ਇੰਫਾਲ, 15 ਮਈ 2026 : ਭਾਰਤ ਦੇਸ਼ ਦੇ ਸੂਬੇ ਮਣੀਪੁਰ (Manipur) ਵਿਖੇ ਤਣਾਅ ਵਧ ਕਾਰਨ 38 ਤੋਂ ਜਿ਼ਆਦਾ ਲੋਕਾਂ ਨੂੰ ਬੰਧਕ ਬਣਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਕੀ ਦੱਸਿਆ ਗ੍ਰਹਿ ਮੰਤਰੀ ਨੇ
ਮਣੀਪੁਰ ਵਿਚ ਹਿੰਸਾ ਅਤੇ ਤਣਾਅ ਦਾ ਦੌਰ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ । ਸੂਬੇ ਦੇ ਗ੍ਰਹਿ ਮੰਤਰੀ ਗੋਵਿੰਦਾਸ ਕੋਬੌਜਮ (Home Minister Govindas Kobojam) ਨੇ ਵੀਰਵਾਰ ਨੂੰ ਦੱਸਿਆ ਕਿ ਵੱਖ-ਵੱਖ ਸਮੂਹਾਂ ਵੱਲੋਂ ਨਾਗਾ ਤੇ ਕੁਕੀ ਭਾਈਚਾਰਿਆਂ (Naga and Kuki communities) ਨਾਲ ਜੁੜੇ 38 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਲਿਆ ਗਿਆ ਹੈ ।
ਗ੍ਰਹਿ ਮੰਤਰੀ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਬੁੱਧਵਾਰ ਨੂੰ ਕਾਂਗਪੋਕਪੀ ਜਿ਼ਲੇ ਵਿਚ ਸ਼ੱਕੀ ਅੱਤਵਾਦੀਆਂ ਦੇ ਹਮਲੇ ਵਿਚ ਚਰਚ ਦੇ 3 ਅਹੁਦੇਦਾਰਾਂ ਦਾ ਕਤਲ ਕਰ ਦਿੱਤਾ ਗਿਆ, ਜਦੋਂ ਕਿ 4 ਹੋਰ ਲੋਕ ਜ਼ਖ਼ਮੀ ਹੋ ਗਏ । ਇਸੇ ਦਿਨ ਨੋਨੀ ਜਿ਼ਲੇ ਵਿਚ ਇਕ ਨਾਗਰਿਕ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਪਤਨੀ ਜ਼ਖ਼ਮੀ ਹੋ ਗਈ ।
ਮਾਮਲੇ ਦੀ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਵੀ ਦੇ ਦਿੱਤੀ ਗਈ ਹੈ
ਕੋਂਥੌਜਮ ਨੇ ਕਿਹਾ ਕਿ ਦੋਵਾਂ ਭਾਈਚਾਰਿਆਂ ਦੇ ਲੋਕਾਂ ਨੂੰ ਵੱਖ-ਵੱਖ ਸਮੂਹਾਂ ਵੱਲੋਂ ਬੰਧਕ ਬਣਾਇਆ ਗਿਆ ਹੈ ਅਤੇ ਸਰਕਾਰ ਉਨ੍ਹਾਂ ਦੀ ਸੁਰੱਖਿਅਤ ਰਿਹਾਈ ਲਈ ਨਾਗਰਿਕ ਸਮਾਜ ਸੰਗਠਨਾਂ ਅਤੇ ਭਾਈਚਾਰਕ ਆਗੂਆਂ ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ । ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਵੀ ਦੇ ਦਿੱਤੀ ਗਈ ਹੈ ।






