ਝੋਨੇ ਦੀਆਂ ਸਿਫਾਰਿਸ਼ ਕਿਸਮਾਂ ਅਤੇ ਖਾਦ ਪ੍ਰਬੰਧਨ ਬਾਰੇ ਜਾਗਰੂਕਤਾ ਕੈਂਪ ਆਯੋਜਿਤ

0
35
Awareness camp

ਸੰਗਰੂਰ,12 ਮਈ 2026 : ਪੰਜਾਬ ਦੇ ਜਿਲਾ ਸੰਗਰੂਰ (Sangrur) ਦੇ ਪਿੰਡ ਘਾਬਦਾਂ ਵਿਖੇ ਝੋਨੇ ਦੀਆਂ ਸਿਫਾਰਿਸ਼ ਕਿਸਮਾਂ ਅਤੇ ਖਾਦ ਪ੍ਰਬੰਧਨ ਬਾਰੇ ਜਾਗਰੂਕਤਾ ਕੈਂਪ (Awareness camp) ਆਯੋਜਿਤ ਕੀਤਾ ਗਿਆ ਹੈ ।

ਕਿਊਂ ਲਗਾਇਆ ਗਿਆ ਹੈ ਕੈਂਪ

ਰਸਾਇਣਕ ਖਾਦਾਂ ਦੀ ਸੰਤੁਲਿਤ ਵਰਤੋਂ ਨੂੰ ਦੇਖਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ (Punjab Agricultural University) ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵੱਲੋਂ ਝੋਨੇ ਅਤੇ ਬਾਸਮਤੀ ਦੀਆਂ ਸਿਫਾਰਿਸ਼ ਕਿਸਮਾਂ ਨੂੰ ਮਿੱਟੀ ਪਰਖ ਕਰਵਾਕੇ ਖਾਦਾਂ ਪਾਉਣ ਅਤੇ ਫਾਸਫੋਰਸ ਖਾਦ ਦੇ ਸੁਚੱਜੇ ਪ੍ਰਬੰਧਨ ਸਬੰਧੀ ਪਿੰਡ ਘਾਬਦਾਂ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ ।

ਕਿਸਨੇ ਕੀਤੀ ਕੈਂਪ ਦੀ ਪ੍ਰਧਾਨਗੀ

ਕੈਂਪ ਦੀ ਪ੍ਰਧਾਨਗੀ ਕਰਦੇ ਹੋਏ ਡਾ. ਅਸ਼ੋਕ ਕੁਮਾਰ ਗਰਗ, ਸੀਨੀਅਰ ਪਸਾਰ ਵਿਗਿਆਨੀ ਨੇ ਕਿਸਾਨਾਂ ਨੂੰ ਮਿੱਟੀ ਪਰਖ ਦੇ ਆਧਾਰ `ਤੇ ਹੀ ਖਾਦਾਂ ਪਾਉਣ ਲਈ ਪ੍ਰੇਰਦੇ ਹੋਏ ਕਿਹਾ ਕਿ ਖਾਦਾਂ ਦੀ ਸੰਤੁਲਿਤ ਵਰਤੋਂ ਨਾਲ ਜਿੱਥੇ ਖੇਤੀ ਖਰਚੇ ਘਟਣਗੇ ਉੱਥੇ ਝਾੜ ਵਿੱਚ ਵੀ ਵਾਧਾ ਹੋਵੇਗਾ । ਉਨ੍ਹਾਂ ਨੇ ਮੌਕੇ `ਤੇ ਮਿੱਟੀ ਪਰਖ ਕਰਾਉਣ ਲਈ ਨਮੂਨਾ ਲੈਣ ਦੇ ਢੰਗ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਅਤੇ ਮਿੱਟੀ ਦਾ ਨਮੂਨਾ ਲੈ ਕੇ ਦਿਖਾਇਆ ।

ਯੂਰੀਆ ਖਾਦ ਦੀ ਵਰਤੋਂ ਸੰਜਮ ਕਰਨ ਲਈ ਆਖਿਆ ਗਿਆ

ਕਿਸਾਨਾਂ ਨੂੰ ਯੂਰੀਆ ਖਾਦ (Urea fertilizer) ਦੀ ਸੰਜਮ ਨਾਲ ਵਰਤੋਂ ਅਤੇ ਕਈ ਥੈਲੇ ਇੱਕੋ ਸਮੇਂ ਤੇ ਵਰਤਣ ਤੋਂ ਗੁਰੇਜ ਕਰਨ ਲਈ ਕਿਹਾ। ਉਨ੍ਹਾਂ ਅੱਗੇ ਕਿਹਾ ਕਿ ਕਿਸਾਨ ਝੋਨੇ ਵਿੱਚ ਜ਼ਿੰਕ ਦੀ ਘਾਟ ਨੂੰ ਪੂਰਾ ਕਰਨ ਲਈ ਸਿਫਾਰਿਸ਼ ਕੀਤੀ ਪੂਰੀ ਮਾਤਰਾ ਹੀ ਪਾਉਣ। ਜੈਵਿਕ ਖਾਦਾਂ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਝੋਨੇ ਦੀ ਪੌਦ ਨੂੰ ਲੱਗਣ ਵਾਲਾ ਐਜ਼ੋਸਪਾਇਰਲਮ ਜਿੱਥੇ ਝਾੜ ਵਧਾਉਣ ਵਿੱਚ ਸਹਾਈ ਹੁੰਦਾ ਹੈ ਉੱਥੇ ਜ਼ਮੀਨ ਦੀ ਜੈਵਿਕ ਸਿਹਤ ਨੂੰ ਵੀ ਸੁਧਾਰਦਾ ਹੈ ।

ਸਿਫਾਰਸ਼ ਕਿਸਮਾਂ ਸਬੰਧੀ ਡਾਕਟਰ ਗਰਗ ਨੇ ਦਿੱਤੀ ਜਾਣਕਾਰੀ

ਡਾ. ਗਰਗ ਨੇ ਪੀ. ਏ. ਯੂ. ਵੱਲੋਂ ਸਿਫਾਰਸ਼ ਕਿਸਮਾਂ ਜਿਵੇਂ ਕਿ ਪੀ ਆਰ 131, ਪੀ ਆਰ 132, ਪੀ ਆਰ 126 ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਉਹਨਾਂ ਨੇ ਨਵੀਂ ਕਿਸਮ ਪੀ ਆਰ 133 ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਕਿਸਮ ਲੁਆਈ ਤੋਂ ਬਾਅਦ ਲਗਭਗ 111 ਦਿਨਾਂ ਵਿੱਚ ਪੱਕ ਜਾਂਦੀ ਹੈ । ਬਾਸਮਤੀ (Basmati) ਵਿੱਚ ਪੂਸਾ ਬਾਸਮਤੀ 1509 ਅਤੇ 1847 ਵਿੱਚ ਖਾਦਾਂ ਦੀ ਲੋੜ ਅਤੇ ਝੰਡਾ ਰੋਗ ਦੀ ਰੋਕਥਾਮ ਲਈ ਬੀਜ ਸੋਧ ਬਾਰੇ ਵਿਸਥਾਰਪੂਰਵਕ ਚਰਚਾ ਹੋਈ ।

ਕੈਂਪ ਮੌਕੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ

ਪਿੰਡ ਦੇ ਅਗਾਂਹਵਧੂ ਕਿਸਾਨ ਸਤਨਾਮ ਸਿੰਘ, ਯਾਦਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਸਤਨਾਮ ਸਿੰਘ, ਪਰਮਲ ਸਿੰਘ ਅਤੇ ਹੋਰ ਕਿਸਾਨ ਵੀਰਾਂ ਨੇ ਕੈਂਪ ਲਾਉਣ ਵਿੱਚ ਪੂਰਾ ਯੋਗਦਾਨ ਪਾਇਆ । ਅੰਤ ਵਿੱਚ ਕਿਸਾਨਾਂ ਲਈ ਪੀ. ਏ. ਯੂ. ਲੁਧਿਆਣਾ ਵਲੋਂ, ਪੀ ਆਰ 126 ਦਾ ਬੀਜ, ਬਾਈਪਾਸ ਫੈਟ, ਖੇਤੀ ਸਾਹਿਤ ਦੀ ਵਿੱਕਰੀ ਵੀ ਕੀਤੀ ਗਈ । ਕਿਸਾਨਾਂ ਦੁਆਰਾ ਉਠਾਏ ਗਏ ਬਹੁਤ ਸਾਰੇ ਸਵਾਲਾਂ ਦੇ ਜਵਾਬ ਬਾਖੂਬੀ ਤਰਤੀਬ-ਬੱਧ ਤਰੀਕੇ ਨਾਲ ਦਿੱਤੇ ਗਏ । ਕਿਸਾਨਾਂ ਵਲੋਂ ਮਿੱਟੀ ਪਰਖ ਕਰਵਾਉਣ ਲਈ ਹਾਮੀ ਵੀ ਭਰੀ ਗਈ। ਅਖੀਰ ਵਿੱਚ ਫਾਰਮ ਸਲਾਹਕਾਰ ਸੇਵਾ ਕੇਂਦਰ ਦੀ ਟੀਮ ਨੇ ਸ. ਪਰਮਲ ਸਿੰਘ ਦੇ ਡਰੈਗਨ ਫਰੂਟ, ਲਸਣ, ਹਰੀ ਮਿਰਚ ਅਤੇ ਫੁੱਲਾਂ ਦੇ ਖੇਤਾਂ ਦਾ ਦੌਰਾ ਵੀ ਕੀਤਾ ।

LEAVE A REPLY

Please enter your comment!
Please enter your name here