ਅੰਮ੍ਰਿਤਸਰ, 6 ਅਪ੍ਰੈਲ 2026 : ਪੰਜਾਬ ਵਿਚ ਜਲੰਧਰ ਤੇ ਚੰਡੀਗੜ੍ਹ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਤੋਂ ਇਲਾਵਾ ਅੰਮ੍ਰਿਤਸਰ (Amritsar) ਦੇ ਸਕੂਲਾਂ ਨੂੰ ਵੀ ਅਜਿਹੀ ਹੀ ਧਮਕੀ ਮਿਲੀ ਹੈ ।
ਬੰਬ ਨਾਲ ਉਡਾਉਣ ਦੇ ਚਲਦਿਆਂ ਪੁਲਸ ਨੇ ਕੀਤਾ ਹਾਈ ਐਲਰਟ
ਮਿਲੀ ਜਾਣਕਾਰੀ ਮੁਤਾਬਕ ਜਲੰਧਰ ਤੇ ਚੰਡੀਗੜ੍ਹ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ (Bomb threat) ਦੀ ਮਿਲੀ ਧਮਕੀ ਦੇ ਨਾਲ- ਨਾਲ ਜੋ ਅੰਮ੍ਰਿਤਸਰ ਦੇ ਵੀ ਕਈ ਵੱਖ-ਵੱਖ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਪਹਿਲਾਂ ਵਾਂਗ ਹੀ ਈਮੇਲ ਰਾਹੀਂ ਭੇੇਜੀ ਗਈ ਹੈ ਦੇ ਚਲਦਿਆਂ ਅੰਮ੍ਰਿਤਸਰ ਵਿਚ ਹਾਈ ਐਲਰਟ (High alert) ਕੀਤਾ ਗਿਆ ਹੈ ।
ਕੀ ਦੱਸਿਆ ਸ੍ਰੀ ਰਾਮ ਪਬਲਿਕ ਸਕੂਲ ਦੇ ਪ੍ਰਬੰਧਕਾਂ ਨੇ
ਅੰਮ੍ਰਿਤਸਰ ਦੇ ਸ੍ਰੀ ਰਾਮ ਆਸ਼ਰਮ ਪਬਲਿਕ ਸਕੂਲ ਦੇ ਪ੍ਰਬੰਧਕਾਂ ਨੇ ਪੁਲਸ ਨੂੰ ਦੱਸਿਆ ਕਿ ਸਵੇਰੇ ਸਕੂਲ ਨੂੰ ਇਕ ਧਮਕੀ ਭਰੀ ਮੇਲ (Threatening mail) ਪ੍ਰਾਪਤ ਹੋਈ ਸੀ, ਜਿਸ ਤੋਂ ਬਾਅਦ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ । ਪੁਲਸ ਟੀਮ ਮੌਕੇ ‘ਤੇ ਪਹੁੰਚੀ ਅਤੇ ਸਕੂਲ ਦੀ ਪੂਰੀ ਤਰ੍ਹਾਂ ਚੈਕਿੰਗ ਕੀਤੀ ਗਈ । ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਮੈਨੇਜਮੈਂਟ ਵੱਲੋਂ ਤੁਰੰਤ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਅਤੇ ਬੱਚਿਆਂ ਦੇ ਮਾਤਾ-ਪਿਤਾ ਨੂੰ ਸੂਚਿਤ ਕਰ ਦਿੱਤਾ ਗਿਆ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈ ਜਾਣ । ਇਸ ਮੌਕੇ ਵੱਡੀ ਗਿਣਤੀ ਵਿੱਚ ਮਾਤਾ-ਪਿਤਾ ਸਕੂਲ ਪਹੁੰਚੇ ਅਤੇ ਆਪਣੇ ਬੱਚਿਆਂ ਨੂੰ ਘਰ ਲੈ ਕੇ ਗਏ ।
ਕੀ ਦੱਸਿਆ ਪੁਲਸ ਅਧਿਕਾਰੀਆਂ ਨੇ
ਪੁਲਸ ਅਧਿਕਾਰੀਆਂ (Police officers) ਨੇ ਦੱਸਿਆ ਕਿ ਸਕੂਲ ਤੋਂ ਮਿਲੀ ਸੂਚਨਾ ਤੋਂ ਬਾਅਦ ਪੁਲਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਪੂਰੀ ਜਾਂਚ ਕੀਤੀ ਗਈ । ਉਨ੍ਹਾਂ ਕਿਹਾ ਕਿ ਸਕੂਲ ਅੰਦਰੋਂ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਵਿਚ ਹੈ । ਡੀ. ਸੀ. ਪੀ. (ਲਾਅ ਐਂਡ ਆਰਡਰ) ਆਲਮ ਵਿਜੇ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਧਮਕੀ ਭਰੀਆਂ ਮੇਲਾਂ ਪੰਜਾਬ ਭਰ ਦੇ ਕਈ ਸਕੂਲਾਂ ਨੂੰ ਮਿਲੀਆਂ ਹਨ ਅਤੇ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ।









