ਭਾਰਤ ਅਤੇ ਅਫਗਾਨਿਸਤਾਨ ਦੀਆਂ ਸਰਕਾਰਾਂ ਦੇ ਸਾਂਝੇ ਯਤਨਾਂ ਦੇ ਤਹਿਤ ਅਫਗਾਨਿਸਤਾਨ ਤੋਂ 55 ਸ਼ਰਨਾਰਥੀ ਸਿੱਖਾਂ ਅਤੇ ਹਿੰਦੂਆਂ ਦਾ ਆਖਰੀ ਜੱਥਾ ਅੱਜ ਨਵੀਂ ਦਿੱਲੀ ਪਹੁੰਚਿਆ। ਇਨ੍ਹਾਂ ਸਾਰੇ ਪਰਿਵਾਰਾਂ ਦਾ ਸਵਾਗਤ ਕਰਦਿਆਂ ਰਾਜ ਸਭਾ ਮੈਂਬਰ ਅਤੇ ਵਰਲਡ ਪੰਜਾਬੀ ਆਰਗੇਨਾਈਜ਼ੇਸ਼ਨ ਦੇ ਅੰਤਰਰਾਸ਼ਟਰੀ ਮੁਖੀ ਵਿਕਰਮਜੀਤ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਨੂੰ ਜਲਦੀ ਈ-ਵੀਜ਼ੇ ਦਿੱਤੇ ਅਤੇ ਦੋਵਾਂ ਸਰਕਾਰਾਂ ਨੇ ਉਨ੍ਹਾਂ ਨੂੰ ਭਾਰਤ ਪਹੁੰਚਣ ਵਿਚ ਮਦਦ ਕੀਤੀ।

ਉਨ੍ਹਾਂ ਵਿਚੋਂ ਬਹੁਤਿਆਂ ਲਈ, ਇਹ ਉਸ ਉਡੀਕ ਦਾ ਅੰਤ ਹੈ ਜੋ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਤਾਲਿਬਾਨ ਨੇ ਸੱਤਾ ਸੰਭਾਲਣ ਤੋਂ ਸ਼ੁਰੂ ਹੋਈ ਸੀ। ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਵੱਲੋਂ ਇੱਕ ਵਿਸ਼ੇਸ਼ ਉਡਾਣ ਦਾ ਪ੍ਰਬੰਧ ਕੀਤਾ ਗਿਆ ਸੀ, ਜੋ ਅੱਜ ਸ਼ਾਮ 38 ਬਾਲਗਾਂ, 14 ਬੱਚਿਆਂ ਅਤੇ 3 ਨਿਆਣਿਆਂ ਨੂੰ ਲੈ ਕੇ ਪਹੁੰਚੀ।

ਵਿਕਰਮਜੀਤ ਸਿੰਘ ਨੇ ਕਿਹਾ ਕਿ ਅਸੀਂ ਆਖ਼ਰੀ ਜਥੇ ਦੀ ਆਮਦ ਨੂੰ ਲੈ ਕੇ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਸੰਪਰਕ ਵਿੱਚ ਸੀ, ਜੋ ਉੱਥੇ ਫਸੇ ਹੋਏ ਸਨ। ਅਸੀਂ ਅਫਗਾਨਿਸਤਾਨ ਤੋਂ ਸ਼ਰਨਾਰਥੀਆਂ ਦੇ ਮੁੜ ਵਸੇਬੇ ਦਾ ਸਮਰਥਨ ਕਰ ਰਹੇ ਹਾਂ ਅਤੇ ਇਨ੍ਹਾਂ ਪਰਿਵਾਰਾਂ ਨੂੰ ਮੁਫਤ ਕਿਰਾਏ ‘ਤੇ ਰਿਹਾਇਸ਼, ਮਹੀਨਾਵਾਰ ਰਿਹਾਇਸ਼ੀ ਖਰਚੇ, ਉਨ੍ਹਾਂ ਨੂੰ ਸਿਖਲਾਈ, ਸਿਹਤ ਬੀਮਾ ਪ੍ਰਦਾਨ ਕਰਕੇ ਅਤੇ ਨੌਜਵਾਨਾਂ ਨੂੰ ਸਿੱਖਿਅਤ ਕਰਕੇ ਨਿਰੰਤਰ ਸਹਾਇਤਾ ਪ੍ਰਦਾਨ ਕਰ ਰਹੇ ਹਾਂ।

ਇਸ ਦਿਸ਼ਾ ਵਿੱਚ ਅਸੀਂ ਪਹਿਲਾਂ ਹੀ ‘ਮੇਰਾ ਪਰਿਵਾਰ ਮੇਰੀ ਜ਼ਿੰਮੇਵਾਰੀ’ ਪ੍ਰੋਗਰਾਮ ਚਲਾ ਰਹੇ ਹਾਂ, ਜਿਸ ਤਹਿਤ 543 ਅਫਗਾਨੀ ਸਿੱਖ ਅਤੇ ਹਿੰਦੂ ਪਰਿਵਾਰਾਂ ਨੂੰ ਪੱਛਮੀ ਦਿੱਲੀ ਵਿੱਚ ਸਾਰੀਆਂ ਸਹੂਲਤਾਂ ਪ੍ਰਦਾਨ ਕਰਕੇ ਵਸਾਇਆ ਜਾ ਰਿਹਾ ਹੈ। ਇਨ੍ਹਾਂ ਸ਼ਰਨਾਰਥੀਆਂ ਦੇ ਸਵਾਗਤ ਲਈ ਅੱਜ ਸ਼ਾਮ ਅਫ਼ਗਾਨ ਗੁਰਦੁਆਰਾ ਅਰਜੁਨ ਨਗਰ ਵਿੱਚ ਸਮਾਗਮ ਕਰਵਾਇਆ ਜਾ ਰਿਹਾ ਹੈ।