ਕੋਲਕਾਤਾ: ਟੀਐਮਸੀ (ਤ੍ਰਿਣਮੂਲ ਕਾਂਗਰਸ) ਸੁਪਰੀਮੋ ਮਮਤਾ ਬੈਨਰਜੀ ਨੇ ਅੱਜ ਸੰਸਦ ਮੈਂਬਰ ਅਭਿਸ਼ੇਕ ਬੈਨਰਜੀ ਨੂੰ ਪਾਰਟੀ ਦਾ ਕੌਮੀ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਆਗੂ ਪਾਰਥਾ ਚੈਟਰਜੀ ਨੇ ਕਿਹਾ ਕਿ ਵਰਕਿੰਗ ਕਮੇਟੀ ਨੇ ਫ਼ੈਸਲਾ ਕੀਤਾ ਹੈ ਕਿ ਇਕ ਵਿਅਕਤੀ ਨੂੰ ਪਾਰਟੀ ਵਿਚ ਇਕ ਅਹੁਦਾ ਹੀ ਦਿੱਤਾ ਜਾਵੇਗਾ। ਕੋਰ ਕਮੇਟੀ ਨੇ ਇਸ ਫ਼ੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਅਭਿਸ਼ੇਕ ਜੋ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਦੇ ਭਤੀਜੇ ਹਨ, ਸੁਬਰਤਾ ਬਕਸ਼ੀ ਦੀ ਥਾਂ ਲੈਣਗੇ। ਅਦਾਕਾਰੀ ਤੋਂ ਸਿਆਸਤ ’ਚ ਆਈ ਸਾਇਨੀ ਘੋਸ਼ ਨੂੰ ਪਾਰਟੀ ਦੇ ਯੂਥ ਵਿੰਗ ਦੀ ਕਮਾਨ ਸੌਂਪੀ ਗਈ ਹੈ। ਪਹਿਲਾਂ ਬੈਨਰਜੀ ਯੂਥ ਵਿੰਗ ਦੇ ਪ੍ਰਧਾਨ ਸਨ। ਚੋਣਾਂ ਤੋਂ ਪਹਿਲਾਂ ਟੀਐਮਸੀ ਛੱਡ ਗਏ ਆਗੂਆਂ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।