ਨਵੀਂ ਦਿੱਲੀ, 13 ਜੂਨ 2026 : ਭਾਰਤੀ ਖੁਰਾਕ ਸੁਰੱਖਿਆ ਅਤੇ ਮਾਣਕ ਅਥਾਰਿਟੀ (Food Safety and Standards Authority of India) ਵਲੋਂ ਭਾਰਤ ਦੇਸ਼ ਦੇ ਤਿੰਨ ਵੱਡੇ ਬ੍ਰਾਂਡਾਂ ਨੂੰ ਕਾਰਨ ਦੱਸੋ ਨੋਟਿਸ (Show Cause Notice) ਜਾਰੀ ਕੀਤੇ ਜਾਣ ਦਾ ਪਤਾ ਚੱਲਿਆ ਹੈ ।
ਕਿਹੜੇ ਤਿੰਨ ਬ੍ਰਾਂਡ ਹਨ
ਮਿਲੀ ਜਾਣਕਾਰੀ ਅਨੁਸਾਰ ਦੇਸ਼ ਵਿਚ ਪੈਕਟਬੰਦ ਭੋਜਨ ਦੇ ਮਿਆਰ ਨੂੰ ਲੈ ਕੇ ਜੋ ਇਕ ਵਾਰ ਫਿਰ ਵੱਡਾ ਹੰਗਾਮਾ ਖੜਾ ਹੋ ਗਿਆ ਹੈ ਦੇ ਚਲਦਿਆਂ ਭਾਰਤੀ ਖੁਰਾਕ ਸੁਰੱਖਿਆ ਅਤੇ ਮਾਣਕ ਅਥਾਰਟੀ (ਐਫ਼. ਐੱਸ. ਐੱਸ. ਏ. ਆਈ.) ਨੇ ਸੋਸ਼ਲ ਮੀਡੀਆ ’ਤੇ ਆਈਆਂ ਸ਼ਿਕਾਇਤਾਂ ਦਾ ਨੋਟਿਸ ਲੈਂਦਿਆਂ ਦੇਸ਼ ਦੇ ਤਿੰਨ ਪ੍ਰਮੁੱਖ ਫੂਡ ਬ੍ਰਾਂਡਾਂ, ਨੈਸਲੇ (ਮੈਗੀ), ਕੇ. ਐਫ਼. ਸੀ. ਅਤੇ ਓਪਨ ਸੀਕਰੇਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ ।
ਕਿਸ ਬ੍ਰਾਂਡ ਦੇ ਕਿਸ ਪ੍ਰੋਡਕਟ ਵਿਚ ਕੀ ਸਮੱਸਿਆ ਆਈ ਸਾਹਮਣੇ
ਐਫ਼. ਐੱਸ. ਐੱਸ. ਏ. ਆਈ. ਮੁੱਖ ਤੌਰ ’ਤੇ ਮੈਗੀ ਦੇ ਇਕ ਪੈਕੇਟ ਵਿਚ ਕਥਿਤ ਤੌਰ ’ਤੇ ਕੀੜੇ ਜਾਂ ਲਾਰਵੇ ਮਿਲਣ ਦੀ ਸ਼ਿਕਾਇਤ ਤੋਂ ਬਾਅਦ ਨੇਸਲੇ ਇੰਡੀਆ ਤੋਂ ਜਵਾਬ ਮੰਗਿਆ ਹੈ। ਇਸ ਦੇ ਨਾਲ ਹੀ, ਆਂਧਰਾ ਪ੍ਰਦੇਸ਼ ਦੇ ਏਲੁਰੂ ਸਥਿਤ ਕੇ. ਐਫ਼. ਸੀ. ਆਊਟਲੈੱਟ ਵਿਚ ਅਸ਼ੁੱਧ ਹਾਲਾਤ ਅਤੇ ਫਲਿੱਪਕਾਰਟ ਮਿੰਟਸ ਰਾਹੀਂ ਡਿਲੀਵਰ ਕੀਤੇ ਗਏ ‘ਓਪਨ ਸੀਕਰੇਟ’ ਦੇ ਖਜੂਰਾਂ ਵਿਚ ਕੀੜੇ ਹੋਣ ਦੀ ਸ਼ਿਕਾਇਤ ’ਤੇ ਵੀ ਸਖ਼ਤ ਐਕਸ਼ਨ ਲਿਆ ਗਿਆ ਹੈ । ਦੂਜੇ ਪਾਸੇ ਨੈਸਲੇ ਇੰਡੀਆ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿਤਾ ਹੈ ।
ਕੀ ਆਖਿਆ ਕੰਪਨੀ ਦੇ ਬੁਲਾਰੇ ਨੇ
ਕੰਪਨੀ ਦੇ ਬੁਲਾਰੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਸੀਂ ਇਕ ਅਪ੍ਰਮਾਣਿਤ ਖਾਤੇ ਦੇ ਅਧਾਰ ’ਤੇ ਮੀਡੀਆ ਵਿਚ ਚੱਲ ਰਹੀਆਂ ਇਨ੍ਹਾਂ ਖ਼ਬਰਾਂ ਨੂੰ ਸਿਰੇ ਤੋਂ ਖਾਰਜ ਕਰਦੇ ਹਾਂ ਜਿਨ੍ਹਾਂ ਵਿਚ ਮੈਗੀ ਨੂਡਲਜ਼ ਵਿਚ ਕੀੜੇ ਹੋਣ ਦਾ ਦਾਅਵਾ ਕੀਤਾ ਗਿਆ ਹੈ । ਕੰਪਨੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀਆਂ ਲੈਬ ਰਿਪੋਰਟਾਂ ਵਿਚ ਬੈਚ ਬਿਲਕੁਲ ਸਹੀ ਪਾਇਆ ਗਿਆ ਹੈ । ਬੁਲਾਰੇ ਨੇ ਅੱਗੇ ਕਿਹਾ ਕਿ ਸਾਨੂੰ ਅਜੇ ਤਕ ਸ਼ਿਕਾਇਤਕਰਤਾ (Complainant) ਵਲੋਂ ਕੋਈ ਨਮੂਨਾ ਨਹੀਂ ਮਿਲਿਆ ਕਿਉਂਕਿ ਸਬੰਧਤ ਖਾਤੇ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਹੈ ।
ਅਥਾਰਿਟੀ ਨੇ ਕੰਪਨੀਆਂ ਨੂੰ ਦਿੱਤੇ ਜਲਦ ਐਕਸ਼ਨ ਟੇਕਨ ਰਿਪੋਰਟ ਸੌਂਪਣ ਦੇ ਹੁਕਮ
ਇਸ ਵਿਵਾਦ ਤੋਂ ਬਾਅਦ ਸ਼ੇਅਰ ਬਾਜ਼ਾਰ ਵਿਚ ਨੇਸਲੇ ਇੰਡੀਆ ਦੇ ਸ਼ੇਅਰਾਂ ਵਿਚ ਭਾਰੀ ਗਿਰਾਵਟ ਦੇਖੀ ਗਈ ਅਤੇ ਕੰਪਨੀ ਦਾ ਸਟਾਕ 3.29 ਫੀ ਸਦੀ ਡਿੱਗ ਕੇ ਬੰਦ ਹੋਇਆ । ਦੂਜੇ ਪਾਸੇ, ਕੇ. ਐਫ਼. ਸੀ. ਦੇ ਆਪਰੇਟਰ ਨੇ ਵੀ ਕਿਹਾ ਹੈ ਕਿ ਉਹ ‘‘ਨੋਟਿਸ ਵਿਚ ਲਗਾਏ ਗਏ ਦੋਸ਼ਾਂ ਦੀ ਜਾਂਚ ਕਰਨਗੇ ਅਤੇ ਐਫ਼. ਐੱਸ. ਐੱਸ. ਏ. ਆਈ. (F. S. S. A. I.) ਦੇ ਸਾਹਮਣੇ ਅਪਣਾ ਪੱਖ ਪੇਸ਼ ਕਰਨਗੇ । ਅਥਾਰਟੀ ਨੇ ਕੰਪਨੀਆਂ ਨੂੰ ਜਲਦ ਤੋਂ ਜਲਦ ‘ਐਕਸ਼ਨ ਟੇਕਨ ਰੀਪੋਰਟ ’ ਸੌਂਪਣ ਦੇ ਹੁਕਮ ਦਿਤੇ ਹਨ ।









