ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪੱਛਮੀ ਅਫਰੀਕਾ ਦੇ ਦੇਸ਼ ਗਿੰਨੀ ਤੋਂ ਆਈ ਇਕ ਔਰਤ ਕੋਲੋਂ 15.36 ਕਰੋੜ ਰੁਪਏ ਦੀ ਕੋਕੀਨ ਬਰਾਮਦ ਕੀਤੀ ਗਈ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸ਼ਨੀਵਾਰ ਨੂੰ ਜਾਰੀ ਇਕ ਅਧਿਕਾਰਤ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ। ਉਸ ਨੂੰ ਕੁੱਝ ਦਿਨ ਪਹਿਲਾਂ ਕੋਨਾਕਰੀ (ਗਿੰਨੀ) ਤੋਂ ਅਦੀਸ ਅਬਾਬਾ ਰਾਹੀਂ ਇੱਥੇ ਪਹੁੰਚਣ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁੱਛਗਿੱਛ ਦੌਰਾਨ ਔਰਤ ਨੇ ਖੁਲਾਸਾ ਕੀਤਾ ਕਿ ਉਸ ਨੇ ਕੁਝ ਨਸ਼ੀਲੇ ਕੈਪਸੂਲ ਨਿਗਲ ਲਏ ਸਨ।

ਕਸਟਮ ਵਿਭਾਗ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਆਪਰੇਸ਼ਨ ਦੀ ਲੋੜ ਸੀ, ਇਸ ਲਈ ਔਰਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਔਰਤ ਦੀ ਡਾਕਟਰੀ ਜਾਂਚ ਦੌਰਾਨ ਉਸ ਦੇ ਸਰੀਰ ਦੇ ਅੰਦਰ ਛੁਪੀ ਹੋਈ ਕੁਝ ਸਮੱਗਰੀ ਮਿਲੀ। ਜਾਣਕਾਰੀ ਅਨੁਸਾਰ ਮਾਹਿਰ ਡਾਕਟਰੀ ਨਿਗਰਾਨੀ ‘ਚ ਆਪਰੇਸ਼ਨ ਦੌਰਾਨ ਔਰਤ ਦੇ ਢਿੱਡ ‘ਚੋਂ ਕੁੱਲ 82 ਕੈਪਸੂਲ ਬਰਾਮਦ ਕੀਤੇ ਗਏ, ਜਿਨ੍ਹਾਂ ਵਿੱਚ ਕੁੱਲ 1,024 ਗ੍ਰਾਮ ਇੱਕ ਚਿੱਟਾ ਪਦਾਰਥ ਸੀ, ਜਿਸਦੀ ਜਾਂਚ ਕਰਨ ‘ਤੇ ਕੋਕੀਨ ਹੋਣ ਦਾ ਖੁਲਾਸਾ ਹੋਇਆ।

ਇਹ ਵੀ ਪੜ੍ਹੋ :ਭਾਰਤੀ ਸਰਹੱਦ ‘ਤੇ ਮੁੜ ਦਿਖਾਈ ਦਿੱਤਾ ਡਰੋਨ, BSF ਜਵਾਨਾਂ ਨੇ ਕੀਤੀ ਫਾਇਰਿੰਗ, ਸਰਚ ਮੁਹਿੰਮ…

ਦੱਸ ਦੇਈਏ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਫੜੀ ਗਈ ਔਰਤ ਦੇ ਢਿੱਡ ‘ਚੋਂ ਕੋਕੀਨ ਦੇ ਕੈਪਸੂਲ ਕੱਢਣ ਲਈ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਉਸ ਦਾ ਆਪਰੇਸ਼ਨ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬਰਾਮਦ ਕੀਤੀ ਗਈ 1,024 ਗ੍ਰਾਮ ਕੋਕੀਨ ਦੀ ਕੀਮਤ 15.36 ਕਰੋੜ ਰੁਪਏ ਹੈ। ਫਿਲਹਾਲ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕੋਕੀਨ ਜ਼ਬਤ ਕਰ ਲਈ ਗਈ ਹੈ।