ਰਿਸ਼ਵਤ ਮੰਗਣ ਮਾਮਲੇ ਵਿਚ ਸੀ. ਬੀ. ਆਈ. ਨੇ ਕੀਤਾ ਤਿੰਨ ਨੂੰ ਗ੍ਰਿਫ਼ਤਾਰ

0
32
CBI

ਚੰਡੀਗੜ੍ਹ, 12 ਮਈ 2026 : ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. (C. B. I.) ਵਲੋਂ ਵਿਜੀਲੈਂਸ ਅਧਿਕਾਰੀਆਂ ਦੇ ਨਾਮ ‘ਤੇ ਰਿਸ਼ਵਤ ਮੰਗਣ (Asking for a bribe) ਅਤੇ ਸੌਦਾ ਤੈਅ ਕਰਨ ਦੋਸ਼ ਹੇਠ ਤਿੰਨ ਨੂੰ ਗ੍ਰਿ਼ਫਤਾਰ ਕੀਤਾ ਗਿਆ ਹੈ ।

ਕੌਣ ਕੌਣ ਹਨ ਜਿਨ੍ਹਾਂ ਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਸੀ. ਬੀ. ਆਈ. ਨੇ ਜੋ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦੇ ਨਾਂ ‘ਤੇ 20 ਲੱਖ ਰੁਪਏ ਦੀ ਰਿਸ਼ਵਤ ਮੰਗਣ ਅਤੇ ਸੌਦਾ ਤੈਅ ਕਰਨ ਦੇ ਇਲਜ਼ਾਮ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਵਿੱਚ ਦੋ ਨਿੱਜੀ ਵਿਚੋਲੇ (ਮਲੋਟ ਦੇ ਭਾਜਪਾ ਆਗੂ ਰਾਘਵ ਗੋਇਲ ਅਤੇ ਉਸ ਦੇ ਪਿਤਾ ਵਿਕਾਸ ਗੋਇਲ) ਅਤੇ ਉਨ੍ਹਾਂ ਦਾ ਇੱਕ ਸਹਿਯੋਗੀ ਅੰਕਿਤ ਵਧਵਾ ਸ਼ਾਮਲ ਹਨ ।

ਕਿਸ ਦੀ ਸਿ਼ਕਾਇਤ ਤੇ ਕੀਤੀ ਗਈ ਕਾਰਵਾਈ

ਉਕਤ ਕਾਰਵਾਈ ਪੰਜਾਬ ਦੇ ਇੱਕ ਸਟੇਟ ਟੈਕਸ ਅਫ਼ਸਰ ਦੀ ਸਿ਼ਕਾਇਤ `ਤੇ ਕੀਤੀ ਗਈ ਹੈ । ਸਿ਼ਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਵਿਕਾਸ ਗੋਇਲ ਉਰਫ਼ ਵਿੱਕੀ ਅਤੇ ਉਸ ਦਾ ਪੁੱਤਰ ਰਾਘਵ ਗੋਇਲ ਉਸ ਵਿਰੁੱਧ ਵਿਜੀਲੈਂਸ ਦਫ਼ਤਰ ਵਿੱਚ ਚੱਲ ਰਹੀ ਇੱਕ ਸਿ਼ਕਾਇਤ ਨੂੰ ਬੰਦ ਕਰਵਾਉਣ ਬਦਲੇ 20 ਲੱਖ ਰੁਪਏ ਦੀ ਰਿਸ਼ਵਤ ਮੰਗ ਰਹੇ ਹਨ । ਮੁਲਜ਼ਮਾਂ ਨੇ ਦਾਅਵਾ ਕੀਤਾ ਸੀ ਕਿ ਉਹ ਵਿਜੀਲੈਂਸ ਦੇ ਰੀਡਰ ਓ. ਪੀ. ਰਾਣਾ ਸਮੇਤ ਉੱਚ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ ਅਤੇ ਮਾਮਲਾ ਰਫ਼ਾ-ਦਫ਼ਾ ਕਰਵਾ ਦੇਣਗੇ ।

ਕੀ ਸੀ ਪੂਰਾ ਮਾਮਲਾ

ਸੀ. ਬੀ. ਆਈ. ਨੇ 11 ਮਈ 2026 ਨੂੰ ਚੰਡੀਗੜ੍ਹ ਵਿੱਚ ਜਾਲ ਵਿਛਾਇਆ, ਜਿੱਥੇ ਮੁਲਜ਼ਮਾਂ ਦਾ ਸਹਿਯੋਗੀ ਅੰਕਿਤ ਵਧਵਾ ਸਿ਼ਕਾਇਤਕਰਤਾ ਤੋਂ 13 ਲੱਖ ਰੁਪਏ ਨਗਦ ਅਤੇ ਇੱਕ `ਸੈਮਸੰਗ ਗਲੈਕਸੀ ਜ਼ੈਡ ਫੋਲਡ-7` ਮੋਬਾਈਲ ਫ਼ੋਨ ਲੈਂਦਾ ਰੰਗੇ ਹੱਥੀਂ ਕਾਬੂ ਕੀਤਾ ਗਿਆ । ਕਾਰਵਾਈ ਦੌਰਾਨ ਜਦੋਂ ਗਨਮੈਨਾਂ ਨੇ ਸੀ. ਬੀ. ਆਈ. ਦੀ ਟੀਮ ਨੂੰ ਦੇਖਿਆ ਤਾਂ ਮੁਲਜ਼ਮ ਰਾਘਵ ਗੋਇਲ, ਵਿਕਾਸ ਗੋਇਲ ਅਤੇ ਰੀਡਰ ਓ. ਪੀ. ਰਾਣਾ ਮੌਕੇ ਤੋਂ ਫ਼ਰਾਰ ਹੋ ਗਏ । ਸੀ. ਬੀ. ਆਈ. ਨੇ ਪਿੱਛਾ ਕਰਕੇ ਰਾਘਵ, ਵਿਕਾਸ ਅਤੇ ਦੋ ਗਨਮੈਨਾਂ ਨੂੰ ਪੰਜਾਬ-ਹਰਿਆਣਾ ਬਾਰਡਰ `ਤੇ ਅੰਬਾਲਾ ਨੇੜਿਓਂ ਗ੍ਰਿਫ਼ਤਾਰ ਕਰ ਲਿਆ, ਜਦਕਿ ਰੀਡਰ ਓ. ਪੀ. ਰਾਣਾ ਅਜੇ ਵੀ ਫ਼ਰਾਰ ਹੈ ।

ਏਜੰਸੀ ਨੇ ਤਲਾਸੀ ਦੌਰਾਨ ਹੋਰ ਕਿੰਨੀ ਨਗਦੀ ਕੀਤੀ ਬਰਾਮਦ

ਕੇਂਦਰੀ ਜਾਂਚ ਏਜੰਸੀ ਨੇ ਮੁਲਜ਼ਮਾਂ ਦੇ ਮਲੋਟ ਸਥਿਤ ਨਿਵਾਸ ਅਤੇ ਓ. ਪੀ. ਰਾਣਾ ਦੇ ਚੰਡੀਗੜ੍ਹ ਸਥਿਤ ਘਰ ਦੀ ਤਲਾਸ਼ੀ ਲਈ, ਜਿੱਥੋਂ 9 ਲੱਖ ਰੁਪਏ ਦੀ ਨਗਦੀ ਅਤੇ ਕਈ ਅਹਿਮ ਦਸਤਾਵੇਜ਼ ਬਰਾਮਦ ਹੋਏ ਹਨ । ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰੀਡਰ ਓ. ਪੀ. ਰਾਣਾ ਅਤੇ ਇਨ੍ਹਾਂ ਨਿੱਜੀ ਵਿਚੋਲਿਆਂ ਵਿਚਕਾਰ ਵਿਜੀਲੈਂਸ ਦੇ ਗੁਪਤ ਮਾਮਲਿਆਂ ਬਾਰੇ ਜਾਣਕਾਰੀ ਦਾ ਆਦਾਨ-ਪ੍ਰਦਾਨ ਹੁੰਦਾ ਸੀ ।

ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਨਿੱਜੀ ਵਿਅਕਤੀਆਂ ਨੂੰ ਪੰਜਾਬ ਪੁਲਿਸ ਦੇ ਗਨਮੈਨ ਅਧਿਕਾਰਤ ਤੌਰ ‘ਤੇ ਮਿਲੇ ਹੋਏ ਸਨ ਜੋ ਏ. ਕੇ. -47 ਰਾਈਫਲਾਂ ਨਾਲ ਲੈਸ ਸਨ । ਸੀ. ਬੀ. ਆਈ. ਵਲੋਂ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨਿੱਜੀ ਵਿਅਕਤੀਆਂ ਨੂੰ ਸਰਕਾਰੀ ਸੁਰੱਖਿਆ ਕਿਸ ਆਧਾਰ `ਤੇ ਦਿੱਤੀ ਗਈ ਸੀ ਅਤੇ ਕੀ ਇਸ ਵਿੱਚ ਕੋਈ ਵੱਡਾ ਗਠਜੋੜ ਸ਼ਾਮਲ ਹੈ । ਮੁਲਜ਼ਮਾਂ ਨੂੰ ਜਲਦ ਹੀ ਚੰਡੀਗੜ੍ਹ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

LEAVE A REPLY

Please enter your comment!
Please enter your name here