ਸੁਪਰੀਮ ਕੋਰਟ ਨੇ ਪ੍ਰੋਫੈਸਰ ਜੀ.ਐਨ.ਸਾਈਬਾਬਾ ਦੀ ਰਿਹਾਈ ‘ਤੇ ਲਾਈ ਰੋਕ

0
93

ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀ.ਐਨ. ਸਾਈਬਾਬਾ ਅਤੇ ਹੋਰਨਾਂ ਨੂੰ ਬਰੀ ਕਰਨ ਦੇ ਬੰਬੇ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਨੇ ਮੁਲਤਵੀ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਸਾਈਬਾਬਾ ਸਣੇ ਹੋਰਾਂ ਤੋਂ ਉਨ੍ਹਾਂ ਨੂੰ ਬਰੀ ਕਰਨ ਦੇ ਹਾਈਕੋਰਟ ਦੇ ਫ਼ੈਸਲੇ ਖ਼ਿਲਾਫ਼ ਮਹਾਰਾਸ਼ਟਰ ਸਰਕਾਰ ਦੀ ਅਪੀਲ ‘ਤੇ ਚਾਰ ਹਫ਼ਤਿਆਂ ਦੇ ਅੰਦਰ ਜਵਾਬ ਮੰਗਿਆ ਹੈ। ਸੁਪਰੀਮ ਕੋਰਟ ਨੇ ਬੰਬੇ ਹਾਈਕੋਰਟ ਵੱਲੋਂ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਜੀਐਨ ਸਾਈਬਾਬਾ ਨੂੰ ਬਰੀ ਕੀਤੇ ਜਾਣ ’ਤੇ ਰੋਕ ਲਾ ਦਿੱਤੀ ਹੈ। ਜਸਟਿਸ ਐਮਆਰ ਸ਼ਾਹ ਅਤੇ ਜਸਟਿਸ ਬੇਲਾ ਐਮ ਤ੍ਰਿਵੇਦੀ ਦੇ ਬੈਂਚ ਨੇ ਕਿਹਾ ਕਿ ਇਸ ਮਾਮਲੇ ਦੀ ਵਿਸਤ੍ਰਿਤ ਸੁਣਵਾਈ ਦੀ ਲੋੜ ਹੈ, ਇਸ ਲਈ ਸਾਈਬਾਬਾ ਫਿਲਹਾਲ ਜੇਲ੍ਹ ਤੋਂ ਬਾਹਰ ਨਹੀਂ ਆ ਸਕੇਗਾ।

ਇਹ ਵੀ ਪੜ੍ਹੋ: ਪੁਲਿਸ ਇੰਸਪੈਕਟਰ ਰਣਬੀਰ ਸਿੰਘ ਦੇ ਕਾਤਲ ਨੂੰ ਸੁਣਾਈ ਮੌਤ ਦੀ ਸਜ਼ਾ

ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਸਾਈਬਾਬਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਆਰ ਬਸੰਤ ਨੇ ਕਿਹਾ ਕਿ ਸਾਬਕਾ ਪ੍ਰੋਫੈਸਰ 8 ਸਾਲਾਂ ਤੋਂ ਜੇਲ੍ਹ ਵਿੱਚ ਹੈ। ਉਸ ਦੀ ਉਮਰ 55 ਸਾਲ ਹੈ ਅਤੇ ਉਸ ਦਾ 90% ਸਰੀਰ ਕੰਮ ਨਹੀਂ ਕਰ ਰਿਹਾ ਹੈ। ਸਾਈਬਾਬਾ ਵ੍ਹੀਲਚੇਅਰ ‘ਤੇ ਹੈ, ਇਸ ਲਈ ਉਨ੍ਹਾਂ ਨੂੰ ਹੁਣ ਜੇਲ੍ਹ ਵਿੱਚ ਨਹੀਂ ਰੱਖਿਆ ਜਾਣਾ ਚਾਹੀਦਾ। ਇਸ ‘ਤੇ ਅਦਾਲਤ ਨੇ ਕਿਹਾ ਕਿ ਅੱਤਵਾਦੀ ਅਤੇ ਨਕਸਲੀ ਗਤੀਵਿਧੀਆਂ ‘ਚ ਸ਼ਾਮਲ ਹੋਣ ਲਈ ਸਰੀਰ ਦੀ ਨਹੀਂ ਦਿਮਾਗ ਦੀ ਲੋੜ ਹੁੰਦੀ ਹੈ।

ਸਾਈਬਾਬਾ ਨੂੰ 14 ਅਕਤੂਬਰ ਨੂੰ ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਬਰੀ ਕਰ ਦਿੱਤਾ ਸੀ। ਅਦਾਲਤ ਨੇ ਕਿਹਾ ਸੀ ਕਿ ਸਾਈਬਾਬਾ ਨੂੰ ਤੁਰੰਤ ਜੇਲ੍ਹ ਤੋਂ ਰਿਹਾਅ ਕੀਤਾ ਜਾਵੇ। ਹਾਈਕੋਰਟ ਤੋਂ ਜੀਐਨ ਸਾਈਬਾਬਾ ਨੂੰ ਬਰੀ ਕੀਤੇ ਜਾਣ ਤੋਂ ਬਾਅਦ ਤੁਸ਼ਾਰ ਮਹਿਤਾ ਮਹਾਰਾਸ਼ਟਰ ਸਰਕਾਰ ਦੀ ਤਰਫ਼ੋਂ ਜਸਟਿਸ ਡੀਵਾਈ ਚੰਦਰਚੂੜ ਦੀ ਬੈਂਚ ਕੋਲ ਗਏ ਸਨ।

ਇਹ ਵੀ ਪੜ੍ਹੋ: ਉੱਤਰ ਪ੍ਰਦੇਸ਼ ‘ਚ 3 ਮੰਜ਼ਿਲਾ ਇਮਾਰਤ ਡਿੱਗਣ ਨਾਲ ਇੱਕ ਵਿਅਕਤੀ ਦੀ ਹੋਈ ਮੌਤ, ਕਈ…

ਤੁਸ਼ਾਰ ਮਹਿਤਾ ਨੇ ਕਿਹਾ- ਜੇਕਰ ਉਹ ਜੇਲ੍ਹ ਤੋਂ ਬਾਹਰ ਆ ਜਾਂਦੇ ਹਨ ਤਾਂ ਇਹ ਦੇਸ਼ ਲਈ ਖ਼ਤਰਨਾਕ ਹੋਵੇਗਾ। ਸਾਈਬਾਬਾ ਦੇ ਮਾਓਵਾਦੀਆਂ ਨਾਲ ਸਬੰਧ ਹਨ। ਜਸਟਿਸ ਚੰਦਰਚੂੜ ਨੇ ਕਿਹਾ ਕਿ ਤੁਸੀਂ ਤੁਰੰਤ ਸੁਣਵਾਈ ਲਈ ਚੀਫ਼ ਜਸਟਿਸ ਕੋਲ ਜਾਓ, ਅਸੀਂ ਰਿਹਾਈ ‘ਤੇ ਰੋਕ ਨਹੀਂ ਲਗਾ ਸਕਦੇ।

ਮਹਾਰਾਸ਼ਟਰ ਦੀ ਗੜ੍ਹਚਿਰੌਲੀ ਅਦਾਲਤ ਨੇ 2017 ਵਿੱਚ ਯੂਏਪੀਏ ਅਤੇ ਭਾਰਤੀ ਦੰਡਾਵਲੀ ਦੇ ਤਹਿਤ ਸਾਈਬਾਬਾ ਅਤੇ ਪੰਜ ਹੋਰ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਸਾਈਬਾਬਾ ਅਤੇ ਚਾਰ ਹੋਰਾਂ ਨੂੰ ਉਮਰ ਕੈਦ ਅਤੇ ਇੱਕ ਨੂੰ ਦਸ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਾਈਬਾਬਾ ਨੇ ਗੜ੍ਹਚਿਰੌਲੀ ਕੋਰਟ ਦੇ ਫੈਸਲੇ ਖਿਲਾਫ ਬੰਬੇ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਸੀ।

ਮਾਓਵਾਦੀਆਂ ਨਾਲ ਸਬੰਧ ਦੇ ਦੋਸ਼ ਵਿੱਚ ਗ੍ਰਿਫ਼ਤਾਰੀ 2013 ਵਿੱਚ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਵਿੱਚ ਪੁਲੀਸ ਨੇ ਮਾਓਵਾਦੀ ਮਹੇਸ਼ ਟਿਰਕੀ, ਪੀ. ਨਰੋਟੇ ਅਤੇ ਹੇਮ ਮਿਸ਼ਰਾ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਤਿੰਨਾਂ ਤੋਂ ਪੁੱਛ-ਪੜਤਾਲ ਕਰਨ ਤੋਂ ਬਾਅਦ ਪੁਲਿਸ ਨੇ ਜੀ.ਐਨ.ਸਾਈਬਾਬਾ ਦੇ ਖਿਲਾਫ ਅਦਾਲਤ ਦਾ ਰੁਖ ਕੀਤਾ। ਸਾਈਬਾਬਾ ਨੂੰ 9 ਮਈ 2014 ਨੂੰ ਮਾਓਵਾਦੀਆਂ ਨਾਲ ਸਬੰਧਾਂ ਦੇ ਇਲਜ਼ਾਮ ਵਿੱਚ ਉਨ੍ਹਾਂ ਦੇ ਦਿੱਲੀ ਸਥਿਤ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। 2015 ਵਿੱਚ ਸਾਈਬਾਬਾ ਖ਼ਿਲਾਫ਼ ਯੂਏਪੀਏ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਸੀ।

LEAVE A REPLY

Please enter your comment!
Please enter your name here