ਕੇਂਦਰੀ ਸਿਹਤ ਮੰਤਰਾਲੇ ਨੇ ਰਾਜਾਂ ਤੇ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਲੈਕ ਫੰਗਸ ਜਾਂ ਮਿਊਕਰਮਿਕੋਸਿਸ ਨੂੰ ਐਪੀਡੈਮਿਕ ਡਿਜ਼ੀਜ਼ਿਜ਼ ਐਕਟ 1897 ਤਹਿਤ ਆਉਂਦੇ ਰੋਗਾਂ ਦੀ ਸੂਚੀ ਵਿੱਚ ਸ਼ਾਮਲ ਕਰਨ। ਮੰਤਰਾਲੇ ਨੇ ਕਿਹਾ ਕਿ ਕਰੋਨਾ ਦੀ ਲਾਗ ਕਰਕੇ ਜਿੱਥੇ ਸਰੀਰ ਵਿੱਚ ਹੋਰ ਕਈ ਵਿਗਾੜ ਪੈਦਾ ਹੁੰਦੇ ਹਨ, ਉਥੇ ਇਸ ਕਰਕੇ ਮੌਤਾਂ ਵੀ ਹੋ ਰਹੀਆਂ ਹਨ। ਮੰਤਰਾਲੇ ਨੇ ਰਾਜਾਂ ਤੇ ਯੂਟੀਜ਼ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਫੰਗਲ ਲਾਗ, ਜਿਸ ਨੂੰ ਮਿਊਕਰਮਿਕੋਸਿਸ ਵੀ ਕਿਹਾ ਜਾਂਦਾ ਹੈ, ਦੇ ਰੂਪ ਵਿੱਚ ਨਵੀਂ ਚੁਣੌਤੀ ਦਰਪੇਸ਼ ਹੈ। ਇਸ ਲਾਗ ਕਰਕੇ ਕਈ ਰਾਜਾਂ ਵਿੱਚ ਕਰੋਨਾ ਮਰੀਜ਼ਾਂ, ਖਾਸ ਕਰ ਕੇ ਉਹ ਲੋਕ ਜੋ ਸਟਿਰੌਇਡ ਥੈਰੇਪੀ ’ਤੇ ਸਨ ਜਾਂ ਜਿਨ੍ਹਾਂ ਦੀ ਸ਼ੂਗਰ ਕੰਟਰੋਲ ਵਿੱਚ ਨਹੀਂ ਸੀ, ਦੀ ਮੌਤ ਹੋਣ ਦੀਆਂ ਰਿਪੋਰਟਾਂ ਹਨ।

ਸਿਹਤ ਮੰਤਰਾਲੇ ’ਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਪੱਤਰ ਵਿੱਚ ਕਿਹਾ, ‘ਫੰਗਲ ਲਾਗ ਕਰਕੇ ਸਰੀਰ ’ਚ ਕਈ ਹੋਰ ਵਿਗਾੜ ਪੈਣ ਦੇ ਨਾਲ ਇਹ ਕੋਵਿਡ-19 ਮਰੀਜ਼ਾਂ ਦੀ ਮੌਤ ਦਾ ਕਾਰਨ ਵੀ ਹੈ। ਇਸ ਫੰਗਲ ਲਾਗ ਦੇ ਇਲਾਜ ਲਈ ਅੱਖਾਂ ਦੇ ਸਰਜਨ, ਈਐੱਨਟੀ ਮਾਹਿਰਾਂ, ਜਨਰਲ ਸਰਜਨ, ਦਿਮਾਗ ਦੇ ਸਰਜਨ ਤੇ ਦੰਦਾਂ ਦੇ ਡਾਕਟਰ ਤੱਕ ਸਾਂਝੀ ਪਹੁੰਚ ਦੀ ਲੋੜ ਹੈ। ਲਿਹਾਜ਼ਾ ਤੁਹਾਨੂੰ ਗੁਜ਼ਾਰਿਸ਼ ਕੀਤੀ ਜਾਂਦੀ ਹੈ ਕਿ ਮਿਊਕਰਮਿਕੋਸਿਸ ਨੂੰ ਐਪੀਡੈਮਿਕ ਡਿਜ਼ੀਜ਼ਿਜ਼ ਐਕਟ 1897 ਅਧੀਨ ਆਉਂਦੇ ਰੋਗਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ।’

ਬਲੈਕ ਫੰਗਸ ਨੂੰ ਇਸ ਐਕਟ ਤਹਿਤ ਨੋਟੀਫਾਈ ਕੀਤੇ ਜਾਣ ਮਗਰੋਂ ਸਾਰੇ ਸਰਕਾਰੀ ਤੇ ਨਿੱਜੀ ਹਸਪਤਾਲ ਤੇ ਮੈਡੀਕਲ ਕਾਲਜ, ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਅਤੇ ਭਾਰਤੀ ਮੈਡੀਕਲ ਖੋਜ ਕੌਂਸਲ (ਆਈਸੀਐੱਮਆਰ) ਵੱਲੋਂ ਮਿਊਕਰਮਿਕੋਸਿਸ ਦੀ ਸਕਰੀਨਿੰਗ, ਡਾਇਗਨੋਜ਼ ਤੇ ਪ੍ਰਬੰਧਨ ਲਈ ਨਿਰਧਾਰਿਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣਗੇ। ਪੱਤਰ ਵਿੱਚ ਕਿਹਾ ਗਿਆ ਹੈ ਕਿ ਹਸਪਤਾਲ ਜ਼ਿਲ੍ਹਾ ਪੱਧਰ ਦੇ ਮੁੱਖ ਮੈਡੀਕਲ ਅਧਿਕਾਰੀ (ਸੀਐੱਮਓ) ਰਾਹੀਂ ਬਲੈਕ ਫੰਗਸ ਦੇ ਸ਼ੱਕੀ ਤੇ ਪੁਸ਼ਟੀ ਵਾਲੇ ਕੇਸਾਂ ਦੀ ਰਿਪੋਰਟ ਸਿਹਤ ਵਿਭਾਗ ਨੂੰ ਲਾਜ਼ਮੀ ਭੇਜਣਾ ਯਕੀਨੀ ਬਣਾਉਣਗੇ। ਅਜਿਹਾ ਇਸ ਲਈ ਕੀਤਾ ਜਾ ਰਿਹਾ ਕਿਉਂਕਿ ਕੋਰੋਨਾ ਦੇ ਨਾਲ-ਨਾਲ ਬਲੈਕ ਫੰਗਸ ਵੀ ਦੇਸ਼ ਅੰਦਰ ਆਪਣੇ ਪੈਰ ਪਸਾਰ ਰਹੀ ਹੈ।

Author