Home Blog Page 2213

ਪਦਮ ਸ਼੍ਰੀ ਪ੍ਰੋਫੈਸਰ ਕਰਤਾਰ ਸਿੰਘ ਦਾ ਹੋਇਆ ਦਿਹਾਂਤ

0

ਲੁਧਿਆਣਾ ‘ਚ ਰਹਿੰਦੇ ਗੁਰਬਾਣੀ ਸੰਗੀਤ ਮਾਰਤੰਡ ਪ੍ਰੋ ਕਰਤਾਰ ਸਿੰਘ ਜਿੰਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਇਸ ਸਾਲ ਪਦਮ ਸ਼੍ਰੀ ਪੁਰਸਕਾਰ ਦਿੱਤਾ ਗਿਆ ਸੀ, ਅੱਜ ਸਵੇਰੇ ਸਥਾਨਕ ਦਯਾ ਨੰਦ ਹਸਪਤਾਲ ਵਿਚ ਸੁਰਗਵਾਸ ਹੋ ਗਏ ਹਨ। ਪਿਛਲੇ ਮਹੀਨੇ ਹੀ ਉਨ੍ਹਾਂ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਣ ‘ਤੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਵੱਲੋਂ ਪ੍ਰੋ ਗੁਰਭਜਨ ਗਿੱਲ, ਡੀਐੱਮ ਸਿੰਘ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ ਤੇ ਪੰਜਾਬ ਕਲਚਰਲ ਸੋਸਾਇਟੀ ਦੇ ਪ੍ਰਧਾਨ ਰਵਿੰਦਰ ਰੰਗੂਵਾਲ ਨੇ ਪ੍ਰੋ ਕਰਕਾਰ ਸਿੰਘ ਦੇ ਘਰ ਜਾ ਕੇ ਉਨ੍ਹਾਂ ਨੂੰ ਫੁੱਲਾਂ ਦੇ ਹਾਰਾਂ ਤੇ ਗੁਲਦਸਤਿਆਂ ਸਮੇਤ ਦੋਸ਼ਾਲਾ ਪਾ ਕੇ ਸਨਮਾਨਿਤ ਕੀਤਾ ਸੀ।

ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਭਾਰਤ ਸਰਕਾਰ ਵੱਲੋਂ ਭੇਜਿਆ ਪਦਮ ਸ਼੍ਰੀ ਚਿੰਨ੍ਹ ਤੇ ਸਨਮਾਨ ਹਸਪਤਾਲ ਪਹੁੰਚ ਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪੁਨੀਤ ਪਾਲ ਸਿੰਘ ਗਿੱਲ ਸਣੇ ਪਰਿਵਾਰ ਦੀ ਹਾਜ਼ਰੀ ਚ ਭੇਂਟ ਕੀਤਾ ਸੀ ਤੇ ਪੰਜਾਬ ਸਰਕਾਰ ਵੱਲੋਂ ਵੀ ਹਰ ਤਰ੍ਹਾਂ ਦੀ ਮਦਦ ਦਾ ਵੀ ਕਿਹਾ ਸੀ। ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਤੇ ਸਾਥੀਆਂ ਨੇ ਪ੍ਰੋ ਕਰਤਾਰ ਸਿੰਘ ਜੀ ਦੇ ਦੇਹਾਂਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।

ਪ੍ਰੋ ਕਰਤਾਰ ਸਿੰਘ ਜੀ ਦਾ ਜਨਮ 1928 ਵਿਚ ਲਾਹੌਰ ਜ਼ਿਲ੍ਹੇ ਦੇ ਪਿੰਡ ਘੁੰਮਣਕੇ ਵਿਚ ਹੋਇਆ। ਆਪ ਨੇ ਸੰਗੀਤ ਦੀ ਮੁੱਢਲੀ ਸਿੱਖਿਆ ਭਾਈ ਗੁਰਚਰਨ ਸਿੰਘ, ਭਾਈ ਸੁੰਦਰ ਸਿੰਘ ਕਸੂਰ ਵਾਲਿਆਂ ਤੋਂ ਪ੍ਰਾਪਤ ਕੀਤੀ। ਤਬਲਾ ਵਾਦਕ ਭਾਈ ਦਲੀਪ ਸਿੰਘ , ਬਲਵੰਤ ਰਾਏ ਜਸਵਾਲ ਅਤੇ ਉਸਤਾਦ ਜਸਵੰਤ ਭੰਵਰਾ ਤੋਂ ਵੀ ਆਪ ਨੇ ਸ਼ਾਸਤਰੀ ਸੰਗੀਤ ਸਿੱਖਿਆ ਗ੍ਰਹਿਣ ਕੀਤੀ।

ਆਪ ਵੱਲੋਂ ਗੁਰਮਤਿ ਸੰਗੀਤ ਨਾਲ ਸਬੰਧਿਤ ਪੰਜ ਪੁਸਤਕਾਂ ਦਾ ਪ੍ਰਕਾਸ਼ਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ। ਪੰਜਾਬੀ ਵਿਦਵਾਨ ਪ੍ਰੋ ਪ੍ਰੀਤਮ ਸਿੰਘ ਪਟਿਆਲਾ ਦੀ ਪ੍ਰੇਰਨਾ ਨਾਲ ਉਨ੍ਹਾਂ ਕਲਮ ਸਾਧਨਾ ਸ਼ੁਰੂ ਕੀਤੀ। ਇਸ ਵੇਲੇ ਵੀ ਉਨ੍ਹਾਂ ਦੀਆਂ ਤਿੰਨ ਕਿਤਾਬਾਂ ਪ੍ਰਕਾਸ਼ਨ ਅਧੀਨ ਸਨ। ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਅੱਜ ਸ਼ਾਮੀਂ ਚਾਰ ਵਜੇ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨ ਘਰ ਲੁਧਿਆਣਾ ਚ ਹੋਵੇਗਾ।

IMD ਨੇ ਦਿੱਲੀ ਸਮੇਤ ਇਨ੍ਹਾਂ ਸੂਬਿਆਂ ‘ਚ ਸੀਤਲਹਿਰ ਦਾ ਅਲਰਟ ਕੀਤਾ ਜਾਰੀ

0

ਬਰਫੀਲੀਆਂ ਹਵਾਵਾਂ ਕਾਰਨ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਖੇਤਰ ਸੀਤ ਲਹਿਰ ਦੀ ਲਪੇਟ ਵਿਚ ਹਨ। ਇਸ ਕੜੀ ਵਿਚ ਦਿੱਲੀ-ਐਨਸੀਆਰ ਵਿਚ ਵੀ ਕੜਾਕੇ ਦੀ ਠੰਡ ਦਾ ਦੌਰ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ ਤਿੰਨ ਘੱਟ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਅਗਲੇ ਤਿੰਨ ਦਿਨਾਂ ਵਿਚ ਵੈਸਟਰਨ ਡਿਸਟਰਬੈਂਸ ਦੀ ਸਰਗਰਮੀ ਕਾਰਨ ਸੀਤ ਲਹਿਰ ਦਾ ਦੌਰ ਖਤਮ ਹੋ ਜਾਵੇਗਾ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ।

ਭਾਰਤੀ ਮੌਸਮ ਵਿਭਾਗ ਨੇ ਦਿੱਲੀ ਸਮੇਤ ਅੱਠ ਸੂਬਿਆਂ ਵਿਚ ਸੀਤ ਲਹਿਰ ਦੀ ਚਿਤਾਵਨੀ ਜਾਰੀ ਕੀਤੀ ਹੈ। ਅਗਲੇ 2 ਦਿਨਾਂ ਦੌਰਾਨ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ, ਪੱਛਮੀ ਉੱਤਰ ਪ੍ਰਦੇਸ਼ ਤੇ ਰਾਜਸਥਾਨ ਵਿਚ ਤੇ ਅਗਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿਚ ਵੱਖ-ਵੱਖ ਥਾਵਾਂ ‘ਤੇ ਸੀਤ ਲਹਿਰ ਦੀ ਸੰਭਾਵਨਾ ਹੈ।

ਮੈਦਾਨੀ ਇਲਾਕਿਆਂ ਵਿਚ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਤਕ ਡਿੱਗਣ ‘ਤੇ ਆਈਐਮਡੀ ਨੇ ਸ਼ੀਤ ਲਹਿਰ ਦਾ ਐਲਾਨ ਕੀਤਾ। ਸ਼ੀਤ ਲਹਿਰ ਉਦੋਂ ਵੀ ਐਲਾਨ ਕੀਤੀ ਜਾਂਦੀ ਹੈ ਜਦੋਂ ਵੱਧ ਤੋਂ ਵੱਧ ਤਾਪਮਾਨ 10 ਡਿਗਰੀ ਸੈਲਸੀਅਸ ਤੇ ਆਮ ਨਾਲੋਂ 4.5 ਡਿਗਰੀ ਘੱਟ ਹੁੰਦਾ ਹੈ। ਅਗਲੇ 4-5 ਦਿਨਾਂ ਦੌਰਾਨ ਪੂਰਬੀ ਭਾਰਤ ਵਿਚ ਘੱਟੋ-ਘੱਟ ਤਾਪਮਾਨ ਵਿਚ 3-5 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ। ਗੁਜਰਾਤ ‘ਚ ਅਗਲੇ 3-4 ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ 2-4 ਡਿਗਰੀ ਸੈਲਸੀਅਸ ਵਧਣ ਦੀ ਸੰਭਾਵਨਾ ਹੈ। 4-7 ਜਨਵਰੀ ਦੌਰਾਨ ਜੰਮੂ-ਕਸ਼ਮੀਰ ਅਤੇ ਲੱਦਾਖ ਖੇਤਰ ‘ਚ ਬਰਫਬਾਰੀ ਹੋਣ ਦੀ ਸੰਭਾਵਨਾ ਹੈ।

ਸਕਾਈਮੇਟ ਮੌਸਮ ਅਨੁਸਾਰ ਅੱਜ ਮੁਜ਼ੱਫਰਾਬਾਦ, ਲੱਦਾਖ ਅਤੇ ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਦੇ ਕੁਝ ਹਿੱਸਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਅਤੇ ਬਰਫਬਾਰੀ ਹੋ ਸਕਦੀ ਹੈ। ਤਾਮਿਲਨਾਡੂ ਤੱਟਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ ਅਤੇ ਕੁਝ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ। ਰਾਇਲਸੀਮਾ, ਦੱਖਣੀ ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਅੰਦਰੂਨੀ ਤਾਮਿਲਨਾਡੂ ਵਿਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਕੇਰਲ, ਦੱਖਣ ਭਾਰਤ ਕਰਨਾਟਕ ਤੇ ਲਕਸ਼ਦੀਪ ਅਤੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਵੱਖ-ਵੱਖ ਸਥਾਨਾਂ ‘ਤੇ ਹਲਕੀ ਬਾਰਿਸ਼ ਦੀ ਬਹੁਤ ਸੰਭਾਵਨਾ ਹੈ।

ਕੋਰੋਨਾ ਵੈਕਸੀਨ ਤੁਹਾਡੇ ਬੱਚੇ ਲਈ ਕਿੰਨੀ ਸੁਰੱਖਿਅਤ ਹੈ? ਜਾਣੋ 2-18 ਸਾਲਾਂ ਦੇ ਬੱਚਿਆਂ ‘ਤੇ ਕੀਤੇ ਟਰਾਇਲ ਦਾ ਨਤੀਜਾ

0

ਹਾਲ ਹੀ ਵਿੱਚ ਦੇਸ਼ ‘ਚ 15-18 ਸਾਲ ਦੇ ਬੱਚਿਆਂ ਦੇ ਟੀਕਾਕਰਨ ਲਈ ਕੋਵੈਕਸੀਨ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹੁਣ ਭਾਰਤ ਬਾਇਓਟੈਕ ਵੈਕਸੀਨ ਬਣਾਉਣ ਵਾਲੀ ਕੰਪਨੀ ਨੇ 2-18 ਸਾਲ ਦੀ ਉਮਰ ਦੇ ਬੱਚਿਆਂ ‘ਤੇ ਕੋਵੈਕਸੀਨ (BBV152) ਦੇ ਪੜਾਅ 2 ਅਤੇ ਪੜਾਅ 3 ਦੇ ਕਲੀਨਿਕਲ ਟਰਾਇਲ ਦੇ ਨਤੀਜੇ ਜਾਰੀ ਕੀਤੇ ਹਨ।

ਭਾਰਤ ਬਾਇਓਟੈੱਕ ਨੇ ਵੀਰਵਾਰ ਨੂੰ 2-18 ਸਾਲ ਦੀ ਉਮਰ ਦੇ ਬੱਚਿਆਂ ‘ਤੇ ਕੋਵੈਕਸੀਨ (BBV152) ਦੇ ਕਲੀਨਿਕਲ ਟਰਾਇਲਾਂ ਦਾ ਫੇਜ਼-2 ਅਤੇ ਫੇਜ਼-3 ਡਾਟਾ ਜਾਰੀ ਕੀਤਾ।

ਕਲੀਨਿਕਲ ਨਤੀਜੇ ਜਾਰੀ ਕਰਦੇ ਹੋਏ ਕੰਪਨੀ ਨੇ ਕਿਹਾ ਕਿ ਫੇਜ਼ 2/3 ਕਲੀਨਿਕਲ ਅਜ਼ਮਾਇਸ਼ ਵਿੱਚ ਇਸਦੀ ਵੈਕਸੀਨ (ਕੋਵੈਕਸੀਨ) 2-18 ਸਾਲ ਦੀ ਉਮਰ ਦੇ ਬੱਚਿਆਂ ਲਈ “ਸੁਰੱਖਿਅਤ, ਸਹਿਣਯੋਗ ਪਾਈ ਗਈ ਹੈ।

ਭਾਰਤ ਬਾਇਓਟੈੱਕ ਕੰਪਨੀ ਦਾ ਕਹਿਣਾ ਹੈ ਕਿ ਉਸਨੇ ਜੂਨ ਅਤੇ ਸਤੰਬਰ 2021 ਦੌਰਾਨ 2-18 ਸਾਲ ਦੀ ਉਮਰ ਦੇ ਬੱਚਿਆਂ ‘ਤੇ ਕੋਵੈਕਸੀਨ ਦੇ ਕਲੀਨਿਕਲ ਟਰਾਇਲ ਕੀਤੇ, ਜਿਸ ਵਿੱਚ ਇਹ ਟੀਕਾ ਬੱਚਿਆਂ ਲਈ ‘ਬਹੁਤ ਜ਼ਿਆਦਾ ਸੁਰੱਖਿਅਤ’ ਪਾਇਆ ਗਿਆ।

ਇਸ ਟਰਾਇਲ ਵਿੱਚ 374 ਬੱਚਿਆਂ ਵਿੱਚ ਬਹੁਤ ਹਲਕੇ ਜਾਂ ਘੱਟ ਗੰਭੀਰ ਲੱਛਣ ਦਿਖਾਈ ਦਿੱਤੇ, ਜਿਨ੍ਹਾਂ ਵਿੱਚੋਂ 78.6 ਪ੍ਰਤੀਸ਼ਤ ਇੱਕ ਦਿਨ ਵਿੱਚ ਠੀਕ ਹੋ ਗਏ। ਸਭ ਤੋਂ ਆਮ ਮਾੜੇ ਪ੍ਰਭਾਵਾਂ ਵਿੱਚੋਂ ਇੱਕ ਟੀਕੇ ਵਾਲੀ ਥਾਂ ‘ਤੇ ਦਰਦ ਸੀ।

ਇਸ ਅਧਿਐਨ ‘ਚ ਪਾਇਆ ਗਿਆ ਹੈ ਕਿ ਬੱਚਿਆਂ ਵਿੱਚ ਕੋਵੈਕਸੀਨ ਦੀ ਵਰਤੋਂ ਨਾਲ ਕੋਈ ਗੰਭੀਰ ਮਾੜੇ ਪ੍ਰਭਾਵ ਨਹੀਂ ਦੇਖੇ ਗਏ।

ਭਾਰਤ ਬਾਇਓਟੈੱਕ ਕੰਪਨੀ ਨੇ ਕਿਹਾ ਕਿ 2-18 ਸਾਲ ਦੀ ਉਮਰ ਦੇ ਬੱਚਿਆਂ ‘ਤੇ ਕੀਤੇ ਗਏ ਅਜ਼ਮਾਇਸ਼ਾਂ ਦੇ ਨਤੀਜੇ ਦੱਸਦੇ ਹਨ ਕਿ ਕੋਵੈਕਸੀਨ ਛੋਟੀ ਉਮਰ ਦੇ ਬੱਚਿਆਂ ‘ਤੇ ਵੀ ਵਰਤੋਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਭਾਰਤ ਬਾਇਓਟੈਕ ਦੁਆਰਾ ਜਾਰੀ ਇੱਕ ਬਿਆਨ ਵਿੱਚ ਕੰਪਨੀ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਕ੍ਰਿਸ਼ਨਾ ਏਲਾ ਨੇ ਕਿਹਾ, “ਬੱਚਿਆਂ ‘ਤੇ ਕੋਵੈਕਸੀਨ ਦੇ ਕਲੀਨਿਕਲ ਟ੍ਰਾਇਲ ਤੋਂ ਪ੍ਰਾਪਤ ਡੇਟਾ ਬਹੁਤ ਉਤਸ਼ਾਹਜਨਕ ਹੈ। ਬੱਚਿਆਂ ਲਈ ਵੈਕਸੀਨ ਦੀ ਸੁਰੱਖਿਆ ਮਹੱਤਵਪੂਰਨ ਹੈ ਅਤੇ ਸਾਨੂੰ ਇਹ ਦੱਸ ਕੇ ਖੁਸ਼ੀ ਹੋ ਰਹੀ ਹੈ ਕਿ ਕੋਵੈਕਸੀਨ ਨੇ ਹੁਣ ਬੱਚਿਆਂ ਵਿੱਚ ਸੁਰੱਖਿਆ ਅਤੇ ਇਮਿਊਨੋਜਨਿਕਤਾ ਲਈ ਡੇਟਾ ਸਾਬਤ ਕੀਤਾ ਹੈ।”

ਟਰਾਇਲ ਵਿੱਚ ਸ਼ਾਮਲ ਬੱਚਿਆਂ ਨੂੰ ਤਿੰਨ ਗਰੁੱਪਾਂ ਵਿੱਚ ਵੰਡਿਆ ਗਿਆ ਸੀ: ਗਰੁੱਪ-1 ਵਿੱਚ 12-18 ਸਾਲ (175 ਬੱਚੇ), ਗਰੁੱਪ-2 ਵਿੱਚ 6-12 ਸਾਲ (175 ਬੱਚੇ), ਅਤੇ ਗਰੁੱਪ-3 ਵਿੱਚ 2-6 ਸਾਲ (175 ਬੱਚੇ)।

 

CM ਚੰਨੀ ਨੇ ਸ੍ਰੀ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ ਪੀ.ਐੱਸ.ਏ ਆਕਸੀਜਨ ਜਨਰੇਸ਼ਨ ਪਲਾਂਟ ਦਾ ਕੀਤਾ ਉਦਘਾਟਨ

0

ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਨਵੇਂ ਸਾਲ ਮੌਕੇ ਗੁਰਦੁਆਰਾ ਸ੍ਰੀ ਕਤਲਗੜ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।

ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਮੁੱਖ ਮੰਤਰੀ ਨੇ ਸ੍ਰੀ ਚਮਕੌਰ ਸਾਹਿਬ ਦੇ ਲੋਕਾਂ ਨੂੰ ਨਵੇਂ ਸਾਲ ਦਾ ਤੋਹਫਾ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਸਿਟੀ ਸੈਂਟਰ ਲੋਕ ਅਰਪਣ ਕੀਤਾ। 5.60 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਸਿਟੀ ਸੈਂਟਰ ਚਾਰ ਏਕੜ ਦੇ ਰਕਬੇ ’ਚ ਫੈਲਿਆ ਹੈ। ਪਹਿਲਾਂ ਇਹ ਜ਼ਮੀਨ ਗੰਦੇ ਪਾਣੀ ਦਾ ਛੱਪੜ ਸੀ ,ਜਿਸਦੀ ਹੁਣ ਨੁਹਾਰ ਬਿਲਕੁਲ ਬਦਲ ਦਿੱਤੀ ਗਈ ਹੈ। ਇਸ ਸਿਟੀ ਸੈਂਟਰ ਵਿੱਚ ਕੈਫੇਟੇਰੀਆ, ਲੜਕੀਆਂ ਲਈ ਜਿਮਨੇਜ਼ੀਅਮ , 2 ਬਹੁਮੰਤਵੀ ਹਾਲ ਅਤੇ ਵਿਸ਼ੇਸ਼ ਤੌਰ ‘ਤੇ ਲੜਕੀਆਂ ਲਈ 2 ਏਕੜ ਦੇ ਖੇਡ ਮੈਦਾਨ ਦਾ ਪ੍ਰਬੰਧ ਹੈ। ਇਸ ਤੋਂ ਇਲਾਵਾ ਇਸ ਸਿਟੀ ਸੈਂਟਰ ਨੂੰ ਲੋਕਾਂ ਦੇ ਜਨਤਕ ਇਕੱਠਾਂ ਲਈ ਵਰਤਿਆ ਜਾ ਸਕੇਗਾ।

ਮੁੱਖ ਮੰਤਰੀ ਚੰਨੀ ਨੇ ਸ੍ਰੀ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ 200 ਐਲ.ਪੀ.ਐਮ. ਪੀਸੀਏ ਆਕਸੀਜਨ ਜਨਰੇਸ਼ਨ ਪਲਾਂਟ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਰੋਨਾ ਦੀ ਤੀਜੀ ਲਹਿਰ ਜਾਂ ਓਮੀਕ੍ਰੋਨ ਦੇ ਖਤਰੇ ਨਾਲ ਨਜਿੱਠਣ ਲਈ ਪੂਰੀ ਤਰਾਂ ਤਿਆਰ ਹੈ।

ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੇਜਰੀਵਾਲ ਦਾ ਦਿੱਲੀ ਹੈਲਥ ਮਾਡਲ ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਪੂਰੀ ਤਰਾਂ ਫੇਲ ਹੋ ਗਿਆ ਸੀ, ਜਿਸ ਕਾਰਨ ਹਜਾਰਾਂ ਲੋਕਾਂ ਨੂੰ ਉਸ ਦੌਰਾਨ ਇਲਾਜ ਲਈ ਦਿੱਲੀ ਤੋਂ ਪੰਜਾਬ ਭੱਜਣਾ ਪਿਆ । ਉਨਾਂ ਕਿਹਾ ਕਿ ਹੁਣ ਕੇਜਰੀਵਾਲ ਪੰਜਾਬ ਵਿੱਚ ਦਿੱਲੀ ਸਿਹਤ ਅਤੇ ਸਿੱਖਿਆ ਮਾਡਲਾਂ ਦੇ ਅਜਿਹੇ ਝੂਠੇ ਵਾਅਦੇ ਕਰ ਰਿਹਾ ਹੈ, ਪਰ ਪੰਜਾਬ ਦੇ ਲੋਕ ਉਸਦੇ ਦੇ ਇੰਨਾਂ ਝਾਂਸਿਆਂ ਤੋਂ ਭਲੀਭਾਂਤ ਜਾਣੂ ਹਨ। ਉਨਾਂ ਕਿਹਾ ਕਿ ਜਿਹੜਾ ਵਿਅਕਤੀ ਇੱਕ ਸ਼ਹਿਰ ਵਰਗੇ ਸੂਬੇ ਨੂੰ ਵੀ ਸਹੀ ਢੰਗ ਨਾਲ ਨਹੀਂ ਸੰਭਾਲ ਸਕਿਆ, ਉਹ ਪੰਜਾਬ ਨੂੰ ਕਿਵੇਂ ਸੰਭਾਲੇਗਾ।

ਉਨ੍ਹਾਂ ਨੇ ਸੂਬੇ ਦੇ ਨੌਜਵਾਨਾਂ ਨੂੰ ਖੇਡ ਸੱਭਿਆਚਾਰ ਲਈ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਨਵੇਂ ਸਾਲ ਦਾ ਤੋਹਫਾ ਦਿੰਦਿਆਂ 2 ਹਾਕੀ ਸਟੇਡੀਅਮਾਂ ਤੇ 5 ਫੁੱਟਬਾਲ ਸਟੇਡੀਅਮਾਂ ਲਈ 7 ਆਰਟੀਫੀਸ਼ਲ ਟਰਫ ਵਿਛਾਉਣ ਨੂੰ ਮਨਜ਼ੂਰੀ ਦਿੱਤੀ। ਸਟੇਡੀਅਮਾਂ ਲਈ ਐਸਟ੍ਰੋਟਰਫਾਂ ਦੀ ਇਸ ਸਹੂਲਤ ਦਾ ਸ੍ਰੀ ਚਮਕੌਰ ਸਾਹਿਬ, ਪਿੰਡ ਕਕਰਾਲੀ, ਮਹਿਟੋਤ, ਢੰਗਰਾਲੀ, ਬਹਿਰਾਮਪੁਰ ਜਿਮੀਦਾਰਾ, ਬਲਮਗੜ ਮੰਡਵਾੜਾ ਅਤੇ ਜ਼ਿਲਾ ਮੋਹਾਲੀ ਦੇ ਖਰੜ ਸ਼ਹਿਰ ਨੂੰ ਭਰਪੂਰ ਲਾਭ ਹੋਵੇੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ‘ਤੇ 5. 50 ਕਰੋੜ ਰੁਪਏ ਦੀ ਲਾਗਤ ਆਵੇਗੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਮੁੱਖ ਸਕੱਤਰ ਸੰਜੇ ਕੁਮਾਰ, ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਵਿਭਾਗ ਦੇ ਡਾਇਰੈਕਟਰ ਕਮਲਪ੍ਰੀਤ ਕੌਰ ਬਰਾੜ ,ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਅਤੇ ਐਸ.ਐਸ.ਪੀ ਵਿਕਾਸ ਐਸ. ਸੋਨੀ ਵੀ ਹਾਜ਼ਰ ਸਨ।

CM ਚੰਨੀ ਨੇ ਆਪਣੀ ਸਰਕਾਰ ਦੇ 100 ਦਿਨਾਂ ਦਾ ਰਿਪੋਰਟ ਕਾਰਡ ਕੀਤਾ ਪੇਸ਼

0

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਸੂਬੇ ਦੇ ਲੋਕਾਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ। ਇਸ ਦੌਰਾਨ ਮੁੱਖ ਮੰਤਰੀ ਨੇ 100 ਦਿਨਾਂ ਦਾ ਰਿਪੋਰਟ ਕਾਰਡ ਪੇਸ਼ ਕਰਕੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ 100 ਦਿਨਾਂ ਵਿੱਚ ਲਏ ਫੈਸਲਿਆਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਨੇ ਬਿਜਲੀ ਸਮਝੌਤੇ ਰੱਦ ਕਰਵਾਏ ਹਨ।

ਉਨ੍ਹਾਂ ਨੇ ਕਿਹਾ ਕਿ ਬਿਜਲੀ ਦੇ ਸਾਰੇ ਪੁਰਾਣੇ ਬਕਾਏ ਮੁਆਫ ਕਰ ਦਿੱਤੇ ਗਏ ਹਨ, ਜਿਸ ਨਾਲ 20 ਲੱਖ ਪਰਿਵਾਰਾਂ ਨੂੰ ਫਾਇਦਾ ਹੋਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਪੰਜਾਬ ਭਰ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਪਾਣੀ ਦੇ ਬਿੱਲ ਵੀ ਮੁਆਫ਼ ਕੀਤੇ ਗਏ ਹਨ।

ਇਸ ਦੇ ਨਾਲ ਹੀ ਸੀਐਮ ਚੰਨੀ ਨੇ 36 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਮਾਮਲੇ ‘ਤੇ ਵੀ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਦੇ ਦਬਾਅ ਕਾਰਨ ਰਾਜਪਾਲ ਫਾਈਲ ਕਲੀਅਰ ਨਹੀਂ ਕਰ ਰਹੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਇਸ ਮਾਮਲੇ ਨੂੰ ਲੈ ਕੇ ਇਕ ਵਾਰ ਫਿਰ ਮੰਤਰੀਆਂ ਸਮੇਤ ਰਾਜਪਾਲ ਨੂੰ ਮਿਲਣਗੇ।

ਸ੍ਰੀ ਦਰਬਾਰ ਸਾਹਿਬ ਸਥਿਤ ਪਲਾਜ਼ਾ ਵਿਖੇ ਮੁਫ਼ਤ ਕੋਰੋਨਾ ਟੀਕਾਕਰਣ ਕੈਂਪ ਲਗਾਇਆ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਉਦਘਾਟਨ

0

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਪਲਾਜ਼ਾ ਵਿਖੇ ਗੁਰੂ ਨਾਨਕ ਖਾਲਸਾ ਕਾਲਜ ਮੁੰਬਈ ਦੇ ਚੇਅਰਮੈਨ ਸ. ਗੁਰਿੰਦਰ ਸਿੰਘ ਬਾਵਾ ਦੇ ਯਤਨਾਂ ਨਾਲ ਲਗਾਏ ਗਏ ਕੋਰੋਨਾ ਟੀਕਾਕਰਣ ਕੈਂਪ ਵਿਚ ਦੋ ਹਜ਼ਾਰ ਵੈਕਸੀਨ ਮੁਫ਼ਤ ਲਗਾਈ ਗਈ।

2022 ਦਾ ਸਵਾਗਤ ਕਰੋ ਪਾਕਿਸਤਾਨੀ ਸ਼ਾਇਰ ਸਾਬਰ ਅਲੀ ਸਾਬਰ ਦੇ ਮੁਸ਼ਾਇਰੇ ਦੇ ਨਾਲ, ਇਕੱਲਾ ਇਕੱਲਾ ਸ਼ੇਅਰ ਰੂਹਦਾਰੀ ਆਲਾ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਇਸ ਕੈਂਪ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ। ਇਸ ਮੌਕੇ ਐਡਵੋਕੇਟ ਧਾਮੀ ਨੇ ਸ. ਗੁਰਿੰਦਰ ਸਿੰਘ ਬਾਵਾ ਅਤੇ ਉਨ੍ਹਾਂ ਦੇ ਸਹਿਯੋਗੀ ਸ. ਹਰਪਾਲ ਸਿੰਘ ਭਾਟੀਆ ਇੰਦੌਰ ਅਤੇ ਸ੍ਰੀ ਨਰਿੰਦਰ ਕੁਮਾਰ ਦੇ ਉਦਮ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਮੌਜੂਦਾ ਦੌਰ ਵਿਚ ਕੋਰੋਨਾ ਟੀਕਾਕਰਣ ਦੀ ਸੇਵਾ ਵੱਡੀ ਸੇਵਾ ਹੈ।

ਇਨਸਾਨੀਅਤ ਦੇ ਕਿਰਦਾਰ ਨੂੰ ਜ਼ਿੰਦਾ ਕਰਦਾ ਨਵੇਂ ਸਾਲ ਦਾ ਇਹ ਜਸ਼ਨ-ਵੇਖੋ ਕਮਾਲ ਦੀਆਂ ਇਹ ਤਸਵੀਰਾਂ

ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾ ਵੈਕਸੀਨ ਦੇ ਮੁਹੱਈਆ ਹੋਣ ਦੇ ਸਮੇਂ ਤੋਂ ਹੀ ਟੀਕਾਕਰਣ ਦੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰੂ ਨਾਨਕ ਖਾਲਸਾ ਕਾਲਜ ਮੁੰਬਈ ਦੀ ਮੈਨੇਜਮੈਂਟ ਵੱਲੋਂ ਇਸ ਵਿਚ ਸਹਿਯੋਗੀ ਬਣਨਾ ਹੋਰ ਵੀ ਮਹੱਤਵਪੂਰਨ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਓਐਸਡੀ ਸ. ਸਤਬੀਰ ਸਿੰਘ ਧਾਮੀ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਗੁਰਿੰਦਰ ਸਿੰਘ ਮਥਰੇਵਾਲ, ਇੰਚਾਰਜ ਸ. ਸ਼ਾਹਬਾਜ਼ ਸਿੰਘ, ਸ. ਹਰਮੀਤ ਸਿੰਘ ਸਲੂਜਾ ਆਦਿ ਮੌਜੂਦ ਸਨ।

ਅਖਿਲੇਸ਼ ਯਾਦਵ ਨੇ ਦਿੱਤਾ ਵੱਡਾ ਬਿਆਨ, UP ‘ਚ ਸਪਾ ਦੀ ਸਰਕਾਰ ਬਣਨ ‘ਤੇ 300 ਯੂਨਿਟ ਬਿਜਲੀ ਦਿੱਤੀ ਜਾਵੇਗੀ ਮੁਫਤ

0

ਚੋਣਾਂ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੇ ਕੌਮੀ ਪ੍ਰਧਾਨ ਅਖਿਲੇਸ਼ ਯਾਦਵ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵੱਡੇ ਐਲਾਨ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਯੂਪੀ ਵਿੱਚ ਸਪਾ ਦੀ ਸਰਕਾਰ ਬਣਨ ’ਤੇ ਲੋਕਾਂ ਨੂੰ 300 ਯੂਨਿਟ ਤੱਕ ਬਿਜਲੀ ਮੁਫ਼ਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕਿਸਾਨਾਂ ਨੂੰ ਸਿੰਚਾਈ ਲਈ ਮੁਫ਼ਤ ਬਿਜਲੀ ਮਿਲੇਗੀ। ਅਖਿਲੇਸ਼ ਯਾਦਵ ਨੇ ਟਵੀਟ ਕੀਤਾ, ਨਵੇਂ ਸਾਲ ਦੀਆਂ ਹਾਰਦਿਕ ਵਧਾਈਆਂ ਅਤੇ ਸ਼ੁੱਭਕਾਮਨਾਵਾਂ! ਹੁਣ 2022 ‘ਚ ” ਨਿਊ ਯੂਪੀ” ‘ਚ ਨਵੀਂ ਰੋਸ਼ਨੀ ਨਾਲ ਨਵਾਂ ਸਾਲ ਹੋਵੇਗਾ, ਨਵਾਂ ਸਾਲ ਸਭ ਨੂੰ ਸ਼ਾਂਤੀ ਅਤੇ ਖੁਸ਼ਹਾਲੀ ਦੇਵੇ। ਵਰਕਰਾਂ ਵੱਲੋਂ ਗੁਲਦਸਤੇ ਭੇਂਟ ਕਰਨ ‘ਤੇ ਅਖਿਲੇਸ਼ ਨੇ ਕਿਹਾ ਕਿ ਜਿਹੜੇ ਲੋਕ ਗੁਲਦਸਤੇ ਲੈ ਕੇ ਆਏ ਹਨ, ਉਹ ਪਾਰਟੀ ਨੂੰ ਆਪਣੇ ਬੂਥਾਂ ‘ਤੇ ਜਿਤਾਉਣ ਦੀ ਜ਼ਿੰਮੇਵਾਰੀ ਲੈਣ, 2022 ਸੂਬੇ ਲਈ ਬਦਲਾਅ ਦਾ ਸਾਲ ਸਾਬਤ ਹੋਵੇਗਾ।

ਜ਼ਿਲ੍ਹਾ ਸਿੱਖਿਆ ਅਫਸਰ ਦੇ ਗਲ ‘ਚ ਕਿਉਂ ਪਾਇਆ ਜੁੱਤੀਆਂ ਦਾ ਹਾਰ ? ਖੁਦ ਚੱਲਕੇ ਆਇਆ ਮੀਡੀਆ ਕੋਲ, ਦੱਸੀ ਹਕੀਕਤ

ਇਸ ਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਸਰਕਾਰ ‘ਤੇ ਹਮਲਾ ਕਰਦਿਆਂ ਕਿਹਾ ਕਿ ਜਦੋਂ ਭਾਜਪਾ ਮੁਕਾਬਲਾ ਨਹੀਂ ਕਰ ਸਕੀ ਤਾਂ ਸਾਲ ਦੇ ਜਾਂਦੇ- ਜਾਂਦੇ ਲੋਕਾਂ ਦੇ ਘਰਾਂ ‘ਤੇ ਆਈ.ਟੀ. ਛਾਪੇਮਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਲੋਕ ਇਹ ਝੂਠ ਫੈਲਾਅ ਰਹੇ ਹਨ ਕਿ ਜਿਸ ਵਪਾਰੀ ਦੇ ਘਰ ਛਾਪਾ ਮਾਰਿਆ ਗਿਆ ਹੈ, ਉਸ ਨੇ ਸਮਾਜਵਾਦੀ ਅਤਰ ਬਣਾਇਆ ਹੈ, ਉਨ੍ਹਾਂ ਨੇ ਸਮਾਜਵਾਦੀਆਂ ਦੇ ਟਿਕਾਣੇ ‘ਤੇ ਛਾਪਾ ਮਾਰਨਾ ਸੀ, ਪਰ ਗਲਤੀ ਨਾਲ ਆਪਣੇ ਹੀ ਆਦਮੀ ਦੇ ਘਰ ਛਾਪਾ ਮਾਰ ਦਿੱਤਾ। ਅਖਿਲੇਸ਼ ਨੇ ਕਿਹਾ ਕਿ ਤੁਹਾਡੇ ਪੇਟ ‘ਚ ਦਰਦ ਕਿਉਂ ਹੈ, ਜਿਸ ਵਿਅਕਤੀ ਦੀ ਜਗ੍ਹਾ ‘ਤੇ ਪਹਿਲਾਂ ਛਾਪਾ ਮਾਰਿਆ ਗਿਆ ਉਹ ਭਾਜਪਾ ਦਾ ਬੰਦਾ ਨਿਕਲਿਆ, ਜੋ ਪੈਸਾ ਨਿਕਲਿਆ ਹੈ ਉਹ ਭਾਜਪਾ ਵਰਕਰਾਂ ਦਾ ਹੈ।

ATM ਰਾਹੀਂ ਕੈਸ਼ ਜਮ੍ਹਾਂ ਕਰਵਾਉਣ ਤੇ ਕਢਵਾਉਣ ‘ਤੇ ਲੱਗੇਗਾ ਚਾਰਜ, ਜਾਣੋ ਨਵੇਂ ਨਿਯਮ

0

ਦੇਸ਼ ਵਿੱਚ ਹਰ ਮਹੀਨੇ ਦੀ ਪਹਿਲੀ ਤਰੀਕ ਤੋਂ ਕੁਝ ਬਦਲਾਅ ਜਾਂ ਨਵੇਂ ਨਿਯਮ ਲਾਗੂ ਹੁੰਦੇ ਹਨ। ਇਸ ਦੇ ਨਾਲ ਹੀ ਹੁਣ ਨਵੇਂ ਸਾਲ ਦੀ ਸ਼ੁਰੂਆਤ ‘ਤੇ ਆਟੋਮੇਟਿਡ ਟੈਲਰ ਮਸ਼ੀਨ ਜਾਂ ਏਟੀਐਮ ਦਾ ਸਰਵਿਸ ਚਾਰਜ ਵਧਣ ਜਾ ਰਿਹਾ ਹੈ। ਸ਼ਨੀਵਾਰ ਤੋਂ ਲਗਭਗ ਸਾਰੇ ਬੈਂਕਾਂ ਦੇ ਏਟੀਐਮ ਦਾ ਸਰਵਿਸ ਚਾਰਜ ਵਧਣ ਜਾ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ ਦੇ ਆਦੇਸ਼ ਤੋਂ ਬਾਅਦ, ਗਾਹਕਾਂ ਨੂੰ ਹੁਣ ਏਟੀਐਮ ਟ੍ਰਾਂਜੈਕਸ਼ਨਾਂ ‘ਤੇ 1 ਰੁਪਏ ਦਾ ਵਾਧੂ ਸਰਵਿਸ ਚਾਰਜ ਅਦਾ ਕਰਨਾ ਹੋਵੇਗਾ। ਹਰ ਮਹੀਨੇ ਬੈਂਕ ਆਪਣੇ ਜਾਂ ਨੈੱਟਵਰਕ ਬੈਂਕਾਂ ਦੇ ਏਟੀਐਮ ਤੋਂ ਚਾਰ ਜਾਂ ਪੰਜ ਮੁਫਤ ਲੈਣ-ਦੇਣ ਦੀ ਆਗਿਆ ਦਿੰਦੇ ਹਨ। ਇੱਕ ਵਾਰ ਮੁਫਤ ਲੈਣ-ਦੇਣ ਦੀ ਸੀਮਾ ਖਤਮ ਹੋਣ ਤੋਂ ਬਾਅਦ, ਉਸ ਤੋਂ ਬਾਅਦ ਲਗਾਏ ਜਾਣ ਵਾਲੇ ਸਰਵਿਸ ਚਾਰਜ ਨੂੰ ਵਧਾ ਦਿੱਤਾ ਗਿਆ ਹੈ।

ਪਿਛਲੇ ਸਾਲ ਜੂਨ ਮਹੀਨੇ ‘ਚ ਹੀ ਭਾਰਤੀ ਰਿਜ਼ਰਵ ਬੈਂਕ ਨੇ ਏ.ਟੀ.ਐੱਮ ਸਰਵਿਸ ਚਾਰਜ ‘ਤੇ ਫੀਸ ਵਧਾਉਣ ਦੀ ਇਜਾਜ਼ਤ ਦਿੱਤੀ ਸੀ। ਭਾਰਤੀ ਰਿਜ਼ਰਵ ਬੈਂਕ ਦੇ ਜੂਨ ਦੇ ਹੁਕਮ ਦੇ ਅਨੁਸਾਰ, ਬੈਂਕ ਨੂੰ 20ਰੁਪਏ ਦੀ ਬਜਾਏ 21ਰੁਪਏ ਏਟੀਐਮ ਸੇਵਾ ਚਾਰਜ ਵਜੋਂ ਵਸੂਲਣ ਦੀ ਇਜਾਜ਼ਤ ਦਿੱਤੀ ਗਈ ਸੀ। ਇਸ ਤੋਂ ਬਾਅਦ ਇਸ ਚਾਰਜ ‘ਤੇ ਜੀਐਸਟੀ ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਆਮ ਤੌਰ ‘ਤੇ ਬੈਂਕ ਆਪਣੇ ਏਟੀਐਮ ਤੋਂ ਹਰ ਮਹੀਨੇ 5 ਮੁਫ਼ਤ ਲੈਣ-ਦੇਣ ਦੀ ਇਜਾਜ਼ਤ ਦਿੰਦੇ ਹਨ। ਇਸ ਵਿੱਚ ਸਾਰੇ ਵਿੱਤੀ ਅਤੇ ਗੈਰ-ਵਿੱਤੀ ਲੈਣ-ਦੇਣ ਸ਼ਾਮਲ ਹਨ। ਇਸ ਦੇ ਨਾਲ ਹੀ ਜੇਕਰ ਅਸੀਂ ਮਹਾਨਗਰਾਂ ਦੀ ਗੱਲ ਕਰੀਏ ਤਾਂ ਇੱਥੇ ਦੂਜੇ ਬੈਂਕਾਂ ਦੇ ਏਟੀਐਮ ਤੋਂ ਮਹੀਨੇ ਵਿੱਚ 3 ਵਾਰ ਮੁਫਤ ਲੈਣ-ਦੇਣ ਦੀ ਸਹੂਲਤ ਹੈ।

ਇਸ ਤੋਂ ਪਹਿਲਾਂ ਏਟੀਐਮ ਲੈਣ-ਦੇਣ ਲਈ ਇੰਟਰਚੇਂਜ ਫੀਸ ਢਾਂਚੇ ਨੂੰ ਅਗਸਤ 2012 ਵਿੱਚ ਬਦਲਿਆ ਗਿਆ ਸੀ। ਗਾਹਕਾਂ ਦੁਆਰਾ ਏਟੀਐਮ ਟ੍ਰਾਂਜੈਕਸ਼ਨਾਂ ਦੇ ਭੁਗਤਾਨ ਲਈ ਇੰਟਰਚੇਂਜ ਫੀਸ ਢਾਂਚੇ ਵਿੱਚ ਬਦਲਾਅ ਅਗਸਤ 2014 ਵਿੱਚ ਕੀਤਾ ਗਿਆ ਸੀ। ਭਾਰਤੀ ਰਿਜ਼ਰਵ ਬੈਂਕ ਨੇ ਜੂਨ ਵਿੱਚ ਦਿੱਤੇ ਇੱਕ ਆਦੇਸ਼ ਵਿੱਚ 1 ਜਨਵਰੀ, 2022 ਤੋਂ ਏਟੀਐਮ ਸਰਵਿਸ ਚਾਰਜ ਵਿੱਚ ਵਾਧੇ ਨੂੰ ਮਨਜ਼ੂਰੀ ਦਿੱਤੀ ਸੀ। ਆਰਬੀਆਈ ਨੇ ਕਿਹਾ ਸੀ ਕਿ ਏਟੀਐਮ ਦੀ ਸਥਾਪਨਾ ਅਤੇ ਏਟੀਐਮ ਦੇ ਰੱਖ-ਰਖਾਅ ਦੀ ਲਾਗਤ ਵਧਣ ਕਾਰਨ ਸਰਵਿਸ ਚਾਰਜ ਵਧਾਇਆ ਜਾ ਰਿਹਾ ਹੈ।

ਆਈਪੀਪੀਬੀ ਵਿੱਚ ਜਮ੍ਹਾਂ ਅਤੇ ਕਢਵਾਉਣ ‘ਤੇ ਖ਼ਰਚਾ

ਆਈਪੀਪੀਬੀ (ਇੰਡੀਆ ਪੋਸਟ ਪੇਮੈਂਟਸ ਬੈਂਕ) ਦੇ ਗਾਹਕਾਂ ਨੂੰ ਹੁਣ ਇੱਕ ਸੀਮਾ ਤੋਂ ਵੱਧ ਨਕਦੀ ਕਢਵਾਉਣ ਅਤੇ ਜਮ੍ਹਾ ਕਰਨ ਲਈ ਚਾਰਜ ਦਾ ਭੁਗਤਾਨ ਕਰਨਾ ਹੋਵੇਗਾ।ਆਈਪੀਪੀਬੀ ‘ਚ ਇਹ ਨਿਯਮ 1 ਜਨਵਰੀ ਤੋਂ ਲਾਗੂ ਹੋਣ ਜਾ ਰਿਹਾ ਹੈ। ਤੁਸੀਂ ਬਚਤ ਅਤੇ ਚਾਲੂ ਖਾਤਿਆਂ ਵਿੱਚ ਬਿਨਾਂ ਕਿਸੇ ਖਰਚੇ ਦੇ ਇੱਕ ਮਹੀਨੇ ਵਿੱਚ ਸਿਰਫ 10,000 ਰੁਪਏ ਜਮ੍ਹਾ ਕਰ ਸਕੋਗੇ। ਇਸ ਸੀਮਾ ਤੋਂ ਜ਼ਿਆਦਾ ਜਮ੍ਹਾ ਕਰਵਾਉਣ ‘ਤੇ ਗਾਹਕਾਂ ਨੂੰ ਵਾਧੂ ਚਾਰਜ ਦੇਣੇ ਪੈਣਗੇ। ਇਸੇ ਤਰ੍ਹਾਂ ਬੱਚਤ ਅਤੇ ਚਾਲੂ ਖਾਤਿਆਂ ਤੋਂ ਪ੍ਰਤੀ ਮਹੀਨਾ 25,000 ਰੁਪਏ ਤੱਕ ਦੀ ਨਕਦ ਨਿਕਾਸੀ ਮੁਫਤ ਹੋਵੇਗੀ ਅਤੇ ਇਸ ਤੋਂ ਬਾਅਦ ਹਰ ਲੈਣ-ਦੇਣ ‘ਤੇ 0.50 ਫੀਸਦੀ ਚਾਰਜ ਕੀਤਾ ਜਾਵੇਗਾ।

PM Kisan Scheme: PM ਮੋਦੀ ਨੇ 10.09 ਕਰੋੜ ਕਿਸਾਨਾਂ ਦੇ ਖਾਤੇ ‘ਚ ਭੇਜੀ 10ਵੀਂ ਕਿਸ਼ਤ

0

ਪੀਐੱਮ ਮੋਦੀ ਨੇ ਕਿਸਾਨਾਂ ਨੂੰ ਅੱਜ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 10ਵੀਂ ਕਿਸ਼ਤ ਜਾਰੀ ਕੀਤੀ ਹੈ। ਇਸ ਕਿਸ਼ਤ ਵਿੱਚ ਸਰਕਾਰ ਨੇ 10.09 ਕਰੋੜ ਕਿਸਾਨਾਂ ਨੂੰ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਟਰਾਂਸਫਰ ਕੀਤੇ ਹਨ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਲਗਭਗ 351 ਕਿਸਾਨ ਉਤਪਾਦਕ ਸੰਗਠਨਾਂ ਨੂੰ 14 ਕਰੋੜ ਤੋਂ ਵੱਧ ਦੀ ਇਕਵਿਟੀ ਗ੍ਰਾਂਟ ਵੀ ਜਾਰੀ ਕੀਤੀ, ਇਸ ਨਾਲ 1.24 ਲੱਖ ਤੋਂ ਵੱਧ ਕਿਸਾਨਾਂ ਨੂੰ ਲਾਭ ਹੋਵੇਗਾ।

ਇਸ ਸਕੀਮ ਤਹਿਤ ਕਿਸਾਨਾਂ ਦੇ ਖਾਤੇ ਵਿੱਚ 3 ਕਿਸ਼ਤਾਂ ਵਿੱਚ ਸਾਲਾਨਾ 6,000 ਰੁਪਏ ਭੇਜੇ ਜਾਂਦੇ ਹਨ। ਹਰ 4 ਮਹੀਨੇ ਬਾਅਦ 2000 ਰੁਪਏ ਦੀ ਕਿਸ਼ਤ ਆਉਂਦੀ ਹੈ। ਪ੍ਰਧਾਨ ਮੰਤਰੀ ਕਿਸਾਨ ਪੋਰਟਲ ਦੇ ਅਨੁਸਾਰ, ਯੋਜਨਾ ਦੀ ਪਹਿਲੀ ਕਿਸ਼ਤ 1 ਦਸੰਬਰ ਤੋਂ 31 ਮਾਰਚ ਦੇ ਵਿਚਕਾਰ ਆਉਂਦੀ ਹੈ। ਦੂਸਰੀ ਕਿਸ਼ਤ 1 ਅਪ੍ਰੈਲ ਤੋਂ 31 ਜੁਲਾਈ ਦੇ ਵਿਚਕਾਰ ਕਿਸਾਨਾਂ ਦੇ ਖਾਤੇ ਵਿੱਚ ਪਹੁੰਚ ਜਾਂਦੀ ਹੈ। ਤੀਜੀ ਕਿਸ਼ਤ 1 ਅਗਸਤ ਤੋਂ 30 ਨਵੰਬਰ ਦਰਮਿਆਨ ਕਿਸਾਨਾਂ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਜਾਂਦੀ ਹੈ।

ਸਭ ਤੋਂ ਪਹਿਲਾਂ ਤੁਹਾਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੀ ਅਧਿਕਾਰਤ ਵੈੱਬਸਾਈਟ https://pmkisan.gov.in/  ‘ਤੇ ਜਾਣਾ ਪਵੇਗਾ।

ਇਸਦੇ ਹੋਮਪੇਜ ‘ਤੇ, ਤੁਹਾਨੂੰ ਫਾਰਮਰਜ਼ ਕਾਰਨਰ (Farmers Corner) ਦਾ ਵਿਕਲਪ ਦਿਖਾਈ ਦੇਵੇਗਾ।

ਕਿਸਾਨ ਕਾਰਨਰ ਸੈਕਸ਼ਨ ਦੇ ਅੰਦਰ ਤੁਹਾਨੂੰ Beneficiaries List ਸੂਚੀ ਵਿਕਲਪ ‘ਤੇ ਕਲਿੱਕ ਕਰਨਾ ਹੋਵੇਗਾ।

ਫਿਰ ਤੁਹਾਨੂੰ ਡਰਾਪ ਡਾਊਨ ਸੂਚੀ ਵਿੱਚੋਂ ਰਾਜ, ਜ਼ਿਲ੍ਹਾ, ਉਪ ਜ਼ਿਲ੍ਹਾ, ਬਲਾਕ ਅਤੇ ਪਿੰਡ ਚੁਣਨਾ ਹੋਵੇਗਾ।

ਇਸ ਤੋਂ ਬਾਅਦ ਤੁਹਾਨੂੰ Get Report ‘ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਲਾਭਪਾਤਰੀਆਂ ਦੀ ਪੂਰੀ ਸੂਚੀ ਸਾਹਮਣੇ ਆਵੇਗੀ, ਜਿਸ ਵਿੱਚ ਤੁਸੀਂ ਆਪਣਾ ਨਾਮ ਚੈੱਕ ਕਰ ਸਕਦੇ ਹੋ।

ਤੁਸੀਂ ਮੋਬਾਇਲ ਰਾਹੀਂ ਵੀ ਕਿਸ਼ਤ ਦਾ ਸਟੇਟਸ ਚੈੱਕ ਕਰਨ ਕਰ ਸਕਦੇ ਹੋ। ਇਸ ਲਈ ਤੁਹਾਨੂੰ ਪੀਐੱਮ ਕਿਸਾਨ ਮੋਬਾਇਲ ਐਪ ਡਾਊਨਲੋਡ ਕਰਨਾ ਪਵੇਗਾ।

ਪੀਐੱਮ ਕਿਸਾਨ ਤੋਂ ਬਾਹਰ ਰੱਖੇ ਗਏ ਲੋਕਾਂ ‘ਚ ਸੰਸਥਾਗਤ ਭੂਮੀ ਧਾਰਕ, ਸੰਵਿਧਾਨਕ ਅਹੁਦਿਆਂ ‘ਤੇ ਬੈਠੇ ਕਿਸਾਨ ਪਰਿਵਾਰ, ਰਾਜ ਜਾਂ ਕੇਂਦਰ ਸਰਕਾਰ ਦੇ ਸੇਵਾਮੁਕਤ ਜਾਂ ਸੇਵਾਮੁਕਤ ਅਧਿਕਾਰੀ ਅਤੇ ਕਰਮਚਾਰੀ ਹਨ। ਇਸ ਵਿੱਚ ਜਨਤਕ ਖੇਤਰ ਦੇ ਅਦਾਰਿਆਂ ਅਤੇ ਸਰਕਾਰੀ ਖੁਦਮੁਖਤਿਆਰੀ ਸੰਸਥਾਵਾਂ ਦੇ ਅਧਿਕਾਰੀ-ਕਰਮਚਾਰੀ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ, ਡਾਕਟਰਾਂ, ਇੰਜੀਨੀਅਰਾਂ ਅਤੇ ਵਕੀਲਾਂ ਵਰਗੇ ਪੇਸ਼ੇਵਰਾਂ ਦੇ ਨਾਲ-ਨਾਲ 10,000 ਰੁਪਏ ਤੋਂ ਵੱਧ ਦੀ ਮਹੀਨਾਵਾਰ ਪੈਨਸ਼ਨ ਵਾਲੇ ਸੇਵਾਮੁਕਤ ਪੈਨਸ਼ਨਰਾਂ ਅਤੇ ਜਿਨ੍ਹਾਂ ਨੇ ਪਿਛਲੇ ਮੁਲਾਂਕਣ ਸਾਲ ਵਿੱਚ ਆਮਦਨ ਕਰ ਦਾ ਭੁਗਤਾਨ ਕੀਤਾ ਹੈ, ਨੂੰ ਵੀ ਇਸ ਸਕੀਮ ਤੋਂ ਬਾਹਰ ਰੱਖਿਆ ਗਿਆ ਹੈ।

 

ਪੰਜਾਬ ‘ਚ ਵੱਡਾ ਫੇਰਬਦਲ, SSP ਸਮੇਤ ਕਈ ਵੱਡੇ ਅਧਿਕਾਰੀਆਂ ਦੇ ਹੋਏ ਤਬਾਦਲੇ

0

ਪੰਜਾਬ ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ ਕੀਤਾ ਗਿਆ ਹੈ। ਪੰਜਾਬ ‘ਚ SSP ਸਮੇਤ ਕਈ ਵੱਡੇ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ।