ਨਵੀ ਦਿੱਲੀ : ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਪਿਤਾ ਅਤੇ ਪਹਿਲੇ ਰਾਸ਼ਟਰਪਤੀ ਸ਼ੇਖ ਮੁਜੀਬੁਰਹਮਾਨ ਦੇ ‘ਰਾਸ਼ਟਰ ਪਿਤਾ’ ਦੇ ਦਰਜੇ ਨੂੰ ਖਤਮ ਕਰ ਦਿੱਤਾ ਹੈ। ਇਸ ਦੇ ਲਈ ਇੱਕ ਆਰਡੀਨੈਂਸ ਜਾਰੀ ਕੀਤਾ ਗਿਆ ਅਤੇ ਕਾਨੂੰਨ ਵਿੱਚੋਂ ‘ਰਾਸ਼ਟਰ ਪਿਤਾ ਬੰਗਬੰਧੂ ਸ਼ੇਖ ਮੁਜੀਬੁਰਹਮਾਨ’ ਸ਼ਬਦ ਹਟਾ ਦਿੱਤੇ ਗਏ।
ਇਸ ਦੇ ਨਾਲ ਹੀ 1971 ਦੇ ਆਜ਼ਾਦੀ ਘੁਲਾਟੀਏ ਅਤੇ ਸੰਘਰਸ਼ ਦੀ ਪਰਿਭਾਸ਼ਾ ਵੀ ਬਦਲ ਦਿੱਤੀ ਗਈ ਹੈ। ਆਜ਼ਾਦੀ ਘੁਲਾਟੀਆਂ ਦੀ ਨਵੀਂ ਪਰਿਭਾਸ਼ਾ ਦੇ ਤਹਿਤ, 26 ਮਾਰਚ ਤੋਂ 16 ਦਸੰਬਰ, 1971 ਦੇ ਵਿਚਕਾਰ ਜੰਗ ਲਈ ਤਿਆਰੀ ਕਰਨ ਵਾਲੇ, ਭਾਰਤ ਵਿੱਚ ਸਿਖਲਾਈ ਕੈਂਪਾਂ ਵਿੱਚ ਸ਼ਾਮਲ ਹੋਣ ਵਾਲੇ ਅਤੇ ਪਾਕਿਸਤਾਨੀ ਫੌਜ ਅਤੇ ਇਸਦੇ ਸਹਿਯੋਗੀਆਂ ਵਿਰੁੱਧ ਹਥਿਆਰ ਚੁੱਕਣ ਵਾਲੇ ਨਾਗਰਿਕਾਂ ਨੂੰ ਆਜ਼ਾਦੀ ਘੁਲਾਟੀਆਂ ਮੰਨਿਆ ਜਾਵੇਗਾ।
ਦੱਸ ਦਈਏ ਕਿ ਹਾਲ ਹੀ ਵਿੱਚ 1 ਜੂਨ ਨੂੰ, ਮੁਹੰਮਦ ਯੂਨਸ ਦੀ ਸਰਕਾਰ ਨੇ ਨਵੇਂ ਕਰੰਸੀ ਨੋਟਾਂ ਤੋਂ ਸ਼ੇਖ ਮੁਜੀਬੁਰਹਮਾਨ ਦੀ ਤਸਵੀਰ ਵੀ ਹਟਾ ਦਿੱਤੀ ਹੈ। ਨਵੇਂ ਨੋਟਾਂ ‘ਤੇ ਹਿੰਦੂ ਅਤੇ ਬੋਧੀ ਮੰਦਰਾਂ ਦੀਆਂ ਤਸਵੀਰਾਂ ਵੀ ਛਾਪੀਆਂ ਜਾਣਗੀਆਂ। ਹਾਲਾਂਕਿ, ਪੁਰਾਣੇ ਨੋਟ ਅਤੇ ਸਿੱਕੇ ਵੀ ਪ੍ਰਚਲਨ ਵਿੱਚ ਰਹਿਣਗੇ।