ਬਾਲੀਵੁੱਡ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ ਵਿਕਰਮ ਗੋਖਲੇ ਦਾ 77 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਪੁਣੇ ਦੇ ਦੀਨਾਨਾਥ ਮੰਗੇਸ਼ਕਰ ਹਸਪਤਾਲ ‘ਚ ਆਖਰੀ ਸਾਹ ਲਿਆ। ਉਹ ਪਿਛਲੇ 18 ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਸੀ। ਬੁੱਧਵਾਰ ਤੋਂ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਅਤੇ ਉਹ ਵੈਂਟੀਲੇਟਰ ਸਪੋਰਟ ‘ਤੇ ਸਨ। ਇਸ ਦੌਰਾਨ ਉਸ ਦੀ ਮੌਤ ਦੀ ਅਫਵਾਹ ਵੀ ਉੱਠੀ, ਜਿਸ ਦਾ ਪਰਿਵਾਰ ਵਾਲਿਆਂ ਨੇ ਖੰਡਨ ਕੀਤਾ।

ਸ਼ੁੱਕਰਵਾਰ ਨੂੰ ਉਨ੍ਹਾਂ ਦੀ ਹਾਲਤ ‘ਚ ਕੁਝ ਸੁਧਾਰ ਹੋਇਆ ਸੀ ਪਰ ਮਲਟੀ ਆਰਗਨ ਫੇਲ ਹੋਣ ਕਾਰਨ ਸ਼ਨੀਵਾਰ ਦੁਪਹਿਰ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਦੇਹ ਨੂੰ ਪੁਣੇ ਦੇ ਬਾਲ ਗੰਧਰਵ ਰੰਗਮੰਦਰ ‘ਚ ਰੱਖਿਆ ਜਾਵੇਗਾ। ਅੱਜ ਸ਼ਾਮ ਨੂੰ ਵੈਕੁੰਠ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਪਿਛਲੇ ਕੁਝ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਸਨ ਕਿ ਅਦਾਕਾਰ ਪੁਣੇ ਸਥਿਤ ਦੀਨਾਨਾਥ ਹਸਪਤਾਲ ’ਚ ਦਾਖ਼ਲ ਸਨ। ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਹਾਲਤ ਥੋੜ੍ਹੀ ਨਾਜ਼ੁਕ ਸੀ। ਹਾਲਾਂਕਿ ਡਾਕਟਰਾਂ ਨੇ ਉਨ੍ਹਾਂ ਨੂੰ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਬਚ ਨਹੀਂ ਸਕੇ।

ਦੱਸ ਦੇਈਏ ਕਿ ਵਿਕਰਮ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ’ਚ ਕੰਮ ਕੀਤਾ ਹੈ। 26 ਸਾਲ ਦੀ ਉਮਰ ’ਚ ਉਨ੍ਹਾਂ ਨੇ ਅਦਾਕਾਰੀ ’ਚ ਕਦਮ ਰੱਖਿਆ ਸੀ। 1971 ’ਚ ਉਨ੍ਹਾਂ ਨੇ ਬਾਲੀਵੁੱਡ ਡੈਬਿਊ ਕੀਤਾ।

ਉਨ੍ਹਾਂ ਨੇ ਪਹਿਲੀ ਫ਼ਿਲਮ ਅਮਿਤਾਭ ਬੱਚਨ ਨਾਲ ਕੀਤੀ ਸੀ। ਫ਼ਿਲਮ ਦਾ ਨਾਂ ‘ਪਰਵਾਨਾ’ ਸੀ। ਵਿਕਰਮ ਨੂੰ ਬਲਾਕਬਸਟਰ ਫ਼ਿਲਮ ‘ਹਮ ਦਿਲ ਦੇ ਚੁਕੇ ਸਨਮ’ ਲਈ ਜਾਣਿਆ ਜਾਂਦਾ ਹੈ। ਫ਼ਿਲਮ ’ਚ ਵਿਕਰਮ ਨੇ ਐਸ਼ਵਰਿਆ ਰਾਏ ਦੇ ਪਿਤਾ ਦਾ ਕਿਰਦਾਰ ਨਿਭਾਇਆ ਸੀ।

ਦੱਸ ਦੇਈਏ ਕਿ ਵਿਕਰਮ ਗੋਖਲੇ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਅਦਾਕਾਰਾਂ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।