ਨੋਇਲ ਟਾਟਾ ਹੋਣਗੇ ਰਤਨ ਟਾਟਾ ਦੇ ਉੱਤਰਾਧਿਕਾਰੀ
ਰਤਨ ਟਾਟਾ ਦੇ ਮਤਰੇਏ ਭਰਾ ਨੋਏਲ ਟਾਟਾ (Noel Tata) ਹੁਣ ਉਨ੍ਹਾਂ ਦੀ ਵਿਰਾਸਤ ਸੰਭਾਲਣਗੇ। ਟਾਟਾ ਟਰੱਸਟ ਨੇ ਇੱਕ ਮੀਟਿੰਗ ‘ਚ ਨੋਏਲ ਟਾਟਾ ਨੂੰ ਨਵਾਂ ਚੇਅਰਮੈਨ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਆਪਣੀ ਮੌਤ ਤੋਂ ਪਹਿਲਾਂ ਰਤਨ ਟਾਟਾ ਟਾਟਾ ਟਰੱਸਟ ਦੇ ਮੁਖੀ ਸਨ। ਵਰਤਮਾਨ ‘ਚ ਟਾਟਾ ਗਰੁੱਪ ਦੀ ਸਭ ਤੋਂ ਵੱਡੀ ਕੰਪਨੀ ਟਾਟਾ ਸੰਨਜ਼ ਹੈ, ਪਰ ਪ੍ਰਬੰਧਨ ਦੇ ਮਾਮਲੇ ‘ਚ ਟਾਟਾ ਟਰੱਸਟ ਇਸ ਤੋਂ ਵੀ ਉੱਪਰ ਹੈ।
ਟਾਟਾ ਟਰੱਸਟ ਅਸਲ ਵਿਚ ਟਾਟਾ ਗਰੁੱਪ ਦੀਆਂ ਚੈਰੀਟੇਬਲ ਸੰਸਥਾਵਾਂ ਦਾ ਇਕ ਗਰੁੱਪ ਹੈ। 13 ਲੱਖ ਕਰੋੜ ਰੁਪਏ ਦੇ ਮਾਲੀਏ ਦੇ ਨਾਲ ਟਾਟਾ ਸਮੂਹ ‘ਚ ਇਸਦੀ ਸਭ ਤੋਂ ਵੱਧ 66 ਪ੍ਰਤੀਸ਼ਤ ਹਿੱਸੇਦਾਰੀ ਹੈ। ਇਸ ਵਿੱਚ ਨੋਏਲ ਟਾਟਾ ਨੂੰ ਨਵਾਂ ਚੇਅਰਮੈਨ ਬਣਾਇਆ ਗਿਆ।
ਨੋਏਲ ਟਾਟਾ ਨੂੰ ਟਾਟਾ ਟਰੱਸਟ ਦਾ ਚੇਅਰਮੈਨ ਬਣਾਉਣ ਦਾ ਫੈਸਲਾ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਸ ਵਿਚ ਏਵੀਏਸ਼ਨ ਤੋਂ ਲੈ ਕੇ ਆਟੋਮੋਬਾਈਲ ਤਕ ਦੇ ਉਦਯੋਗਾਂ ‘ਚ ਡਾਇਵਰਸੀਫਾਈਡ ਪੋਰਟਫੋਲੀਓ ਸ਼ਾਮਲ ਹੈ। ਨੋਏਲ ਟਾਟਾ ਦੀ ਚੇਅਰਮੈਨ ਵਜੋਂ ਨਿਯੁਕਤੀ ਨੇ ਸ਼ੇਅਰਧਾਰਕਾਂ ਨੂੰ ਸੁਨੇਹਾ ਦਿੱਤਾ ਹੈ ਕਿ ਸੰਸਥਾਪਕ ਪਰਿਵਾਰ ਦਾ ਇਕ ਮੈਂਬਰ ਪਰਉਪਕਾਰੀ ਸੰਸਥਾ ਦੀ ਅਗਵਾਈ ਕਰ ਰਿਹਾ ਹੈ। ਇਸ ਨੇ ਕਾਰੋਬਾਰੀ ਸਾਲ 2023 ਦੌਰਾਨ ਲਗਪਗ $56 ਮਿਲੀਅਨ (470 ਕਰੋੜ ਰੁਪਏ) ਦਾਨ ਕੀਤੇ ਹਨ।
ਟਾਟਾ ਸੰਨਜ਼ ਤੇ ਟਾਟਾ ਟਰੱਸਟ ਦੋਵਾਂ ਦੇ ਚੇਅਰਮੈਨ ਰਹੇ ਰਤਨ
ਰਤਨ ਟਾਟਾ ਆਖਰੀ ਵਿਅਕਤੀ ਸਨ ਜਿਨ੍ਹਾਂ ਨੇ ਟਾਟਾ ਸੰਨਜ਼ ਤੇ ਟਾਟਾ ਟਰੱਸਟ ਦੋਵਾਂ ਦੇ ਚੇਅਰਮੈਨ ਵਜੋਂ ਸੇਵਾ ਕੀਤੀ। ਪਰ, ਟਾਟਾ ਗਰੁੱਪ ਦੀ ਐਸੋਸੀਏਸ਼ਨ ਦੇ ਆਰਟੀਕਲਜ਼ ਨੂੰ 2022 ‘ਚ ਸੋਧਿਆ ਗਿਆ ਸੀ। ਨਵੀਂ ਸੋਧ ਮੁਤਾਬਕ ਹੁਣ ਦੋਵੇਂ ਅਹੁਦਿਆਂ ‘ਤੇ ਇਕ ਹੀ ਵਿਅਕਤੀ ਦੇ ਰਹਿਣ ‘ਤੇ ਪਾਬੰਦੀ ਹੈ। ਇਸ ਨਿਯਮ ਦਾ ਉਦੇਸ਼ ਸ਼ਾਸਨ ਦੇ ਢਾਂਚੇ ਵਿੱਚ ਬਦਲਾਅ ਲਿਆਉਣਾ ਹੈ।
ਨਟਰਾਜਨ ਚੰਦਰਸ਼ੇਖਰਨ ਹਨ ਟਾਟਾ ਸੰਨਜ਼ ਦੇ ਚੇਅਰਮੈਨ
ਇਸ ਸਮੇਂ ਟਾਟਾ ਗਰੁੱਪ ਦੀ ਸਭ ਤੋਂ ਵੱਡੀ ਕੰਪਨੀ ਟਾਟਾ ਸੰਨਜ਼ ਹੈ। ਇਸ ਦੇ ਚੇਅਰਮੈਨ ਐਨ ਚੰਦਰਸ਼ੇਖਰਨ ਹਨ। ਪਰ, ਟਾਟਾ ਟਰੱਸਟ ਇਸ ਕੰਪਨੀ ਤੋਂ ਵੀ ਉੱਪਰ ਹੈ। ਇਸ ਦੀ ਕਮਾਨ ਟਾਟਾ ਪਰਿਵਾਰ ਦੇ ਮੈਂਬਰਾਂ ਨੇ ਸੰਭਾਲੀ ਹੈ। ਰਤਨ ਆਪਣੀ ਮੌਤ ਤਕ ਟਾਟਾ ਟਰੱਸਟ ਦੇ ਮੁਖੀ ਰਹੇ। ਹੁਣ ਨੋਏਲ ਟਾਟਾ ਆਪਣੀ ਜ਼ਿੰਮੇਵਾਰੀ ਸੰਭਾਲਣਗੇ।