ਇੰਦੌਰ, 22 ਮਈ 2026 : ਭਾਰਤ ਦੇਸ ਦੇ ਸੂਬੇ ਮੱਧ ਪ੍ਰਦੇਸ਼ (Madhya Pradesh) ਦੇ ਸ਼ਹਿਰ ਇੰਦੌਰ ਵਿਖੇ ਇਕ 13 ਸਾਲਾ ਨਾਬਾਲਗਾ ਦਾ ਵਿਆਹ (Marriage of a minor) 42 ਸਾਲਾ ਵਿਅਕਤੀ ਨਾਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ।
ਲਾੜੇ ਸਮੇਤ 13 ਖਿਲਾਫ ਐੱਫ. ਆਈ. ਆਰ. ਦਰਜ
ਇੰਦੌਰ ‘ਚ ਪ੍ਰਸ਼ਾਸਨ ਦੀ ਚਿਤਾਵਨੀ ਦੇ ਬਾਵਜੂਦ 13 ਸਾਲ ਦੀ ਲੜਕੀ ਦਾ 42 ਸਾਲਾ ਵਿਅਕਤੀ ਨਾਲ ਵਿਆਹ ਕਰਵਾਏ ਜਾਣ ਦੇ ਮਾਮਲੇ ‘ਚ ਪੁਲਸ ਨੇ ਲਾੜੇ, ਉਸ ਦੇ ਪਰਿਵਾਰਕ ਮੈਂਬਰਾਂ ਅਤੇ ਲੜਕੀ ਦੇ ਦਾਦਾ-ਦਾਦੀ ਸਮੇਤ ਕੁੱਲ 13 ਲੋਕਾਂ ਖਿਲਾਫ਼ ਐੱਫ. ਆਈ. ਆਰ. ਦਰਜ (FIR registered) ਕੀਤੀ ਹੈ ।
ਕੀ ਦੱਸਿਆ ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਉਡਣ ਦਸਤੇ ਦੇ ਇੰਚਾਰਜ ਨੇ
ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੇ ਉਡਣ ਦਸਤੇ ਦੇ ਇੰਚਾਰਜ ਮਹਿੰਦਰ ਪਾਠਕ ਨੇ ਦੱਸਿਆ ਕਿ ਲੜਕੀ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਨੇ ਦੂਜਾ ਵਿਆਹ ਕਰ ਲਿਆ ਸੀ, ਜਿਸ ਤੋਂ ਬਾਅਦ ਉਹ ਆਪਣੇ ਭੈਣ-ਭਰਾਵਾਂ ਨਾਲ ਦਾਦਾ-ਦਾਦੀ ਕੋਲ ਰਹਿ ਰਹੀ ਸੀ ।
ਪ੍ਰਸ਼ਾਸਨ ਨੇ ਜਾਣਕਾਰੀ ਵਿਚ ਆਉਣ ‘ਤੇ ਪਹਿਲਾਂ ਰੋਕ ਦਿੱਤਾ ਸੀ ਵਿਆਹ
ਜਾਣਕਾਰੀ ਅਨੁਸਾਰ ਲੜਕੀ ਦੇ ਦਾਦਾ ਨੇ 26 ਅਪ੍ਰੈਲ ਨੂੰ ਆਪਣੀ 13 ਸਾਲਾ ਪੋਤੀ ਦਾ ਵਿਆਹ 42 ਸਾਲਾ ਵਿਅਕਤੀ ਨਾਲ ਕਰਵਾ ਦਿੱਤਾ । ਦੋਸ਼ ਹੈ ਕਿ ਇਹ ਵਿਆਹ ਇਕ ‘ਸ਼ਰਤ`ਦੇ ਤਹਿਤ ਕਰਵਾਇਆ ਗਿਆ, ਜਿਸ ‘ਚ ਲਾੜੇ ਦੇ ਪਰਿਵਾਰ ਨੇ ਆਪਣੇ ਪੋਤੇ ਦੇ ਵਿਆਹ ਦੇ ਬਦਲੇ ਇਹ ਮੰਗ ਰੱਖੀ ਸੀ । ਪ੍ਰਸ਼ਾਸਨ ਨੂੰ ਪਹਿਲਾਂ 25 ਅਪ੍ਰੈਲ ਨੂੰ ਹੋਣ ਵਾਲੇ ਵਿਆਹ ਦੀ ਸੂਚਨਾ ਮਿਲ ਗਈ ਸੀ ਅਤੇ ਚਿਤਾਵਨੀ ਦੇ ਕੇ ਸਮਾਰੋਹ ਰੋਕ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ 26 ਅਪ੍ਰੈਲ ਦੀ ਰਾਤ ਲੜਕੀ ਨੂੰ ਇੰਦੌਰ ਤੋਂ ਉੱਜੈਨ ਲਿਜਾ ਕੇ ਮੰਦਰ ’ਚ ਵਿਆਹ ਸੰਪੰਨ ਕਰਵਾਇਆ ਗਿਆ ।
ਪੁਲਸ ਨੇ ਸ਼ੁਰੂ ਕਰ ਦਿੱਤੀ ਹੈ ਕਾਰਵਾਈ
ਸਿ਼ਕਾਇਤ ਅਨੁਸਾਰ ਵਿਆਹ ਤੋਂ ਬਾਅਦ ਨਾਬਾਲਗਾ ‘ਤੇ ਸਹੁਰੇ ਘਰ ਜਾਣ ਦਾ ਦਬਾਅ ਬਣਾਇਆ ਗਿਆ ਅਤੇ ਕਥਿਤ ਤੌਰ ‘ਤੇ ਉਸ ਨਾਲ ਕੁੱਟਮਾਰ (Beating) ਵੀ ਕੀਤੀ ਗਈ । ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਸ ਨੇ ਬਾਲ ਵਿਆਹ ਰੋਕੂ ਐਕਟ 2006 ਦੇ ਤਹਿਤ ਕਾਰਵਾਈ ਕਰਦੇ ਹੋਏ ਐੱਫ. ਆਈ. ਆਰ. ਦਰਜ ਕੀਤੀ ਹੈ ।








