Home Blog Page 2126

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

0

ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੰਦਿਆਂ ਕਿਹਾ ਕਿ ਇਹ ਅਸਤੀਫ਼ਾ ਸੂਬੇ ਵਿੱਚ ਪਾਰਟੀ ਨੂੰ ਮਿਲੀ ਹਾਰ ਤੋਂ ਬਾਅਦ ਨੈਤਿਕਤਾ ਦੇ ਆਧਾਰ ’ਤੇ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਪੰਜਾਬ ਸਰਕਾਰ ਨੇ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਪਰ ਉਨ੍ਹਾਂ ਦੇ ਐਲਾਨ ਤੋਂ ਬਾਅਦ ਵੀ ਮੰਡੀਆਂ ’ਚ ਕਿਸੇ ਤਰ੍ਹਾਂ ਕੋਈ ਢੁਕਵਾਂ ਪ੍ਰਬੰਧ ਦੇਖਣ ਨੂੰ ਨਹੀਂ ਮਿਲ ਰਿਹਾ ਹੈ। ਕਈਆਂ ਮੰਡੀਆਂ ’ਚ ਤਾਂ 75 ਫੀਸਦੀ ਬਾਰਦਾਨਾ ਪਹੁੰਚ ਗਿਆ ਹੈ ਤੇ ਕਈ ਮੰਡੀਆਂ ’ਚ ਅਜੇ ਕੋਈ ਵੀ ਬਾਰਦਾਨਾ ਨਹੀਂ ਪਹੁੰਚਿਆ ਹੈ। ਇਸ ਵਾਰ ਕਣਕ ਦੀ ਖਰੀਦ ਲਈ ਸੂਬੇ ’ਚ 2300 ਤੋਂ ਜ਼ਿਆਦਾ ਅਨਾਜ ਮੰਡੀਆਂ ਸਥਾਪਿਤ ਕੀਤੀਆਂ ਗਈਆਂ ਹਨ। ਵਿਭਾਗ ਨੇ ਸਾਲ 2022-23 ’ਚ 132 ਲੱਖ ਟਨ ਕਣਕ ਖਰੀਦ ਦਾ ਟੀਚਾ ਰੱਖਿਆ ਹੈ।

ਬੀਤੇ ਦਿਨੀਂ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਣਕ ਦਾ ਖਰੀਦ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਨਕਦ ਕਰਜ਼ਾ ਹੱਦ (ਸੀ. ਸੀ. ਐੱਲ.) ਪ੍ਰਾਪਤ ਕਰਨ ਲਈ ਕੀਤੇ ਗਏ ਠੋਸ ਯਤਨਾਂ ਸਦਕਾ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਹਾੜ੍ਹੀ ਮੰਡੀਕਰਨ ਸੀਜ਼ਨ ਦੌਰਾਨ ਪੰਜਾਬ ‘ਚ ਕਣਕ ਖਰੀਦਣ ਲਈ ਅਪ੍ਰੈਲ-2022 ਦੇ ਅੰਤ ਤੱਕ 24,773.11 ਰੁਪਏ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸੇ ਦੌਰਾਨ ਭਗਵੰਤ ਮਾਨ ਨੇ ਸਮੇਂ ਸਿਰ ਸੀ. ਸੀ. ਐੱਲ. ਜਾਰੀ ਕਰਨ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਹੈ, ਕਿਉਂਕਿ ਇਸ ਨਾਲ ਮੌਜੂਦਾ ਹਾੜ੍ਹੀ ਸੀਜ਼ਨ ਦੌਰਾਨ ਕਣਕ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਇਆ ਜਾ ਸਕੇਗਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨਾਂ ਨੂੰ ਯਕੀਨ ਦਿਵਾਉਂਦਿਆਂ ਕਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲ਼ੀ ਕਣਕ ਦੀ ਫਸਲ ਦਾ ਇਕ-ਇਕ ਦਾਣਾ ਪੰਜਾਬ ਸਰਕਾਰ ਚੁੱਕੇਗੀ। ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ, ‘‘ਪੰਜਾਬ ਦੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲ਼ੀ ਹੋਈ ਫਸਲ ਦਾ ਇਕ-ਇਕ ਦਾਣਾ ਪੰਜਾਬ ਸਰਕਾਰ ਚੁੱਕੇਗੀ। ਮੰਡੀਆਂ ’ਚ ਕਿਸਾਨਾਂ ਦੇ ਰੁਲਣ ਦਾ ਜ਼ਮਾਨਾ ਹੁਣ ਬੀਤ ਗਿਆ ਹੈ। ਮੇਰੇ ਉੱਤੇ ਯਕੀਨ ਰੱਖੋ।’’

ਚੰਡੀਗੜ੍ਹ ‘ਚ ਕੇਂਦਰੀ ਸੇਵਾ ਨਿਯਮ ਲਾਗੂ ਕਰਨੇ ਕੇਂਦਰ ਦਾ ਪੰਜਾਬ ਦੇ ਹੱਕਾਂ ’ਤੇ ਹੈ ਧੱਕਾ: ਐਡਵੋਕੇਟ ਧਾਮੀ

0

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੀ ਜ਼ਮੀਨ ’ਤੇ ਵੱਸੇ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਅਧੀਨ ਕਰਨ ਵਾਲੇ ਫੈਸਲੇ ਦੀ ਕਰੜੀ ਆਲੋਚਨਾ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਆਪਣੀ ਚੰਡੀਗੜ੍ਹ ਫੇਰੀ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਦੇ ਸਾਰੇ ਕਰਮਚਾਰੀਆਂ ਦੀਆਂ ਸੇਵਾ ਸ਼ਰਤਾਂ ਕੇਂਦਰੀ ਨਿਯਮਾਂ ਅਨੁਸਾਰ ਕਰਨ ਦੇ ਐਲਾਨ ਨੂੰ ਪੰਜਾਬ ਦੇ ਹੱਕਾਂ ’ਤੇ ਇੱਕ ਹੋਰ ਵੱਡਾ ਡਾਕਾ ਕਰਾਰ ਦਿੱਤਾ ਹੈ।

ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਇੱਕ ਬਿਆਨ ਵਿਚ ਐਡਵੋਕੇਟ ਧਾਮੀ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦੇ ਪਿੰਡਾਂ ਦੀ ਕੀਮਤੀ ਜ਼ਮੀਨ ’ਤੇ ਵਸਿਆ ਹੋਇਆ ਹੈ, ਇਸ ਲਈ ਇਸ ’ਤੇ ਪੰਜਾਬ ਦਾ ਹੀ ਹੱਕ ਹੈ। ਕੇਂਦਰ ਦਾ ਤਾਜ਼ਾ ਫੈਸਲਾ ਪੰਜਾਬ ਪੁਨਰਗਠਨ 1966 ਦੇ ਐਕਟ ਦੀ ਉਲੰਘਣਾ ਹੈ ਅਤੇ ਸਪੱਸ਼ਟ ਹੈ ਕਿ ਕਿਸੇ ਗੰਭੀਰ ਸਾਜ਼ਿਸ਼ ਤਹਿਤ ਅਜਿਹਾ ਕਰਨਾ ਪੰਜਾਬ ਤੋਂ ਬਾਹਰਲੇ ਅਫ਼ਸਰ ਚੰਡੀਗੜ੍ਹ ’ਤੇ ਥੋਪਣ ਲਈ ਰਾਹ ਪੱਧਰਾ ਕਰਨਾ ਹੈ। ਇਸ ਫੈਸਲੇ ਵਿੱਚੋਂ ਕੇਂਦਰ ਸਰਕਾਰ ਦੀ ਪੰਜਾਬ ਵਿਰੋਧੀ ਮਨਸ਼ਾ ਸਾਫ਼ ਨਜ਼ਰ ਆ ਰਹੀ ਹੈ।

ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਦੇਸ਼ ਦੀਆਂ ਸਰਕਾਰਾਂ ਨੇ ਪੰਜਾਬ ਅਤੇ ਖਾਸਕਰ ਸਿੱਖਾਂ ਨਾਲ ਧੱਕਾ ਕੀਤਾ ਹੈ ਅਤੇ ਇਸੇ ਲੜੀ ਵਿਚ ਹੀ ਕੇਂਦਰੀ ਗ੍ਰਹਿ ਮੰਤਰੀ ਦਾ ਐਲਾਨ ਇੱਕ ਹੋਰ ਧੱਕੇ ਵੱਲ ਇਸ਼ਾਰਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਦੇ ਹੱਕਾਂ ਅਤੇ ਹਿੱਤਾਂ ਨਾਲ ਜੁੜਿਆ ਹੋਇਆ ਮਾਮਲਾ ਹੈ, ਲਿਹਾਜ਼ਾ ਸਾਰੀਆਂ ਰਾਜਸੀ ਪਾਰਟੀਆਂ ਨੂੰ ਇਸ ਨੂੰ ਰੋਕਣ ਲਈ ਇਕਜੁਟਤਾ ਵਿਖਾਉਣੀ ਚਾਹੀਦੀ ਹੈ।

ਐਡੋਵਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਦਾ ਸਖ਼ਤ ਵਿਰੋਧ ਕਰਦੀ ਹੈ ਅਤੇ ਇਸ ਪੰਜਾਬ ਵਿਰੋਧੀ ਫੈਸਲੇ ’ਤੇ ਲੜੇ ਜਾਣ ਵਾਲੇ ਸੰਘਰਸ਼ ਵਿਚ ਮੋਹਰੀ ਰੋਲ ਨਿਭਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਤਾਨਾਸ਼ਾਹੀ ਫੈਸਲੇ ਤੋਂ ਪਿੱਛੇ ਹੱਟ ਜਾਣਾ ਚਾਹੀਦਾ ਹੈ ਅਤੇ ਪੰਜਾਬ ਨੂੰ ਦਬਾਉਣ ਵਾਲੀਆਂ ਨੀਤੀਆਂ ਨਹੀਂ ਘੜਨੀਆਂ ਚਾਹੀਦੀਆਂ।

ਬਿਕਰਮ ਮਜੀਠੀਆ ਨੇ ਸੁਪਰੀਮ ਕੋਰਟ ਦਾ ਕੀਤਾ ਰੁਖ਼, ਡਰੱਗ ਕੇਸ ਰੱਦ ਕਰਨ ਦੀ ਕੀਤੀ ਮੰਗ

0

ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਸੁਪਰੀਮ ਕੋਰਟ ਦਾ ਰੁਖ਼ ਕਰਦਿਆਂ ਪੰਜਾਬ ਪੁਲਿਸ ਵੱਲੋਂ ਐਨਡੀਪੀਐਸ ਐਕਟ-1985 ਤਹਿਤ ਦਰਜ ਕੀਤੇ ਕੇਸਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਬਿਕਰਮ ਮਜੀਠੀਆ 5 ਅਪ੍ਰੈਲ ਤੱਕ ਨਿਆਇਕ ਹਿਰਾਸਤ ਵਿਚ ਹਨ। ਮਜੀਠੀਆ ਕਰੀਬ ਇੱਕ ਮਹੀਨੇ ਤੋਂ ਪਟਿਆਲਾ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਅਦਾਲਤ ‘ਚ ਆਤਮ ਸਮਰਪਣ ਕੀਤਾ ਸੀ। ਉਦੋਂ ਤੋਂ ਉਹ ਨਿਆਂਇਕ ਹਿਰਾਸਤ ਵਿੱਚ ਹਨ ।

ਮਜੀਠੀਆ ਨੂੰ 20 ਫਰਵਰੀ ਨੂੰ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਵਜੋਂ ਚੋਣ ਲੜਨ ਲਈ SC ਵੱਲੋਂ 23 ਫਰਵਰੀ ਤੱਕ ਗ੍ਰਿਫਤਾਰੀ ਤੋਂ ਸੁਰੱਖਿਆ ਦਿੱਤੀ ਗਈ ਸੀ। ਜਿਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਉਸਨੂੰ ਆਤਮ ਸਮਰਪਣ ਕਰਨ ਲਈ ਕਿਹਾ ਸੀ। ਬਿਕਰਮ ਮਜੀਠੀਆ ਖਿਲਾਫ ਮਾਮਲਾ ਦਰਜ ਹੋਣ ਤੋਂ ਬਾਅਦ ਉਸ ਨੇ ਮੋਹਾਲੀ ਦੀ ਅਦਾਲਤ ‘ਚ ਅਗਾਊਂ ਜ਼ਮਾਨਤ ਲਈ ਅਰਜ਼ੀ ਦਿੱਤੀ ਸੀ, ਪਰ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਹ ਪੰਜਾਬ ਅਤੇ ਹਰਿਆਣਾ ਹਾਈਕੋਰਟ ਗਏ। ਉੱਥੇ ਕੁਝ ਦਿਨਾਂ ਦੀ ਅੰਤਰਿਮ ਰਾਹਤ ਤੋਂ ਬਾਅਦ ਉਸ ਦੀ ਪਟੀਸ਼ਨ ਰੱਦ ਕਰ ਦਿੱਤੀ ਗਈ। ਫਿਰ ਉਹ ਸੁਪਰੀਮ ਕੋਰਟ ਗਿਆ। ਸੁਪਰੀਮ ਕੋਰਟ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਦੀ ਗ੍ਰਿਫਤਾਰੀ ‘ਤੇ 23 ਫਰਵਰੀ ਤੱਕ ਰੋਕ ਲਗਾ ਦਿੱਤੀ ਸੀ। ਇਸ ਤੋਂ ਬਾਅਦ 24 ਫਰਵਰੀ ਨੂੰ ਅਦਾਲਤ ਵਿੱਚ ਆਤਮ ਸਮਰਪਣ ਕਰਦੇ ਹੀ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।

ਮੁੱਖ ਮੰਤਰੀ ਭਗਵੰਤ ਮਾਨ ਨੇ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਹੁਕਮਾਂ ਵਿੱਚ 20 ਮਾਰਚ ਨੂੰ ਪੰਜਾਬ ਪੁਲਿਸ ਨੂੰ ਮਜੀਠੀਆ ਵਿਰੁੱਧ ਡਰੱਗਜ਼ ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦਾ ਪੁਨਰਗਠਨ ਕੀਤਾ ਸੀ।

ਆਈਜੀ (ਕ੍ਰਾਈਮ ਬ੍ਰਾਂਚ) ਗੁਰਸ਼ਰਨ ਸੰਧੂ ਨੂੰ ਆਈਪੀਐਸ ਅਧਿਕਾਰੀ ਰਾਹੁਲ ਐਸ ਦੀ ਅਗਵਾਈ ਵਾਲੀ ਚਾਰ ਮੈਂਬਰੀ ਟੀਮ ਦੇ ਕੰਮਕਾਜ ਦੀ ਨਿਗਰਾਨੀ ਸੌਂਪੀ ਗਈ ਸੀ। ਬਾਕੀ ਮੈਂਬਰਾਂ ਵਿੱਚ ਏਆਈਜੀ ਰਣਜੀਤ ਸਿੰਘ ਅਤੇ ਡੀਐਸਪੀਜ਼ ਰਘਬੀਰ ਸਿੰਘ ਅਤੇ ਅਮਨਪ੍ਰੀਤ ਸਿੰਘ ਸ਼ਾਮਲ ਹਨ।

ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ ਦਾ ਹੋਇਆ ਦਿਹਾਂਤ

0

ਮੋਗਾ ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਸਾਬਕਾ ਵਿਧਾਇਕ ਅਜੀਤ ਸਿੰਘ ਸ਼ਾਂਤ ਦਾ ਅੱਜ ਦਿਹਾਂਤ ਹੋ ਗਿਆ। ਅਜੀਤ ਸਿੰਘ ਸ਼ਾਂਤ ਨੇ ਸਾਲ 2007 ਵਿਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਅਤੇ ਜਿੱਤ ਹਾਸਲ ਕਰਨ ਮਗਰੋਂ ਵਿਧਾਨ ਸਭਾ ਪੁੱਜੇ ਸਨ।

ਉਹ ਅਧਿਆਪਨ ਦੇ ਕੀਤੇ ਨਾਲ ਵੀ ਜੁੜੇ ਰਹੇ ਅਤੇ ਪੰਜਾਬੀ ਸਾਹਿਤ ਦੀ ਜਾਣਕਾਰੀ ਵੀ ਰੱਖਦੇ ਸਨ। ਉਨ੍ਹਾਂ ਦੀ ਮੌਤ ਨਾਲ ਇਲਾਕੇ ‘ਚ ਸੋਗ ਦੀ ਲਹਿਰ ਛਾ ਗਈ ਹੈ।

ਕਈ ਸ਼ਹਿਰਾਂ ‘ਚ ਪੈਟਰੋਲ 100 ਤੋਂ ਹੋਇਆ ਪਾਰ, ਜਾਣੋ ਪੈਟਰੋਲ ਤੇ ਡੀਜ਼ਲ ਦੇ ਅੱਜ ਦੇ ਰੇਟ

0

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਲਗਾਤਾਰ ਵਾਧਾ ਜਾਰੀ ਹੈ। ਅੱਜ ਫਿਰ ਤੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਕੀਤਾ ਗਿਆ ਹੈ। ਸਰਕਾਰੀ ਤੇਲ ਕੰਪਨੀਆਂ ਆਪਣੇ ਘਾਟੇ ਦੀ ਪੂਰਤੀ ਲਈ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾ ਰਹੀਆਂ ਹਨ। ਮੰਗਲਵਾਰ ਨੂੰ ਪੈਟਰੋਲ ਦੀ ਕੀਮਤ ‘ਚ 80-85 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ ‘ਚ 70-75 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ।

ਸਰਕਾਰੀ ਤੇਲ ਕੰਪਨੀਆਂ ਨੇ ਅੱਜ ਦੇਸ਼ ਦੇ ਚਾਰ ਮਹਾਨਗਰਾਂ ਸਮੇਤ ਸਾਰੇ ਵੱਡੇ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਦਿੱਲੀ ‘ਚ ਪੈਟਰੋਲ 80 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਕੇ 100 ਤੋਂ ਪਾਰ ਚਲਾ ਗਿਆ ਹੈ, ਉਥੇ ਹੀ ਯੂ.ਪੀ ਦੇ ਨੋਇਡਾ ਅਤੇ ਲਖਨਊ ਵਰਗੇ ਵੱਡੇ ਸ਼ਹਿਰਾਂ ‘ਚ ਵੀ ਪੈਟਰੋਲ ਦੇ ਰੇਟ ਨੇ ਸੈਂਕੜਾ ਪਾਰ ਕਰ ਲਿਆ ਹੈ। ਮੁੰਬਈ ਵਿੱਚ ਸਭ ਤੋਂ ਵੱਧ 85 ਪੈਸੇ ਪ੍ਰਤੀ ਲੀਟਰ ਦਾ ਵਾਧਾ ਦਰਜ ਕੀਤਾ ਗਿਆ ਹੈ।

ਚਾਰ ਮਹਾਨਗਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ

ਦਿੱਲੀ ਪੈਟਰੋਲ 100.21 ਰੁਪਏ ਅਤੇ ਡੀਜ਼ਲ 91.47 ਰੁਪਏ ਪ੍ਰਤੀ ਲੀਟਰ

ਮੁੰਬਈ ਪੈਟਰੋਲ 115.04 ਰੁਪਏ ਅਤੇ ਡੀਜ਼ਲ 99.25 ਰੁਪਏ ਪ੍ਰਤੀ ਲੀਟਰ

ਚੇਨਈ ਪੈਟਰੋਲ 105.94 ਰੁਪਏ ਅਤੇ ਡੀਜ਼ਲ 96.00 ਰੁਪਏ ਪ੍ਰਤੀ ਲੀਟਰ

ਕੋਲਕਾਤਾ ਪੈਟਰੋਲ 109.68 ਰੁਪਏ ਅਤੇ ਡੀਜ਼ਲ 94.62 ਰੁਪਏ ਪ੍ਰਤੀ ਲੀਟਰ

ਇਨ੍ਹਾਂ ਸ਼ਹਿਰਾਂ ਵਿੱਚ ਵੀ ਨਵੀਆਂ ਦਰਾਂ ਜਾਰੀ ਕੀਤੀਆਂ ਗਈਆਂ ਹਨ

ਨੋਇਡਾ ਵਿੱਚ ਪੈਟਰੋਲ 100.28 ਰੁਪਏ ਅਤੇ ਡੀਜ਼ਲ 91.82 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਲਖਨਊ ‘ਚ ਪੈਟਰੋਲ 100.06 ਰੁਪਏ ਅਤੇ ਡੀਜ਼ਲ 91.62 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਪਟਨਾ ‘ਚ ਪੈਟਰੋਲ 110.85 ਰੁਪਏ ਅਤੇ ਡੀਜ਼ਲ 95.88 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਮੈਕਸੀਕੋ ‘ਚ ਹੋਈ ਗੋਲੀਬਾਰੀ, 19 ਲੋਕਾਂ ਦੀ ਹੋਈ ਮੌਤ

0

ਮੈਕਸੀਕੋ ਵਿੱਚ ਇੱਕ ਭਿਆਨਕ ਗੋਲੀਬਾਰੀ ਦੀ ਖਬਰ ਸਾਹਮਣੇ ਆ ਰਹੀ ਹੈ। ਸਟੇਟ ਅਟਾਰਨੀ ਜਨਰਲ ਦੇ ਦਫ਼ਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਤਵਾਰ ਨੂੰ ਸੈਂਟਰਲ ਮੈਕਸੀਕੋ ਵਿੱਚ 19 ਲੋਕਾਂ ਦੀ ਗੋਲੀਬਾਰੀ ‘ਚ ਮੌਤ ਹੋ ਗਈ ਹੈ।

ਮਿਕੋਆਕਨ ਰਾਜ ਦੇ ਲਾਸ ਤਿਨਾਜਾਸ ਕਸਬੇ ਵਿੱਚ ਇੱਕ ਤਿਉਹਾਰ ਦੇ ਇਕੱਠ ‘ਤੇ ਹਮਲੇ ਦੀਆਂ ਰਿਪੋਰਟਾਂ ਤੋਂ ਬਾਅਦ ਅਧਿਕਾਰੀਆਂ ਨੂੰ ਰਾਤ 10:30 ਵਜੇ ਘਟਨਾ ਸਥਾਨ ‘ਤੇ ਬੁਲਾਇਆ ਗਿਆ।

FGE ਨੇ ਕਿਹਾ, “19 ਲਾਸ਼ਾਂ (16 ਮਰਦ ਅਤੇ ਤਿੰਨ ਔਰਤਾਂ) ਮਿਲੀਆਂ ਹਨ। ਉਨ੍ਹਾਂ ਨੂੰ ਗੰਨ ਨਾਲ ਸ਼ੂਟ ਕੀਤਾ ਹੋਇਆ ਸੀ।

ਇਸ ਵਿਚ ਕਿਹਾ ਗਿਆ ਹੈ ਕਿ ਕਈ ਹੋਰ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ।

ਮਿਕੋਆਕਨ ਦੇ ਜਨਤਕ ਸੁਰੱਖਿਆ ਸਕੱਤਰ ਦੇ ਦਫਤਰ ਨੇ ਟਵਿੱਟਰ ‘ਤੇ ਕਿਹਾ ਕਿ ਸੰਘੀ ਅਧਿਕਾਰੀ “ਹਿੰਸਕ ਕਾਰਵਾਈਆਂ ਲਈ ਜ਼ਿੰਮੇਵਾਰ ਲੋਕਾਂ ਨੂੰ ਫੜਨ ਦੇ ਉਦੇਸ਼ ਨਾਲ ਕੰਮ ਕਰ ਰਹੇ ਹਨ।”

ਅਧਿਕਾਰੀਆਂ ਨੇ ਗੋਲੀ ਚਲਾਉਣ ਦਾ ਕੋਈ ਕਾਰਨ ਨਹੀਂ ਦੱਸਿਆ।

ਤੁਹਾਨੂੰ ਦੱਸ ਦੇਈਏ ਕਿ ਮਿਕੋਆਕਨ ਅਤੇ ਇਸ ਦੇ ਗੁਆਂਢੀ ਰਾਜ ਗੁਆਨਾਜੁਆਟੋ ਨੂੰ ਮੈਕਸੀਕੋ ਦੇ ਦੋ ਸਭ ਤੋਂ ਹਿੰਸਕ ਰਾਜ ਮੰਨਿਆ ਜਾਂਦਾ ਹੈ। ਦੱਸਿਆ ਜਾਂਦਾ ਹੈ ਕਿ ਇੱਥੇ ਨਸ਼ਾ ਤਸਕਰੀ ਵਰਗੇ ਕਈ ਗੈਰ-ਕਾਨੂੰਨੀ ਕੰਮ ਹੁੰਦੇ ਹਨ। ਇਸ ਵਿੱਚ ਸ਼ਾਮਲ ਗੈਂਗਸਟਰਾਂ ਦਰਮਿਆਨ ਅਕਸਰ ਗੈਂਗ ਵਾਰ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।

 

 

ਫੋਨ ‘ਤੇ ਕੋਰੋਨਾ ਕਾਲਰ ਟਿਊਨ ਹੁਣ ਨਹੀਂ ਦੇਵੇਗੀ ਸੁਣਾਈ, ਸਰਕਾਰ ਨੇ ਹਟਾਉਣ ਦੀ ਕੀਤੀ ਤਿਆਰੀ

0

ਕੋਰੋਨਾ ਕਾਰਨ ਸਰਕਾਰ ਨੇ ਲੋਕਾਂ ਨੂੰ ਜਾਗਰੂਕ ਕਾਰਨ ਲਈ ਕੋਵਿਡ ਸੰਬੰਧੀ ਕਾਲਰ ਟਿਊਨ ਸ਼ੁਰੂ ਕੀਤੀ ਤੇ ਲੋਕ ਅਕਸਰ ਕੋਰੋਨਾ ਕਾਲਰ ਟਿਊਨ ਨੂੰ ਲੈ ਕੇ ਚਿੰਤਤ ਰਹਿੰਦੇ ਹਨ। ਕਾਲਰ ਟਿਊਨ ਕਾਰਨ ਐਮਰਜੈਂਸੀ ਕਾਲਾਂ ‘ਚ ਦੇਰ ਹੁੰਦੀ ਹੈ। ਹੁਣ ਕਾਲਰ ਟਿਊਨ ਤੋਂ ਪਰੇਸ਼ਾਨ ਲੋਕਾਂ ਲਈ ਖੁਸ਼ਖਬਰੀ ਹੈ। ਕਰੀਬ ਦੋ ਸਾਲਾਂ ਬਾਅਦ ਲੋਕਾਂ ਨੂੰ ਕੋਰੋਨਾ ਕਾਲਰ ਟਿਊਨ ਤੋਂ ਛੁਟਕਾਰਾ ਮਿਲਣ ਜਾ ਰਿਹਾ ਹੈ। ਦਰਅਸਲ ਸਰਕਾਰ ਹੁਣ ਕੋਰੋਨਾ ਕਾਲਰ ਟਿਊਨ ਨੂੰ ਬੰਦ ਕਰਨ ਜਾ ਰਹੀ ਹੈ। ਜਾਣਕਾਰੀ ਅਨੁਸਾਰ ਜਲਦੀ ਹੀ ਫੋਨ ‘ਤੇ ਸੁਣਾਈ ਦੇਣ ਵਾਲੀ ਕੋਰੋਨਾ ਕਾਲਰ ਟਿਊਨ ਹੁਣ ਨਹੀਂ ਸੁਣਾਈ ਦੇਵੇਗੀ। ਹਾਲਾਂਕਿ ਇਹ ਕਿਸ ਦਿਨ ਤੋਂ ਬੰਦ ਹੋਵੇਗੀ ਇਸ ਬਾਰੇ ਅਜੇ ਸਪੱਸ਼ਟ ਨਹੀਂ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਕਾਲਰ ਟਿਊਨ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਬਾਰੇ ਜਾਗਰੂਕ ਕਰਦੀ ਰਹੀ ਹੈ। ਕਰੀਬ ਦੋ ਸਾਲਾਂ ਬਾਅਦ ਸਰਕਾਰ ਇਸ ਨੂੰ ਬੰਦ ਕਰਨ ਜਾ ਰਹੀ ਹੈ।

ਬਸਪਾ ਪੰਜਾਬ ਦਾ ਸੰਗਠਨਾਤਮਕ ਢਾਂਚਾ ਭੰਗ, ਸੂਬਾ ਪ੍ਰਧਾਨ ਬਣੇ ਰਹਿਣਗੇ ਜਸਵੀਰ ਸਿੰਘ ਗੜ੍ਹੀ: ਮਾਇਆਵਤੀ

0

ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਮਾਇਆਵਤੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਸੂਬੇ ਦੀ ਕਾਰਜਕਾਰਨੀ ਦਾ ਢਾਂਚਾ ਭੰਗ ਕਰ ਦਿੱਤਾ ਗਿਆ ਹੈ। ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਆਪਣੇ ਅਹੁਦੇ ‘ਤੇ ਬਣੇ ਰਹਿਣਗੇ। ਇਹ ਜਾਣਕਾਰੀ ਪ੍ਰੈੱਸ ਨਾਲ ਸਾਂਝੀ ਕਰਦਿਆਂ ਪੰਜਾਬ-ਚੰਡੀਗੜ੍ਹ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਨੇ ਕਿਹਾ ਅੱਜ ਦੇਸ਼ ਭਰ ਦੇ ਬਸਪਾ ਅਹੁਦੇਦਾਰਾਂ ਦੀ ਮੀਟਿੰਗ ਲਖਨਊ ਵਿਖੇ ਹੋਈ, ਜਿਸ ਨੂੰ ਬਸਪਾ ਦੇ ਰਾਸ਼ਟਰੀ ਪ੍ਰਧਾਨ ਮਾਇਆਵਤੀ ਨੇ ਸੰਬੋਧਨ ਕੀਤਾ ਅਤੇ ਵਿਸਥਾਰ ਸਾਹਿਤ ਸੂਬਾ ਪੱਧਰੀ ਵੀ ਸਮੀਖਿਆ ਕੀਤੀ।

ਪੰਜਾਬ ਦੇ ਸੰਗਠਨ ‘ਤੇ ਕੰਮ ਦੀ ਕਾਰਗੁਜ਼ਾਰੀ ਦੀ ਵਿਸਥਾਰ ਨਾਲ ਗੱਲਬਾਤ ਕਰਦਿਆਂ ਪੰਜਾਬ ਵਿੱਚ 25 ਸਾਲਾ ਬਾਅਦ ਬਹੁਜਨ ਸਮਾਜ ਪਾਰਟੀ ਦਾ ਵਿਧਾਇਕ ਜਿੱਤਣ ‘ਤੇ ਸੰਤੁਸ਼ਟੀ ਵੀ ਪਰਗਟ ਕੀਤੀ ਅਤੇ ਸੱਤਾ ਦੀ ਭਾਗੀਦਾਰੀ ਦਾ ਸੰਕਲਪ ਪੂਰਾ ਨਾ ਹੋਣ ਅਤੇ ਵਰਕਰਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸਮੂਹ ਵਰਕਰ ਸਮਾਜਿਕ ਪਰਿਵਰਤਨ ਅਤੇ ਆਰਥਿਕ ਮੁਕਤੀ ਦੇ ਅੰਦੋਲਨ ਵਿਚ ਜ਼ਰੂਰ ਉਤਸਾਹ ਨਾਲ ਯੋਗਦਾਨ ਦਿੰਦੇ ਰਹਿਣ ਤਾਂ ਜੋ ਵਿਵਸਥਾ ਪਰਿਵਰਤਨ ਦਾ ਅੰਦੋਲਨ ਹਮੇਸ਼ਾ ਗਤੀਸ਼ੀਲ ਬਣਿਆ ਰਹੇ।

ਬੈਨੀਵਾਲ ਜੀ ਨੇ ਕਿਹਾ ਕਿ ਪੰਜਾਬ ਵਿੱਚ ਨਵੀਂ ਕਮੇਟੀ ਬਣਨ ਤੱਕ ਕੋਈ ਵੀ ਅਹੁਦੇਦਾਰ ਆਪਣੇ ਅਹੁਦੇ ਦੀ ਵਰਤੋਂ ਨਹੀਂ ਕਰੇਗਾ। ਉਨ੍ਹਾਂ ਨੇ ਪੰਜਾਬ ਵਿਚ ਬਸਪਾ ਪੰਜਾਬ ਪ੍ਰਧਾਨ ਵੱਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ‘ਤੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਭੈਣ ਕੁਮਾਰੀ ਮਾਇਆਵਤੀ ਜੀ ਨੇ ਵਿਸ਼ੇਸ਼ ਤੌਰ ‘ਤੇ ਇਸ ਗੱਲ ਦਾ  ਜ਼ਿਕਰ ਕੀਤਾ ਹੈ ਕਿ ਪੰਜਾਬ ਯੂਨਿਟ ਦਾ ਸੂਬਾ ਪ੍ਰਧਾਨ ਹਮੇਸ਼ਾ ਗਤੀਸ਼ੀਲ ਰਹਿੰਦਾ ਹੈ, ਜੋਕਿ ਸਾਰੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹੈ। ਬੈਨੀਵਾਲ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਨੂੰ ਢਾਹ ਲਾਉਣ ਲਈ ਸਰਗਰਮ ਕੁਝ ਚਿਹਰੇ ਵਿਰੋਧੀ ਪਾਰਟੀਆਂ ਦੇ ਹੱਥਾਂ ਵਿਚ ਖੇਡ ਰਹੇ ਹਨ, ਜਿਨ੍ਹਾਂ ਦਾ ਵੋਟਾਂ ਵਿਚ ਯੋਗਦਾਨ ਆਪਣੇ ਹੀ ਗੱਠਜੋੜ ਦੇ ਉਮੀਦਵਾਰਾਂ ਨੂੰ ਹਟਾਉਣ ਵਾਲਾ ਰਿਹਾ ਹੈ, ਅਜਿਹੇ ਸ਼ਰਾਰਤੀ ਅਨਸਰਾਂ ਤੋਂ ਬਸਪਾ ਵਰਕਰਾਂ ਨੂੰ ਬਚਣਾ ਚਾਹੀਦਾ ਹੈ।

ਚੰਡੀਗੜ੍ਹ ‘ਚ ਕੇਂਦਰ ਸਰਕਾਰ ਦੇ ਸੇਵਾ ਨਿਯਮ ਹੋਣਗੇ ਲਾਗੂ, BJP ਦਾ ਇਕਤਰਫ਼ਾ ਫ਼ੈਸਲਾ ਸੰਘਵਾਦ ‘ਤੇ ਸਿੱਧਾ ਹਮਲਾ: ਸੁਖਪਾਲ ਖਹਿਰਾ

0

ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ‘ਤੇ ਪੰਜਾਬ ਦਾ ਹੱਕ ਖੋਹਣ ਦੇ ਫ਼ੈਸਲੇ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਇਹ ਇਕਤਰਫ਼ਾ ਫ਼ੈਸਲਾ ਨਾ ਸਿਰਫ਼ ਸੰਘਵਾਦ ‘ਤੇ ਸਿੱਧਾ ਹਮਲਾ ਹੈ ਸਗੋਂ ਕੇਂਦਰ ਸ਼ਾਸਿਤ ਪ੍ਰਦੇਸ਼ ‘ਤੇ ਪੰਜਾਬ ਦੇ 60 ਫ਼ੀਸਦੀ ਕੰਟਰੋਲ ‘ਤੇ ਵੀ ਹਮਲਾ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬੀਤੇ ਦਿਨੀ ਚੰਡੀਗੜ੍ਹ ਆਏ ਸਨ, ਜਿਥੇ ਉਨ੍ਹਾਂ ਕਿਹਾ ਸੀ ਕਿ ਕੇਂਦਰ ਸਰਕਾਰ ਜਲਦ ਹੀ ਚੰਡੀਗੜ੍ਹ ‘ਚ ਕੇਂਦਰ ਸਰਕਾਰ ਦੇ ਸੇਵਾ ਨਿਯਮ ਲਾਗੂ ਕਰੇਗੀ। ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ ਇਸ ਸਬੰਧੀ ਨੋਟੀਫਿਕੇਸ਼ਨ ਵੀ ਨੇੜੇ ਭਵਿੱਖ ਵਿੱਚ ਜਾਰੀ ਕੀਤਾ ਜਾਵੇਗਾ। ਖਹਿਰਾ ਨੇ ਕਿਹਾ ਕਿ ਇਸ ਦਾ ਮਤਲਬ ਇਹ ਹੈ ਕਿ ਚੰਡੀਗੜ੍ਹ ‘ਚ ਤਾਇਨਾਤ ਕਰਮਚਾਰੀ ਹੁਣ ਪੰਜਾਬ ਦੇ ਸੇਵਾ ਨਿਯਮਾਂ ਦੇ ਅਧੀਨ ਨਹੀਂ ਰਹਿਣਗੇ। ਉਹ ਭਾਜਪਾ ਨੂੰ ਯਾਦ ਦਿਵਾਉਣਾ ਚਾਹੁੰਦੇ ਹਨ ਕਿ ਚੰਡੀਗੜ੍ਹ ਦੇ ਦਰਜੇ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਕਿਉਂਕਿ ਪੰਜਾਬ ਨੇ ਹਮੇਸ਼ਾ ਇਸ ਨੂੰ ਸੂਬੇ ਦੀ ਰਾਜਧਾਨੀ ਵਜੋਂ ਤਬਦੀਲ ਕਰਨ ਦੀ ਮੰਗ ਕੀਤੀ ਹੈ। 1985 ਵਿਚ ਰਾਜੀਵ-ਲੌਂਗੋਵਾਲ ਸਮਝੌਤੇ ਦੌਰਾਨ ਵੀ ਚੰਡੀਗੜ੍ਹ ‘ਤੇ ਪੰਜਾਬ ਦਾ ਦਾਅਵਾ ਜਾਇਜ਼ ਸੀ ਅਤੇ ਇਸ ਦਾ ਸਮਰਥਨ ਕੀਤਾ ਗਿਆ ਸੀ।

ਖਹਿਰਾ ਨੇ ਭਾਜਪਾ ਸਰਕਾਰ ਨੂੰ ਸਵਾਲ ਕੀਤਾ ਕਿ ਕੀ ਉਹ ਚੰਡੀਗੜ੍ਹ ‘ਚ ਮੁਲਾਜ਼ਮਾਂ ਅਤੇ ਅਫ਼ਸਰਾਂ ਦੀ ਭਰਤੀ ਦੌਰਾਨ ਪੰਜਾਬ ਨਿਵਾਸੀ ਅਤੇ ਪੰਜਾਬੀ ਭਾਸ਼ਾ ਦਾ ਸਮਰਥਨ ਕਰੇਗੀ? ਉਨ੍ਹਾਂ ਕਿਹਾ ਕਿ ਇਹ ਕੇਂਦਰ ਸਰਕਾਰ ਵੱਲੋਂ ਕੀਤਾ ਗਿਆ ਧੋਖਾ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਸਰਕਾਰ ਵੱਲੋਂ ਚੰਡੀਗੜ੍ਹ ਦੇ ਮੁਲਾਜ਼ਮਾਂ ‘ਤੇ ਕੇਂਦਰੀ ਨਿਯਮਾਂ ਨੂੰ ਇਕਪਾਸੜ ਢੰਗ ਨਾਲ ਲਾਗੂ ਕਰਨ ਦੀ ਕੋਸ਼ਿਸ਼ ਲਈ ਕੀਤੇ ਜਾ ਰਹੇ ਘੋਰ ਵਿਤਕਰੇ ਦੇ ਮੁੱਦੇ ਨੂੰ ਹੋਰ ਜ਼ੋਰਦਾਰ ਢੰਗ ਨਾਲ ਉਠਾਉਣ। ਖਹਿਰਾ ਨੇ ਕਿਹਾ ਕਿ ਮਾਨ ਨੂੰ ਇਸ ‘ਤੇ ਸਪੱਸ਼ਟ ਅਤੇ ਸਖ਼ਤ ਸਟੈਂਡ ਲੈਣਾ ਚਾਹੀਦਾ ਹੈ ਕਿਉਂਕਿ ਇਸ ਕਦਮ ਨਾਲ ਚੰਡੀਗੜ੍ਹ ‘ਤੇ ਪੰਜਾਬ ਦਾ ਦਾਅਵਾ ਕਮਜ਼ੋਰ ਹੋਵੇਗਾ।

ਬੈਂਕ ਆਫ ਬੜੌਦਾ ਦੀਆਂ ਸ਼ਾਖਾਵਾਂ ‘ਚ ਮੈਨੇਜਰ ਦੀ ਅਸਾਮੀ ਲਈ ਭਰਤੀ, ਨਹੀਂ ਹੋਵੇਗੀ ਕੋਈ ਲਿਖਤੀ ਪ੍ਰੀਖਿਆ, ਇੰਝ ਕਰੋ ਅਪਲਾਈ

0

ਬੈਂਕਿੰਗ ਖੇਤਰ ਵਿੱਚ ਸਰਕਾਰੀ ਨੌਕਰੀਆਂ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਬੈਂਕ ਆਫ ਬੜੌਦਾ ਨੇ 159 ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਸ ਤਹਿਤ ਰਾਜਸਥਾਨ ਸਮੇਤ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ, ਬਿਹਾਰ, ਮਹਾਰਾਸ਼ਟਰ, ਗੋਆ ਵਿੱਚ ਬੈਂਕਾਂ ਅਤੇ ਬੜੌਦਾ ਦੀਆਂ ਸ਼ਾਖਾਵਾਂ ਲਈ ਮੈਨੇਜਰਾਂ ਦੀ ਭਰਤੀ ਕੀਤੀ ਜਾਵੇਗੀ। ਇਸਦੇ ਲਈ, 23 ਤੋਂ 35 ਸਾਲ ਦੀ ਉਮਰ ਦੇ ਗ੍ਰੈਜੂਏਟ ਉਮੀਦਵਾਰ ਬੈਂਕ ਆਫ ਬੜੌਦਾ ਦੀ ਅਧਿਕਾਰਤ ਵੈੱਬਸਾਈਟ bankofbaroda.in ‘ਤੇ ਜਾ ਕੇ 14 ਅਪ੍ਰੈਲ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਉਮੀਦਵਾਰਾਂ ਦੀ ਚੋਣ ਇੰਟਰਵਿਊ ਦੇ ਆਧਾਰ ‘ਤੇ ਕੀਤੀ ਜਾਵੇਗੀ।

ਬੈਂਕ ਆਫ ਬੜੌਦਾ ਬ੍ਰਾਂਚ ਮੈਨੇਜਰ ਦੀਆਂ ਕੁੱਲ 159 ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਇਨ੍ਹਾਂ ਵਿੱਚੋਂ 68 ਸੀਟਾਂ ਗੈਰ-ਰਾਖਵੀਂ ਸ਼੍ਰੇਣੀ ਲਈ, 23 ਅਨੁਸੂਚਿਤ ਜਾਤੀ ਲਈ, 11 ਅਨੁਸੂਚਿਤ ਜਨਜਾਤੀ ਲਈ, 42 ਹੋਰ ਪੱਛੜੀਆਂ ਸ਼੍ਰੇਣੀਆਂ ਲਈ ਅਤੇ 15 ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਉਮੀਦਵਾਰਾਂ ਲਈ ਰਾਖਵੀਆਂ ਹਨ।

ਵਿਦਿਅਕ ਯੋਗਤਾ
ਬੈਂਕ ਆਫ ਬੜੌਦਾ ਵਿੱਚ ਮੈਨੇਜਰ ਦੇ ਅਹੁਦੇ ਲਈ ਅਪਲਾਈ ਕਰਨ ਲਈ ਉਮੀਦਵਾਰ ਦਾ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਸ਼ਨ ਹੋਣਾ ਲਾਜ਼ਮੀ ਹੈ। ਇਸ ਤੋਂ ਇਲਾਵਾ ਉਮੀਦਵਾਰ ਕੋਲ ਘੱਟੋ-ਘੱਟ 2 ਸਾਲ ਦਾ ਕੰਮ ਦਾ ਤਜਰਬਾ ਹੋਣਾ ਚਾਹੀਦਾ ਹੈ।

ਉਮਰ ਸੀਮਾ
23 ਤੋਂ 35 ਸਾਲ ਦੀ ਉਮਰ ਸਮੂਹ ਦੇ ਜਨਰਲ ਵਰਗ ਦੇ ਉਮੀਦਵਾਰ ਭਰਤੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਲਈ ਅਰਜ਼ੀ ਦੇ ਸਕਦੇ ਹਨ, ਜਦੋਂ ਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਲਈ ਉਪਰਲੀ ਉਮਰ ਸੀਮਾ ਵਿੱਚ ਛੋਟ ਹੋਵੇਗੀ।

ਭਰਤੀ ਪ੍ਰਕਿਰਿਆ ਵਿੱਚ ਅਪਲਾਈ ਕਰਨ ਲਈ ਐਪਲੀਕੇਸ਼ਨ ਫੀਸ
ਜਨਰਲ, OBC ਅਤੇ  EWS ਲਈ 600 ਰੁਪਏ ਹੋਵੇਗੀ। ਦੂਜੇ ਪਾਸੇ SC ਅਤੇ ਔਰਤਾਂ ਨੂੰ 100 ਰੁਪਏ ਫੀਸ ਦੇਣੀ ਪਵੇਗੀ।

ਇਸ ਤਰ੍ਹਾਂ ਅਪਲਾਈ ਕਰੋ

ਸਭ ਤੋਂ ਪਹਿਲਾਂ ਬੈਂਕ ਆਫ ਬੜੌਦਾ ਦੀ ਅਧਿਕਾਰਤ ਵੈੱਬਸਾਈਟ bankofbaroda.in ‘ਤੇ ਜਾਓ।
ਹੁਣ ਕੈਰੀਅਰ ਸੈਕਸ਼ਨ ਲਈ about us ਸੈਕਸ਼ਨ ‘ਤੇ ਜਾਓ।
ਇਸ ਤੋਂ ਬਾਅਦ ਤੁਸੀਂ current opportunity ਦੇ Link  ‘ਤੇ ਕਲਿੱਕ ਕਰੋ।
ਹੁਣ ਅਗਲੇ ਪੰਨੇ ‘ਤੇ ਬੈਂਕ ਮੈਨੇਜਰ ਦੀ ਭਰਤੀ ਦੇ Link ‘ਤੇ ਕਲਿੱਕ ਕਰੋ।
ਹੁਣ apply now ‘ਤੇ ਕਲਿੱਕ ਕਰੋ ਅਤੇ ਸਬਮਿਟ ਕਰੋ।