ਮੋਗਾ, 30 ਜੂਨ 2026 : ਪੰਜਾਬ ਦੇ ਮੁੱਖ ਮੰਤਰੀ (Chief Minister) ਭਗਵੰਤ ਸਿੰਘ ਮਾਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਪੰਜਾਬ ਸਰਕਾਰ (Punjab Government) ਇਸ ਸਾਲ ਦੇ ਅੰਤ ਤੱਕ 7,000 ਕਿਲੋਮੀਟਰ ਪਾਈਪ ਲਾਈਨਾਂ ਵਿਛਾਏਗੀ ।
ਕੀ ਕਾਰਨ ਹੈ ਪਾਈਪ ਲਾਈਨ ਵਿਛਾਉਣ ਦਾ
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵਲੋਂ ਜੋ ਸਾਲ ਦੇ ਅਖੀਰ ਤੱਕ 7 ਹਜ਼ਾਰ ਕਿਲੋਮੀਟਰ ਪਾਈਪ ਲਾਈਨਾਂ ਵਿਛਾਉਣ ਦਾ ਟੀਚਾ ਮਿਥਿਆ ਗਿਆ ਹੈ ਦੇ ਦਾ ਮੁੱਖ ਕਾਰਨ ਹੈ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਨਹਿਰੀ ਪਾਣੀ (Canal water) ਪੰਜਾਬ ਦੇ ਹਰ ਖੇਤ ਤੱਕ ਪਹੁੰਚੇ । ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪਿਛਲੇ ਚਾਰ ਸਾਲਾਂ ‘ਚ 14,000 ਕਿਲੋਮੀਟਰ ਪਾਈਪ ਲਾਈਨਾਂ ਪਹਿਲਾਂ ਹੀ ਵਿਛਾਈਆਂ ਜਾ ਚੁੱਕੀਆਂ ਹਨ, ਜੋ ਕਿ ਕੈਨੇਡਾ ਤੋਂ ਮੋਗਾ ਤੱਕ ਦੀ ਦੂਰੀ ਦੇ ਬਰਾਬਰ ਹੈ । ਉਨ੍ਹਾਂ ਕਿਹਾ ਕਿ ਸਰਕਾਰ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਵਾਟਰ ਰੀਚਾਰਜ ਪੁਆਇੰਟ ਵੀ ਬਣਾ ਰਹੀ ਹੈ ।
ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਨੇ ਕੀ ਆਖਿਆ
ਮੋਗਾ ਦੇ ਭੱਲੂਰ ਵਿਚ ‘ਲੋਕ ਮਿਲਣੀ’ ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ (Bhagwant Singh Mann) ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਹਿਰੀ ਪਾਣੀ ਨੂੰ ਲਗਭਗ 80 ਫੀਸਦੀ ਵਾਹੀਯੋਗ ਜ਼ਮੀਨ ਤੱਕ ਪਹੁੰਚਾਉਣਾ ਯਕੀਨੀ ਬਣਾਇਆ ਹੈ, ਜਦੋਂ ਕਿ ਪਿਛਲੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਨਜ਼ਰਅੰਦਾਜ਼ ਕੀਤਾ ਸੀ ।
ਮੁੱਖ ਮੰਤਰੀ ਨੇ ਇਹ ਵੀ ਦਾਅਵਾ ਕੀਤਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਨਤਾ ਦੁਆਰਾ ਰੱਦ ਕੀਤੀਆਂ ਗਈਆਂ ਪਾਰਟੀਆਂ ਉਨ੍ਹਾਂ ਦੇ ਵਿਰੁੱਧ ਇੱਕਜੁੱਟ ਹੋ ਗਈਆਂ ਹਨ ਕਿਉਂਕਿ ਉਹ ਉਨ੍ਹਾਂ ਦੀ ਸਰਕਾਰ ਦੁਆਰਾ ਕੀਤੇ ਗਏ ਕੰਮ ਦਾ ਮੁਕਾਬਲਾ ਨਹੀਂ ਕਰ ਸਕਦੀਆਂ । ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਲੋਕ ਉਨ੍ਹਾਂ ਲੋਕਾਂ ਨੂੰ ਕਦੇ ਵੀ ਸੱਤਾ ਵਿੱਚ ਵਾਪਸ ਨਹੀਂ ਆਉਣ ਦੇਣਗੇ ਜਿਨ੍ਹਾਂ ਨੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਸੂਬੇ ਨੂੰ ਲੁੱਟਿਆ ਸੀ ।
ਹੁਣ ਤੱਕ ਪਾਈਪਾਂ ਅਤੇ ਨਹਿਰਾਂ ਵਿਚ ਛੱਡਿਆ ਜਾ ਚੁੱਕਿਆ ਹੈ 21000 ਕਿਊਸਿਕ ਪਾਣੀ
ਲੋਕ ਮਿਲਾਨ ਦੌਰਾਨ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੇ ਹਰ ਕੋਨੇ ‘ਚ ਕਿਸਾਨਾਂ ਦੀ ਸਹੂਲਤ ਲਈ 14,000 ਕਿਲੋਮੀਟਰ ਪਾਈਪਾਂ ਵਿਛਾਈਆਂ ਹਨ ਅਤੇ ਸੂਬੇ ਭਰ ਵਿਚ ਨਹਿਰਾਂ ਬਣਾਈਆਂ ਹਨ । ਹੁਣ ਤੱਕ ਇਨ੍ਹਾਂ ਪਾਈਪਾਂ ਅਤੇ ਨਹਿਰਾਂ ਵਿਚ 21000 ਕਿਊਸਿਕ ਪਾਣੀ ਛੱਡਿਆ ਜਾ ਚੁੱਕਾ ਹੈ, ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀਆਂ ਸਿੰਚਾਈ ਜ਼ਰੂਰਤਾਂ ਪੂਰੀਆਂ ਕਰਕੇ ਬਹੁਤ ਫਾਇਦਾ ਹੋਇਆ ਹੈ । ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਨਹਿਰਾਂ ਅਤੇ ਦਰਿਆਵਾਂ ਵਿਚ ਰੀਚਾਰਜ ਪੁਆਇੰਟ ਬਣਾਏ ਗਏ ਹਨ, ਅਤੇ ਇਸ ਦੇ ਨਤੀਜੇ ਵਜੋਂ ਦੋ ਤੋਂ ਚਾਰ ਮੀਟਰ ਦਾ ਵਾਧਾ ਹੋਇਆ ਹੈ ।
ਭਲੂਰ ਪਿੰਡ ਦੇ ਵਿਕਾਸ ਲਈ ਮੁੱਖ ਮੰਤਰੀ ਨੇ ਸੌਂਪਿਆ 51 ਲੱਖ ਦਾ ਚੈਕ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪਿੰਡ ਦੇ ਵਿਕਾਸ ਲਈ ਅੱਜ 51 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ । ਅੱਜ ਪੰਜਾਬ ਦੇ 90 ਫੀਸਦੀ ਘਰਾਂ ‘ਚ ਬਿਜਲੀ ਦੇ ਬਿੱਲ ਜ਼ੀਰੋ ਹਨ, ਜਦੋਂ ਕਿ ਸੂਬਾ ਮੁਫ਼ਤ ਸਿਹਤ ਸੰਭਾਲ ਅਤੇ ਸਿੱਖਿਆ ਪ੍ਰਦਾਨ ਕਰਨ ਵਿੱਚ ਦੇਸ਼ ‘ਚ ਪਹਿਲੇ ਸਥਾਨ ‘ਤੇ ਉਭਰਿਆ ਹੈ । ਅਸੀਂ ਇਹ ਯਕੀਨੀ ਬਣਾਇਆ ਹੈ ਕਿ ਹੁਣ 80 ਫੀਸਦੀ ਕਿਸਾਨਾਂ ਕੋਲ ਨਹਿਰੀ ਪਾਣੀ ਦੀ ਪਹੁੰਚ ਹੋਵੇ, ਅਤੇ ਆਉਣ ਵਾਲੇ ਦਿਨਾਂ ‘ਚ, ਭਲੂਰ ਦੇ ਹਰ ਖੇਤ ਨੂੰ ਨਹਿਰੀ ਆਊਟਲੈੱਟ ਨਾਲ ਜੋੜਿਆ ਜਾਵੇਗਾ ।









