ਨਵੇਂ ਸਾਲ ਦੇ ਪਹਿਲੇ ਦਿਨ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਪ੍ਰਸ਼ੰਸਕਾਂ ਦੀਆਂ ਗੱਲਾਂ ਸੁਣ ਕੇ ਭਾਵੁਕ ਹੋ ਗਏ।ਉਹ ਪਿੰਡ ਮੂਸਾ ਦੀ ਹਵੇਲੀ ਵਿੱਚ ਪ੍ਰਸ਼ੰਸਕਾਂ ਨੂੰ ਮਿਲੇ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵਿਦੇਸ਼ ਦੌਰੇ ‘ਤੇ ਹੋਣ ਕਾਰਨ ਉਨ੍ਹਾਂ ਨੇ ਇਸ ਹਫਤੇ ਪ੍ਰਸ਼ੰਸਕਾਂ ਨਾਲ ਆਪਣਾ ਦੁੱਖ ਸਾਂਝਾ ਕੀਤਾ ਅਤੇ ਇਕ ਵਾਰ ਫਿਰ ਸਰਕਾਰ ਨੂੰ ਇਨਸਾਫ ਦੀ ਅਪੀਲ ਕੀਤੀ।

ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਨਮ ਅੱਖਾਂ ਨਾਲ ਪ੍ਰਸ਼ੰਸਕਾਂ ਦੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਅੱਜ ਨਵੇਂ ਸਾਲ ਦੀ ਸਵੇਰ ਨੂੰ ਉਨ੍ਹਾਂ ਦੇ ਪ੍ਰਸੰਸਕਾਂ ਨੇ ਉਨ੍ਹਾਂ ਕੋਲ ਆ ਕੇ ਕਿਹਾ ਕਿ 2022 (ਦੋ ਹਜ਼ਾਰ ਬਾਈ) ਨੇ ਸਾਡੇ ਵੀਰ ਨੂੰ ਖੋਹ ਲਿਆ ਹੈ। ਇਹ ਕਹਿ ਕੇ ਮਾਤਾ ਚਰਨ ਕੌਰ ਦੀਆਂ ਅੱਖਾਂ ਨਮ ਹੋ ਗਈਆਂ। ਇਸ ਦੌਰਾਨ ਉਨ੍ਹਾਂ ਨੇ ਸਰਕਾਰ ਨੂੰ ਇਨਸਾਫ਼ ਦੇਣ ਦੀ ਅਪੀਲ ਵੀ ਕੀਤੀ।

ਮਾਤਾ ਚਰਨ ਕੌਰ ਨੇ ਦੱਸਿਆ ਕਿ ਹੁਣ ਉਹ ਇਨਸਾਫ਼ ਲਈ ਸਰਕਾਰ ਕੋਲ ਗੁਹਾਰ ਲਗਾ ਕੇ ਥੱਕ ਚੁੱਕੇ ਹਨ। ਗ੍ਰਿਫਤਾਰ ਕੀਤੇ ਗਏ ਸਾਰੇ ਦੋਸ਼ੀ ਘਟਨਾ ਨੂੰ ਅੰਜਾਮ ਦੇਣ ਵਾਲੇ ਹਨ ਪਰ ਅਜੇ ਤੱਕ ਘਟਨਾ ਨੂੰ ਕਰਵਾਉਣ ਵਾਲੇ ਦੋਸ਼ੀ ਫੜੇ ਨਹੀਂ ਗਏ। ਪਰਿਵਾਰ ਨੇ ਪੁਲਿਸ ਨੂੰ ਨਾਮ ਦਿੱਤੇ ਹਨ, ਪਰ ਕੋਈ ਕਾਰਵਾਈ ਨਹੀਂ ਹੋਈ।

ਮਾਤਾ ਚਰਨ ਕੌਰ ਨੇ ਦੋਸ਼ੀਆਂ ਦੀ ਲੰਬੀ ਉਮਰ ਦੀ ਮੰਗ ਕੀਤੀ, ਪਰ ਨਾਲ ਹੀ ਕਿਹਾ ਕਿ ਉਨ੍ਹਾਂ ਨਾਲ ਅਜਿਹੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਏ ਜਿਸ ਕਾਰਨ ਉਨ੍ਹਾਂ ਨੂੰ ਸਾਰੀ ਉਮਰ ਇਹ ਯਾਦ ਰਹੇ ਕਿ ਉਹਨ੍ਹਾਂ ਨੇ ਇੱਕ ਖੁਸ਼ਹਾਲ ਪਰਿਵਾਰ ਨੂੰ ਤਬਾਹ ਕਰ ਦਿੱਤਾ ਹੈ।