਅਤੇ ਮੀਡੀਆ ਰਾਹੀਂ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਕੇਂਦਰੀ ਵਿਦੇਸ਼ ਮੰਤਰੀ ਸੁਬਰਾਮਨੀਅਮ ਜੈ ਸ਼ੰਕਰ ਅੱਗੇ ਪੁਰਜ਼ੋਰ ਗੁਹਾਰ ਲਾਈ ਸੀ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਿੰਡ ਕਿਸ਼ਨਗੜ੍ਹ ਵਿਖੇ ਮੰਗਵਾਈ ਜਾਵੇ। ਕੋਸ਼ਿਸ਼ਾਂ ਸਦਕਾ ਬੀਤੀ ਸਵੇਰੇ ਬਲਵਿੰਦਰ ਕੁਮਾਰ ਉਰਫ਼ ਬਿੰਦਰੀ ਦੀ ਮ੍ਰਿਤਕਦੇਹ ਸਾਊਦੀ ਅਰਬ ਤੋਂ ਦਿੱਲੀ ਰਾਹੀਂ ਇਕ ਬੰਦ ਬਕਸੇ ‘ਚ ਪਿੰਡ ਕਿਸ਼ਨਗੜ੍ਹ ਪਹੁੰਚੀ।
ਇਸ ਦੇ ਬਾਅਦ ਮ੍ਰਿਤਕ ਬਲਵਿੰਦਰ ਕੁਮਾਰ ਦਾ ਅੰਤਿਮ ਸੰਸਕਾਰ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਗ੍ਰਾਮ ਪੰਚਾਇਤ ਵੱਲੋਂ ਦੁਖ਼ੀ ਹਿਰਦੇ ਨਾਲ ਪਿੰਡ ਦੇ ਸ਼ਮਸਾਨ ਘਾਟ ‘ਚ ਕਰ ਦਿੱਤਾ ਗਿਆ।