ਜਾਰਜੀਆ ਤੋਂ ਡਿਪੋਰਟ ਗੈਂਗਸਟਰ ਵੈਂਕਟੇਸ਼ ਗਰਗ ਪੁਲਸ ਨੇ ਲਿਆ ਹਿਰਾਸਤ ਵਿਚ

0
40
Gangster

ਹਰਿਆਣਾ, 11 ਜੂਨ 2026 : ਹਰਿਆਣਾ (Haryana) ਦੀ ਪੁਲਸ ਵਲੋਂ ਅੱਜ ਗੈਂਗਸਟਰ ਵੈਂਕਟੇਸ਼ ਗਰਗ ਨੂੰ ਜਾਰਜੀਆ ਤੋਂ ਡਿਪੋਰਟ (Deportation from Georgia) ਹੋ ਕੇ ਭਾਰਤ ਪਹੁੰਚਣ ਤੇ ਹਵਾਈ ਅੱਡੇ ਤੋਂ ਹੀ ਹਿਰਾਸਤ ਵਿਚ ਲਿਆ ਗਿਆ ।

ਕਿੰਨੇ ਦਾ ਇਨਾਮ ਰੱਖਿਆ ਹੋਇਆ ਸੀ ਗੈਂਗਸਟਰ ਤੇ

ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਪੁਲਸ ਦੀ ਸਪੈਸ਼ਲ ਟਾਸਕ ਫੋਰਸ (Special Task Force) ਨੂੰ ਕੌਮਾਂਤਰੀ ਪੱਧਰ ’ਤੇ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਵਿਦੇਸ਼ੀ ਸੁਰੱਖਿਆ ਏਜੰਸੀਆਂ ਦੇ ਸਹਿਯੋਗ ਨਾਲ ਸੂਬੇ ਦੇ ਖ਼ਤਰਨਾਕ ਅਤੇ ਮੋਸਟ-ਵਾਂਟੇਡ ਗੈਂਗਸਟਰ ਵੈਂਕਟੇਸ਼ ਗਰਗ (Gangster Venkatesh Garg) ਨੂੰ ਜਾਰਜੀਆ ਤੋਂ ਡਿਪੋਰਟ ਕਰਵਾ ਕੇ ਭਾਰਤ ਲਿਆਂਦਾ ਗਿਆ । ਹਰਿਆਣਾ ਦੀ ਸਪੈਸ਼ਲ ਟਾਸਕ ਫੋਰਸ ਦੀ ਵਿਸ਼ੇਸ਼ ਟੀਮ ਗੈਂਗਸਟਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਲੈ ਕੇ ਪਹੁੰਚੀ, ਜਿੱਥੇ ਉਸ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ । ਹਰਿਆਣਾ ਪੁਲਸ ਨੇ ਉਸ ਸਿਰ 2 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ ।

ਕਿੰਨੇ ਮਾਮਲੇ ਦਰਜ ਹਨ ਗੈਂਗਸਟਰ ਗਰਗ ‘ਤੇ

ਵੈਂਕਟੇਸ਼ ਗਰਗ ਜੋ ਅੰਬਾਲਾ ਜਿ਼ਲ੍ਹੇ ਦੇ ਨਾਰਾਇਣਗੜ੍ਹ ਇਲਾਕੇ ਦਾ ਰਹਿਣ ਵਾਲਾ ਹੈ ਦੇ ਖਿ਼ਲਾਫ਼ ਕਤਲ, ਇਰਾਦਾ-ਏ-ਕਤਲ ਅਤੇ ਫਿਰੌਤੀ ਸਣੇ 10 ਤੋਂ ਵੱਧ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ । ਇਥੇ ਹੀ ਬਸ ਨਹੀਂ ਅੰਬਾਲਾ ਵਿਚ ਬਹੁਜਨ ਸਮਾਜ ਪਾਰਟੀ ਦੇ ਆਗੂ ਹਰਬਿਲਾਸ ਰਾਜੂਮਾਜਰਾ ਦੇ ਸਨਸਨੀਖੇਜ਼ ਕਤਲ ਕਾਂਡ ਵਿਚ ਵੈਂਕਟੇਸ਼ ਗਰਗ ਦਾ ਨਾਮ ਮੁੱਖ ਤੌਰ ’ਤੇ ਸਾਹਮਣੇ ਆਇਆ ਸੀ । ਇਸ ਕਤਲ ਤੋਂ ਬਾਅਦ ਉਸ ਨੇ ਨਾ ਸਿਰਫ਼ ਵਾਰਦਾਤ ਦੀ ਜਿ਼ੰਮੇਵਾਰੀ ਲਈ ਬਲਕਿ ਸੋਸ਼ਲ ਮੀਡੀਆ ’ਤੇ ਸ਼ਰੇਆਮ ਧਮਕੀਆਂ ਵੀ ਦਿਤੀਆਂ ਸਨ । ਇਸ ਘਟਨਾ ਤੋਂ ਤੁਰੰਤ ਬਾਅਦ ਉਹ ਫਰਜ਼ੀ ਪਾਸਪੋਰਟ ਬਣਵਾ ਕੇ ਦੇਸ਼ ’ਚੋਂ ਫ਼ਰਾਰ ਹੋ ਗਿਆ ਤੇ ਜਾਰਜੀਆ ਜਾ ਲੁਕਿਆ ।

ਵੈਂਕਟੇਸ਼ ਕਰਦਾ ਸੀ ਵਿਦੇਸ਼ ਬੈੈਠ ਕੇ ਫਿਰੌਤੀ ਮੰਗਣ ਦੇ ਨੈਟਵਰਕ ਦਾ ਕੰਮ

ਪੁਲਸ ਮੁਤਾਬਕ ਵੈਂਕਟੇਸ਼ ਗਰਗ ਦਿੱਲੀ-ਐੱਨ. ਸੀ. ਆਰ. ਦੇ ਨਾਮੀ ਗੈਂਗਸਟਰ ਕਪਿਲ ਸਾਂਗਵਾਨ ਉਰਫ਼ ਨੰਦੂ ਗੈਂਗ ਨਾਲ ਮਿਲ ਕੇ ਕੰਮ ਕਰ ਰਿਹਾ ਸੀ। ਜਾਰਜੀਆ ਵਿਚ ਬੈਠ ਕੇ ਉਹ ਸੋਸ਼ਲ ਮੀਡੀਆ ਰਾਹੀਂ ਹਰਿਆਣਾ, ਦਿੱਲੀ, ਰਾਜਸਥਾਨ ਅਤੇ ਹੋਰ ਉੱਤਰ ਭਾਰਤੀ ਰਾਜਾਂ ਦੇ ਭੋਲੇ-ਭਾਲੇ ਨੌਜਵਾਨਾਂ ਨੂੰ ਆਪਣੇ ਜਾਲ ਵਿਚ ਫਸਾਉਂਦਾ ਸੀ । ਇਨ੍ਹਾਂ ਨੌਜਵਾਨਾਂ ਦੀ ਮਦਦ ਨਾਲ ਉਹ ਵਪਾਰੀਆਂ ਤੋਂ ਫਿਰੌਤੀ ਮੰਗਣ ਤੇ ਨੈੱਟਵਰਕ ਦਾ ਪਸਾਰ ਕਰਨ ਵਿਚ ਜੁਟਿਆ ਹੋਇਆ ਸੀ ।

ਕੌਮਾਂਤਰੀ ਜਾਂਚ ਏਜੰਸੀਆਂ ਦੀ ਮਦਦ ਨਾਲ ਕੀਤੀ ਗਰਗ ਦੀ ਲੋਕੇਸ਼ਨ ਟ੍ਰੇਸ

ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਕਰੀਬ ਇਕ ਸਾਲ ਪਹਿਲਾਂ ਕੌਮਾਂਤਰੀ ਜਾਂਚ ਏਜੰਸੀਆਂ ਦੀ ਮਦਦ ਨਾਲ ਗਰਗ ਦੀ ਲੋਕੇਸ਼ਨ ਜਾਰਜੀਆ ਵਿਚ ਟ੍ਰੇਸ ਕੀਤੀ ਗਈ ਸੀ, ਜਿਸ ਤੋਂ ਬਾਅਦ ਉਸ ਦੀ ਹਵਾਲਗੀ/ਡਿਪੋਰਟੇਸ਼ਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ । ਪੁਲਸ ਹੁਣ ਗੈਂਗਸਟਰ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰੇਗੀ ਤਾਂ ਜੋ ਉਸ ਦੇ ਭਾਰਤ ਵਿੱਚ ਮੌਜੂਦ ਹੋਰ ਸਾਥੀਆਂ ਅਤੇ ਸਲੀਪਰ ਸੈੱਲਾਂ ਦਾ ਪਰਦਾਫਾਸ਼ ਕੀਤਾ ਜਾ ਸਕੇ ।

LEAVE A REPLY

Please enter your comment!
Please enter your name here