ਸ੍ਰੀ ਹਰਿਮੰਦਰ ਸਾਹਿਬ ਵਿਖੇ ਸਿੰਘ ਸਾਹਿਬਾਨਾਂ ਦੀ ਮੀਟਿੰਗ ਆਯੋਜਿਤ

0
45
Meeting

ਅੰਮ੍ਰਿਤਸਰ, 12 ਮਈ 2026 : ਪੰਜਾਬ ਦੇ ਸ਼ਹਿਰ ਅੰਮ੍ਰਿਤਸਰ (Amritsar) ਵਿਖੇ ਬਣੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਸਿੰਘ ਸਾਹਿਬਾਨਾਂ ਦੀ ਇਕ ਵਿਸ਼ਾਲ ਮੀਟਿੰਗ (Meeting) ਆਯੋਜਿਤ ਕੀਤੀ ਗਈ ਹੈ ।

ਕਿਸ ਮਾਮਲੇ ਨੂੰ ਲੈ ਕੇ ਹੋਈ ਹੈ ਮੀਟਿੰਗ

ਮਿਲੀ ਜਾਣਕਾਰੀ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ (Sri Harmandir Sahib) ਵਿਖੇ ਜੋ ਅੱਜ ਇਕ ਮੀਟਿੰਗ ਸਿੰਘ ਸਾਹਿਬਾਨਾਂ ਦੀ ਆਯੋਜਿਤ ਕੀਤੀ ਗਈ ਹੈ ਵਿਚ ਪੰਜਾਬ ਸਰਕਾਰ ਵਲੋਂ ਪਾਸ ਕੀਤੇ ਗਏ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ 2026 (Jagat Jyot Sri Guru Granth Sahib Respect (Amendment) Act 2026) ਦੇ ਸਬੰਧ ਵਿਚ ਵਿਚਾਰ-ਵਟਾਂਦਰਾ ਕੀਤਾ ਗਿਆ ਹੈ । ਮੀਟਿੰਗ ਦੀ ਅਗਵਾਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤੇ ਸਮੂਹ ਸਿੰਘ ਸਾਹਿਬਾਨ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਤੇ ਐਡੀਸ਼ਨਲ ਮੁੱਖ ਗ੍ਰੰਥੀ ਨੇ ਕੀਤੀ।

ਮੀਟਿੰਗ ਵਿਚ ਕੀ ਵਿਚਾਰ ਵਟਾਂਦਰਾ ਕੀਤਾ ਗਿਆ

ਸਮੂਹ ਸਿੰਘ ਸਾਹਿਬਾਨ ਨੇ ਪੱਤਰਕਾਰਾਂ ਨੂੰ ਜਾਰੀ ਬਿਆਨ ਵਿਚ ਦੱਸਿਆ ਕਿ ਵਿਸ਼ੇਸ਼ ਇਕੱਤਰਤਾ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੂੰ ਸੁਝਾਅ ਦਿੱਤਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ (Sri Guru Granth Sahib) ਜੀ ਦੀ ਬੇਅਦਬੀ ਕਰਨ ਵਾਲੇ ਹਰ ਦੋਸ਼ੀ, ਪਾਪੀ ਨੂੰ ਸਖ਼ਤ ਤੋਂ ਸਖ਼ਤ ਸਜਾਵਾਂ ਦੇਣ ਦਾ ਕਾਨੂੰਨ ਬਿਨਾਂ ਸ਼ੱਕ ਕੌਮ ਦੇ ਹੱਕ ਵਿਚ ਹੈ ਪ੍ਰੰਤੂ ਇਸ ਦੇ ਨਾਲ ਹੀ ਸਿੱਖ ਕੌਮ ਦੀਆਂ ਮਹਾਨ ਸੰਸਥਾਵਾਂ ਅਤੇ ਗ੍ਰੰਥੀ ਸਿੰਘਾਂ, ਗੁਰਦੁਆਰਾ ਕਮੇਟੀਆਂ ਅਤੇ ਸੰਗਤਾਂ ਨੂੰ ਬੇਅਦਬੀ ਦੇ ਅਪਰਾਧ ਤੋਂ ਇਲਾਵਾ ਮਰਿਆਦਾ ਸਬੰਧੀ ਮਾਮਲਿਆਂ ’ਚ ਕਾਨੂੰਨੀ ਦਾਇਰੇ ਵਿਚ ਲਿਆਉਣਾ ਅਤਿ ਇਤਰਾਜ਼ਯੋਗ ਹੈ ।

ਹੋਰ ਕੀ ਕੀ ਆਖਿਆ ਸਿੰਘ ਸਾਹਿਬਾਨਾਂ ਨੇ

ਮੀਟਿੰਗ ਵਿਚ ਸ਼ਾਮਲ ਹੋਏ ਸਮੂਹ ਸਿੰਘ ਸਾਹਿਬਾਨ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਨੂੰ ਇਸ ਸੰਜੀਦਾ ਮਸਲੇ ਉੱਤੇ ਵਿਚਾਰ-ਮੰਥਨ ਦਾ ਸੁਝਾਅ ਦਿੰਦਿਆਂ ਕਿਹਾ ਕਿ ਸਿੱਖ ਭਾਵਨਾਵਾਂ ਅਨੁਸਾਰ ਕਾਨੂੰਨ ਵਿਚ ਸੋਧਾਂ ਕਰਨੀਆਂ ਕੌਮ ਦੇ ਭਲੇ ਵਿਚ ਹੈ, ਜਿਸ ’ਤੇ ਸਰਕਾਰ ਨੂੰ ਅੜੀ ਨਹੀਂ ਕਰਨੀ ਚਾਹੀਦੀ ।

ਕਿਸ ਗੱਲ ਤੇ ਜੋਰ ਦਿੱਤਾ ਗਿਆ ਸਿੰਘ ਸਾਹਿਬਾਨਾਂ ਵਲੋਂ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਮੂਹ ਸਿੰਘ ਸਾਹਿਬਾਨ ਅਤੇ ਹੈੱਡ ਗ੍ਰੰਥੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪੂਰੀ ਕੌਮ ਦੇ ਗ੍ਰੰਥੀ ਸਿੰਘਾਂ ਵੱਲੋਂ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾਦਾਰ ਧਿਰ ਗ੍ਰੰਥੀ ਸਿੰਘ ਕੌਮ ਦੀ ਰੀੜ ਦੀ ਹੱਡੀ ਵਾਂਗ ਹਨ, ਜਿਨ੍ਹਾਂ ਨੂੰ ਕਿਸੇ ਵੀ ਕਾਨੂੰਨ ਨਾਲ ਭੈਅਤੀਤ ਨਹੀਂ ਕਰਨਾ ਚਾਹੀਦਾ, ਸਗੋਂ ਅਜਿਹਾ ਕਾਨੂੰਨ ਹੋਣਾ ਚਾਹੀਦਾ ਹੈ ਜਿਸ ਨੂੰ ਪ੍ਰਚਾਰਨ ਅਤੇ ਪਾਲਣਾ ਲਈ ਗ੍ਰੰਥੀ ਸਿੰਘ ਸਾਹਿਬਾਨ ਇਸ ਦੀ ਪ੍ਰੋੜ੍ਹਤਾ ਕਰਨ, ਇਸ ਲਈ ਮੁੱਖ ਮੰਤਰੀ ਤੁਰੰਤ ਇਸ ਕਾਨੂੰਨ ਵਿੱਚੋਂ ਗ੍ਰੰਥੀ ਸ਼੍ਰੇਣੀ, ਸਿੱਖ ਸੰਸਥਾਵਾਂ, ਗੁਰਦੁਆਰਾ ਕਮੇਟੀਆਂ ਅਤੇ ਸੰਗਤਾਂ ਦੇ ਵਿਰੁੱਧ ਜਾਂਦੀਆਂ ਮੱਦਾਂ ਖ਼ਤਮ ਕਰਨ ਦੀ ਪਹਿਲਕਦਮੀ ਕਰਨ ।

ਕੌਣ ਕੌਣ ਮੋਜੂਦ ਸੀ ਮੀਟਿੰਗ ਵਿਚ

ਉਪਰੋਕਤ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ, ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ, ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ, ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ, ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ, ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮੁਖ ਸਿੰਘ, ਐਡੀਸ਼ਨਲ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਮੌਜੂਦ ਸਨ ।

LEAVE A REPLY

Please enter your comment!
Please enter your name here