ਸ਼੍ਰੀਨਗਰ ‘ਚ ਭਿਆਨਕ ਸੜਕ ਹਾਦਸਾ ਵਾਪਰ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸੈਲਾਨੀਆਂ ਦੇ ਇਕ ਸਮੂਹ ਨੂੰ ਲੈ ਕੇ ਲੇਹ ਤੋਂ ਸ਼੍ਰੀਨਗਰ ਜਾ ਰਹੀ ਇਕ ਕੈਬ ਮੰਗਲਵਾਰ ਨੂੰ ਪਹਾੜੀ ਹਾਈਵੇਅ ਤੋਂ ਡਿੱਗ ਗਈ। ਜਿਸ ਕਾਰਨ 5 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੈਲਾਨੀ ਕੇਰਲ ਦੇ ਸਨ।
ਇਹ ਹਾਦਸਾ ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ‘ਚ ਸ਼੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ‘ਤੇ ਵਾਪਰਿਆ। ਅਧਿਕਾਰੀਆਂ ਮੁਤਾਬਕ ਕਾਰ ਚਾਲਕ ਨੇ ਜ਼ੋਜਿਲਾ ਪਾਸ ਦੇ ਨੇੜੇ ਇਕ ਮੋੜ ‘ਤੇ ਬਰਫ਼ ਨਾਲ ਢੱਕੇ ਖੇਤਰ ‘ਤੇ ਫਿਸਲਣ ਕਾਰਨ ਗੱਡੀ ਦਾ ਕੰਟਰੋਲ ਗੁਆ ਦਿੱਤਾ।
ਹਾਦਸੇ ‘ਚ ਕਾਰ ਚਾਲਕ ਦੀ ਵੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਸੋਨਮਰਗ ਪ੍ਰਾਇਮਰੀ ਹੈਲਥ ਸੈਂਟਰ ‘ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ‘ਚੋਂ ਇਕ ਨੂੰ ਵਿਸ਼ੇਸ਼ ਇਲਾਜ ਲਈ ਇੱਥੋਂ ਦੇ ਹਸਪਤਾਲ ‘ਚ ਰੈਫਰ ਕਰ ਦਿੱਤਾ ਗਿਆ ਹੈ।