Home Blog Page 2125

ਪੋਸਟ ਮੈਟ੍ਰਿਕ ਸਕਾਲਰਸ਼ਿਪ ਤੇ ਸ਼ਗਨ ਸਕੀਮ ਤਹਿਤ 214.16 ਕਰੋੜ ਰੁਪਏ ਕੀਤੇ ਜਾਰੀ : ਡਾ. ਬਲਜੀਤ ਕੌਰ

0

ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਭਰੋਸੇ ‘ਤੇ ਖ਼ਰਾ ਉਤਰਦਿਆਂ ਪੰਜਾਬ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ. ਬਲਜੀਤ ਕੌਰ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਅਤੇ ਸ਼ਗਨ ਸਕੀਮ ਤਹਿਤ 214.16 ਕਰੋੜ ਰੁਪਏ ਜਾਰੀ ਕੀਤੇ ਹਨ।

ਇਸ ਬਾਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਵਿਭਾਗ ਦਾ ਚਾਰਜ ਸੰਭਾਲਣ ਤੋਂ ਬਾਅਦ ਉਨ੍ਹਾਂ ਵੱਲੋਂ ਬਕਾਏ ਨਿਪਟਾਉਣ ਸਬੰਧੀ ਕੀਤੇ ਗਏ ਵਾਅਦੇ ਮੁਤਾਬਕ ਪੋਸਟ-ਮੈਟ੍ਰਿਕ ਸਕਾਲਰਸ਼ਿਪ ਤਹਿਤ ਮਾਰਚ 2022 ਤੱਕ ਦੇ ਬਕਾਇਆ ਨੂੰ ਕਲੀਅਰ ਕਰਦਿਆਂ 184 ਕਰੋੜ ਰੁਪਏ ਜਾਰੀ ਕੀਤੇ ਗਏ ਹਨ, ਜਦੋਂ ਕਿ ਸ਼ਗਨ ਸਕੀਮ ਤਹਿਤ ਦਸੰਬਰ 2021 ਤੱਕ 30.16 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਹਰ ਜ਼ਿਲ੍ਹੇ ਵਿੱਚ ਅੰਬੇਡਕਰ ਭਵਨ ਬਣਾਏ ਜਾਣਗੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਇਨ੍ਹਾਂ ਭਵਨਾਂ ਦੀ ਉਸਾਰੀ ਲਈ ਕਿਫ਼ਾਇਤੀ ਢੰਗ ਨਾਲ ਹੋਰ ਸਰਕਾਰੀ ਅਦਾਰਿਆਂ ਦੀ ਮੁਹਾਰਤ ਪ੍ਰਾਪਤ ਕਰਨ। ਮੌਜੂਦਾ ਅੰਬੇਡਕਰ ਭਵਨਾਂ ਦੀ ਸਾਂਭ-ਸੰਭਾਲ ਦੀ ਲੋੜ ‘ਤੇ ਜ਼ੋਰ ਦਿੰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਕੁਝ ਪੁਰਾਣੀਆਂ ਇਮਾਰਤਾਂ ਦੀ ਫੌਰੀ ਸਾਂਭ-ਸੰਭਾਲ ਦੀ ਲੋੜ ਹੈ ਅਤੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਸਰਕਾਰ ਅੰਬੇਡਕਰ ਭਵਨਾਂ ਦੀ ਉਸਾਰੀ ਅਤੇ ਸਾਂਭ-ਸੰਭਾਲ ਲਈ ਵਚਨਬੱਧ ਹੈ।

ਵੱਖ-ਵੱਖ ਭਲਾਈ ਸਕੀਮਾਂ ਦਾ ਜਾਇਜ਼ਾ ਲੈਂਦਿਆਂ ਕੈਬਨਿਟ ਮੰਤਰੀ ਨੇ ਸਾਰੀਆਂ ਭਲਾਈ ਸਕੀਮਾਂ ਲਈ ਵਾਧੂ ਫੰਡ ਅਲਾਟ ਕਰਨ ਦਾ ਭਰੋਸਾ ਦਿੱਤਾ। ਕੇਂਦਰੀ ਫੰਡ ਵਾਲੀਆਂ ਸਕੀਮਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਅੱਗੇ ਕਿਹਾ ਕਿ ਉਹ ਫੰਡ ਜਲਦੀ ਜਾਰੀ ਕਰਨ ਲਈ ਕੇਂਦਰ ਸਰਕਾਰ ਦੇ ਸਬੰਧਤ ਵਿਭਾਗਾਂ ਕੋਲ ਮਾਮਲਾ ਉਠਾਉਣਗੇ ਤਾਂ ਜੋ ਸਾਡੇ ਕਮਜ਼ੋਰ ਵਰਗਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਨੇ ਅੱਗੇ ਕਿਹਾ ਕਿ ਬੈਕਫਿੰਕੋ ਦੀਆਂ ਵੱਖ-ਵੱਖ ਲੋਨ ਸਕੀਮਾਂ ਜਿਵੇਂ ਕਿ ਡਾਇਰੈਕਟ ਲੋਨ ਸਕੀਮ, ਐਨ.ਬੀ.ਸੀ.ਐਫ.ਡੀ.ਸੀ., ਐਜੂਕੇਸ਼ਨ ਲੋਨ ਸਕੀਮ, ਮਾਈਕਰੋ ਫਾਈਨਾਂਸ ਸਕੀਮ, ਮਹਿਲਾ ਸਮਰਿਧੀ ਯੋਜਨਾ ਅਤੇ ਹੋਰ ਸਕੀਮਾਂ ਦਾ ਲਾਭ ਲੋਕਾਂ ਨੂੰ ਯਕੀਨੀ ਬਣਾਇਆ ਜਾਵੇ।

ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਸਮਾਜਿਕ ਨਿਆਂ ਤੇ ਅਧਿਕਾਰਤਾ ਅਤੇ ਘੱਟ ਗਿਣਤੀ ਜੀ. ਰਮੇਸ਼ ਗੰਟਾ, ਕਾਰਜਕਾਰੀ ਡਾਇਰੈਕਟਰ ਐਸ.ਸੀ ਅਤੇ ਬੀ.ਸੀ ਕਾਰਪੋਰੇਸ਼ਨ ਸ੍ਰੀ ਮਾਲਵਿੰਦਰ ਸਿੰਘ ਜੱਗੀ, ਡਾਇਰੈਕਟਰ ਐਸਜੇਈਐਮ ਅਤੇ ਸਬ ਪਲਾਨ ਰਾਜ ਬਹਾਦਰ ਸਿੰਘ ਹਾਜ਼ਰ ਸਨ।

ਕੇਂਦਰ ਸਰਕਾਰ ਨੇ ਪੰਜਾਬ ਦੇ 1100 ਕਰੋੜ ਦੇ ਪੇਂਡੂ ਵਿਕਾਸ ਫੰਡ ‘ਤੇ ਲਗਾਈ ਰੋਕ

0

ਕੇਂਦਰ ਸਰਕਾਰ ਨੇ 1100 ਕਰੋੜ ਦੇ ਪੇਂਡੂ ਵਿਕਾਸ ਫੰਡ (RDF) ਉੱਤੇ ਰੋਕ ਲਾਈ ਹੈ। ਪੰਜਾਬ ਦਿਹਾਤੀ ਵਿਕਾਸ ਐਕਟ 1987 ‘ਚ ਸੋਧ ਦੀ ਸ਼ਰਤ ਰੱਖੀ ਹੈ। ਕੇਂਦਰ ਦਾ ਤਰਕ ਹੈ ਕਿ ਖਰੀਦ ਕੇਂਦਰਾਂ ਦੇ ਵਿਕਾਸ ਤੋਂ ਇਲਾਵਾ ਹੋਰ ਕੰਮਾਂ ਤੇ ਪੈਸਾ ਨਾ ਖਰਚ ਹੋਵੇ। ਪਿਛਲੇ ਸਾਲ ਵੀ ਕੇਂਦਰ ਸਰਕਾਰ ਨੇ 1200 ਕਰੋੜ ਰੁਪਏ ਉੱਤੇ ਰੋਕ ਲਾਈ ਸੀ। ਬਾਅਦ ਵਿੱਚ ਐਕਟ ‘ਚ ਸੋਧ ਦੀ ਸ਼ਰਤ ‘ਤੇ ਹੀ ਜਾਰੀ ਕੀਤੇ ਗਏ ਸਨ।

ਪਿਛਲੇ ਸਾਲ 30 ਨਵੰਬਰ ਨੂੰ ਝੋਨੇ ਦਾ ਸੀਜ਼ਨ ਖ਼ਤਮ ਹੋ ਗਿਆ ਸੀ ਅਤੇ ਕਰੀਬ ਤਿੰਨ ਮਹੀਨੇ ਮਗਰੋਂ ਵੀ ਇਹ ਫੰਡ ਜਾਰੀ ਨਹੀਂ ਕੀਤੇ ਗਏ ਹਨ। ਸਰਕਾਰ ਨੇ ਕਰਜ਼ ਮੁਆਫ਼ੀ ਲਈ ਫੰਡ ਦੇ ਇਸਤੇਮਾਲ ‘ਤੇ ਇਤਰਾਜ਼ ਜਤਾਇਆ ਸੀ।

ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੀ ਕਰਜ਼ਾ ਮੁਆਫ਼ੀ ਲਈ ਦਿਹਾਤੀ ਵਿਕਾਸ ਫੰਡ ਦਾ ਪੈਸਾ ਵਰਤਿਆ ਗਿਆ ਸੀ ਅਤੇ ਇਸ ਦੀ ਵਰਤੋਂ ਤੋਂ ਪਹਿਲਾਂ ਪੰਜਾਬ ਦਿਹਾਤੀ ਵਿਕਾਸ ਐਕਟ ਵਿਚ ਸੋਧ ਵੀ ਕੀਤੀ ਗਈ ਸੀ। ਕੇਂਦਰ ਨੂੰ ਇਸੇ ਸੋਧ ’ਤੇ ਮੁੱਖ ਇਤਰਾਜ਼ ਹੈ ਅਤੇ ਉਨ੍ਹਾਂ ਕਿਹਾ ਹੈ ਕਿ ਦਿਹਾਤੀ ਵਿਕਾਸ ਫੰਡ ਦਾ ਪੈਸਾ ਸਿਰਫ਼ ਖ਼ਰੀਦ ਕੇਂਦਰਾਂ ਦੇ ਵਿਕਾਸ ’ਤੇ ਹੀ ਖ਼ਰਚ ਕੀਤਾ ਜਾਵੇ ਨਾ ਕਿ ਬਾਕੀ ਕੰਮਾਂ ਉੱਤੇ ਹੋਵੇ।

ਚੰਡੀਗੜ੍ਹ ‘ਚ ਲਾਗੂ ਹੋਏ ਕੇਂਦਰੀ ਸੇਵਾ ਨਿਯਮ, ਨੋਟੀਫਿਕੇਸ਼ਨ ਹੋਇਆ ਜਾਰੀ

0

ਚੰਡੀਗੜ੍ਹ ‘ਚ ਕੇਂਦਰੀ ਸੇਵਾ ਨਿਯਮ ਲਾਗੂ ਕਰਨ ਲਈ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਹ ਨਿਯਮ 1 ਅਪ੍ਰੈਲ ਤੋਂ ਲਾਗੂ ਹੋਣਗੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਪੰਜਾਬ ਦੇ ਸੇਵਾ ਨਿਯਮ ਲਾਗੂ ਹੁੰਦੇ ਸਨ। ਬੀਤੇ ਐਤਵਾਰ ਹੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਸੀ। ਹਾਲਾਂਕਿ ਪੰਜਾਬ ‘ਚ ਇਸ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ।

ਦੱਸਣਯੋਗ ਹੈ ਕਿ ਚੰਡੀਗੜ੍ਹ ਦੇ ਧਨਾਸ ਸਥਿਤ ਪੁਲਸ ਹਾਊਸਿੰਗ ਕੰਪਲੈਕਸ ਦੇ ਉਦਘਾਟਨ ਮੌਕੇ ਅਮਿਤ ਸ਼ਾਹ ਨੇ ਐਲਾਨ ਕੀਤਾ ਸੀ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਮੁਲਾਜ਼ਮਾਂ ‘ਤੇ ਹੁਣ ਕੇਂਦਰੀ ਸੇਵਾ ਨਿਯਮ ਲਾਗੂ ਹੋਣਗੇ।

ਨਵੇਂ ਕੇਂਦਰੀ ਸੇਵਾ ਨਿਯਮਾਂ ਦੇ ਮੁਲਾਜ਼ਮਾਂ ਨੂੰ ਫਾਇਦੇ:-

1.ਚਾਈਲਡ ਕੇਅਰ ਲੀਵ: ਚੰਡੀਗੜ੍ਹ ਦੇ ਕਰਮਚਾਰੀਆਂ ਨੂੰ ਹੁਣ 2 ਸਾਲ ਦੀ ਚਾਈਲਡ ਕੇਅਰ ਲੀਵ ਮਿਲੇਗੀ। ਪੰਜਾਬ ਦੇ ਨਿਯਮਾਂ ਅਨੁਸਾਰ ਸਿਰਫ਼ ਇੱਕ ਸਾਲ ਦੀ ਛੁੱਟੀ ਮਿਲਦੀ ਸੀ।

2.ਰਿਟਾਇਰਮੈਂਟ: ਨਵੇਂ ਰੂਲ ਮੁਤਾਬਿਕ ਗਰੁੱਪ ਏ ਅਤੇ ਬੀ ਦੀ ਰਿਟਾਇਰਮੈਂਟ 60 ਸਾਲਾਂ ਵਿੱਚ ਹੋਵੇਗੀ। ਪੰਜਾਬ ਸਰਵਿਸ ਰੂਲਜ਼ ਅਨੁਸਾਰ ਸੇਵਾਮੁਕਤੀ 58 ਸਾਲਾਂ ਵਿੱਚ ਹੁੰਦੀ ਹੈ। ਹੁਣ ਇਨ੍ਹਾਂ ਮੁਲਾਜ਼ਮਾਂ ਨੂੰ 2 ਸਾਲ ਹੋਰ ਮਿਲਣਗੇ।

3.ਅਧਿਆਪਕਾਂ ਦਾ ਫਾਇਦਾ: ਚੰਡੀਗੜ੍ਹ ਵਿੱਚ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ ਵਧੇਗੀ। ਆਮ ਕਾਲਜਾਂ ਵਿੱਚ ਸੇਵਾਮੁਕਤੀ 58 ਦੀ ਬਜਾਏ 65 ਸਾਲ ਹੋਵੇਗੀ। ਜਦੋਂ ਕਿ ਤਕਨੀਕੀ ਕਾਲਜਾਂ ਵਿੱਚ ਅਧਿਆਪਕ 60 ਦੀ ਬਜਾਏ 65 ਸਾਲਾਂ ਵਿੱਚ ਸੇਵਾਮੁਕਤ ਹੋ ਜਾਣਗੇ।

4.ਤਨਖਾਹ: ਕਰਮਚਾਰੀਆਂ ਦੀ ਤਨਖਾਹ ਵਿੱਚ 800 ਤੋਂ 2400 ਰੁਪਏ ਦਾ ਵਾਧਾ ਹੋਵੇਗਾ। ਇਸ ਦੇ ਨਾਲ ਹੀ 7ਵਾਂ ਤਨਖਾਹ ਸਕੇਲ ਲਾਗੂ ਹੋਣ ਨਾਲ ਉਨ੍ਹਾਂ ਦੀ ਤਨਖਾਹ ਵਿੱਚ 10 ਤੋਂ 15 ਫੀਸਦੀ ਦਾ ਵਾਧਾ ਹੋਵੇਗਾ। ਚੰਡੀਗੜ੍ਹ ਵਿੱਚ ਇਸ ਵੇਲੇ 6ਵਾਂ ਤਨਖਾਹ ਸਕੇਲ ਲਾਗੂ ਹੈ।

5.ਪੰਜਾਬ ‘ਤੇ ਨਿਰਭਰਤਾ ਖਤਮ: ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਮੁਲਾਜ਼ਮਾਂ ਨੂੰ ਹਰ ਹੁਕਮ ਲਈ ਪੰਜਾਬ ਸਰਕਾਰ ‘ਤੇ ਨਿਰਭਰ ਰਹਿਣਾ ਪੈਂਦਾ ਸੀ। ਜੇਕਰ ਕੇਂਦਰ ਤੋਂ ਭੱਤੇ ਜਾਂ ਹੋਰ ਲਾਭਾਂ ਲਈ ਹੁਕਮ ਆਉਂਦੇ ਸਨ ਤਾਂ ਪਹਿਲਾਂ ਪੰਜਾਬ ਨੋਟੀਫਿਕੇਸ਼ਨ ਜਾਰੀ ਕਰਦਾ ਸੀ। ਇਸ ਤੋਂ ਬਾਅਦ ਇਹ ਚੰਡੀਗੜ੍ਹ ਵਿੱਚ ਲਾਗੂ ਹੋਵੇਗਾ। ਹੁਣ ਕੇਂਦਰ ਜੋ ਨੋਟੀਫਿਕੇਸ਼ਨ ਕਰੇਗਾ, ਉਹ ਸਿੱਧੇ ਕਰਮਚਾਰੀਆਂ ‘ਤੇ ਲਾਗੂ ਹੋਵੇਗਾ।

 

 

ਪੰਜਾਬ ‘ਚ ਪ੍ਰੀਪੇਡ ਮੀਟਰ ਨਹੀਂ ਬਲਕਿ ਸਮਾਰਟ ਬਿਜਲੀ ਮੀਟਰ ਲਗਾਏ ਜਾਣਗੇ : ਹਰਭਜਨ ਸਿੰਘ ਈਟੀਓ

0

ਦਿਨੋਂ-ਦਿਨ ਵਧ ਰਹੀ ਗਰਮੀ ਕਾਰਨ ਥਰਮਲ ਪਲਾਂਟਾਂ ‘ਚ ਕੋਲੇ ਦੀ ਘਾਟ ਦਾ ਮੁੱਦਾ ਭਖਦਾ ਜਾ ਰਿਹਾ ਹੈ। ਹਾਲਾਂਕਿ ਇਸ ਸਬੰਧੀ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ (Harbhajan Singh ETO) ਨੇ ਅੱਜ ਵੱਡਾ ਬਿਆਨ ਦਿੱਤਾ ਹੈ।

ਬਿਜਲੀ ਮੰਤਰੀ ਹਰਭਜਨ ਸਿੰਘ ਨੇ ਆਖਿਆ ਹੈ ਕਿ ਪੰਜਾਬ ਵਿਚ ਬਿਜਲੀ ਦਾ ਕੋਈ ਸੰਕਟ ਪੈਦਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੋਲੇ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੂੰ ਝਾਰਖੰਡ ਭੇਜਿਆ ਗਿਆ ਹੈ। ਲੋੜ ਮੁਤਾਬਕ ਕੋਲੇ ਦਾ ਪ੍ਰਬੰਧ ਕਰ ਲਿਆ ਜਾਵੇਗਾ।

ਕੇਂਦਰ ਸਰਕਾਰ ਵੱਲੋਂ ਬਿਜਲੀ ਦੇ ਪ੍ਰੀਪੇਡ ਮੀਟਰ ਲਾਉਣ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਜੇ ਸਮਾਰਟ ਬਿਜਲੀ ਮੀਟਰ ਲਗਾਏ ਜਾਣਗੇ। ਪ੍ਰੀਪੇਡ ਮੀਟਰ ਬਾਰੇ ਅਜੇ ਕੋਈ ਵਿਚਾਰ ਨਹੀਂ ਕੀਤਾ ਗਿਆ ਹੈ। ਦੱਸ ਦਈਏ ਕਿ ਕੇਂਦਰ ਸਰਕਾਰ ਨੇ ਸਾਰੀਆਂ ਸੂਬਾ ਸਰਕਾਰ ਨੂੰ ਪ੍ਰੀਪੇਡ ਮੀਟਰ ਲਾਉਣ ਦੇ ਹੁਕਮ ਜਾਰੀ ਕੀਤੇ ਹਨ।

ਕਈ ਸੂਬਿਆਂ ਵਿਚ ਇਸ ਦਾ ਵਿਰੋਧ ਹੋ ਰਿਹਾ ਹੈ। ਪੰਜਾਬ ਵਿਚ ਕਿਸਾਨ ਜਥੇਬੰਦੀਆਂ ਵੀ ਇਸ ਫੈਸਲੇ ਦਾ ਵਿਰੋਧ ਕਰ ਰਹੀਆਂ ਹਨ। ਪਿਛਲੇ ਦਿਨੀਂ ਬਿਜਲੀ ਮੰਤਰੀ ਨੇ ਕਿਹਾ ਸੀ ਕਿ ਇਸ ਸਬੰਧੀ ਫੈਸਲੇ ਲੋਕਾਂ ਦੀ ਰਾਏ ਮੁਤਾਬਕ ਲਿਆ ਜਾਵੇਗਾ। ਅੱਜ ਬਿਜਲੀ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਪੰਜਾਬ ‘ਚ ਅਜੇ ਸਮਾਰਟ ਬਿਜਲੀ ਮੀਟਰ ਲਗਾਏ ਜਾਣਗੇ। ਪ੍ਰੀਪੇਡ ਮੀਟਰ ਬਾਰੇ ਅਜੇ ਕੋਈ ਵਿਚਾਰ ਨਹੀਂ ਕੀਤਾ ਗਿਆ ਹੈ।

ਕੌਮਾਂਤਰੀ ਮੁੱਕੇਬਾਜ਼ ਨੀਰਜ ਗੋਇਤ ਆਮ ਆਦਮੀ ਪਾਰਟੀ ‘ਚ ਹੋਏ ਸ਼ਾਮਲ

0

ਅੰਤਰਰਾਸ਼ਟਰੀ ਮੁੱਕੇਬਾਜ਼ੀ ‘ਚ ਪਹਿਲੇ ਨੰਬਰ ‘ਤੇ ਰਹੇ ਹਰਿਆਣਾ ਦੇ ਮੁੱਕੇਬਾਜ਼ ਨੀਰਜ ਗੋਇਤ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ ਹਨ। ਦਿੱਲੀ ‘ਚ ਆਮ ਆਦਮੀ ਪਾਰਟੀ ਦੇ ਹਰਿਆਣਾ ਦੇ ਇੰਚਾਰਜ ਸੁਸ਼ੀਲ ਗੁਪਤਾ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ।ਹੁਣ ਤੱਕ ਕਈ ਆਗੂਆਂ ਅਤੇ ਲੋਕਾਂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਨੀਰਜ ਗੋਇਤ ਨੇ ਕਿਹਾ ਕਿ ਉਹ ਪਾਰਟੀ ਦੀਆਂ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹਨ। ਇਸ ਲਈ ਉਨ੍ਹਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਧਰਮ ਦੀ ਰਾਜਨੀਤੀ ਨਹੀਂ ਕਰਦੀ। ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਸਿੱਖਿਆ ਅਤੇ ਸਿਹਤ ਵਿੱਚ ਚੰਗੇ ਕੰਮ ਕੀਤੇ ਗਏ। ਹੁਣ ਆਮ ਆਦਮੀ ਪਾਰਟੀ ਵੀ ਲਾਲ ਬੱਤੀ ‘ਤੇ ਖੜ੍ਹੇ ਬੱਚਿਆਂ ਨੂੰ ਪੜ੍ਹਾਏਗੀ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਖੇਡ ਕੋਟੇ ਵਿੱਚ ਰਾਖਵਾਂਕਰਨ ਨੀਤੀ ਵਿੱਚ ਕੀਤੇ ਬਦਲਾਅ ਨਾਲ ਖਿਡਾਰੀਆਂ ਨੂੰ ਨੁਕਸਾਨ ਹੋਵੇਗਾ। ਨੀਰਜ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਵਿੱਚ ਰਹਿ ਕੇ ਨੌਜਵਾਨਾਂ ਲਈ ਕੰਮ ਕਰਨਗੇ।

ਪੰਜਾਬ ਕੈਬਨਿਟ ਮੰਤਰੀਆਂ ਨੂੂੰ ਸਰਕਾਰੀ ਮਕਾਨ ਹੋਏ ਅਲਾਟ

0

ਪੰਜਾਬ ਸਰਕਾਰ ਵਲੋਂ ਨਵੇਂ ਬਣੇ 10 ਕੈਬਨਿਟ ਮੰਤਰੀਆਂ ਨੂੰ ਸਰਕਾਰੀ ਮਕਾਨ ਅਲਾਟ ਕੀਤੇ ਗਏ ਹਨ। ਇਸ ਸੰਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤੀ ਗਈ ਹੈ। ਦੇਖੋ ਕਿਹੜੇ ਮੰਤਰੀ ਨੂੰ ਕਿਹੜੀ ਰਿਹਾਇਸ਼ ਮਿਲੀ ਹੈ।

ਲੌਕੀ ਦਾ ਜੂਸ ਸਿਹਤ ਲਈ ਹੁੰਦਾ ਹੈ ਫਾਇਦੇਮੰਦ, ਭਾਰ ਘਟਾਉਣ ਤੋਂ ਲੈ ਕੇ ਮਿਲਦੇ ਹਨ ਇਹ ਫਾਇਦੇ

0

ਭਾਰ ਜ਼ਿਆਦਾ ਹੋਣ ਕਾਰਨ ਕਈ ਹੋਰ ਬਿਮਾਰੀਆਂ ਵੀ ਘੇਰਾ ਪਾ ਲੈਂਦੀਆਂ ਹਨ। ਅੱਜ ਕੱਲ੍ਹ ਭਾਰ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਅੱਧੀਆਂ ਬਿਮਾਰੀਆਂ ਭਾਰ ਵਧਣ ਕਾਰਨ ਪਰੇਸ਼ਾਨ ਕਰਦੀਆਂ ਹਨ। ਇਸ ਲਈ ਹਰ ਕੋਈ ਭਾਰ ਘਟਾਉਣ ਦੀ ਕੋਸ਼ਿਸ਼ ਕਰਦਾ ਹੈ। ਜੇਕਰ ਤੁਸੀਂ ਵੀ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਲੌਕੀ ਦਾ ਜੂਸ ਪੀਓ। ਇਸ ‘ਚ ਕੈਲੋਰੀ ਅਤੇ ਫੈਟ ਬਹੁਤ ਘੱਟ ਹੁੰਦੀ ਹੈ, ਜਿਸ ਕਾਰਨ ਭਾਰ ਕੰਟਰੋਲ ‘ਚ ਰਹਿੰਦਾ ਹੈ।

ਲੌਕੀ ਵਿੱਚ ਫਾਈਬਰ ਦੇ ਨਾਲ-ਨਾਲ 98 ਪ੍ਰਤੀਸ਼ਤ ਪਾਣੀ ਵੀ ਭਰਪੂਰ ਹੁੰਦਾ ਹੈ, ਇਸ ਲਈ ਇਹ ਪਾਚਨ ਪ੍ਰਣਾਲੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਬਹੁਤ ਮਦਦਗਾਰ ਹੈ। ਪੇਟ ਠੀਕ ਰਹੇ ਤਾਂ ਵਿਅਕਤੀ ਦੀਆਂ ਅੱਧੀਆਂ ਤਕਲੀਫਾਂ ਦੂਰ ਹੋ ਜਾਂਦੀਆਂ ਹਨ। ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਹੈ, ਉਨ੍ਹਾਂ ਨੂੰ ਲੌਕੀ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ।

ਲੌਕੀ ਦਾ ਜੂਸ ਵੀ ਦਿਲ ਦੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਜੇਕਰ ਇਸ ਦਾ ਲਗਾਤਾਰ ਤਿੰਨ ਮਹੀਨੇ ਤੱਕ ਸੇਵਨ ਕੀਤਾ ਜਾਵੇ ਤਾਂ ਕੋਲੈਸਟ੍ਰਾਲ ਦਾ ਪੱਧਰ ਕੰਟਰੋਲ ‘ਚ ਰਹਿੰਦਾ ਹੈ ਅਤੇ ਦਿਲ ਨਾਲ ਜੁੜੀਆਂ ਸਾਰੀਆਂ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।

ਖਾਲੀ ਪੇਟ ਲੌਕੀ ਦਾ ਜੂਸ ਤੁਹਾਡੇ ਸਰੀਰ ਨੂੰ ਡੀਟੌਕਸ ਕਰਨ ਦਾ ਕੰਮ ਕਰਦਾ ਹੈ। ਇਸ ਨਾਲ ਸਰੀਰ ਨੂੰ ਪੋਸ਼ਕ ਤੱਤ ਵੀ ਮਿਲਦੇ ਹਨ ਅਤੇ ਭਾਰ ਵੀ ਨਹੀਂ ਵਧਦਾ। ਸਰੀਰ ਦਾ ਐਨਰਜੀ ਲੈਵਲ ਬਰਕਰਾਰ ਰਹਿੰਦਾ ਹੈ। ਇਸ ਦੇ ਨਾਲ ਹੀ ਸਰੀਰ ਨੂੰ ਠੰਡਕ ਮਿਲਦੀ ਹੈ।

ਲੌਕੀ ‘ਚ ਕੁਝ ਅਜਿਹੇ ਤੱਤ ਹੁੰਦੇ ਹਨ ,ਜੋ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਸਹੀ ਢੰਗ ਨਾਲ ਕੰਮ ਕਰਨ ‘ਚ ਮਦਦ ਕਰਦੇ ਹਨ ਅਤੇ ਨਾਲ ਹੀ ਤਣਾਅ, ਡਿਪ੍ਰੈਸ਼ਨ, ਡਿਮੇਨਸ਼ੀਆ, ਅਲਜ਼ਾਈਮਰ ਆਦਿ ਮਾਨਸਿਕ ਰੋਗਾਂ ਤੋਂ ਬਚਾਅ ਕਰਦੇ ਹਨ।

CM ਭਗਵੰਤ ਮਾਨ ਪਹੁੰਚੇ ਪੰਜਾਬੀ ਯੂਨੀਵਰਸਿਟੀ ਪਟਿਆਲਾ

0

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਹੁੰਚ ਚੁੱਕੇ ਹਨ। ਦੁਪਹਿਰ ਸਮੇਂ ਹੋਣ ਵਾਲੇ ਇਸ ਸਮਾਗਮ ਦੌਰਾਨ ਯੂਨੀਵਰਸਿਟੀ ਦੇ ਗੁਰੂ ਤੇਗ ਬਹਾਦਰ ਹਾਲ ਵਿਚ ਮੁੱਖ ਮੰਤਰੀ ਵੱਲੋਂ ਵਿਦਿਆਰਥੀਆਂ, ਅਧਿਆਪਕ ਅਤੇ ਸਮੂਹ ਸਟਾਫ ਨੂੰ ਸੰਬੋਧਨ ਕੀਤਾ ਜਾਵੇਗਾ। ਇਸ ਸੰਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸਾਰਿਆਂ ਨੂੰ ਪੱਤਰ ਭੇਜ ਕੇ ਗੁਰੂ ਤੇਗ ਬਹਾਦਰ ਹਾਲ ਵਿੱਚ ਸਮੇਂ ਸਿਰ ਪੁੱਜਣ ਲਈ ਕਿਹਾ ਗਿਆ।

ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਫੇਰੀ ਦੌਰਾਨ ਯੂਨੀਵਰਸਿਟੀ ਨੂੰ ਵਿੱਤੀ ਸਹਾਇਤਾ ਮਿਲਣ ਦੀ ਆਸ ਮੁੜ ਜਾਗੀ ਹੈ। ਦੱਸਣਾ ਬਣਦਾ ਹੈ ਕਿ ਯੂਨੀਵਰਸਿਟੀ ਵਿੱਤੀ ਸੰਕਟ ਨਾਲ ਜੂਝ ਰਹੀ ਹੈ। ਤਨਖਾਹਾਂ ਅਤੇ ਪੈਨਸ਼ਨ ਵੀ ਸਮੇਂ ਸਿਰ ਨਾ ਮਿਲ ਰਹੀਆਂ, ਉਥੇ ਹੀ ਕਈ ਪ੍ਰਾਜੈਕਟ ਪੂਰੇ ਨਹੀਂ ਹੋ ਰਹੇ ਹਨ। ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਰਹੇ ਚਰਨਜੀਤ ਸਿੰਘ ਚੰਨੀ ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਵਿੱਚ ਹੀ ਅਜਿਹੇ ਇਕ ਸਮਾਗਮ ਦੌਰਾਨ ਯੂਨੀਵਰਸਿਟੀ ਨੂੰ 20 ਕਰੋੜ ਦੀ ਪੱਕੀ ਗਰਾਂਟ ਅਤੇ 150 ਕਰੋੜ ਦਾ ਬੈਂਕ ਕਰਜਾ ਸਰਕਾਰ ਵਲੋਂ ਦਿੱਤੇ ਜਾਣ ਦਾ ਐਲਾਨ ਕੀਤਾ ਸੀ ਜੋ ਅਜੇ ਤੱਕ ਪੂਰਾ ਨਹੀਂ ਹੋਇਆ ਹੈ। ਹੁਣ ਭਗਵੰਤ ਸਿੰਘ ਮਾਨ ਦੀ ਇਸ ਫੇਰੀ ਦੌਰਾਨ ਯੂਨੀਵਰਸਿਟੀਆਂ ਕਰਜ਼ਾ ਮੁਕਤ ਅਤੇ ਗਰਾਂਟ ਮਿਲਣ ਦੀ ਆਸ ਹੈ।

ਤਾਲਿਬਾਨ ਨੇ ਪੁਰਸ਼ਾਂ ਲਈ ਕੀਤਾ ਨਵਾਂ ਫਰਮਾਨ ਜਾਰੀ

0

ਅਫਗਾਨਿਸਤਾਨ ਵਿੱਚ ਤਾਲਿਬਾਨ ਸ਼ਾਸਨ ਦੇ ਆਉਣ ਤੋਂ ਬਾਅਦ ਲਗਾਤਾਰ ਕੱਟੜਪੰਥੀ ਹੁਕਮ ਜਾਰੀ ਕੀਤੇ ਜਾ ਰਹੇ ਹਨ। ਇਸ ਕੜੀ ‘ਚ ਹੁਣ ਤਾਲਿਬਾਨ ਨੇ ਨਵਾਂ ਹੁਕਮ ਜਾਰੀ ਕੀਤਾ ਹੈ। ਔਰਤਾਂ ਨੂੰ ਸਿੱਖਿਆ ਤੋਂ ਵਾਂਝੇ ਰੱਖਣ ਤੋਂ ਬਾਅਦ ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਹੁਣ ਮਰਦਾਂ ਲਈ ਨਵਾਂ ਫਰਮਾਨ ਜਾਰੀ ਕੀਤਾ ਹੈ। ਇਸ ਤਹਿਤ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਦਾੜ੍ਹੀ ਰੱਖਣੀ ਹੋਵੇਗੀ ਅਤੇ ਤੈਅ ਡਰੈੱਸ ਕੋਡ ਦੀ ਪਾਲਣਾ ਕਰਨੀ ਹੋਵੇਗੀ। ਇਸ ਆਦੇਸ਼ ਦੀ ਪਾਲਣਾ ਨਾ ਕਰਨ ‘ਤੇ ਉਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ ਹੈ।

ਪਿਛਲੇ ਹਫਤੇ ਹੀ ਤਾਲਿਬਾਨ ਨੇ ਮਹਿਲਾਵਾਂ ਲਈ ਕਈ ਵਿਵਾਵਿਤ ਫੈਸਲੇ ਕੀਤੇ। ਉਨ੍ਹਾਂ ਨੇ ਮਹਿਲਾਵਾਂ ਲਈ ਹਵਾਈ ਯਾਤਰਾ ਕਰਨ ਸਮੇਂ ਕਿਸੇ ਪੁਰਸ਼ ਰਿਸ਼ਤੇਦਾਰ ਦਾ ਨਾਲ ਹੋਣਾ ਜ਼ਰੂਰੀ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਮਹਿਲਾਵਾਂ ਨਾਲ ਦੇਸ਼ ‘ਚ ਤੇ ਦੇਸ਼ ਤੋਂ ਬਾਹਰ ਹਵਾਈ ਸਫ਼ਰ ਕਰਨ ਸਮੇਂ ਪੁਰਸ਼ ਦਾ ਨਾਲ ਹੋਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਤਾਲਿਬਾਨ ਨੇ ਲੜਕੀਆਂ ਦੇ ਸਕੂਲ ਜਾਣ ‘ਤੇ ਵੀ ਰੋਕ ਲਗਾਈ ਹੋਈ ਹੈ। ਉਨ੍ਹਾਂ ਨੇ ਕਿਹਾ ਸੀ ਕਿ ਉਹ ਲੜਕੀਆਂ ਲਈ ਹਾਈ ਸਕੂਲ ਖੋਲ ਦੇਣਗੇ ਪਰ ਉਨ੍ਹਾਂ ਨੇ ਸਕੂਲ ਖੋਲ੍ਹਣ ਵਾਲੇ ਦਿਨ ਹੀ ਆਪਣਾ ਫੈਸਲਾ ਬਦਲ ਦਿੱਤਾ ਸੀ। ਉਨ੍ਹਾਂ ਦੇ ਇਸ ਫੈਸਲੇ ਦੀ ਬਹੁਤ ਅਲੋਚਨਾ ਹੋਈ ਸੀ।

ਲੰਬੀ ‘ਚ ਕਿਸਾਨਾਂ ‘ਤੇ ਹੋਇਆ ਲਾਠੀਚਾਰਜ, 7 ਕਿਸਾਨ ਤੇ ਮਜ਼ਦੂਰ ਹੋਏ ਜਖ਼ਮੀ

0

ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਗੁਲਾਬੀ ਸੁੰਡੀ ਨਾਲ ਨੁਕਸਾਨੀ ਗਈ ਫ਼ਸਲ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਲੰਬੀ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਤੇ ਨਾਲ ਹੀ ਨਾਇਬ ਤਹਿਸੀਲਦਾਰ ਸਮੇਤ ਹੋਰ ਅਧਿਕਾਰੀਆਂ ਨੂੰ ਤਹਿਸੀਲ ਵਿਚ ਬੰਧਕ ਬਣਾ ਲਿਆ ਸੀ। ਇਸ ਦੌਰਾਨ ਪੁਲਿਸ ਨੇ ਦੇਰ ਰਾਤ ਕਿਸਾਨਾਂ ’ਤੇ ਲਾਠੀਚਾਰਜ ਵੀ ਕੀਤਾ ਅਤੇ ਸਾਰੇ ਅਧਿਕਾਰੀਆਂ ਨੂੰ ਉਥੋਂ ਛੁਡਵਾਇਆ। ਹੁਣ ਲੰਬੀ ਥਾਣੇ ਵਿੱਚ ਇੱਕ ਤੋਂ ਡੇਢ ਸੌ ਕਿਸਾਨਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਬੀਤੀ ਰਾਤ ਭਾਰੀ ਗਿਣਤੀ ਵਿਚ ਪੁਲਿਸ ਨੇ ਮੁਆਵਜ਼ੇ ਲਈ ਸਬ ਤਹਿਸੀਲ ਲੰਬੀ ਦਾ ਘਿਰਾਓ ਕਰਨ ਵਾਲੇ ਕਿਸਾਨਾਂ ‘ਤੇ ਲਾਠੀਚਾਰਜ ਕਰਕੇ ਦਫ਼ਤਰ ‘ਚ ਬੰਧੀ ਬਣਾਏ ਨਾਇਬ ਤਹਿਸੀਲਦਾਰ ਅਮਲੇ ਨੂੰ ਛੁਡਵਾਇਆ। ਲਾਠੀਚਾਰਜ਼ ‘ਚ ਛੇ ਕਿਸਾਨ ਅਤੇ ਇੱਕ ਖੇਤ ਮਜ਼ਦੂਰ ਆਗੂ ਜ਼ਖ਼ਮੀ ਹੋਇਆ ਹੈ, ਜਿਨ੍ਹਾਂ ਨੂੰ ਸਰਕਾਰੀ ਸਿਹਤ ਕੇਂਦਰ ਲੰਬੀ ‘ਚ ਦਾਖ਼ਲ ਕਰਵਾਇਆ ਗਿਆ ਹੈ। ਦੂਜੇ ਪਾਸੇ ਰਾਤ ਨੂੰ ਕਰੀਬ 11 ਵਜੇ ਪਟਵਾਰੀ ਯੂਨੀਅਨ ਨੇ ਨਾਇਬ ਤਹਿਸੀਲਦਾਰ ਨੂੰ ਬੰਧੀ ਬਣਾਉਣ ਖ਼ਿਲਾਫ਼ ਸੜਕ ਜਾਮ ਕਰ ਦਿੱਤੀ ਗਈ। ਕੱਲ੍ਹ ਦੁਪਹਿਰ ਕਿਸਾਨਾਂ ਵੱਲੋਂ ਦਫ਼ਤਰ ’ਚ ਨਾਇਬ ਤਹਿਸੀਲਦਾਰ, ਤਿੰਨ ਪਟਵਾਰੀ, ਤਿੰਨ ਕਲਰਕ ਅਤੇ ਦੋ ਅਪਰੇਟਰ ਅਤੇ ਡਰਾਈਵਰ ਸਮੇਤ 10 ਜਣੇ ਦਫ਼ਤਰ ‘ਚ ਘੇਰ ਲਏ ਸਨ।

ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਕੱਲ੍ਹ ਜਥੇਬੰਦੀ ਦੀ ਅਗਵਾਈ ਵਿੱਚ ਸੈਂਕੜੇ ਕਿਸਾਨਾਂ ਵੱਲੋਂ ਲੰਬੀ ਦੇ ਤਹਿਸੀਲਦਾਰ ਦਾ ਘਿਰਾਓ ਕੀਤਾ ਹੋਇਆ ਸੀ, ਜਿੱਥੇ ਪੁਲਿਸ ਵੱਲੋਂ ਕਿਸਾਨਾਂ ‘ਤੇ ਅੱਧੀ ਰਾਤ ਨੂੰ ਲਾਠੀਚਾਰਜ ਕੀਤਾ ਗਿਆ, ਜਿਸ ਨਾਲ ਕਈ ਕਿਸਾਨ ਫੱਟੜ ਹੋਏ ਹਨ। ਦੂਜੇ ਪਾਸੇ ਪੁਲਿਸ ਨੇ ਲਾਠੀਚਾਰਜ ਦੇ ਦੋਸ਼ਾਂ ਨੂੰ ਨਕਾਰਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੀ ਕਿਸਾਨ ਕਿਸਾਨ ਏਕਤਾ ਮੋਰਚਾ ਨੇ ਸਖ਼ਤ ਨਿੰਦਾ ਕੀਤੀ ਹੈ।