ਭਾਰਤੀ ਕ੍ਰਿਕਟ ਟੀਮ ਦੇ ਲੈੱਗ ਸਪਿਨਰ ਰਵੀ ਬਿਸ਼ਨੋਈ ਨੂੰ ਆਸਟ੍ਰੇਲੀਆ ਦੇ ਖਿਲਾਫ਼ 5 ਮੈਚਾਂ ਦੀ ਟੀ-20 ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। ਬਿਸ਼ਨੋਈ ICC ਟੀ-20 ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਨੰਬਰ-1 ‘ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਇਸ ਦੌਰਾਨ ਅਫਗਾਨਿਸਤਾਨ ਦੇ ਸਟਾਰ ਸਪਿਨਰ ਰਾਸ਼ਿਦ ਖਾਨ ਨੂੰ ਪਿੱਛੇ ਛੱਡ ਦਿੱਤਾ ਹੈ।

ਇਸਦੇ ਨਾਲ ਹੀ ਰਵੀ ਬਿਸ਼ਨੋਈ ਜਸਪ੍ਰੀਤ ਬੁਮਰਾਹ ਦੇ ਕਲੱਬ ਵਿੱਚ ਸ਼ਾਮਿਲ ਹੋ ਗਏ ਹਨ। ਬੁਮਰਾਹ ਟੀ-20 ਰੈਂਕਿੰਗ ਵਿੱਚ ਨੰਬਰ-1 ਗੇਂਦਬਾਜ਼ ਰਹਿ ਚੁੱਕੇ ਹਨ। ਇਸ ਤਰ੍ਹਾਂ ਟੀ-20 ਵਿੱਚ ਭਾਰਤੀ ਖਿਡਾਰੀਆਂ ਦਾ ਜਲਵਾ ਹੈ। ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਸੂਰਿਆਕੁਮਾਰ ਯਾਦਵ ਪਹਿਲੇ ਨੰਬਰ ‘ਤੇ ਬਣੇ ਹੋਏ ਹਨ।

 

ਰਵੀ ਬਿਸ਼ਨੋਈ ਪਿਛਲੇ ਹਫਤੇ 664 ਰੇਟਿੰਗ ਪੁਆਇੰਟ ਦੇ ਨਾਲ ਪੰਜਵੇਂ ਨੰਬਰ ‘ਤੇ ਸਨ, ਪਰ ਆਸਟ੍ਰੇਲੀਆ ਖਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਬਿਸ਼ਨੋਈ ਨੂੰ ਬਹੁਤ ਫਾਇਦਾ ਮਿਲਿਆ ਹੈ। ਉਨ੍ਹਾਂ ਨੇ 5 ਮੈਚਾਂ ਦੀ ਟੀ-20 ਸੀਰੀਜ਼ ਵਿੱਚ 9 ਵਿਕਟਾਂ ਲਈਆਂ ਸਨ। ਇਸ ਨਾਲ ਬਿਸ਼ਨੋਈ ਨੂੰ 34 ਪੁਆਇੰਟ ਦਾ ਫਾਇਦਾ ਹੋਇਆ। ਬਿਸ਼ਨੋਈ ਦੇ ਹੁਣ 699 ਰੇਟਿੰਗ ਪੁਆਇੰਟ ਹੋ ਗਏ ਹਨ ਜੋ ਰਾਸ਼ਿਦ ਖਾਨ ਦੇ 7 ਅੰਕ ਜ਼ਿਆਦਾ ਹਨ। ਰਾਸ਼ਿਦ ਖਾਨ ਨੇ ਮਾਰਚ 2023 ਤੋਂ ਨੰਬਰ ਵਨ ਸਥਾਨ ‘ਤੇ ਕਬਜ਼ਾ ਕੀਤਾ ਹੋਇਆ ਸੀ।

 

ਦੱਸ ਦੇਈਏ ਕਿ ਰਵੀ ਬਿਸ਼ਨੋਈ ਨੇ ਪਿਛਲੇ ਸਾਲ ਇੰਟਰਨੈਸ਼ਨਲ ਕ੍ਰਿਕਟ ਵਿੱਚ ਡੈਬਿਊ ਕੀਤਾ ਸੀ। ਫਰਵਰੀ 2022 ਵਿੱਚ ਵੈਸਟਇੰਡੀਜ਼ ਦੇ ਖਿਲਾਫ਼ ਈਡਨ ਗਾਰਡਨਜ਼ ਵਿੱਚ ਇਸ ਸਪਿਨਰ ਨੇ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ। ਆਪਣੇ ਪਹਿਲੇ ਹੀ ਮੁਕਾਬਲੇ ਵਿੱਚ ਉਹ ‘ਪਲੇਅਰ ਆਫ ਦ ਮੈਚ’ ਰਹੇ ਸਨ। ਉਨ੍ਹਾਂ ਨੇ 17 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਸਨ। ਉਦੋਂ ਤੋਂ ਲੈ ਕੇ ਹੁਣ ਤੱਕ ਇਹ ਗੇਂਦਬਾਜ਼ ਟੀ-20 ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ। ਬਿਸ਼ਨੋਈ ਹੁਣ ਤੱਕ 21 ਮੁਕਾਬਲੇ ਖੇਡ ਚੁੱਕੇ ਹਨ ਤੇ 17.38 ਦੀ ਗੇਂਦਬਾਜ਼ੀ ਔਸਤ ਤੇ 7.14 ਦੇ ਇਕਾਨਮੀ ਰੇਟ ਨਾਲ ਕੁੱਲ 34 ਵਿਕਟਾਂ ਲੈ ਚੁੱਕੇ ਹਨ। ਉਨ੍ਹਾਂ ਦੀ ਬਾਲਿੰਗ ਸਟ੍ਰਾਈਕ ਰੇਟ 14.5 ਰਿਹਾ ਹੈ।

LEAVE A REPLY

Please enter your comment!
Please enter your name here