ਮੋਹਾਲੀ, 6 ਨਵੰਬਰ 2026 : ਜਿਲਾ ਮੋਹਾਲੀ ਵਿਖੇ ਬਣੀ ਸੀ. ਬੀ. ਆਈ. ਪੰਜਾਬ ਦੀ ਵਿਸ਼ੇਸ਼ ਅਦਾਲਤ ਵਲੋਂ ਡਿਜ਼ੀਟਲ ਅਰੈਸਟ (Digital Arrest) ਕਰਕੇ ਠੱਗੀ ਮਾਰਨ ਵਾਲੇ ਦੀ ਜ਼ਮਾਨਤ ਖਾਰਜ ਕੀਤੀ ਹੈ ।
ਕੌਣ ਹੈ ਇਹ ਵਿਅਕਤੀ ਜਿਸ ਨਾਲ ਹੋਈ ਠੱਗੀ
ਮਿਲੀ ਜਾਣਕਾਰੀ ਅਨੁਸਾਰ ਡਿਜ਼ੀਟਲ ਅਰੈਸਟ ਕਰਕੇ ਜਿਸ ਵਿਅਕਤੀ ਨਾਲ ਕਰੋੜਾਂ ਰੁਪਏ ਦੀ ਠੱਗੀ ਹੋਈ ਹੈ ਦੀ ਪਛਾਣ ਪੀ. ਐੱਸ. ਪੀ. ਸੀ. ਐੱਲ. ਦੇ ਸੇਵਾਮੁਕਤ ਚੀਫ ਇੰਜਨੀਅਰ ਸੁਖਮੰਦਰ ਸਿੰਘ ਦੇ ਤੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਕਤ ਵਿਅਕਤੀ ਨਾਲ 2. 7 ਕਰੋੜ ਰੁਪਏ ਦੀ ਠੱਗੀ ਕੀਤੀ ਗਈ ਹੈ ।
ਕੌਣ ਹੈ ਇਹ ਵਿਅਕਤੀ ਜਿਸਨੇ ਕੀਤੀ ਹੈ ਠੱਗੀ
ਪ੍ਰਾਪਤ ਸੂਚਨਾ ਮੁਤਾਬਕ ਉਪਰੋਕਤ ਮਾਮਲੇ ਵਿਚ ਜਿਸ ਵਿਅਕਤੀ ਨੇ ਡਿਜ਼ੀਟਲ ਅਰੈਸਟ ਕਰਕੇ ਉਕਤ ਵਿਅਕਤੀ ਨਾਲ ਕਰੋੜਾਂ ਦੀ ਠੱਗੀ ਮਾਰੀ ਅਤੇ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ (Special CBI Court) ਵਲੋਂ ਉਸਦੀ ਜ਼ਮਾਨਤ ਅਰ਼ਜੀ ਵੀ ਖਾਰਜ ਕਰ ਦਿੱਤੀ ਗਈ ਦੀ ਪਛਾਣ ਟੀ. ਸ਼ਰਦ ਉਰਫ਼ ਟੋਮਨਪਾਲੀ ਸ਼ਰਦ ਦੇ ਤੌਰ ‘ਤੇ ਹੋਈ ਹੈ । ਅਦਾਲਤ ਨੇ ਮਾਮਲੇ ਨੂੰ ਗੰਭੀਰ ਦੱਸਦਿਆਂ ਕਿਹਾ ਕਿ ਮੁਲਜ਼ਮ ਜ਼ਮਾਨਤ ‘ਤੇ ਰਿਹਾਅ ਹੋਣ ਦੀ ਸੂਰਤ `ਚ ਗਵਾਹਾਂ ਨੂੰ ਪ੍ਰਭਾਵਿਤ ਜਾਂ ਡਰਾ-ਧਮਕਾ ਸਕਦਾ ਹੈ ਅਤੇ ਸਬੂਤਾਂ ਨਾਲ ਛੇੜਛਾੜ ਕਰ ਸਕਦਾ ਹੈ ।
ਕੀ ਮਾਮਲਾ ਸਾਹਮਣੇ ਆਇਆ
ਅਦਾਲਤ ਮੁਤਾਬਕ ਮੁਲਜ਼ਮ ਨੇ ਧੋਖਾਦੇਹੀ ਨਾਲ ਸਿਮ ਪੋਰਟ ਕਰਵਾਉਣ ਅਤੇ ਸਪਲਾਈ ਕਰਨ ‘ਚ ਸਹਾਇਤਾ ਕੀਤੀ ਸੀ, ਜਿਸ ਦੀ ਵਰਤੋਂ ਬਾਅਦ ਵਿਚ ਸ਼ਿਕਾਇਤਕਰਤਾ ਦੇ ਪੈਸੇ ਪ੍ਰਾਪਤ ਕਰਨ ਵਾਲੇ ਬੈਂਕ ਖਾਤੇ ਨੂੰ ਚਲਾਉਣ ਲਈ ਕੀਤੀ ਗਈ । ਅਦਾਲਤ ਨੇ ਕਿਹਾ ਕਿ ਸਾਜ਼ਿਸ਼ ਵਿਚ ਸ਼ਾਮਲ ਵਿਅਕਤੀ ਨੂੰ ਅਪਰਾਧ ਦੀ ਰਕਮ ਨਿੱਜੀ ਤੌਰ ‘ਤੇ ਮਿਲਣਾ ਲਾਜ਼ਮੀ ਨਹੀਂ ਹੈ ।
ਕੀ ਕੀ ਆਖਿਆ ਠੱਗਾਂ ਨੇ ਸਿ਼ਕਾਇਤਕਰਤਾ ਨੂੰ
ਸਿ਼ਕਾਇਤ ਮੁਤਾਬਕ ਸੁਖਮੰਦਰ ਸਿੰਘ ਨੂੰ ਫੋਨ ਕਰ ਕੇ ਦੱਸਿਆ ਗਿਆ ਕਿ ਉਨ੍ਹਾਂ ਦੇ ਨਾਂ ‘ਤੇ ਜਾਰੀ ਸਿਮ ਦੀ ਵਰਤੋਂ ਮੁੰਬਈ ‘ਚ ਗੈਰ-ਕਾਨੂੰਨੀ ਗਤੀਵਿਧੀਆਂ ਲਈ ਹੋ ਰਹੀ ਹੈ ਅਤੇ ਉਨ੍ਹਾਂ ਦਾ ਬੈਂਕ ਖਾਤਾ 538 ਕਰੋੜ ਰੁਪਏ ਦੇ ਨਰੇਸ਼ ਗੋਇਲ ਮਨੀ ਲਾਂਡਰਿੰਗ (Money Laundering) ਮਾਮਲੇ ਨਾਲ ਜੁੜਿਆ ਹੈ ।
ਠੱਗਾਂ ਨੇ ਕਾਨੂੰਨੀ ਕਾਰਵਾਈ ਦੀ ਧਮਕੀ ਦੇ ਕੇ ਉਨ੍ਹਾਂ ਨੂੰ ਲਗਾਤਾਰ ਫੋਨ ਅਤੇ ਵੀਡੀਓ ਕਾਲਾਂ ਰਾਹੀਂ ਘਰ ਵਿਚ ਰਹਿਣ ਲਈ ਮਜਬੂਰ ਕੀਤਾ ਅਤੇ ਕਿਸੇ ਨਾਲ ਗੱਲ ਨਾ ਕਰਨ ਦੀ ਹਦਾਇਤ ਦਿੱਤੀ । ਇਸ ਤੋਂ ਬਾਅਦ ਵਟਸਐਪ ਰਾਹੀਂ ਭੇਜੇ ਨੌਂ ਬੈਂਕ ਖਾਤਿਆਂ ‘ਚ ਡਰ ਅਤੇ ਦਬਾਅ ਹੇਠ ਉਨ੍ਹਾਂ ਨੇ ਕੁੱਲ 2.07 ਕਰੋੜ ਰੁਪਏ ਟਰਾਂਸਫਰ ਕਰ ਦਿੱਤੇ ।









