ਗੁਰੂਗ੍ਰਾਮ : ਗੁਰੂਗ੍ਰਾਮ ‘ਚ ਇੱਕ ਭਿਆਨਕ ਹਾਦਸਾ ਵਾਪਰ ਗਿਆ ਹੈ। ਸ਼ਹਿਰ ਦੇ ਸੈਕਟਰ-111 ’ਚ ਇਕ ਖਾਲੀ ਜਗ੍ਹਾ ’ਤੇ ਬਣੇ ਅਸਥਾਈ ਤਲਾਬ ’ਚ ਨਹਾਉਣ ਗਏ ਸਾਰੇ 6 ਬੱਚਿਆਂ ਦੀਆਂ ਡੁੱਬਣ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਕਈ ਘੰਟਿਆਂ ਤਕ ਐੱਸ. ਡੀ. ਆਰ. ਐੱਫ. ਦੀ ਟੀਮ ਅਤੇ ਫਾਇਰ ਵਿਭਾਗ ਦੇ ਨਾਲ-ਨਾਲ ਜ਼ਿਲ੍ਹਾ ਪੁਲਸ ਵੱਲੋਂ ਬੱਚਿਆਂ ਦੀ ਭਾਲ ’ਚ ਬਚਾਅ ਕਾਰਜ ਚਲਾਇਆ ਗਿਆ।

ਜ਼ਿਲ੍ਹਾ ਡਿਪਟੀ ਕਮਿਸ਼ਨਰ ਨਿਸ਼ਾਂਤ ਯਾਦਵ ਦੇ ਨਾਲ ਡੀ.ਸੀ.ਪੀ. ਵੀ ਮੌਕੇ ’ਤੇ ਮੌਜੂਦ ਸਨ। ਡੀ. ਸੀ. ਯਾਦਵ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਹਰ ਬੱਚੇ ਦੇ ਪਰਿਵਾਰ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਤਲਾਬ ਦੇ ਕੰਢੇ ਬੱਚਿਆਂ ਦੇ ਕੱਪੜੇ ਮਿਲਣ ਕਾਰਨ ਬੱਚਿਆਂ ਦੇ ਪਾਣੀ ’ਚ ਡੁੱਬਣ ਦਾ ਖਦਸ਼ਾ ਪ੍ਰਗਟਾਇਆ ਗਿਆ, ਉਥੇ ਹੀ ਇਕ ਬੱਚੇ ਦੀ ਲਾਸ਼ ਪਹਿਲਾਂ ਹੀ ਬਰਾਮਦ ਕਰ ਲਈ ਗਈ ਸੀ।

ਜਾਣਕਾਰੀ ਅਨੁਸਾਰ ਭਾਰੀ ਮੀਂਹ ਕਾਰਨ ਖਾਲੀ ਪਲਾਟ ’ਚ ਬਣੇ ਟੋਇਆਂ ’ਚ ਕਾਫੀ ਪਾਣੀ ਜਮ੍ਹਾ ਹੋ ਗਿਆ ਸੀ। ਸ਼ੰਕਰ ਵਿਹਾਰ ਕਾਲੋਨੀ ਦੇ 6 ਬੱਚੇ ਇਸ ਤਲਾਬ ’ਚ ਨਹਾਉਣ ਗਏ ਸਨ। ਜਦੋਂ ਬੱਚੇ ਵਾਪਸ ਨਹੀਂ ਆਏ ਤਾਂ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਗਈ। ਤਲਾਬ ਦੇ ਕੰਢੇ ਬੱਚਿਆਂ ਦੇ ਕੱਪੜੇ ਪਾਏ ਜਾਣ ਤੋਂ ਬਾਅਦ ਤਲਾਬ ’ਚ ਡੁੱਬਣ ਦਾ ਖਦਸ਼ਾ ਪੈਦਾ ਹੋਇਆ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਪੁਲਿਸ ਨੇ ਪਹਿਲਾਂ ਹੀ ਇਕ ਬੱਚੇ ਦੀ ਲਾਸ਼ ਬਰਾਮਦ ਕਰ ਲਈ ਸੀ। ਇਸ ਤੋਂ ਬਾਅਦ ਬਾਕੀ ਬਚੇ ਬੱਚਿਆਂ ਦੀ ਭਾਲ ਲਈ ਬਚਾਅ ਕਾਰਜ ਤੇਜ਼ ਕਰ ਦਿੱਤਾ ਗਿਆ। ਇਸ ਤੋਂ ਬਾਅਦ ਬਚਾਅ ਟੀਮ ਨੇ ਇਕ ਤੋਂ ਬਾਅਦ ਇਕ ਸਾਰੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਬੱਚਿਆਂ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਬੱਚਿਆਂ ਦੇ ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ।

 

LEAVE A REPLY

Please enter your comment!
Please enter your name here