ਸ੍ਰੀਨਗਰ/ਜੰਮੂ, 6 ਅਕਤੂਬਰ 2026 : ਭਾਰਤ ਦੇਸ਼ ਦੇ ਸੂਬੇ ਜੰਮੂ ਕਸ਼ਮੀਰ (Jammu and Kashmir) ਵਿਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਬੰਗਲਾਦੇਸ਼ੀ ਨਾਗਰਿਕਾਂ ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ।
ਪਿਛਲੀਆਂ ਸਰਕਾਰਾਂ ਸਮੇਂ ਬਣਵਾ ਲਏ ਸਨ ਆਧਾਰ ਕਾਰਡ ਤੱਕ
ਮਿਲੀ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਵਿਚ ਗ਼ੈਰ-ਕਾਨੂੰਨੀ ਢੰਗ ਨਾਲ ਵਸੇ ਬੰਗਲਾਦੇਸ਼ੀ ਨਾਗਰਿਕਾਂ (Bangladeshi citizens) ਨੂੰ ਵਾਪਸ ਭੇਜਣ ਦੀ ਪ੍ਰਕਿਰਿਆ ਜਿਥੇ ਇਕ ਪਾਸੇ ਸ਼ੁਰੂ ਹੋ ਗਈ, ਉਥੇ ਦੂਸਰੇ ਪਾਸੇ ਸਬੰਧਤ ਅਧਿਕਾਰੀਆਂ ਅਨੁਸਾਰ 150 ਬੰਗਲਾਦੇਸ਼ੀ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਗਿਆ ਹੈ । ਇਨ੍ਹਾਂ ਬੰਗਲਾਦੇਸ਼ੀਆਂ ਨੇ ਪਿਛਲੀਆਂ ਸਰਕਾਰਾਂ ਦੇ ਸਮੇਂ ਰਾਸ਼ਨ ਕਾਰਡ ਤੋਂ ਇਲਾਵਾ ਆਧਾਰ ਕਾਰਡ ਵੀ ਬਣਾ ਲਏ ਸਨ । ਜਾਣਕਾਰੀ ਅਨੁਸਾਰ ਗ਼ੈਰ-ਕਾਨੂੰਨੀ ਢੰਗ (Illegal manner) ਨਾਲ ਰਹਿ ਰਹੇ ਬੰਗਲਾਦੇਸ਼ੀ ਨਾਗਰਿਕਾਂ ਨੂੰ ਭਾਰਤੀ ਫ਼ੌਜ ਦੇ ਜਹਾਜ਼ ਰਾਹੀਂ ਬਾਗਡੋਗਰਾ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਬੀ. ਐੱਸ. ਐੱਫ. ਦੇ ਹਵਾਲੇ ਕੀਤਾ ਗਿਆ ਤਾਂ ਜੋ ਅਗਲੀ ਕਾਰਵਾਈ ਕੀਤੀ ਜਾ ਸਕੇ ।
ਜੰਮੂ ਕਸ਼ਮੀਰ ਵਿਚ ਵਸੇ ਹਨ ਬੰਗਲਾਦੇਸ਼ੀ ਅਤੇ ਮਿਆਂਮਾਰ ਦੇ ਨਾਗਰਿਕ
ਜਿ਼ਕਰਯੋਗ ਹੈ ਕਿ ਪੂਰੇ ਜੰਮੂ-ਕਸ਼ਮੀਰ ਵਿਚ ਵੱਡੀ ਗਿਣਤੀ ‘ਚ ਬੰਗਲਾਦੇਸ਼ੀ ਅਤੇ ਮਿਆਂਮਾਰ ਦੇ ਨਾਗਰਿਕ ਗ਼ੈਰ-ਕਾਨੂੰਨੀ ਢੰਗ ਨਾਲ ਵਸੇ ਹੋਏ ਹਨ। ਹਿੰਦੂ ਸੰਗਠਨਾਂ ਸਮੇਤ ਕਈ ਦਲ ਕਥਿਤ ਤੌਰ ਤੇ ਦੋਸ਼ ਲਗਾਉਂਦੇ ਰਹੇ ਹਨ ਕਿ ਪਿਛਲੀ ਕਾਂਗਰਸ-ਨੈਕਾਂ ਸਰਕਾਰ ਨੇ ਇਨ੍ਹਾਂ ਨੂੰ ਸ਼ਰਣ ਦਿੱਤੀ ਤਾਂ ਜੋ ਜੰਮੂ-ਕਸ਼ਮੀਰ ਵਿਚ ਆਬਾਦੀ ਬਦਲਾਅ ਕੀਤਾ ਜਾ ਸਕੇ । ਜੰਮੂ ਦੇ ਭਠਿੰਡੀ, ਕਾਸਿਮ ਨਗਰ, ਗੋਰਖਾ ਨਗਰ, ਬਾੜੀ ਬ੍ਰਾਹਮਣਾ ਵਿਚ ਇਹ ਬਸਤੀਆਂ ਵਿਚ ਡੇਰਾ ਲਾਈ ਬੈਠੇ ਹਨ । ਦੱਸਿਆ ਜਾ ਰਿਹਾ ਹੈ ਕਿ ਦੂਜੀ ਖੇਪ ਵਿਚ 150 ਹੋਰ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਬੰਗਲਾਦੇਸ਼ੀਆਂ ਨੂੰ 7 ਅਕਤੂਬਰ ਨੂੰ ਵਾਪਸ ਉਨ੍ਹਾਂ ਦੇ ਵਤਨ ਭੇਜਿਆ ਜਾਵੇਗਾ ।









