ਹਵਾ ਪ੍ਰਦੂਸ਼ਣ ਸਮੇਤ ਕਈ ਸਮੱਸਿਆਵਾਂ ਦਾ ਕਾਰਨ ਬਣੀ ਪਰਾਲੀ ਦੇ ਨਿਪਟਾਰੇ ਲਈ ਨਵਾਂ ਰਾਹ ਮਿਲ ਗਿਆ ਹੈ। ਕੇਰਲਾ ਸਰਕਾਰ ਪਸ਼ੂਆਂ ਦੇ ਚਾਰੇ ਲਈ ਪਰਾਲੀ ਦੀ ਵਰਤੋਂ ਕਰਨ ਬਾਰੇ ਵਿਚਾਰ ਕਰ ਰਹੀ ਹੈ, ਜਿਸ ਸਬੰਧੀ ਬਾਕਾਇਦਾ ਰਣਨੀਤੀ ਉਲੀਕੀ ਜਾਵੇਗੀ। ਪੰਜਾਬ ਵਿਚ ਪਰਾਲੀ ਦੇ ਨਿਪਟਾਰੇ ਲਈ ਨਵਾਂ ਰਾਹ ਖੁੱਲ੍ਹ ਗਿਆ ਹੈ। ਹੁਣ ਪੰਜਾਬ ਦੀ ਪਰਾਲੀ ਪਸ਼ੂ ਚਾਰੇ ਲਈ ਰੇਲ ਗੱਡੀ ਜ਼ਰੀਏ ਕੇਰਲ ਜਾਵੇਗੀ।

ਕੇਰਲ ਨੇ ਪੰਜਾਬ ਤੋਂ ਆਪਣੇ ਰਾਜ ਦੇ ਪਸ਼ੂਆਂ ਦੇ ਚਾਰੇ ਲਈ ਪਰਾਲੀ ਦੀ ਮੰਗ ਕੀਤੀ ਹੈ। ਇਸਦੇ ਨਾਲ ਹੀ ਕਿਹਾ ਹੈ ਕਿ ਉਹ ਇਸ ਨੂੰ ਕਿਸਾਨ ਰੇਲ ਯੋਜਨਾ ਤਹਿਤ ਲਿਜਾਣ ਦਾ ਪ੍ਰਬੰਧ ਕਰ ਸਕਦੇ ਹਨ। ਪੰਜਾਬ ਸਰਕਾਰ ਨੇ ਵੀ ਕੇਰਲ ਦੇ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਕਿਉਂਕਿ ਦੋ ਕਰੋੜ ਟਨ ਪਰਾਲੀ ਸੰਭਾਲਣਾ ਪੰਜਾਬ ਲਈ ਮੁਸ਼ਕਿਲ ਬਣਿਆ ਹੋਇਆ ਹੈ। ਦੂਜੇ ਪਾਸੇ ਕੇਰਲ ਵਿਚ ਚਾਰੇ ਦੀ ਭਾਰੀ ਕਿੱਲਤ ਹੈ। ਅਜਿਹੇ ’ਚ ਜੇ ਇਹ ਯੋਜਨਾ ਸਿਰੇ ਚੜ੍ਹ ਜਾਂਦੀ ਹੈ ਤਾਂ ਪਰਾਲੀ ਲਈ ਇਸ ਨਵੇਂ ਹੱਲ ਨਾਲ ਦੋਵਾਂ ਸੂਬਿਆਂ ਵਿਚ ਖ਼ੁਸ਼ਹਾਲੀ ਆ ਸਕਦੀ ਹੈ।

ਦੋ ਦਿਨ ਪਹਿਲਾਂ ਕੇਰਲ ਦੀ ਪਸ਼ੂ ਪਾਲਣ ਮੰਤਰੀ ਜੇ ਚਿਨਚੁਰਾਨੀ ਪੰਜਾਬ ਦੇ ਦੌਰੇ ’ਤੇ ਆਏ ਸੀ ਅਤੇ ਉਨ੍ਹਾਂ ਪੰਜਾਬ ਤੋਂ ਪਰਾਲੀ ਲਿਜਾਣ ਦੀ ਗੱਲ ਕਹੀ ਸੀ। ਇਸ ਤੋਂ ਇਲਾਵਾ ਉਨ੍ਹਾਂ ਪਸ਼ੂਆਂ ਦੇ ਚਾਰਾ ਪ੍ਰਬੰਧਨ ਲਈ ‘ਪੰਜਾਬ ਮਾਡਲ’ ਅਪਣਾਉਣ ਵਿਚ ਰੁਚੀ ਦਿਖਾਈ ਸੀ। ਪੰਜਾਬ ਸਰਕਾਰ ਨੇ ਕੇਰਲ ਨੂੰ ਪਸ਼ੂਆਂ ਦੇ ਚਾਰੇ ਲਈ ਪਰਾਲੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ। ਇਸ ਨਾਲ ਜਿੱਥੇ ਪੰਜਾਬ ਵਿਚ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਦਾ ਹੱਲ ਹੋਵੇਗਾ, ਉਥੇ ਪਰਾਲੀ ਪ੍ਰਬੰਧਨ ਨਾਲ ਨਿਪਟਣ ਵਿਚ ਮਦਦ ਮਿਲੇਗੀ।

ਮੰਤਰੀ ਚਿਨਚੁਰਾਨੀ ਨੇ ਕਿਹਾ ਸੀ ਕਿ ਕੇਰਲ ਵਿਚ ਲੋਕਾਂ ਲਈ ਡੇਅਰੀ ਫਾਰਮਿੰਗ ਰੋਜ਼ੀ-ਰੋਟੀ ਦਾ ਅਹਿਮ ਪੇਸ਼ਾ ਹੈ ਅਤੇ ਲੱਖਾਂ ਕਿਸਾਨਾਂ ਲਈ ਡੇਅਰੀ ਪੇਸ਼ਾ ਆਮਦਨੀ ਦਾ ਮੁੱਖ ਸਰੋਤ ਹੈ। ਪੰਜਾਬ ਤੋਂ ਬਾਅਦ ਕੇਰਲ ਦੁੱਧ ਉਤਪਾਦਨ ਵਿਚ ਦੇਸ਼ ਵਿਚ ਦੂਸਰੇ ਨੰਬਰ ’ਤੇ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿਚ ਪਸ਼ੂ ਚਾਰੇ ਦੀਆਂ ਕੀਮਤਾਂ ਵਧਣ ਕਾਰਨ ਡੇਅਰੀ ਨਾਲ ਜੁੜੇ ਕਿਸਾਨਾਂ ਦੀ ਆਰਥਿਕ ਸਥਿਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਤਟੀ ਰਾਜ ਕੇਰਲ ਵਿਚ ਖੇਤੀ ਯੋਗ ਜ਼ਮੀਨ ਘੱਟ ਹੋਣ ਕਾਰਨ ਪਸ਼ੂਆਂ ਲਈ ਲੋੜੀਦਾ ਚਾਰਾ ਪੈਦਾ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਵੱਲੋਂ ਐਲਾਨੇ ਕਿਸਾਨ ਰੇਲ ਪ੍ਰਾਜੈਕਟ ਤਹਿਤ ਪਰਾਲੀ ਕੇਰਲ ਰਾਜ ਵਿਚ ਭੇਜੀ ਜਾਂਦੀ ਹੈ ਤਾਂ ਇਸ ਨਾਲ ਕੇਰਲ ਦੇ ਵੱਡੀ ਗਿਣਤੀ ਵਿਚ ਡੇਅਰੀ ਕਿਸਾਨਾਂ ਨੂੰ ਲਾਭ ਹੋਵੇਗਾ।

‘ਕੇਰਲ ਪਸ਼ੂ ਧਨ ਅਤੇ ਪੋਲਟਰੀ ਫੀਡ ਤੇ ਮਿਨਰਲ ਮਿਕਸਚਰ (ਨਿਰਮਾਣ ਅਤੇ ਵਿਕਰੀ ਨਿਯਮ) ਬਿਲ, 2022’ ਬਣਾਉਣ ਤੋਂ ਪਹਿਲਾਂ ਅਧਿਐਨ ਕਰਨ ਲਈ ਪੰਜਾਬ ਦੌਰੇ ’ਤੇ ਆਈ ਕੇਰਲ ਵਿਧਾਨ ਸਭਾ ਦੀ ਸਿਲੈਕਸ਼ਨ ਕਮੇਟੀ ਨੂੰ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ, ਪਸ਼ੂਆਂ ਦੀ ਰਾਸ਼ਟਰੀ ਆਬਾਦੀ ਵਿਚ 1.31 ਪ੍ਰਤੀਸ਼ਤ ਦਾ ਯੋਗਦਾਨ ਦਿੰਦਾ ਹੈ, ਜਦਕਿ ਰਾਜ ਵਿਚ ਦੁੱਧ ਦਾ ਉਤਪਾਦਨ ਰਾਸ਼ਟਰੀ ਉਤਪਾਦਨ ਦਾ 6.70 ਪ੍ਰਤੀਸ਼ਤ ਹੁੰਦਾ ਹੈ।

LEAVE A REPLY

Please enter your comment!
Please enter your name here