ਮੌਸਮ ਵਿਭਾਗ ਨੇ ਦਿੱਤੀ ਪੰਜਾਬ ਤੇ ਚੰਡੀਗੜ੍ਹ ਵਿਚ ਅਗਲੇ 2 ਦਿਨ ਮੀਂਹ ਦੀ ਚਿਤਾਵਨੀ

0
38
Weather

ਚੰਡੀਗੜ੍ਹ, 8 ਜੁਲਾਈ 2026 : ਚੰਡੀਗੜ੍ਹ ਮੌਸਮ ਵਿਭਾਗ (Chandigarh Meteorological Department) ਵਲੋਂ ਪੰਜਾਬ ਅਤੇ ਚੰਡੀਗੜ੍ਹ ਵਿਚ ਅਗਲੇ ਦੋ ਦਿਨ ਭਾਰੀ ਮੀਂਹ (Heavy rain) ਦੀ ਚਿਤਾਵਨੀ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।

ਅੱਜ ਪੰਜਾਬ ਦੇ ਕਿਹੜੇ 21 ਜਿਲਿਆਂ ਵਿਚ ਹੈ ਮੀਂਹ ਪੈਣ ਦੀ ਸੰਭਾਵਨਾ

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਨੇ ਅਗਲੇ 48 ਘੰਟਿਆਂ ਨੂੰ ਨਾਜ਼ੁਕ ਦੱਸਦੇ ਹੋਏ ਅੱਜ ਅਤੇ 9 ਜੁਲਾਈ ਨੂੰ ਭਾਰੀ ਮੀਂਹ ਲਈ `ਯੈਲੋ ਅਲਰਟ`(Yellow Alert) ਜਾਰੀ ਕੀਤਾ ਹੈ । ਅੱਜ ਪੰਜਾਬ ਦੇ 21 ਜਿ਼ਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਇਨ੍ਹਾਂ ਵਿੱਚੋਂ ਛੇ ਜਿ਼ਲ੍ਹਿਆਂ ਪਠਾਨਕੋਟ, ਹੁਸਿ਼ਆਰਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਰੂਪਨਗਰ ਅਤੇ ਮੋਹਾਲੀ ਵਿੱਚ ਇੱਕ-ਦੋ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ । ਇਸ ਦੌਰਾਨ, ਗੁਰਦਾਸਪੁਰ, ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਬਰਨਾਲਾ, ਸੰਗਰੂਰ ਅਤੇ ਪਟਿਆਲਾ ਦੇ ਕਈ ਇਲਾਕਿਆਂ ਵਿੱਚ ਅਤੇ ਤਰਨ ਤਾਰਨ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਮੋਗਾ ਤੇ ਬਠਿੰਡਾ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ । ਅਸਮਾਨ ਬੱਦਲਵਾਈ ਵਾਲਾ ਰਹੇਗਾ ।

ਮੰਗਲਵਾਰ ਨੂੰ ਭਾਰੀ ਗਰਮੀ ਕਾਰਨ ਬਿਜਲੀ ਦੀ ਕਿੰਨੇ ਮੈਗਾਵਾਟ ਕੀਤੀ ਗਈ ਦਰਜ

ਭਾਰੀ ਗਰਮੀ (Intense heat) ਕਾਰਨ ਮੰਗਲਵਾਰ ਨੂੰ ਬਿਜਲੀ ਦੀ ਮੰਗ 15,003 ਮੈਗਾਵਾਟ ਦਰਜ ਕੀਤੀ ਗਈ । ਇਸ ਦੌਰਾਨ ਸੂਬੇ ਦਾ ਆਪਣਾ ਬਿਜਲੀ ਉਤਪਾਦਨ 4,673 ਮੈਗਾਵਾਟ ਰਿਹਾ, ਜਦੋਂ ਕਿ ਕੇਂਦਰੀ ਪੂਲ ਤੋਂ 10,578 ਮੈਗਾਵਾਟ ਬਿਜਲੀ ਅਲਾਟ ਕੀਤੀ ਗਈ ਸੀ । ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ. ਬੀ. ਐਮ. ਬੀ. ) ਅਨੁਸਾਰ 7 ਜੁਲਾਈ ਨੂੰ ਭਾਖੜਾ ਡੈਮ ਵਿਖੇ ਪਾਣੀ ਦਾ ਪੱਧਰ 1,567.02 ਫੁੱਟ ਦਰਜ ਕੀਤਾ ਗਿਆ । ਡੈਮ ਵਿੱਚ 38,018 ਕਿਊਸਿਕ ਪਾਣੀ ਦੀ ਆਮਦ ਹੋਈ, ਜਦਕਿ 23,229 ਕਿਊਸਿਕ ਪਾਣੀ ਛੱਡਿਆ ਗਿਆ । ਇਸੇ ਦੌਰਾਨ, ਪੌਂਗ ਡੈਮ ਵਿਖੇ ਪਾਣੀ ਦਾ ਪੱਧਰ 1,318.71 ਫੁੱਟ ਸੀ; ਇੱਥੇ 17,875 ਕਿਊਸਿਕ ਪਾਣੀ ਦੀ ਆਮਦ ਦਰਜ ਕੀਤੀ ਗਈ ਅਤੇ 15,500 ਕਿਊਸਿਕ ਪਾਣੀ ਛੱਡਿਆ ਗਿਆ ।

ਮਾਨਸੂਨ ਦੇ ਲਗਾਤਾਰ ਅੱਗੇ ਵਧਣ ਨਾਲ ਮਿਲੇਗੀ ਲੋਕਾਂ ਨੂੰ ਗਰਮੀ ਤੇ ਨਮੀ ਤੋਂ ਰਾਹਤ

ਚੰਡੀਗੜ੍ਹ ਦੇ ਮੌਸਮ ਵਿਗਿਆਨ ਕੇਂਦਰ ਦੇ ਡਾਇਰੈਕਟਰ ਸੁਰੇਂਦਰ ਪਾਲ ਦੇ ਅਨੁਸਾਰ, ਦੱਖਣ-ਪੱਛਮੀ ਮੌਨਸੂਨ ਦੇ ਅਗਲੇ ਦੋ ਤੋਂ ਤਿੰਨ ਦਿਨਾਂ ਵਿੱਚ ਪੰਜਾਬ ਦੇ ਬਾਕੀ ਹਿੱਸਿਆਂ ਨੂੰ ਪੂਰੀ ਤਰ੍ਹਾਂ ਕਵਰ ਕਰਨ ਲਈ ਹਾਲਾਤ ਅਨੁਕੂਲ ਹਨ, ਸਿਰਫ਼ ਦੋ ਜਿ਼ਲ੍ਹੇ ਬਚੇ ਹਨ । ਮਾਨਸੂਨ ਲਗਾਤਾਰ ਅੱਗੇ ਵਧ ਰਿਹਾ ਹੈ, ਅਤੇ ਨਤੀਜੇ ਵਜੋਂ ਰਾਜ ਦੇ ਜਿ਼ਆਦਾਤਰ ਖੇਤਰਾਂ ਵਿੱਚ ਬਾਰਿਸ਼ ਦੀ ਗਤੀਵਿਧੀ ਜਾਰੀ ਰਹਿਣ ਦੀ ਸੰਭਾਵਨਾ ਹੈ । ਇਸ ਨਾਲ ਲੋਕਾਂ ਨੂੰ ਗਰਮੀ ਅਤੇ ਨਮੀ ਤੋਂ ਰਾਹਤ ਮਿਲੇਗੀ । ਇਸ ਤੋਂ ਇਲਾਵਾ ਇੱਕ ਪੱਛਮੀ ਗੜਬੜ (Western disturbance) ਵੀ ਸਰਗਰਮ ਹੈ, ਜੋ ਮਾਨਸੂਨ ਨੂੰ ਮਜ਼ਬੂਤ ਕਰੇਗੀ, ਅਤੇ ਅਗਲੇ ਕੁਝ ਦਿਨਾਂ ਤੱਕ ਮੀਂਹ ਦਾ ਦੌਰ ਜਾਰੀ ਰਹਿਣ ਦੀ ਸੰਭਾਵਨਾ ਹੈ ।

 

LEAVE A REPLY

Please enter your comment!
Please enter your name here