ਕਾਊਂਟਰ ਇੰਟੈਲੀਜੈਂਸ ਨੇ ਆਈ. ਐਸ. ਆਈ. ਏਜੰਟ ਕੀਤਾ ਗ੍ਰਿਫ਼ਤਾਰ

0
21
ISI agent

ਬਠਿੰਡਾ, 28 ਨਵੰਬਰ 2026 : ਪੰਜਾਬ ਦੇ ਜਿਲਾ ਬਠਿੰਡਾ ਵਿਖੇ ਪੰਜਾਬ ਪੁਲਸ ਦੀ ਕਾਊਂਟਰ ਇੰਟੇਲੀਜੈਂਸ (Counter-intelligence) ਵਲੋਂ ਬੀਤੇ ਦਿਨੀਂ ਇਕ ਆਈ. ਐਸ. ਆਈ. ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ ।

ਕੌਣ ਹੈ ਇਹ ਵਿਅਕਤੀ

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਬਠਿੰਡਾ ਨੇ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ. ਐਸ. ਆਈ. (I.S.I.) ਦੇ ਜਾਸੂਸੀ ਨੈੱਟਵਰਕ ਨਾਲ ਜੁੜੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਦੀ ਪਛਾਣ ਸਤਨਾਮ ਸਿੰਘ ਉਰਫ਼ ਸੱਤੂ ਵਾਸੀ ਪਿੰਡ ਜਖਰਾਵਾਂ, ਜ਼ਿਲ੍ਹਾ ਫ਼ਿਰੋਜ਼ਪੁਰ ਵਜੋਂ ਹੋਈ ਹੈ ।

ਕੀ ਦੋਸ਼ ਲਗਾਇਆ ਗਿਆ ਵਿਅਕਤੀ ਤੇ

ਪ੍ਰਾਪਤ ਸੂਚਨਾ ਮੁਤਾਬਕ ਜਿਸ ਵਿਅਕਤੀ ਨੂੰ ਪਾਕਿਸਤਾਨ ਦੀ ਖੂਫੀਆ ਏਜੰਸੀ ਆਈ. ਐਸ. ਆਈ. ਲਈ ਕੰਮ ਕਰਨ ‘ਤੇ ਗ੍ਰਿਫ਼ਤਾਰ (Arrest) ਕੀਤਾ ਗਿਆ ਹੈ ਨੂੰ ਬਠਿੰਡਾ ਛਾਉਣੀ (ਕੈਂਟ) ਦੇ ਰਣਨੀਤਕ ਪੱਖੋਂ ਅਹਿਮ ਫ਼ੌਜੀ ਟਿਕਾਣਿਆਂ ਦੀ ਸੰਵੇਦਨਸ਼ੀਲ ਜਾਣਕਾਰੀ ਅਤੇ ਲੋਕੇਸ਼ਨ ਪਾਕਿਸਤਾਨ ਵਿਚ ਬੈਠੇ ਆਈ. ਐਸ. ਆਈ. ਏਜੰਟਾਂ ਨਾਲ ਸਾਂਝੀ ਕਰਨ ਦੇ ਦੋਸ਼ ਹਨ । ਇਸ ਕਾਰਵਾਈ ਨੂੰ ਦੇਸ਼ ਦੀ ਸੁਰੱਖਿਆ ਦੇ ਲਿਹਾਜ਼ ਨਾਲ ਅਹਿਮ ਮੰਨਿਆ ਜਾ ਰਿਹਾ ਹੈ ।

ਕੀ ਸੂਚਨਾ ਮਿਲੀ ਸੀ ਜਾਂਚ ਏਜੰਸੀਆਂ ਨੂੰ

ਜਾਣਕਾਰੀ ਅਨੁਸਾਰ ਜਾਂਚ ਏਜੰਸੀਆਂ ਨੂੰ ਸੂਚਨਾ ਮਿਲੀ ਸੀ ਕਿ ਮੁਲਜ਼ਮ ਪਾਕਿਸਤਾਨ ਵਿਚ ਸਰਗਰਮ ਕੁਝ ਆਪਰੇਟਿਵਾਂ ਦੇ ਸੰਪਰਕ ਵਿਚ ਹੈ ਅਤੇ ਉਨ੍ਹਾਂ ਦੇ ਇਸ਼ਾਰਿਆਂ ’ਤੇ ਜਾਸੂਸੀ ਗਤੀਵਿਧੀਆਂ ਵਿਚ ਸ਼ਾਮਲ ਹੈ । ਪੁਲਸ ਅਨੁਸਾਰ ਮੁੱਢਲੀ ਪੁਛਗਿਛ ਦੌਰਾਨ ਸਾਹਮਣੇ ਆਇਆ ਕਿ ਉਕਤ ਵਿਆਕਤੀ ਕਈ ਪਾਕਿਸਤਾਨੀ ਆਈ. ਐੱਸ. ਆਈ. ਆਪਰੇਟਿਵਾਂ ਦੇ ਸੰਪਰਕ ਵਿਚ ਸੀ । ਉਹ ਉਨ੍ਹਾਂ ਨੂੰ ਬਠਿੰਡਾ ਕੈਂਟ ਵਿਖੇ ਸਥਿਤ ਫ਼ੌਜੀ ਟਿਕਾਣਿਆਂ ਦੀ ਲੋਕੇਸ਼ਨ ਅਤੇ ਹੋਰ ਅਹਿਮ ਜਾਣਕਾਰੀਆਂ ਭੇਜ ਰਿਹਾ ਸੀ।

ਮੁਲਜਮ ਵਿਰੁੱਧ ਕਰ ਲਈ ਗਈ ਹੈ ਐਫ. ਆਈ. ਆਰ. ਦਰਜ

ਜਾਂਚ ਏਜੰਸੀਆਂ ਵਲੋਂ ਡੂੰਘਾਈ ਨਾਲ ਪੜ੍ਹਤਾਲ ਕੀਤੀ ਜਾ ਰਹੀ ਹੈ ਕਿ ਉਸ ਨੇ ਹੁਣ ਤਕ ਕਿੰਨੀ ਜਾਣਕਾਰੀ ਸਾਂਝੀ ਕੀਤੀ ਅਤੇ ਇਸ ਦੇ ਪਿੱਛੇ ਕਿਹੜੇ ਲੋਕ ਸਰਗਰਮ ਸਨ। ਥਾਣਾ ਸਿਵਲ ਲਾਈਨਜ਼ ਬਠਿੰਡਾ ਵਿਖੇ ਐਫ਼. ਆਈ. ਆਰ. ਦਰਜ ਕੀਤੀ ਗਈ ਹੈ ।
ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮ ਵਿਰੁਧ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਪਹਿਲਾਂ ਵੀ ਕਈ ਅਪਰਾਧਕ ਮਾਮਲੇ ਦਰਜ ਹਨ । ਜਿਨ੍ਹਾਂ ਵਿਚ ਕੁਝ ’ਚ ਪੁਲਿਸ ਨੂੰ ਲੋੜੀਂਦਾ ਸੀ ।

ਕੀ ਆਖਿਆ ਹੈ ਪੰਜਾਬ ਪੁਲਸ ਨੇ

ਕਾਰਵਾਈ ਸਬੰਧੀ ਜਾਣਕਾਰੀ ਐਸ. ਐਸ. ਪੀ. ਬਠਿੰਡਾ ਸੁਹੇਲ ਕਾਸਿਮ ਮੀਰ ਅਤੇ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਬਠਿੰਡਾ ਅਵਨੀਤ ਕੌਰ ਸਿੱਧੂ ਵਲੋਂ ਸਾਂਝੀ ਕੀਤੀ ਗਈ । ਫਿਲਹਾਲ ਜਾਂਚ ਏਜੰਸੀਆਂ ਜਾਸੂਸੀ ਨੈੱਟਵਰਕ ਅਤੇ ਇਸ ਗਤੀਵਿਧੀ ਵਿਚ ਸ਼ਾਮਲ ਹੋਰ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਵਿਚ ਜੁਟੀਆਂ ਹੋਈਆਂ ਹਨ। ਪੰਜਾਬ ਪੁਲਿਸ ਨੇ ਕਿਹਾ ਹੈ ਕਿ ਸੂਬੇ ਦੀ ਅਮਨ-ਸ਼ਾਂਤੀ ਅਤੇ ਦੇਸ਼ ਦੀ ਸੁਰੱਖਿਆ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਵਿਰੁਧ ਸਖ਼ਤ ਕਾਰਵਾਈ ਜਾਰੀ ਰਹੇਗੀ ।

LEAVE A REPLY

Please enter your comment!
Please enter your name here