ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੁਧਿਆਣਾ ਦੇ ਹੈਬੋਵਾਲ ਡੇਅਰੀ ਕੰਪਲੈਕਸ ਵਿਖੇ ਇੱਕ ਹੋਰ ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ.) ਪਲਾਂਟ ਸਥਾਪਤ ਕਰੇਗੀ ਤਾਂ ਜੋ ਇਸ ਡੇਅਰੀ ਕੰਪਲੈਕਸ ਤੋਂ ਪੈਦਾ ਹੁੰਦੇ ਗੋਬਰ ਅਤੇ ਹੋਰ ਵੇਸਟ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕਰਕੇ ਸਾਫ-ਸੁਥਰੀ ਊਰਜਾ ਤਿਆਰ ਕੀਤੀ ਜਾ ਸਕੇ।
ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੇ ਹੈਬੋਵਾਲ ਡੇਅਰੀ ਕੰਪਲੈਕਸ ਵਿਖੇ ਬਿਲਡ ਅਪਰੇਟ ਐਂਡ ਓਨ (ਬੀ.ਓ.ਓ.) ਆਧਾਰ ‘ਤੇ 12000 ਰਾਅ ਬਾਇਓ ਗੈਸ (ਲਗਭਗ 4.8 ਟਨ ਸੀ.ਬੀ.ਜੀ.) ਦੀ ਸਮਰੱਥਾ ਵਾਲਾ ਇਕ ਹੋਰ ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ.) ਪਲਾਂਟ ਸਥਾਪਤ ਕਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਇਸ ਡੇਅਰੀ ਕੰਪਲੈਕਸ ਵਿੱਚ 225 ਟਨ ਕੱਚੇ ਮਾਲ ਦੀ ਖ਼ਪਤ ਦੀ ਸਮਰੱਥਾ ਵਾਲਾ ਇੱਕ ਸੀ.ਬੀ.ਜੀ. ਪਲਾਂਟ ਪਹਿਲਾਂ ਹੀ ਕਾਰਜਸ਼ੀਲ ਹੈ।
ਇਹ ਵੀ ਪੜ੍ਹੋ: ਬੈਂਕ ਤੋ 25 ਲੱਖ ਰੁਪਏ ਦਾ ਕਰਜ਼ਾ ਲੈ ਕੇ ਫਰਾਡ ਕਰਨ ਵਾਲੇ ਨੂੰ ਵਿਜੀਲੈਂਸ…
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਹ ਪ੍ਰਾਜੈਕਟ ਬੁੱਢੇ ਨਾਲੇ ਦੀ ਕਾਇਆ-ਕਲਪ ਸਬੰਧੀ ਪ੍ਰਾਜੈਕਟ ਦਾ ਹੀ ਹਿੱਸਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੂੜੇ ਤੇ ਰਹਿੰਦ-ਖੂੰਹਦ ਤੋਂ ਵਾਤਾਵਰਣ ਪੱਖੀ ਊਰਜਾ ਪੈਦਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ ਅਤੇ ਪੰਜਾਬ ਦੇ ਵਸਨੀਕਾਂ ਲਈ ਸਵੱਛ ਅਤੇ ਹਰਿਆ ਭਰਿਆ ਵਾਤਾਵਰਣ ਯਕੀਨੀ ਬਣਾਉਣ ਲਈ ਇਸ ਦਿਸ਼ਾ ਵਿੱਚ ਠੋਸ ਉਪਰਾਲੇ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ: ਦੀਪਕ ਮੁੰਡੀ ਨੂੰ ਸਾਥੀਆਂ ਸਮੇਤ ਅੰਮ੍ਰਿਤਸਰ ਅਦਾਲਤ ‘ਚ ਕੀਤਾ ਪੇਸ਼, ਮਿਲਿਆ ਰਿਮਾਂਡ
ਅਮਨ ਅਰੋੜਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਡੇਅਰੀ ਕੰਪਲੈਕਸ ਤੋਂ ਪਸ਼ੂਆਂ ਦਾ ਗੋਬਰ ਇਕੱਠਾ ਕੀਤਾ ਜਾਵੇਗਾ। ਇਸ ਪ੍ਰਾਜੈਕਟ ਲਈ ਗੋਬਰ ਦੀ ਕਮੀ ਹੋਣ ਉਤੇ ਸਬਜ਼ੀਆਂ ਜਾਂ ਮੰਡੀ ਦੇ ਕੂੜੇ, ਮਿਉਂਸੀਪਲ ਸੈਗਰੀਗੇਟਿਡ ਗਰੀਨ ਵੇਸਟ, ਐਗਰੋ-ਵੇਸਟ ਜਾਂ ਹੋਰ ਕਿਸਮਾਂ ਦੇ ਬਾਇਓ-ਡੀਗ੍ਰੇਡੇਬਲ ਕੂੜੇ ਦੀ ਵਰਤੋਂ ਕੀਤੀ ਜਾਵੇਗੀ।
ਪੇਡਾ ਨੇ ਇਹ ਸੀ.ਬੀ.ਜੀ. ਪਲਾਂਟ ਲਗਾਉਣ ਲਈ ਈ-ਟੈਂਡਰ ਕੱਢੇ ਹਨ, ਜਿਸ ਵਾਸਤੇ ਬੋਲੀ ਦੀ ਆਖ਼ਰੀ ਮਿਤੀ 26 ਅਕਤੂਬਰ, 2022 (ਸ਼ਾਮ 5 ਵਜੇ ਤੱਕ) ਹੈ। ਇਛੁੱਕ ਕੰਪਨੀਆਂ ਹੋਰ ਵਧੇਰੇ ਜਾਣਕਾਰੀ ਲਈ ਵੈੱਬਸਾਈਟ https://eproc.punjab.gov.in/nicgep/app ਉਤੇ ਲਾਗ-ਇਨ ਕਰ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਪੇਡਾ, ਪੰਜਾਬ ਵਿੱਚ ਨਵਿਆਉਣਯੋਗ ਊਰਜਾ ਪ੍ਰੋਗਰਾਮਾਂ/ਪ੍ਰਾਜੈਕਟਾਂ ਅਤੇ ਊਰਜਾ ਸੰਭਾਲ ਪ੍ਰੋਗਰਾਮਾਂ ਦੇ ਪ੍ਰਚਾਰ ਅਤੇ ਵਿਕਾਸ ਲਈ ਸਟੇਟ ਨੋਡਲ ਏਜੰਸੀ ਹੈ।