ਨਵੀਂ ਦਿੱਲੀ, 28 ਮਈ 2026 : ਗੁਜਰਾਤ (Gujarat) ਦੇ ਜਿਲਾ ਆਨੰਦ ਦੇ ਬੋਰਸਦ ਦੀ ਰਹਿਣ ਵਾਲੀ ਇਕ ਵਿਦਿਆਰਥਣ ਦਾ ਕੈਨੇਡਾ ਵਿਖੇ ਚਾਕੂ ਮਾਰ ਕੇ ਕਤਲ (Murder) ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੌਣ ਹੈ ਇਹ ਭਾਰਤੀ ਵਿਦਿਆਰਥਣ
ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਵਿਖੇ ਪੜ੍ਹਾਈ ਕਰ ਰਹੀ ਇਕ ਭਾਰਤੀ ਵਿਦਿਆਰਥਣ (Indian student) ਜਿਸਦਾ ਕੈਨੇਡਾ ਵਿਖੇ ਇਕ ਵਿਅਕਤੀ ਵਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ ਦੀ ਪਛਾਣ ਵਿਧੀ ਕਲਪੇਸ਼ਕੁਮਾਰ ਮੇਘਾ (vidhi Kalpeshkumar Megha) ਦੇ ਤੌੌਰ ‘ਤੇ ਹੋਈ ਹੈ । ਦੱਸਣਯੋਗ ਹੈ ਕਿ ਉਪਰੋਕਤ ਕਤਲ ਕੈਨੇਡਾ ਵਿੱਚ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਹੈ । ਮਿਲੀ ਜਾਣਕਾਰੀ ਮੁਤਾਬਕ, ਗੁਜਰਾਤ ਦੇ ਆਨੰਦ ਜ਼ਿਲ੍ਹੇ ਦੇ ਬੋਰਸਦ ਦੀ ਰਹਿਣ ਵਾਲੀ ਵਿਧੀ ਕਲਪੇਸ਼ਕੁਮਾਰ ਮੇਘਾ ਨਾਮ ਦੀ ਕੁੜੀ 4 ਸਾਲ ਪਹਿਲਾਂ ਕੈਨੇਡਾ ਗਈ ਸੀ, ਜਿੱਥੇ ਉਹ ਨਿਆਗਰਾ ਵਿੱਚ ਪੜ੍ਹਾਈ ਕਰ ਰਹੀ ਸੀ ।
ਮੇਘਾ ਕਰ ਰਹੀ ਸੀ ਪੜ੍ਹਾਈ ਦੇ ਨਾਲ-ਨਾਲ ਵਰਕ ਪਰਮਿਟ ਦੀ ਤਿਆਰੀ
ਕੈਨੇਡਾ ਦੇ ਨਿਆਗਰਾ ਵਿੱਚ ਪੜ੍ਹਾਈ ਕਰ ਰਹੀ ਮੇਘਾ ਪੜ੍ਹਾਈ ਦੇ ਨਾਲ-ਨਾਲ ਵਰਕ ਪਰਮਿਟ ਦੀ ਤਿਆਰੀ ਵੀ ਕਰ ਰਹੀ ਸੀ । ਲੰਘੀ 15 ਮਈ ਨੂੰ 22 ਸਾਲਾ ਵਿਧੀ ਜਦੋਂ ਆਪਣੇ ਘਰ ਤੋਂ ਬਾਹਰ ਜਾ ਰਹੀ ਸੀ ਤਾਂ ਲੁੱਟ ਦੇ ਇਰਾਦੇ ਨਾਲ ਇੱਕ ਵਿਅਕਤੀ ਨੇ ਉਸ ‘ਤੇ ਤੇਜ਼ਧਾਰ ਚਾਕੂ (Sharp knife) ਨਾਲ ਹਮਲਾ ਕਰ ਦਿੱਤਾ । ਇਸ ਹਮਲੇ ਕਾਰਨ ਕੁੜੀ ਉੱਥੇ ਹੀ ਲਹੂ-ਲੁਹਾਨ ਹਾਲਤ ਵਿੱਚ ਡਿੱਗ ਗਈ ਕਿਉਂਕਿ ਇਹ ਘਟਨਾ ਇੱਕ ਜਨਤਕ ਥਾਂ ‘ਤੇ ਵਾਪਰੀ, ਇਸ ਲਈ ਉੱਥੇ ਮੌਜੂਦ ਲੋਕ ਹੈਰਾਨ ਰਹਿ ਗਏ ।
ਪੁਲਸ ਨੇ ਕਰ ਲਿਆ ਹੈ ਮੁਲਜਮ ਨੂੰ ਗ੍ਰਿਫ਼ਤਾਰ
ਸਥਾਨਕ ਲੋਕ ਕੁੜੀ ਨੂੰ ਤੁਰੰਤ ਹਸਪਤਾਲ ਲੈ ਗਏ, ਜਿੱਥੇ ਡਿਊਟੀ ‘ਤੇ ਮੌਜੂਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਕੈਨੇਡੀਅਨ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ । ਵਿਦੇਸ਼ਾਂ ਵਿੱਚ ਰਹਿਣ ਵਾਲੇ ਭਾਰਤੀਆਂ ‘ਤੇ ਹਮਲਿਆਂ ਦੀਆਂ ਘਟਨਾਵਾਂ ਦਿਨ-ਬ-ਦਿਨ ਵਧਦੀਆਂ ਜਾ ਰਹੀਆਂ ਹਨ ।








