ਭਾਜਪਾ ਨੂੰ ਤਿੰਨ ਸੂਬਿਆਂ ‘ਚੋਂ ਮਿਲੀ ਸ਼ਾਨਦਾਰ ਜਿੱਤ ੳਪਰੰਤ ਭਾਜਪਾ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਜਸ਼ਨ ਮਨਾਇਆ ਗਿਆ ਅਤੇ ਲੱਡੂ ਵੰਡ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਜਿੱਤ ਦੀਆਂ ਸਮੂਹ ਆਗੂਆਂ, ਅਹੁਦੇਦਾਰਾਂ ਅਤੇ ਵਰਕਰਾਂ ਨੂੰ ਬਹੁਤ ਬਹੁਤ ਵਧਾਈਆਂ।

ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ ਅਤੇ ਛੱਤੀਸਗੜ੍ਹ ‘ਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰ ਤੋਂ ਲਗਾਤਾਰ ਜਾਰੀ ਹੈ। ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਇਨ੍ਹਾਂ ਤਿੰਨ ਸੂਬਿਆਂ ਵਿਚ ਭਾਜਪਾ ਲਗਾਤਾਰ ਜਿੱਤ ਵੱਲ ਵੱਧ ਰਹੀ ਹੈ ਉਥੇ ਹੀ ਜਿੱਤ ਵੱਲ ਵੱਧਦੀ ਵੇਖ ਕੇ ਸਿਆਸੀ ਆਗੂਆਂ ਦੀ ਪ੍ਰਤੀਕਿਰਿਆ ਆਉਣੀ ਵੀ ਸ਼ੁਰੂ ਹੋ ਗਈ ਹੈ।

ਤਿੰਨ ਸੂਬਿਆਂ ਵਿਚ ਜਿੱਤ ਵੱਲ ਵਧ ਰਹੀ ਭਾਜਪਾ ਨੂੰ ਵੇਖ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਇਸ ਜਿੱਤ ਲਈ ਹਿੰਦੁਸਤਾਨ ਦੇ ਵੋਟਰਾਂ ਨੂੰ ਬਹੁਤ-ਬਹੁਤ ਵਧਾਈ। ਉਨ੍ਹਾਂ ਕਿਹਾ ਕਿ ਇਹ ਭਾਜਪਾ ਦੀ ਇਕ ਇਤਿਹਾਸਕ ਜਿੱਤ ਹੈ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਜਾਦੂ ਚੱਲਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਰਾਸ਼ਟਰੀ ਪੱਧਰ ‘ਤੇ ਅੱਜ ਬਹੁਤ ਵੱਡਾ ਬਦਲਾਅ ਆਇਆ ਹੈ।

ਕਾਂਗਰਸ ਨੂੰ ਲੰਮੇ ਹੱਥੀਂ ਲੈਂਦੇ ਹੋਏ ਸੁਨੀਲ ਜਾਖੜ ਨੇ ਕਿਹਾ ਕਿ ਜਿਹੜੇ ਕਹਿ ਰਹੇ ਸਨ ਕਿ ਇਨ੍ਹਾਂ ਦੇ ਪੈਰਾਂ ਹੇਠਾਂ ਜ਼ਮੀਨ ਨਹੀਂ ਹੈ, ਹੈਰਾਨੀ ਦੀ ਗੱਲ ਤਾਂ ਹੁਣ ਇਹ ਹੈ ਕਿ ਹੁਣ ਉਨ੍ਹਾਂ ਨੂੰ ਯਕੀਨ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਮੋਦੀ ਸਾਬ੍ਹ ਦਾ ਹੀ ਜਾਦੂ ਹੈ, ਜੋ ਵੋਟਰਾਂ ਵਿਚ ਵੇਖਣ ਨੂੰ ਮਿਲਿਆ ਹੈ ਅਤੇ ਚੰਗੇ ਨਤੀਜੇ ਸਾਹਮਣੇ ਆਏ ਹਨ।

ਜਾਖੜ ਨੇ ਕਿਹਾ ਕਿ ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਖ਼ਿਲਾਫ਼ ਬਹੁਤ ਮਾੜੀ ਸ਼ਬਦਾਵਲੀ ਵੀ ਬੋਲੀ ਗਈ ਅਤੇ ਕਈ ਰੈਲੀਆਂ ਵੀ ਕੱਢੀਆਂ ਗਈਆਂ ਪਰ ਲੋਕਾਂ ਨੇ ਰਾਸ਼ਟਰ ਹਿੱਤ ਵਿਚ ਵੋਟਾਂ ਪਾਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਕਈ ਹੱਥਕੰਢੇ ਵੀ ਅਪਣਾਏ ਗਏ ਪਰ ਭਾਰਤ ਦਾ ਵੋਟਰ ਬਹੁਤ ਜਾਗਰੁਕ ਹੋ ਚੁੱਕਾ ਹੈ ਅਤੇ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਪ੍ਰਧਾਨ ਮੰਤਰੀ ਦੀ ਸੋਚ ’ਤੇ ਵੋਟਾਂ ਪਾਈਆਂ ਹਨ। ਦੇਸ਼ ਦੇ ਪ੍ਰਤੀ, ਵਿਕਾਸ ਦੇ ਪ੍ਰਤੀ ਭਾਜਪਾ ਵਚਨਬੱਧ ਹੈ, ਇਹ ਸੁਨੀਲ ਜਾਖੜ ਨਹੀਂ ਸਗੋਂ ਅੱਜ ਲੋਕ ਬੋਲ ਰਹੇ ਹਨ। ਜੋ ਅੱਜ ਲੋਕਾਂ ਨੇ ਸਾਨੂੰ ਬਹੁਮਤ ਦਿੱਤਾ ਹੈ, ਅਸੀਂ ਉਸ ਦਾ ਸਨਮਾਨ ਕਰਦੇ ਹਾਂ।

LEAVE A REPLY

Please enter your comment!
Please enter your name here