ਜੰਮੂ ਕਸ਼ਮੀਰ, 4 ਅਗਸਤ 2026 : ਭਾਰਤ ਦੇਸ਼ ਦੇ ਸੂਬੇ ਜੰਮੂ-ਕਸ਼ਮੀਰ (Jammu and Kashmir) ਦੇ ਰਾਮਬਨ ਵਿਖੇ ਚੈਕਿੰਗ ਦੌਰਾਨ 21 ਸ਼ੱਕੀ ਬੰਗਲਾਦੇਸ਼ੀਆਂ (Suspicious Bangladeshis) ਨੂੰ ਹਿਰਾਸਤ ਵਿਚ ਲਏ ਜਾਣ ਦਾ ਸਮਾਚਾਰ ਹੈ ।
ਚੈਕਿੰਗ ਦੌਰਾਨ ਨਹੀਂ ਦਿਖਾ ਸਕੇ ਕੋਈ ਸਬੂਤ
ਮਿਲੀ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੇ ਰਾਮਬਨ ਜਿ਼ਲ੍ਹੇ (Ramban District) ਵਿੱਚ ਜੋ ਘੱਟੋ-ਘੱਟ 21 ਸ਼ੱਕੀ ਬੰਗਲਾਦੇਸ਼ੀ ਨਾਗਰਿਕਾਂ ਨੂੰ ਹਿਰਾਸਤ (Detention) ਵਿੱਚ ਲਿਆ ਗਿਆ ਹੈ ਜੰਮੂ ਤੋਂ ਕਸ਼ਮੀਰ ਵੱਲ ਦੋ ਵਾਹਨਾਂ ਵਿੱਚ ਯਾਤਰਾ ਕਰ ਰਹੇ ਸਨ । ਉਕਤ ਸਮੂਹ ਨੂੰ ਜਦੋਂ ਰਾਮਬਨ ਵਿੱਚ ਇੱਕ ਚੌਕੀ ‘ਤੇ ਜਾਂਚ ਲਈ ਰੋਕਿਆ ਗਿਆ ਤਾਂ ਜਾਂਚ ਦੌਰਾਨ ਵਿਅਕਤੀ ਦੇਸ਼ ਵਿੱਚ ਆਪਣੇ ਕਾਨੂੰਨੀ ਠਹਿਰਾਅ ਨੂੰ ਸਾਬਤ ਕਰਨ ਲਈ ਕੋਈ ਮਾਨਤਾ ਪ੍ਰਾਪਤ ਪਛਾਣ ਜਾਂ ਯਾਤਰਾ ਸਬੰਧੀ ਦਸਤਾਵੇਜ਼ ਪੇਸ਼ ਕਰਨ ਵਿੱਚ ਅਸਫਲ ਰਹੇ ।
ਕੀ ਦੱਸਿਆ ਅਧਿਕਾਰੀਆਂ ਨੇ
ਪੁਲਸ ਅਧਿਕਾਰੀਆਂ (Police officers) ਨੇ ਕਿਹਾ ਕਿ ਮੌਕੇ ‘ਤੇ ਕੀਤੀ ਗਈ ਸ਼ੁਰੂਆਤੀ ਪੁੱਛਗਿੱਛ ਤੋਂ ਬਾਅਦ ਸਾਰੇ 21 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਹੋਰ ਪੁੱਛਗਿੱਛ ਲਈ ਭੇਜ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਹਿਰਾਸਤ ਵਿੱਚ ਲਏ ਗਏ ਵਿਅਕਤੀਆਂ `ਤੇ ਬੰਗਲਾਦੇਸ਼ ਤੋਂ ਗੈਰ-ਕਾਨੂੰਨੀ ਪ੍ਰਵਾਸੀ ਹੋਣ ਦਾ ਸ਼ੱਕ ਹੈ ਜੋ ਅਸਾਮ ਰਾਹੀਂ ਭਾਰਤ ਵਿੱਚ ਦਾਖਲ ਹੋਏ ਅਤੇ ਰੇਲਗੱਡੀ ਰਾਹੀਂ ਜੰਮੂ ਪਹੁੰਚੇ । ਅਧਿਕਾਰੀਆਂ ਨੇ ਕਿਹਾ ਕਿ ਉਹ ਕੰਮ ਦੀ ਭਾਲ ਵਿੱਚ ਵਾਦੀ ਵੱਲ ਜਾ ਰਹੇ ਸਨ ।
ਪੁਲਸ ਕਰ ਰਹੀ ਹੈ ਸਥਾਨਕ ਜਾਂ ਅੰਤਰਰਾਸ਼ਟਰੀ ਨੈਟਵਰਕ ਦੀ ਮਦਦ ਦੀ ਜਾਂਚ
ਉਨ੍ਹਾਂ ਕਿਹਾ ਕਿ ਪੁਲਿਸ ਜਾਂਚ ਕਰ ਰਹੀ ਹੈ ਕਿ ਕੀ ਇਸ ਸਮੂਹ ਨੂੰ ਗੈਰ-ਕਾਨੂੰਨੀ ਪ੍ਰਵਾਸੀਆਂ (Illegal immigrants) ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਵਿੱਚ ਸ਼ਾਮਲ ਕਿਸੇ ਸਥਾਨਕ ਜਾਂ ਅੰਤਰਰਾਜੀ ਨੈੱਟਵਰਕ ਦੁਆਰਾ ਸਹਾਇਤਾ ਦਿੱਤੀ ਜਾ ਰਹੀ ਸੀ । ਪੁਲਸ ਨੇ ਹੋਰ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ, ਅਤੇ ਜਾਂਚ ਦੇ ਨਤੀਜੇ ਦੇ ਆਧਾਰ ‘ਤੇ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।









