ਸਲਮਾਨ ਖਾਨ ਦੇ ਘਰ ‘ਤੇ ਫਾਇਰਿੰਗ ਕਰਨ ਵਾਲੇ 2 ਹਮਲਾਵਰਾਂ ਦੀਆਂ ਤਸਵੀਰਾਂ ਆਈਆ ਸਾਹਮਣੇ
ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਵਾਲੇ ਦੋ ਹਮਲਾਵਰਾਂ ਦੀਆਂ ਤਸਵੀਰਾਂ ਅਤੇ ਵੀਡੀਓ ਸਾਹਮਣੇ ਆਈਆਂ ਹਨ। ਜਿਨ੍ਹਾਂ ਵਿੱਚ ਇੱਕ ਹਮਲਾਵਰ ਕਾਲੇ ਅਤੇ ਚਿੱਟੇ ਰੰਗ ਦੀ ਟੀ-ਸ਼ਰਟ ਵਿੱਚ ਨਜ਼ਰ ਆ ਰਿਹਾ ਹੈ, ਜਦਕਿ ਦੂਜਾ ਲਾਲ ਰੰਗ ਦੀ ਟੀ-ਸ਼ਰਟ ਵਿੱਚ ਹੈ। ਇਨ੍ਹਾਂ ਦੀ ਮਦਦ ਨਾਲ ਦੋਸ਼ੀਆਂ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ | ਦੋਵਾਂ ਸ਼ੂਟਰਾਂ ਬਾਰੇ ਕੇਂਦਰੀ ਏਜੰਸੀਆਂ ਨੂੰ ਅਹਿਮ ਸੁਰਾਗ ਮਿਲੇ ਹਨ। ਤੁਹਾਨੂੰ ਦੱਸ ਦਈਏ ਕਿ ਕਿ ਐਤਵਾਰ ਤੜਕੇ ਮੁੰਬਈ ‘ਚ ਅਭਿਨੇਤਾ ਸਲਮਾਨ ਖਾਨ ਦੇ ਘਰ ਦੇ ਬਾਹਰ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ | ਜਿਸ ਤੋਂ ਬਾਅਦ ਪੁਲਿਸ ਨੇ ਉਸਦੀ ਰਿਹਾਇਸ਼ ਦੇ ਆਲੇ ਦੁਆਲੇ ਸੁਰੱਖਿਆ ਵਧਾ ਦਿੱਤੀ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ ।
ਸੁਰੱਖਿਆ ਵਿੱਚ ਕੀਤਾ ਵਾਧਾ
ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਵੇਰੇ 5 ਵਜੇ ਦੇ ਕਰੀਬ ਬਾਂਦਰਾ ਇਲਾਕੇ ‘ਚ ਸਥਿਤ ‘ਗੈਲੇਕਸੀ ਅਪਾਰਟਮੈਂਟਸ’ ਦੇ ਬਾਹਰ ਦੋ ਵਿਅਕਤੀਆਂ ਨੇ ਚਾਰ ਗੋਲੀਆਂ ਚਲਾਈਆਂ ਅਤੇ ਭੱਜ ਗਏ। ਇਸ ਇਮਾਰਤ ‘ਚ ਅਭਿਨੇਤਾ ਸਲਮਾਨ ਖਾਨ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਖਾਨ ਦੀ ਰਿਹਾਇਸ਼ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਨੇ ਦੋਸ਼ੀਆਂ ਦੀ ਪਛਾਣ ਕਰਨ ਲਈ ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਥਾਨਕ ਪੁਲਿਸ, ਅਪਰਾਧ ਸ਼ਾਖਾ ਅਤੇ ਫੋਰੈਂਸਿਕ ਵਿਗਿਆਨ ਮਾਹਿਰਾਂ ਦੀ ਟੀਮ ਵੀ ਸਬੂਤ ਇਕੱਠੇ ਕਰਨ ਲਈ ਮੌਕੇ ‘ਤੇ ਪਹੁੰਚ ਗਈ ਹੈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪਿਛਲੇ ਸਾਲ ਵੀ ਮਿਲੀ ਸੀ ਧਮਕੀ
ਪੁਲਿਸ ਅਤੇ ਖਾਨ ਦੇ ਪਰਿਵਾਰ ਵੱਲੋਂ ਅਧਿਕਾਰਤ ਤੌਰ ‘ਤੇ ਇਸ ਬਾਰੇ ਕੁਝ ਨਹੀਂ ਕਿਹਾ ਗਿਆ ਹੈ ਕਿ ਗੋਲੀਬਾਰੀ ਦੀ ਘਟਨਾ ਦੇ ਸਮੇਂ ਅਭਿਨੇਤਾ ਸਲਮਾਨ ਖਾਨ ਘਰ ਵਿੱਚ ਸਨ ਜਾਂ ਨਹੀਂ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮਾਰਚ ਵਿੱਚ, ਖਾਨ ਨੂੰ ਅਭਿਨੇਤਾ ਸਲਮਾਨ ਖਾਨ ਦੇ ਦਫਤਰ ਨੂੰ ਭੇਜੀ ਗਈ ਇੱਕ ਈ-ਮੇਲ ਦੁਆਰਾ ਧਮਕੀ ਦਿੱਤੀ ਗਈ ਸੀ। ਜਿਸ ਤੋਂ ਬਾਅਦ ਮੁੰਬਈ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ ਅਤੇ ਇੱਕ ਹੋਰ ਦੇ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 120-ਬੀ ਸਮੇਤ ਐਫਆਈਆਰ ਦਰਜ ਕੀਤੀ ਸੀ।