ਪੰਜਾਬ ਕਿੰਗਜ਼ ਨੇ ਆਈਪੀਐਲ 2025 ਦੇ ਕੁਆਲੀਫਾਇਰ-2 ਵਿੱਚ ਮੁੰਬਈ ਇੰਡੀਅਨਜ਼ ਨੂੰ 5 ਵਿਕਟਾਂ ਨਾਲ ਹਰਾਇਆ। ਇਸ ਦੇ ਨਾਲ ਹੀ, ਟੀਮ 11 ਸਾਲਾਂ ਬਾਅਦ ਆਈਪੀਐਲ ਫਾਈਨਲ ਵਿੱਚ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਟੀਮ ਨੇ 2014 ਸੀਜ਼ਨ ਦਾ ਖਿਤਾਬੀ ਮੈਚ ਖੇਡਿਆ ਸੀ। ਹੁਣ ਫਾਈਨਲ 3 ਜੂਨ ਨੂੰ ਪੰਜਾਬ ਅਤੇ ਬੰਗਲੁਰੂ ਵਿਚਕਾਰ ਖੇਡਿਆ ਜਾਵੇਗਾ।
ਐਤਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪੰਜਾਬ ਨੇ 19 ਓਵਰਾਂ ਵਿੱਚ 204 ਦੌੜਾਂ ਦੇ ਟੀਚੇ ਦਾ ਪਿੱਛਾ ਕੀਤਾ। ਕਪਤਾਨ ਸ਼੍ਰੇਅਸ ਨੇ ਛੱਕਾ ਮਾਰ ਕੇ ਟੀਮ ਨੂੰ ਜਿੱਤ ਦਿਵਾਈ। ਉਸਨੇ 41 ਗੇਂਦਾਂ ‘ਤੇ 87 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸਨੂੰ ਪਲੇਅਰ ਆਫ ਦਾ ਮੈਚ ਵੀ ਚੁਣਿਆ ਗਿਆ।ਇਸ ਪਾਰੀ ਵਿੱਚ 5 ਚੌਕੇ ਅਤੇ 8 ਛੱਕੇ ਸ਼ਾਮਲ ਸਨ।
ਦੱਸ ਦਈਏ ਕਿ ਪੀਬੀਕੇਐਸ ਦੇ ਕਪਤਾਨ ਸ਼੍ਰੇਅਸ ਅਈਅਰ ਨੇ 5 ਸਾਲਾਂ ਵਿੱਚ ਤੀਸਰੀ ਫਰੈਂਚਾਇਜ਼ੀ ਨੂੰ ਫਾਈਨਲ ਵਿੱਚ ਪਹੁੰਚਾਇਆ ਹੈ। ਓਧਰ, ਰਜਤ ਪਾਟੀਦਾਰ ਜਿਨ੍ਹਾਂ ਨੇ ਪਹਿਲੀ ਵਾਰ ਆਈਪੀਐਲ ਵਿੱਚ ਕਪਤਾਨੀ ਕੀਤੀ, ਨੇ ਰਾਇਲ ਚੈਲੇਂਜਰਜ਼ ਬੰਗਲੌਰ ਨੂੰ 9 ਸਾਲਾਂ ਬਾਅਦ ਫਾਈਨਲ ਵਿੱਚ ਪਹੁੰਚਾਇਆ। ਹੁਣ ਸਭ ਨੂੰ ਦੋਵੇਂ ਟੀਮਾਂ ਵਿਚਾਲੇ ਖ਼ਿਤਾਬੀ ਮੈਚ ਦੀ ਉਡੀਕ ਹੈ।