ਲਖੀਮਪੁਰ ਖੀਰੀ ਮਾਮਲੇ ਦੇ ਗਵਾਹ ਦਿਲਬਾਗ ਸਿੰਘ ‘ਤੇ ਹੋਇਆ ਹਮਲਾ

0
10813
Lakhimpur Khiri Case Witness Dilbag Singh attacked

ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਤੇ ਲਖੀਮਪੁਰ ਖੀਰੀ ਮਾਮਲੇ ਦੇ ਗਵਾਹ ਦਿਲਬਾਗ ਸਿੰਘ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ। ਪੁਲਿਸ ਅਨੁਸਾਰ ਇਹ ਹਮਲਾ ਮੰਗਲਵਾਰ ਰਾਤ ਉਸ ਸਮੇਂ ਹੋਇਆ ਜਦੋਂ ਦਿਲਬਾਗ ਸਿੰਘ ਗੋਲਾ ਕੋਤਵਾਲੀ ਇਲਾਕੇ ਦੇ ਅਲੀਗੰਜ-ਮੁਡਾ ਰੋਡ ਤੋਂ ਆਪਣੀ SUV ’ਚ ਘਰ ਪਰਤ ਰਹੇ ਸਨ ਤਾਂ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ‘ਚ ਉਹ ਬਾਲ-ਬਾਲ ਬਚ ਗਏ ਹਨ।

ਦਿਲਬਾਗ ਸਿੰਘ ਨੇ ਦੱਸਿਆ ਕਿ ਬਦਮਾਸ਼ਾਂ ਨੇ ਗੋਲੀ ਮਾਰ ਕੇ ਉਨ੍ਹਾਂ ਦੀ SUV ਦਾ ਟਾਇਰ ਪੰਕਚਰ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਗੱਡੀ ਰੋਕਣੀ ਪਈ। ਬਾਈਕ ‘ਤੇ ਸਵਾਰ ਹਮਲਾਵਰਾਂ ਨੇ SUV ਦਾ ਦਰਵਾਜ਼ਾ ਅਤੇ ਖਿੜਕੀ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਅਸਫਲ ਰਹੇ, ਤਾਂ ਉਨ੍ਹਾਂ ਨੇ ਡਰਾਈਵਰ ਦੀ ਸੀਟ ਵੱਲ ਖਿੜਕੀ ਦੇ ਪੇਨ ‘ਤੇ ਦੋ ਗੋਲੀਆਂ ਚਲਾਈਆਂ। ਦੱਸ ਦੇਈਏ ਕਿ ਦਿਲਬਾਗ ਸਿੰਘ 3 ਅਕਤੂਬਰ, 2021 ਦੀ ਤਿਕੁਨੀਆ ਹਿੰਸਾ ਦੇ ਗਵਾਹਾਂ ਵਿਚੋਂ ਇਕ ਹੈ। ਤਿਕੁਨੀਆ ਹਿੰਸਾ ’ਚ 4 ਕਿਸਾਨਾਂ, ਇਕ ਪੱਤਰਕਾਰ ਸਮੇਤ 8 ਲੋਕ ਮਾਰੇ ਗਏ ਸਨ। ਲਖੀਮਪੁਰ ਘਟਨਾ ‘ਚ ਅਸ਼ੀਸ਼ ਮਿਸ਼ਰਾ ਮੁੱਖ ਦੋਸ਼ੀ ਹੈ। ਕੇਂਦਰੀ ਮੰਤਰੀ ਅਜੈ ਮਿਸ਼ਰਾ ਦਾ ਬੇਟਾ ਆਸ਼ੀਸ਼ ਮਿਸ਼ਰਾ ਇਸ ਮਾਮਲੇ ਵਿਚ ਜੇਲ੍ਹ ’ਚ ਬੰਦ ਹੈ।

ਦਿਲਬਾਗ ਸਿੰਘ ਨੇ ਅੱਗੇ ਦੱਸਿਆ ਕਿ ਉਹ ਖੁਦ ਗੱਡੀ ਚਲਾ ਰਹੇ ਸਨ ਅਤੇ SUV ’ਚ ਇਕੱਲੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਹਮਲਾਵਰਾਂ ਦੇ ਇਰਾਦੇ ਨੂੰ ਸਮਝਦਿਆਂ, ਜਿਸ ਤੋਂ ਤੁਰੰਤ ਬਾਅਦ ਡਰਾਈਵਿੰਗ ਸੀਟ ਨੂੰ ਮੋੜ ਦਿੱਤਾ ਅਤੇ ਹੇਠਾਂ ਝੁਕ ਗਏ ਕਿਉਂਕਿ ਖਿੜਕੀਆਂ ਕਾਲੀਆਂ ਸਨ ਅਤੇ ਬਾਹਰੋਂ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ। ਇਸ ਲਈ ਹਮਲਾਵਰ SUV ਵਿਚ ਉਨ੍ਹਾਂ ਦੀ ਸਥਿਤੀ ਨਹੀਂ ਦੇਖ ਸਕੇ ਅਤੇ ਆਪਣੇ ਮੋਟਰਸਾਈਕਲ ‘ਤੇ ਫਰਾਰ ਹੋ ਗਏ। ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਗੰਨਮੈਨ ਨੂੰ ਛੁੱਟੀ ’ਤੇ ਭੇਜ ਦਿੱਤਾ ਸੀ ਕਿਉਂਕਿ ਉਸ ਦਾ ਲੜਕਾ ਅਚਾਨਕ ਬੀਮਾਰ ਪੈ ਗਿਆ ਸੀ।

ਹਮਲੇ ਤੋਂ ਤੁਰੰਤ ਬਾਅਦ ਦਿਲਬਾਗ ਸਿੰਘ ਨੇ ਗੋਲਾ ਕੋਤਵਾਲੀ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਅਤੇ ਭਾਰਤੀ ਕਿਸਾਨ ਯੂਨੀਅਨ ਟਿਕੈਤ ਦੇ ਬੁਲਾਰੇ ਰਾਕੇਸ਼ ਟਿਕੈਤ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਵਧੀਕ ਪੁਲਸ ਸੁਪਰਡੈਂਟ ਅਰੁਣ ਕੁਮਾਰ ਨੇ ਦੱਸਿਆ ਕਿ ਦਿਲਬਾਗ ਸਿੰਘ ਦੀ ਸ਼ਿਕਾਇਤ ‘ਤੇ ਆਈ. ਪੀ. ਸੀ. ਦੀਆਂ ਸਬੰਧਤ ਧਾਰਾਵਾਂ ਤਹਿਤ FIR ਦਰਜ ਕੀਤੀ ਗਈ ਹੈ ਅਤੇ ਇਕ ਫੋਰੈਂਸਿਕ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here