Tokyo Olympics ‘ਚ ਨਹੀਂ ਸ਼ਾਮਿਲ ਹੋ ਸਕਣਗੇ ਦਰਸ਼ਕ
ਕੌਮਾਂਤਰੀ ਓਲੰਪਿਕ ਕਮੇਟੀ ਦੇ ਪ੍ਰਧਾਨ ਥਾਮਸ ਬਾਕ ਨੇ ਕਿਹਾ ਕਿ ਦਰਸ਼ਕਾਂ ਨੂੰ ਟੋਕੀਓ ਓਲੰਪਿਕ ਤੋਂ ਬਾਹਰ ਰੱਖਣ ਦਾ ਫ਼ੈਸਲਾ ‘ਭਾਰੀ ਮਨ’ ਨਾਲ ਲਿਆ ਗਿਆ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਭੁਲਾਇਆ ਨਹੀਂ ਜਾਵੇਗਾ। ਇਸ ਸੰਬੰਧੀ ਬਾਕ ਨੇ ਕੌਮਾਂਤਰੀ ਪ੍ਰਸਾਰਨ ਕੇਂਦਰ ਦਾ ਦੌਰਾ ਕੀਤਾ ਜਿੱਥੇ ਦਰਸ਼ਕਾਂ ਦੀ ਪਹੁੰਚ ਹੋਵੇਗੀ।
ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ। ਜਿਸ ਕਾਰਨ ਅਜਿਹਾ ਫੈਸਲਾ ਲਿਆ ਗਿਆ ਹੈ। ਟੋਕੀਓ ’ਚ ਕੋਵਿਡ-19 ਨਾਲ ਜੁੜੇ ਕਈ ਦਿਸ਼ਾ-ਨਿਰਦੇਸ਼ ਦੇ ਕਾਰਨ ਦਰਸ਼ਕ ਸਟੇਡੀਅਮਾਂ ’ਚ ਨਹੀਂ ਜਾ ਸਕਣਗੇ। ਬਾਕ ਨੇ ਕਿਹਾ, ‘‘ਦਰਸ਼ਕਾਂ ਨੂੰ ਬਾਹਰ ਰੱਖਣ ਦਾ ਫ਼ੈਸਲਾ ਦੁੱਖੀ ਮਨ ਨਾਲ ਕੀਤਾ ਗਿਆ ਪਰ ਇਸ ਨਾਲ ਇਹ ਸਾਬਤ ਹੁੰਦਾ ਹੈ ਕਿ ਆਈ. ਓ. ਸੀ. ਓਲੰਪਿਕ ਖੇਡਾਂ ਦੇ ਸੁਰੱਖਿਅਤ ਆਯੋਜਨ ਦੇ ਪ੍ਰਤੀ ਸੁਚੇਤ ਹੈ।
ਮੋਦੀ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਨੂੰ ਦਿੱਤਾ ਤੋਹਫਾ, 17% ਤੋਂ ਵਧਾ ਕੇ 28% ਕੀਤਾ ਮਹਿੰਗਾਈ ਭੱਤਾ
ਨਵੀਂ ਦਿੱਲੀ : ਕੋਰੋਨਾ ਸੰਕਟ ਦੇ ਇਸ ਦੌਰ ‘ਚ ਕੇਂਦਰ ਸਰਕਾਰ ਨੇ ਕੇਂਦਰੀ ਕਰਮਚਾਰੀਆਂ ਲਈ ਵੱਡਾ ਐਲਾਨ ਕੀਤਾ ਹੈ। ਕੇਂਦਰੀ ਕੈਬਿਨਟ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਦਾ ਮਹਿੰਗਾਈ ਭੱਤਾ (DA) ਵਧਾਉਣ ਦਾ ਫੈਸਲਾ ਕੀਤਾ ਹੈ। ਖਬਰਾਂ ਅਨੁਸਾਰ, ਕਰਮਚਾਰੀਆਂ ਦੇ ਮਹਿੰਗਾਈ ਭੱਤੇ ਵਿੱਚ 11 ਫ਼ੀਸਦੀ ਦਾ ਵਾਧਾ ਹੋਇਆ। ਕੈਬਿਨਟ ਨੇ ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਭੱਤਾ 17 ਫ਼ੀਸਦੀ ਤੋਂ ਵਧਾਕੇ 28 ਫ਼ੀਸਦੀ ਕਰ ਦਿੱਤਾ ਹੈ।
ਦੱਸ ਦਈਏ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਤਾ ਵਿੱਚ ਅੱਜ ਕੇਂਦਰੀ ਕੈਬਿਨਟ ਦੀ ਅਹਿਮ ਬੈਠਕ ਹੋਈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਹੈ। ਪੀਐਮ ਮੋਦੀ ਦੀ ਪ੍ਰਧਾਨਗੀ ਵਿੱਚ ਹੋਈ ਇਸ ਬੈਠਕ ਵਿੱਚ ਕੈਬਿਨਟ ਦੇ ਸਾਰੇ ਮੈਂਬਰ ਨਿੱਜੀ ਰੂਪ ਨਾਲ ਮੌਜੂਦ ਰਹੇ। ਇਸ ਤੋਂ ਪਹਿਲਾਂ, ਕੈਬਨਿਟ ਦੀ ਸਿੱਧੀ ਬੈਠਕ ਪਿਛਲੇ ਸਾਲ ਅਪ੍ਰੈਲ ਦੇ ਪਹਿਲੇ ਹਫਤੇ ਹੋਈ ਸੀ, ਜਦੋਂ ਦੇਸ਼ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਫੈਲੀ ਸੀ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਕੋਰੋਨਾ ਮਹਾਂਮਾਰੀ ਦੀ ਵਜ੍ਹਾ ਨਾਲ ਪਿਛਲੇ ਸਾਲ ਤੋਂ ਹੀ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੇ ਮਹਿੰਗਾਈ ਭੱਤੇ ਅਤੇ ਪੈਨਸ਼ਨਰ ਤੋਂ ਮਹਿੰਗਾਈ ਰਾਹਤ ‘ਤੇ ਰੋਕ ਲਗਾ ਰੱਖੀ ਸੀ। ਜਨਵਰੀ 2020 , ਜੁਲਾਈ 2020 , ਜਨਵਰੀ 2021 ਅਤੇ ਜੁਲਾਈ 2021 ਦਾ ਮਹਿੰਗਾਈ ਭੱਤਾ ਕੇਂਦਰੀ ਕਰਮਚਾਰੀਆਂ ਨੂੰ ਮਿਲਣਾ ਹੈ। ਕੇਂਦਰ ਸਰਕਾਰ ਨੇ ਪਹਿਲਾਂ ਜਨਵਰੀ 2020 ਵਿੱਚ ਮਹਿੰਗਾਈ ਭੱਤੇ ਨੂੰ 4 ਫੀਸਦੀ ਵਧਾਇਆ ਸੀ। ਫਿਰ ਤੋਂ ਇਸ ਸਾਲ ਜੂਨ 2020 ਵਿੱਚ ਮਹਿੰਗਾਈ ਭੱਤੇ ‘ਚ 3 ਫੀਸਦੀ ਕੀਤੀ ਅਤੇ ਵਾਧਾ ਕੀਤਾ ਗਿਆ। ਇਸ ਤੋਂ ਬਾਅਦ ਜਨਵਰੀ 2021 ‘ਚ 4 ਫੀਸਦੀ ਮਹਿੰਗਾਈ ਭੱਤਾ ਵਧਾਇਆ ਗਿਆ ਸੀ। ਅਜਿਹੇ ਵਿੱਚ ਕੁੱਲ ਵਾਧਾ 11 ਫੀਸਦੀ ਹੋਇਆ, ਜੋ ਹੁਣ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੂੰ ਮਿਲੇਗਾ। ਮਹਿੰਗਾਈ ਭੱਤੇ ਦੇ ਇਹ ਤਿੰਨ ਬਕਾਏ ਕਰਮਚਾਰੀਆਂ ਨੂੰ ਤਿੰਨ ਕਿਸ਼ਤਾਂ ਵਿਚ ਦਿੱਤੇ ਜਾਣਗੇ।
ਪਵਿੱਤਰ ਰਿਸ਼ਤਾ 2 ਦੇ ਸ਼ੁਰੂ ਹੋਣ ਤੋਂ ਪਹਿਲਾਂ ਹੋਈ ਬਾਈਕਾਟ ਦੀ ਮੰਗ
ਪ੍ਰਸਿੱਧ ਸ਼ੋਅ ‘ਪਵਿੱਤਰ ਰਿਸ਼ਤਾ’ ਜਿਸ ਦਾ ਹੁਣ ਦੂਜਾ ਭਾਗ ਵੀ ਬਣਨ ਵਾਲਾ ਹੈ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹਨ। ਏਕਤਾ ਕਪੂਰ ਆਪਣੇ ਓਟੀਟੀ ਪਲੇਟਫਾਰਮ ਲਈ ‘ਪਵਿੱਤਰ ਰਿਸ਼ਤਾ 2’ ਬਣਾ ਰਹੀ ਹੈ। ਇਸ ਮਿੰਨੀ ਸੀਰੀਜ਼ ਵਿਚ ਟੀ. ਵੀ. ਅਦਾਕਾਰ ਸ਼ਹੀਰ ਸ਼ੇਖ ਮਾਨਵ ਦਾ ਰੋਲ ਅਦਾ ਕਰ ਰਿਹਾ ਹੈ, ਜਿਸ ਨੂੰ ਸੁਸ਼ਾਂਤ ਸਿੰਘ ਰਾਜਪੂਤ ਨੇ ‘ਪਵਿੱਤਰ ਰਿਸ਼ਤਾ’ ਵਿਚ ਨਿਭਾਇਆ ਸੀ। ਇਸ ਸ਼ੋਅ ਨੇ ਸੁਸ਼ਾਂਤ ਨੂੰ ਬਹੁਤ ਪ੍ਰਸਿੱਧੀ ਦਿੱਤੀ ਸੀ ਅਤੇ ਉਸ ਦੀ ਪਛਾਣ ਬਣ ਗਿਆ ਸੀ।
ਹੁਣ ਸ਼ਹੀਰ ਨੇ ਇੰਸਟਾਗ੍ਰਾਮ ‘ਤੇ ਇਕ ਭਾਵਨਾਤਮਕ ਨੋਟ ਲਿਖਿਆ ਹੈ,, ”ਜਦੋਂ ਪਹਿਲੀ ਵਾਰ ਮੇਰੇ ਨਾਲ ‘ਪਵਿੱਤਰ ਰਿਸ਼ਤਾ 2’ ਲਈ ਸੰਪਰਕ ਕੀਤਾ ਗਿਆ ਤਾਂ ਮੈਂ ਹੈਰਾਨ ਰਹਿ ਗਿਆ ਸੀ। ਆਖ਼ਰਕਾਰ, ਕੋਈ ਵਿਅਕਤੀ, ਜਿਹੜਾ ਮਾਨਸਿਕ ਤੌਰ ‘ਤੇ ਚੰਗਾ ਹੈ, ਸੁਸ਼ਾਂਤ ਸਿੰਘ ਰਾਜਪੂਤ ਦੁਆਰਾ ਅਮਰ ਕੀਤਾ ਗਿਆ ਕਿਰਦਾਰ ਨਿਭਾਉਣ ਦੀ ਹਿੰਮਤ ਕਿਵੇਂ ਕਰ ਸਕਦਾ ਹੈ। ਮੈਨੂੰ ਵੀ ਥੋੜੀ ਝਿਜਕ ਹੋਈ। ਫਿਰ ਮੈਂ ਸੋਚਿਆ, ਸੁਸ਼ਾਂਤ ਜਾਣਦਾ ਸੀ ਕਿ ਹਰ ਚੁਣੌਤੀ ਦਾ ਸਾਹਮਣਾ ਕਿਵੇਂ ਕਰਨਾ ਹੈ।
ਇਸ ਲਈ, ”ਸ਼ਹੀਰ ਅੱਗੇ ਲਿਖਦਾ ਹੈ, ”ਮੈਂ ਚੁਣੌਤੀ ਸਵੀਕਾਰ ਕਰ ਲਈ ਹੈ ਜਦੋਂ ਟੀਮ ਨੇ ਮੈਨੂੰ ਦੱਸਿਆ ਕਿ ਉਹ ਕੋਈ ਅਜਿਹਾ ਸ਼ਖ਼ਸ ਚਾਹੁੰਦੇ ਹਨ ਜੋ ਇਸ ਲਈ ਇਮਾਨਦਾਰ ਹੋਵੇ, ਤੇ ਸੁਸ਼ਾਂਤ ਨੂੰ ਇੰਨਾ ਪਿਆਰ ਦਿੱਤਾ ਅਤੇ ਸੱਚਾ ਸਨਮਾਨ ਦਿੱਤਾ, ਸਾਡੇ ਦਿਲਾਂ ਵਿਚ ਉਸ ਲਈ ਸੱਚੀਆਂ ਭਾਵਨਾਵਾਂ ਨੂੰ ਜ਼ਾਹਰ ਕਰਦਾ ਹੈ। ਸੁਸ਼ਾਂਤ, ਤੁਸੀਂ ਹਮੇਸ਼ਾ ‘ਮਾਨਵ’ ਰਹੋਗੇ। ਕੋਈ ਵੀ ਇਸਨੂੰ ਰਿਪਲੇਸ ਨਹੀਂ ਕਰ ਸਕਦਾ ਅਤੇ ਕੋਈ ਵੀ ਇਸ ਨੂੰ ਬਦਲ ਨਹੀਂ ਸਕਦਾ। ਹੋ ਸਕਦਾ ਹੈ ਕਿ ਮੈਂ ਇੰਨਾ ਚੰਗਾ ਨਾ ਕਰ ਸਕਾਂ ਅਤੇ ਜਿਸ ਤਰ੍ਹਾਂ ਤੁਸੀਂ ਕੀਤਾ ਉਸ ਤਰ੍ਹਾਂ ਨਾ ਕਰ ਸਕਾਂ ਪਰ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਪੂਰੀ ਕੋਸ਼ਿਸ਼ ਕਰਾਂਗਾ।
ਇਸ ਸ਼ੋਅ ਵਿਚ ਸ਼ਹੀਰ ਅੰਕਿਤਾ ਲੋਖੰਡੇ ਨਾਲ ਸਕ੍ਰੀਨ ਸ਼ੇਅਰ ਕਰੇਗਾ, ਜਿਸ ਨੇ ‘ਪਵਿੱਤਰ ਰਿਸ਼ਤਾ’ ਵਿਚ ਅਰਚਨਾ ਦੀ ਭੂਮਿਕਾ ਨਿਭਾਈ ਸੀ ਅਤੇ ਸੁਸ਼ਾਂਤ ਨਾਲ ਉਸ ਦੀ ਜੋੜੀ ਨੂੰ ਕਾਫ਼ੀ ਪਿਆਰ ਮਿਲਿਆ ਸੀ। ਅੰਕਿਤਾ ਨੇ ਪ੍ਰਸ਼ੰਸਕਾਂ ਨੂੰ ਇੰਸਟਾਗ੍ਰਾਮ ਦੇ ਜ਼ਰੀਏ ਸ਼ੋਅ ਦੀ ਸ਼ੂਟਿੰਗ ਦੀ ਸ਼ੁਰੂਆਤ ਬਾਰੇ ਜਾਣਕਾਰੀ ਦਿੱਤੀ ਸੀ। ਉਸ ਨੇ ਲਿਖਿਆ – ਕਈ ਵਾਰ ਆਮ ਜ਼ਿੰਦਗੀ ਵਿਚ ਸਾਨੂੰ ਅਸਾਧਾਰਨ ਪ੍ਰੇਮ ਕਹਾਣੀਆਂ ਮਿਲਦੀਆਂ ਹਨ। ਸ਼ੋਅ ਦੀ ਘੋਸ਼ਣਾ ਦੇ ਨਾਲ ਹੀ ਟਵਿੱਟਰ ‘ਤੇ ਇਸ ਦੇ ਬਾਈਕਾਟ ਦੀ ਮੰਗ ਕੀਤੀ ਗਈ।
ਸੁਸ਼ਾਂਤ ਦੇ ਪ੍ਰਸ਼ੰਸਕ ਮਾਨਵ ਦੀ ਭੂਮਿਕਾ ਵਿਚ ਕਿਸੇ ਹੋਰ ਨੂੰ ਦੇਖਣ ਲਈ ਤਿਆਰ ਨਹੀਂ ਸਨ। ਇਸ ਸ਼ੋਅ ਨੇ ਸੁਸ਼ਾਂਤ ਨੂੰ ਬਹੁਤ ਪ੍ਰਸਿੱਧੀ ਦਿੱਤੀ ਸੀ ਅਤੇ ਉਸ ਦੀ ਪਛਾਣ ਬਣ ਗਿਆ ਸੀ। ਹੁਣ ਸ਼ਹੀਰ ਨੇ ਇੰਸਟਾਗ੍ਰਾਮ ‘ਤੇ ਇਕ ਭਾਵਨਾਤਮਕ ਨੋਟ ਲਿਖਿਆ ਹੈ, ਜਿਸ ਵਿਚ ‘ਪਵਿੱਤਰ ਰਿਸ਼ਤਾ 2’ ਵਿਚ ਉਨ੍ਹਾਂ ਨੇ ਸੁਸ਼ਾਂਤ ਦੀ ਜਗ੍ਹਾ ਲੈਣ ਦਾ ਭਾਵੁਕ ਕਾਰਨ ਦੱਸਿਆ ਹੈ। ਇਸ ਸ਼ੋਅ ਦਾ ਬਾਈਕਾਟ ਕਰਨ ਲਈ ਟਵਿੱਟਰ ‘ਤੇ ਇੱਕ ਮੁਹਿੰਮ ਵੀ ਚਲਾਈ ਜਾ ਰਹੀ ਹੈ।
ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵੱਡੀ ਰਾਹਤ, ਪੰਜਾਬ ਸਰਕਾਰ ਮੁਆਫ ਕਰੇਗੀ 590 ਕਰੋੜ ਦਾ ਕਰਜ਼ਾ
ਮੁੱਖ ਮੰਤਰੀ ਵੱਲੋਂ 2.85 ਲੱਖ ਖੇਤ ਕਾਮਿਆਂ ਅਤੇ ਬੇਜ਼ਮੀਨੇ ਕਾਸ਼ਤਕਾਰਾਂ ਦਾ 590 ਕਰੋੜ ਰੁਪਏ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੇਤ ਕਾਮਿਆਂ ਅਤੇ ਬੇਜ਼ਮੀਨੇ ਕਾਸ਼ਤਕਾਰਾਂ ਲਈ ਖੇਤੀ ਕਰਜ਼ਾ ਸਕੀਮ ਤਹਿਤ 590 ਕਰੋੜ ਰੁਪਏ ਦੀ ਕਰਜ਼ੀ ਮੁਆਫ ਦਾ ਐਲਾਨ ਕੀਤਾ ਹੈ ਜਿਸ ਨਾਲ ਮੁੱਖ ਮੰਤਰੀ ਵੱਲੋਂ ਆਪਣੀ ਸਰਕਾਰ ਦੇ ਇਕ ਹੋਰ ਪ੍ਰਮੁੱਖ ਵਾਅਦੇ ਨੂੰ ਪੂਰਾ ਕੀਤੇ ਜਾਣ ਦਾ ਰਾਹ ਪੱਧਰਾ ਹੋ ਗਿਆ।ਮੰਗਲਵਾਰ ਨੂੰ ਹੋਈ ਉਚ-ਪੱਧਰੀ ਮੀਟਿੰਗ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 20 ਅਗਸਤ ਨੂੰ ਸੂਬਾ ਪੱਧਰੀ ਸਮਾਗਮ ਦੌਰਾਨ ਇਹ ਚੈੱਕ ਜਾਰੀ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਇਮਰੀ ਸਹਿਕਾਰੀ ਸਭਾਵਾਂ ਦੇ 2,85,325 ਮੈਂਬਰਾਂ ਦਾ 590 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਜਾਵੇਗਾ ਜਿਸ ਨਾਲ ਹਰੇਕ ਮੈਂਬਰ ਨੂੰ 20,000 ਦੀ ਰਾਹਤ ਮੁਹੱਈਆ ਹੋਵੇਗੀ।
ਉਨ੍ਹਾਂ ਨੇ ਵਿੱਤ ਅਤੇ ਸਹਿਕਾਰਤਾ ਵਿਭਾਗਾਂ ਨੂੰ ਇਸ ਫੈਸਲੇ ਨੂੰ ਜ਼ਮੀਨੀ ਪੱਧਰ ਉਤੇ ਕਾਰਗਰ ਢੰਗ ਨਾਲ ਅਮਲ ਵਿਚ ਲਿਆਉਣ ਲਈ ਪ੍ਰਕਿਰਿਆ ਨੂੰ ਅਮਲੀਜਾਮਾ ਪਹਿਨਾਉਣ ਦੇ ਆਦੇਸ਼ ਦਿੱਤੇ ਹਨ।ਪੰਜਾਬ ਸਰਕਾਰ ਨੇ ਪੰਜਾਬ ਖੇਤੀਬਾੜੀ ਸਹਿਕਾਰੀ ਸਭਾਵਾਂ-2019 ਦੇ ਤਹਿਤ ਖੇਤ ਕਾਮਿਆਂ ਅਤੇ ਬੇਜ਼ਮੀਨੇ ਕਾਸ਼ਤਕਾਰਾਂ ਮੈਬਰਾਂ ਲਈ ਕਰਜ਼ਾ ਰਾਹਤ ਸਕੀਮ ਉਲੀਕੀ ਸੀ ਜਿਸ ਦੇ ਘੇਰੇ ਹੇਠ ਸੂਬੇ ਵਿਚ ਪੰਜਾਬ ਖੇਤੀਬਾੜੀ ਸਹਿਕਾਰੀ ਸਭਾਵਾਂ ਰਾਹੀਂ ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਵੱਲੋਂ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਦਿੱਤੇ ਗੈਰ-ਵਾਹੀਯੋਗ ਕਰਜ਼ੇ ਸ਼ਾਮਲ ਹੋਣਗੇ।ਕੈਪਟਨ ਅਮਰਿੰਦਰ ਸਿੰਘ ਨੇ ਇਹ ਐਲਾਨ ਮੁੱਖ ਮੰਤਰੀ ਦੇ ਪ੍ਰਮੁੱਖ ਪ੍ਰੋਗਰਾਮ ‘ਕਰਜ਼ਾ ਰਾਹਤ ਸਕੀਮ’ ਦੇ ਹੇਠ ਕਿਸਾਨਾਂ ਦੇ ਕਰਜ਼ਿਆਂ ਉਤੇ ਲੀਕ ਫੇਰ ਤੋਂ ਬਾਅਦ ਕੀਤਾ ਗਿਆ ਹੈ।
ਪੰਜਾਬ ਕਾਂਗਰਸ ਵੱਲੋਂ ਸਾਲ 2017 ਵਿਚ ਕਰਜ਼ਾ ਮੁਆਫੀ ਦਾ ਚੋਣ ਵਾਅਦਾ ਕੀਤਾ ਗਿਆ ਸੀ ਜਿਸ ਤਹਿਤ ਇਸ ਸਕੀਮ ਹੇਠ ਹੁਣ ਤੱਕ 5.64 ਲੱਖ ਕਿਸਾਨਾਂ ਦਾ 4624 ਕਰੋੜ ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਦੇ 50-50 ਹਜ਼ਾਰ ਰੁਪਏ ਦੇ ਕਰਜ਼ੇ ਮੁਆਫ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਵਿਚ ਐਸ.ਸੀ. ਕਾਰਪੋਰੇਸ਼ਨ ਵੱਲੋਂ 6405 ਲਾਭਪਾਤਰੀਆਂ ਦੇ 58.39 ਕਰੋੜ ਰੁਪਏ ਜਦਕਿ ਬੀ.ਸੀ. ਕਾਰਪੋਰੇਸ਼ਨ ਵੱਲੋਂ 1225 ਲਾਭਪਾਤਰੀਆਂ ਨੂੰ 20.71 ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦਿੱਤੀ ਗਈ। ਇਸ ਮੀਟਿੰਗ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਧੀਕ ਮੁੱਖ ਸਕੱਤਰ (ਵਿਕਾਸ) ਅਨਿਰੁਧ ਤਿਵਾੜੀ ਅਤੇ ਵਿੱਤ ਕਮਿਸ਼ਨਰ ਸਹਿਕਾਰਤਾ ਕੇ. ਸਿਵਾ ਪ੍ਰਸਾਦ ਹਾਜ਼ਰ ਸਨ।












