ਥਾਈਲੈਂਡ, 16 ਨਵੰਬਰ 2026 : ਥਾਈਲੈਂਡ (Thailand) ਵਿਖੇ ਅੱਜ ਸਵੇਰ ਸਮੇਂ ਇਕ ਬਿਲਡਿੰਗ ਵਿਚ ਅੱਗ ਲੱਗਣ (Catching fire) ਦੇ ਕਾਰਨ 11 ਲੋਕਾਂ ਦੀ ਮੌਤ ਤੇ 36 ਵਿਅਕਤੀਆਂ ਦੇ ਜਖਮੀ ਹੋਣ ਦਾ ਸਮਾਚਾਰ ਹੈ ।
ਕਿੰਨੇ ਵਜੇ ਲੱਗੀ ਅੱਗ
ਮਿਲੀ ਜਾਣਕਾਰੀ ਅਨੁਸਾਰ ਥਾਈਲੈਂਡ ਦੇ ਪ੍ਰਮੁੱਖ ਸੈਲਾਨੀ ਸਥਾਨ, ਫੁਕੇਤ ਦੇ ਪਾਟੋਂਗ ਇਲਾਕੇ ਵਿੱਚ ਜੋ ਅੱਜ ਭਿਆਨਕ ਅੱਗ ਲੱਗਣ ਦਾ ਘਟਨਾਕ੍ਰਮ ਵਾਪਰਿਆ ਹੈ ਵਾਲੀ ਇਹ ਅੱਗ ਸਵੇਰੇ 3. 20 ਵਜੇ ਲੱਗੀ ਦੱਸੀ ਜਾ ਰਹੀ ਹੈ । ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਨੇੜਲੀਆਂ ਕਈ ਇਮਾਰਤਾਂ ਵੀ ਇਸ ਦੀ ਲਪੇਟ ਵਿੱਚ ਆ ਗਈਆਂ । ਇਸ ਘਟਨਾ ਕਾਰਨ ਇਲਾਕੇ ਵਿੱਚ ਭਾਰੀ ਦਹਿਸ਼ਤ ਫੈਲ ਗਈ। ਪੁਲਸ ਅਨੁਸਾਰ ਇਸ ਇਮਾਰਤ ਵਿੱਚ ਵਾਹਨ ਕਿਰਾਏ ‘ਤੇ ਦੇਣ ਦਾ ਕਾਰੋਬਾਰ ਚੱਲਦਾ ਸੀ । ਸ਼ੁਰੂਆਤੀ ਰਿਪੋਰਟਾਂ ਦੱਸਦੀਆਂ ਹਨ ਕਿ ਅੱਗ ਜਲਦੀ ਹੀ ਆਸ-ਪਾਸ ਦੀਆਂ ਇਮਾਰਤਾਂ ਤੱਕ ਵੀ ਫੈਲ ਗਈ ।
ਕਿੰਨਾਂ ਸਮਾਂ ਲੱਗਿਆ ਅੱਗ ਤੇ ਕਾਬੂ ਪਾਉਣ ਵਿਚ
ਉਪਰਕੋਕਤ ਅੱਗ ਲੱਗਣ ਦੇ ਵਾਪਰੇ ਘਟਨਾਕ੍ਰਮ ਸਬੰਧੀ ਸੂਚਨਾ ਮਿਲਣ ‘ਤੇੇ ਫਾਇਰ ਬ੍ਰਿਗੇਡ (Fire Brigade) ਦੇ ਕਰਮਚਾਰੀ ਅਤੇ ਐਮਰਜੈਂਸੀ ਰਾਹਤ ਟੀਮਾਂ ਮੌਕੇ ‘ਤੇ ਪਹੁੰਚ ਗਈਆਂ, ਜਿਨ੍ਹਾਂ ਨੂੰ ਅੱਗ ਨੂੰ ਪੂਰੀ ਤਰ੍ਹਾਂ ਕਾਬੂ ਕਰਨ ਵਿੱਚ ਲਗਭਗ 40 ਤੋਂ 50 ਮਿੰਟ ਦਾ ਸਮਾਂ ਲੱਗ ਗਿਆ । ਇਸ ਘਟਨਾ ਵਿੱਚ ਜ਼ਖ਼ਮੀ ਹੋਏ 36 ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ।
ਅੱਗ ਲੱਗਣ ਦੇ ਕਾਰਨਾਂ ਦੀ ਕੀਤੀ ਜਾ ਰਹੀ ਹੈ ਜਾਂਚ
ਪੁਲਸ ਅਤੇ ਸਬੰਧਤ ਅਧਿਕਾਰੀਆਂ ਵਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ । ਫਿਲਹਾਲ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ । ਸੈਲਾਨੀਆਂ ਦੇ ਅਜਿਹੇ ਪ੍ਰਮੁੱਖ ਕੇਂਦਰ ਵਿੱਚ ਵਾਪਰੀ ਅੱਗ ਦੀ ਇਸ ਵੱਡੀ ਘਟਨਾ ਨੇ ਇਮਾਰਤਾਂ ਦੇ ਅੰਦਰ ਸੁਰੱਖਿਆ ਨਿਯਮਾਂ ਅਤੇ ਅੱਗ ਤੋਂ ਬਚਾਅ ਦੇ ਪ੍ਰਬੰਧਾਂ ਨੂੰ ਲੈ ਕੇ ਚਿੰਤਾਵਾਂ ਪੈਦਾ ਕਰ ਦਿੱਤੀਆਂ ਹਨ ।









