Home Blog Page 1932

ਰਾਜਮਾਂਹ ਦਾ ਸੇਵਨ ਕੋਲੈਸਟਰੋਲ ਨੂੰ ਕਰਦਾ ਹੈ ਕੰਟਰੋਲ, ਜਾਣੋ ਹੋਰ ਫਾਇਦੇ

0

ਬਹੁਤ ਸਾਰੇ ਲੋਕ ਰਾਜਮਾਂਹ ਦਾ ਸੇਵਨ ਬੜੇ ਹੀ ਚਾਅ ਨਾਲ ਕਰਦੇ ਹਨ। ਉਸੇ ਤਰ੍ਹਾਂ ਮੈਕਸੀਕਨ ਫੂਡ ‘ਚ ਵੀ ਇਹ ਪ੍ਰਮੁੱਖ ਰੂਪ ਨਾਲ ਵਰਤੋਂ ‘ਚ ਲਿਆਂਦਾ ਜਾਂਦਾ ਹੈ। ਰਾਜਮਾਂਹ ਨੂੰ ‘ਕਿਡਨੀ ਬੀਨਸ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕੁਝ ਲੋਕ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਨੂੰ ਰਾਜਮਾਂਹ ਦੀ ਦਾਲ ਨੁਕਸਾਨ ਕਰਦੀ ਹੈ। ਆਓ ਅੱਜ ਤੁਹਾਨੂੰ ਇਸ ਆਰਟੀਕਲ ਰਾਹੀਂ ਰਾਜਮਾਂਹ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਦੇ ਹਾਂ…

ਤਾਕਤ ਦਾ ਚੰਗਾ ਸਰੋਤ
ਰਾਜਮਾਂਹ ‘ਚ ਜ਼ਿਆਦਾ ਮਾਤਰਾ ‘ਚ ਆਇਰਨ ਮੌਜੂਦ ਹੁੰਦਾ ਹੈ, ਜੋ ਸਰੀਰ ਨੂੰ ਤਾਕਤ ਦੇਣ ਦਾ ਕੰਮ ਕਰਦਾ ਹੈ। ਸਰੀਰ ਦੇ ਮੈਟਾਬਾਲੀਜ਼ਮ ਅਤੇ ਊਰਜਾ ਲਈ ਆਇਰਨ ਦੀ ਜ਼ਰੂਰਤ ਹੁੰਦੀ ਹੈ, ਜੋ ਰਾਜਮਾਂਹ ਖਾਣ ਨਾਲ ਪੂਰੀ ਹੋ ਜਾਂਦੀ ਹੈ। ਇਸ ਦੇ ਨਾਲ ਹੀ ਇਹ ਸਰੀਰ ‘ਚ ਆਕਸੀਜਨ ਦੇ ਸਰਕੁਲੇਸ਼ਨ ਨੂੰ ਵੀ ਵਧਾਉਂਦਾ ਹੈ।

ਕੋਲੈਸਟਰੋਲ ਨੂੰ ਕਰੇ ਕੰਟਰੋਲ
ਰਾਜਮਾਂਹ ‘ਚ ਜ਼ਿਆਦਾ ਮਾਤਰਾ ‘ਚ ਮੈਗਨੀਸ਼ੀਅਮ ਮੌਜੂਦ ਹੁੰਦਾ ਹੈ, ਇਸ ਦੇ ਨਾਲ ਹੀ ਇਹ ਕੋਲੈਸਟਰੋਲ ਦੇ ਪੱਧਰ ਨੂੰ ਵੀ ਕੰਟਰੋਲ ‘ਚ ਰੱਖਣ ਦਾ ਕੰਮ ਕਰਦਾ ਹੈ। ਇਸ ‘ਚ ਮੌਜੂਦ ਮੈਗਨੀਸ਼ੀਅਮ ਦੀ ਮਾਤਰਾ ਦਿਲ ਨਾਲ ਜੁੜੀਆਂ ਬੀਮਾਰੀਆਂ ਨਾਲ ਲੜਣ ‘ਚ ਲਾਭਦਾਇਕ ਹੁੰਦੀ ਹੈ।

ਬਲੱਡ ਸ਼ੂਗਰ ਨੂੰ ਰੱਖੇ ਕੰਟਰੋਲ ‘ਚ
ਰਾਜਮਾਂਹ ‘ਚ ਜ਼ਿਆਦਾ ਮਾਤਰਾ ‘ਚ ਫਾਈਬਰ ਮੌਜੂਦ ਹੁੰਦੇ ਹਨ, ਜੋ ਪਾਚਨ ਕਿਰਿਆ ਨੂੰ ਸਹੀ ਬਣਾਈ ਰੱਖਦੇ ਹਨ। ਇਸ ਦੇ ਨਾਲ ਹੀ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਕੰਟਰੋਲ ਰੱਖਣ ‘ਚ ਮਦਦ ਕਰਦੇ ਹਨ।

ਭਾਰ ਨੂੰ ਕਰੇ ਕੰਟਰੋਲ ਅਤੇ ਕੈਲੋਰੀ ਦੀ ਸਹੀ ਮਾਤਰਾ
ਰਾਜਮਾਂਹ ‘ਚ ਜਿਸ ਮਾਤਰਾ ‘ਚ ਕੈਲੋਰੀ ਮੌਜੂਦ ਹੁੰਦੀ ਹੈ, ਉਹ ਹਰ ਉਮਰ ਲਈ ਸਹੀ ਹੁੰਦੀ ਹੈ। ਤੁਸੀਂ ਚਾਹੋ ਤਾਂ ਇਸ ਨੂੰ ਦਾਲ/ਸਬਜ਼ੀ ਤੋਂ ਇਲਾਵਾ ਸਲਾਦ ਅਤੇ ਸੂਪ ਦੇ ਰੂਪ ‘ਚ ਵੀ ਲੈ ਖਾ ਸਕਦੇ ਹੋ। ਅਜਿਹੇ ਲੋਕ ਜੋ ਆਪਣੇ ਭਾਰ ਨੂੰ ਕੰਟਰੋਲ ‘ਚ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਲੰਚ ‘ਚ ਰਾਜਮਾਂਹ ਦਾ ਸਲਾਦ ਅਤੇ ਸੂਪ ਲੈਣਾ ਫਾਇਦੇਮੰਦ ਰਹੇਗਾ।

ਦਿਮਾਗ ਲਈ ਫਾਇਦੇਮੰਦ
ਰਾਜਮਾਂਹ ਖਾਣ ਨਾਲ ਦਿਮਾਗ ਨੂੰ ਬਹੁਤ ਫਾਇਦਾ ਹੁੰਦਾ ਹੈ। ਇਸ ‘ਚ ਭਰਪੂਰ ਮਾਤਰਾ ‘ਚ ਵਿਟਾਮਿਨ-ਕੇ ਮੌਜੂਦ ਹੁੰਦਾ ਹੈ ਜੋ ਕਿ ਨਰਵਿਸ ਸਿਸਟਮ ਨੂੰ ਬੂਸਟ ਕਰਨ ਦਾ ਕੰਮ ਕਰਦਾ ਹੈ। ਇਸ ਦੇ ਨਾਲ ਹੀ ਇਹ ਵਿਟਾਮਿਨ-ਬੀ ਦਾ ਵੀ ਚੰਗਾ ਸਰੋਤ ਹੈ, ਜੋ ਕਿ ਦਿਮਾਗ ਦੀਆਂ ਕੋਸ਼ੀਕਾਵਾਂ ਲਈ ਬਹੁਤ ਜ਼ਰੂਰੀ ਹੈ।

 

ਦੀਵਾਲੀ ਮੌਕੇ ਲਾਂਚ ਹੋਵੇਗਾ ਦੁਨੀਆ ਦਾ ਸਭ ਤੋਂ ਵੱਡਾ ਨੈਟਵਰਕ ਰਿਲਾਇੰਸ JIO 5G

0

ਆਰਆਈਐਲ ਦੇ ਚੇਅਰਮੈਨ ਅਤੇ ਐਮਡੀ ਮੁਕੇਸ਼ ਅੰਬਾਨੀ ਨੇ JIO-5G ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਮੁਕੇਸ਼ ਅੰਬਾਨੀ ਨੇ ਕਿਹਾ ਕਿ ਜੀਓ ਦੀਵਾਲੀ 2022 ਤੱਕ ਦੇਸ਼ ਵਿੱਚ ਆਪਣੀ 5ਜੀ ਸੇਵਾ ਸ਼ੁਰੂ ਕਰੇਗੀ। ਰਿਲਾਇੰਸ ਜੀਓ 2 ਲੱਖ ਕਰੋੜ ਦੇ ਨਿਵੇਸ਼ ਨਾਲ ਦੁਨੀਆ ਦਾ ਸਭ ਤੋਂ ਵੱਡਾ ਨੈੱਟਵਰਕ ਸਥਾਪਤ ਕਰੇਗਾ।

ਮੁਕੇਸ਼ ਅੰਬਾਨੀ ਨੇ ਰਿਲਾਇੰਸ ਇੰਡਸਟਰੀਜ਼ ਲਿਮਟਿਡ ਬਾਰੇ ਕਿਹਾ ਕਿ ਸਾਡੀ ਕੰਪਨੀ 100 ਬਿਲੀਅਨ ਡਾਲਰ ਦੀ ਸਾਲਾਨਾ ਆਮਦਨ ਨੂੰ ਪਾਰ ਕਰਨ ਵਾਲੀ ਭਾਰਤ ਦੀ ਪਹਿਲੀ ਕਾਰਪੋਰੇਟ ਬਣ ਗਈ ਹੈ। ਰਿਲਾਇੰਸ ਦਾ ਏਕੀਕ੍ਰਿਤ ਮਾਲੀਆ 47% ਵਧ ਕੇ 7.93 ਲੱਖ ਕਰੋੜ ਰੁਪਏ ਜਾਂ $104.6 ਬਿਲੀਅਨ ਹੋ ਗਿਆ। ਰਿਲਾਇੰਸ ਦਾ ਸਾਲਾਨਾ ਏਕੀਕ੍ਰਿਤ EBITDA 1.25 ਲੱਖ ਕਰੋੜ ਦੇ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕਰ ਗਿਆ ਹੈ।

ਮੁਕੇਸ਼ ਅੰਬਾਨੀ ਨੇ ਕਿਹਾ ਦੁਨੀਆ ਦੇ ਕੁਝ ਹਿੱਸਿਆਂ ਵਿੱਚ ਗੰਭੀਰ ਆਰਥਿਕ ਤਣਾਅ ਹੈ। ਇਸ ਆਰਥਿਕ ਅਤੇ ਸਿਆਸੀ ਅਸਥਿਰਤਾ ਦੇ ਵਿਚਕਾਰ ਭਾਰਤ ਮਜ਼ਬੂਤ ​​ਖੜ੍ਹਾ ਹੈ। ਮੈਂ ਇਸ ਲਈ ਪ੍ਰਧਾਨ ਮੰਤਰੀ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਵਧਾਈ ਦਿੰਦਾ ਹਾਂ।

ਮੁਕੇਸ਼ ਅੰਬਾਨੀ ਨੇ ਸੋਮਵਾਰ ਨੂੰ ਰਿਲਾਇੰਸ ਦੀ AGM ਵਿੱਚ ਐਲਾਨ ਕੀਤਾ ਕਿ JIO-5G ਦੀਵਾਲੀ 2022 ਵਿੱਚ ਲਾਂਚ ਕੀਤਾ ਜਾਵੇਗਾ। ਰਿਲਾਇੰਸ 5ਜੀ ਨੈੱਟਵਰਕ ‘ਚ 2 ਲੱਖ ਕਰੋੜ ਦਾ ਨਿਵੇਸ਼ ਕਰੇਗੀ।

ਮੁਕੇਸ਼ ਅੰਬਾਨੀ ਨੇ RIL AGM ਵਿੱਚ ਕਿਹਾ – ਡਿਜੀਟਲ ਪਲੇਟਫਾਰਮ ਦੁਨੀਆ ਭਰ ਦੇ ਹੋਰ ਸ਼ੇਅਰਧਾਰਕਾਂ ਨੂੰ AGM ਵਿੱਚ ਹਿੱਸਾ ਲੈਣ ਦੇ ਯੋਗ ਬਣਾਉਂਦਾ ਹੈ। ਹਾਲਾਂਕਿ ਮੈਂ ਸਾਡੀ ਨਿੱਜੀ ਗੱਲਬਾਤ ਦੀ ਨਿੱਘ ਅਤੇ ਦੋਸਤਾਨਾਤਾ ਨੂੰ ਯਾਦ ਕਰਦਾ ਹਾਂ। ਮੈਨੂੰ ਪੂਰੀ ਉਮੀਦ ਹੈ ਕਿ ਅਗਲੇ ਸਾਲ ਅਸੀਂ ਇੱਕ ਹਾਈਬ੍ਰਿਡ ਮੋਡ ‘ਤੇ ਸਵਿਚ ਕਰਨ ਦੇ ਯੋਗ ਹੋਵਾਂਗੇ, ਜੋ ਭੌਤਿਕ ਅਤੇ ਡਿਜੀਟਲ ਮੋਡਾਂ ਦੇ ਸਭ ਤੋਂ ਵਧੀਆ ਨੂੰ ਜੋੜ ਦੇਵੇਗਾ।

ਮੁਕੇਸ਼ ਅੰਬਾਨੀ- ਸਾਡੀ ਕੰਪਨੀ ਸਲਾਨਾ ਮਾਲੀਏ ਵਿੱਚ $100 ਬਿਲੀਅਨ ਨੂੰ ਪਾਰ ਕਰਨ ਵਾਲੀ ਭਾਰਤ ਵਿੱਚ ਪਹਿਲੀ ਕਾਰਪੋਰੇਟ ਬਣ ਗਈ ਹੈ। ਰਿਲਾਇੰਸ ਦਾ ਏਕੀਕ੍ਰਿਤ ਮਾਲੀਆ 47% ਵਧ ਕੇ 7.93 ਲੱਖ ਕਰੋੜ ਰੁਪਏ ਜਾਂ $104.6 ਬਿਲੀਅਨ ਹੋ ਗਿਆ। ਰਿਲਾਇੰਸ ਦਾ ਸਾਲਾਨਾ ਏਕੀਕ੍ਰਿਤ EBITDA 1.25 ਲੱਖ ਕਰੋੜ ਦੇ ਮਹੱਤਵਪੂਰਨ ਮੀਲ ਪੱਥਰ ਨੂੰ ਪਾਰ ਕਰ ਗਿਆ।

ਪਾਕਿਸਤਾਨ ’ਚ ਭਾਰੀ ਮੀਂਹ ਤੇ ਹੜ੍ਹ ਨੇ ਮਚਾਈ ਤਬਾਹੀ, 110 ਜ਼ਿਲ੍ਹੇ ਹੋਏ ਪ੍ਰਭਾਵਿਤ

0

ਪਾਕਿਸਤਾਨ ’ਚ ਭਾਰੀ ਮੀਂਹ ਤੇ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। ਬਹੁਤ ਸਾਰੇ ਲੋਕ ਇਸ ਹੜ੍ਹ ਕਾਰਨ ਪ੍ਰਭਾਵਿਤ ਹੋਏ ਹਨ। ਲੱਖਾਂ ਲੋਕ ਬੇਘਰ ਹੋ ਗਏ ਹਨ। ਹਾਲਾਤ ਅਜਿਹੇ ਬਣੇ ਹੋਏ ਹਨ ਕਿ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 1000 ਤੋਂ ਪਾਰ ਹੋ ਚੁੱਕੀ ਹੈ। ਇਸ ਤੋਂ ਇਲਾਵਾ 3 ਕਰੋੜ ਤੋਂ ਵੱਧ ਲੋਕ ਹੜ੍ਹ ਕਾਰਨ ਪ੍ਰਭਾਵਿਤ ਹੋਏ ਹਨ ਤੇ 10 ਲੱਖ ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

14 ਜੂਨ 2022 ਤੋਂ ਪਾਕਿਸਤਾਨ ਵਿਚ ਲਗਾਤਾਰ ਮੀਂਹ ਪੈਣ ਕਾਰਨ ਕਈ ਜ਼ਿਲ੍ਹਿਆਂ ਵਿਚ ਹੜ੍ਹ ਆ ਗਏ। ਇਸ ਕਾਰਨ ਹੁਣ ਤੱਕ ਕਰੀਬ 1,033 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚ 207 ਔਰਤਾਂ ਅਤੇ 348 ਬੱਚੇ ਸ਼ਾਮਲ ਹਨ। ਹੁਣ ਤੱਕ 1500 ਤੋਂ ਵੱਧ ਲੋਕ ਜ਼ਖਮੀ ਹੋ ਚੁੱਕੇ ਹਨ। ਇਸ ਅੰਕੜੇ ਵਿੱਚ ਸਭ ਤੋਂ ਵੱਧ ਮੌਤਾਂ ਸਿੰਧ ਸੂਬੇ ਵਿਚ ਹੋਈਆਂ ਹਨ। ਦੇਸ਼ ਭਰ ਵਿਚ ਘੱਟੋ-ਘੱਟ 3,451.5 ਕਿਲੋਮੀਟਰ ਸੜਕਾਂ ਅਤੇ 149 ਪੁਲ ਤਬਾਹ ਹੋ ਗਏ ਹਨ। ਇਸ ਤੋਂ ਇਲਾਵਾ 6 ਡੈਮਾਂ ਦੇ ਟੁੱਟਣ ਦੀ ਵੀ ਸੂਚਨਾ ਹੈ।

ਮੀਡੀਆ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਕਰੀਬ 110 ਜ਼ਿਲ੍ਹੇ ਇਸ ਤਬਾਹੀ ਦੀ ਲਪੇਟ ਵਿਚ ਹਨ। ਇਨ੍ਹਾਂ ਵਿੱਚੋਂ 72 ਜ਼ਿਲ੍ਹਿਆਂ ਨੂੰ ਆਫ਼ਤ ਪ੍ਰਭਾਵਿਤ ਐਲਾਨਿਆ ਗਿਆ ਹੈ। ਸਭ ਤੋਂ ਗੰਭੀਰ ਸਥਿਤੀ ਸਿੰਧ, ਕਰਾਚੀ, ਪੰਜਾਬ, ਖੈਬਰ ਪਖਤੂਨਖਵਾ, ਬਲੋਚਿਸਤਾਨ ਸੂਬੇ ਵਿਚ ਬਣੀ ਹੋਈ ਹੈ। ਇੱਥੇ ਹੀ ਸਭ ਤੋਂ ਵੱਧ ਤਬਾਹੀ ਦੇਖਣ ਨੂੰ ਮਿਲ ਰਹੀ ਹੈ। ਜੇਕਰ ਸਿੰਧ ਦੀ ਗੱਲ ਕਰੀਏ ਤਾਂ 23 ਜ਼ਿਲ੍ਹੇ ਹੜ੍ਹ ਦੀ ਲਪੇਟ ‘ਚ ਹਨ ਅਤੇ ਲਗਭਗ 1.45 ਕਰੋੜ ਆਬਾਦੀ ਇਸ ਨਾਲ ਪ੍ਰਭਾਵਿਤ ਹੈ। ਬਲੋਚਿਸਤਾਨ ਦੇ 34 ਜ਼ਿਲ੍ਹਿਆਂ ਵਿਚ ਹੜ੍ਹ ਨਾਲ 91 ਲੱਖ ਤੋਂ ਵੱਧ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਪਾਕਿਸਤਾਨ ਵਿਚ ਹੜ੍ਹ ਆਉਣ ਕਾਰਨ ਦੇਸ਼ ਨੂੰ ਅਰਬਾਂ ਰੁਪਏ ਦਾ ਨੁਕਸਾਨ ਹੋਇਆ ਹੈ।

BJP ਨੂੰ ਸੱਤਾ ਤੋਂ ਬਾਹਰ ਕਰਨਾ ਮੇਰੀ ਆਖਰੀ ਲੜਾਈ : ਮਮਤਾ ਬੈਨਰਜੀ

0

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਜਪਾ ਨੂੰ ਲੈ ਕੇ ਵੱਡੀ ਗੱਲ ਕਹੀ ਹੈ। ਉਨ੍ਹਾਂ ਨੇ ਕਿਹਾ ਕਿ 2024 ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਕੇਂਦਰ ਦੀ ਸੱਤਾ ਤੋਂ ਬਾਹਰ ਕਰਨਾ ਉਨ੍ਹਾਂ ਦੀ “ਆਖਰੀ ਲੜਾਈ” ਹੋਵੇਗੀ। ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੀ ਮੁਖੀ ਬੈਨਰਜੀ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣਾ ਹੋਵੇਗਾ। ਕੇਂਦਰ ਵਿੱਚ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਦਿੱਲੀ ਦੀ ਲੜਾਈ ਮੇਰੀ ਆਖਰੀ ਲੜਾਈ ਹੋਵੇਗੀ। ਮੈਂ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਵਾਅਦਾ ਕਰਦੀ ਹਾਂ।

ਮਮਤਾ ਬੈਨਰਜੀ ਨੇ ਆਪਣੇ ਸੰਬੋਧਨ ‘ਚ ਅੱਗੇ ਕਿਹਾ ਕਿ ਭਾਜਪਾ ਨੂੰ ਕਿਸੇ ਵੀ ਕੀਮਤ ‘ਤੇ ਹਰਾਉਣਾ ਪਵੇਗਾ। ਬੈਨਰਜੀ ਨੇ ਕਿਹਾ ਕਿ ਪੱਛਮੀ ਬੰਗਾਲ ਨੂੰ ਬਚਾਉਣਾ ਸਾਡੀ ਪਹਿਲੀ ਲੜਾਈ ਹੈ। ਮੈਂ ਵਾਅਦਾ ਕਰਦੀ ਹਾਂ ਕਿ ਅਸੀਂ 2024 ਵਿੱਚ ਭਾਜਪਾ ਨੂੰ ਕੇਂਦਰ ਦੀ ਸੱਤਾ ਤੋਂ ਹਟਾ ਦੇਵਾਂਗੇ। ਜੇਕਰ ਤੁਸੀਂ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਅਸੀਂ ਜਵਾਬ ਦੇਵਾਂਗੇ।

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ 1984 ਵਿੱਚ 400 ਤੋਂ ਵੱਧ ਸੀਟਾਂ ਜਿੱਤਣ ਦੇ ਬਾਵਜੂਦ 1989 ਵਿੱਚ ਹੋਈ ਹਾਰ ਦਾ ਜ਼ਿਕਰ ਕਰਦਿਆਂ ਬੈਨਰਜੀ ਨੇ ਕਿਹਾ ਕਿ ਹਰ ਕਿਸੇ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇੰਦਰਾ ਗਾਂਧੀ ਇੱਕ ਦਿੱਗਜ ਨੇਤਾ ਸੀ, ਪਰ ਉਨ੍ਹਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਭਾਜਪਾ ਕੋਲ 300 ਦੇ ਕਰੀਬ ਸੰਸਦ ਮੈਂਬਰ ਹਨ, ਪਰ ਬਿਹਾਰ ਉਸ ਦੇ ਹੱਥੋਂ ਚਲਾ ਗਿਆ ਹੈ ਅਤੇ ਇਸੇ ਤਰ੍ਹਾਂ ਕੁਝ ਹੋਰ ਸੂਬੇ ਵੀ ਉਨ੍ਹਾਂ ਦੇ ਹੱਥੋਂ ਚਲੇ ਜਾਣਗੇ।

ਉੱਥੇ ਹੀ ਦੂਜੇ ਪਾਸੇ ਮਮਤਾ ਬੈਨਰਜੀ ਦੇ ਇਸ “ਆਖਰੀ ਲੜਾਈ” ਵਾਲੇ ਬਿਆਨ ਉੱਤੇ ਭਾਜਪਾ ਇਹ ਕਹਿ ਰਹੀ ਹੈ ਕਿ ਮਮਤਾ ਬੈਨਰਜੀ ਸ਼ਾਇਦ 2024 ਦੀਆਂ ਚੋਣਾਂ ਤੋਂ ਬਾਅਦ ਰਿਟਾਇਰ ਹੋ ਜਾਣਗੇ। ਇੱਥੇ, ਭਾਜਪਾ ਮੁੱਖ ਮੰਤਰੀ ਬੈਨਰਜੀ ਦੀ ‘ਆਖਰੀ ਲੜਾਈ’ ਵਾਲੀ ਟਿੱਪਣੀ ਨੂੰ ਲੈ ਕੇ ਹੈਰਾਨ ਹਨ ਕਿ ਕੀ ਉਹ ਲੋਕ ਸਭਾ ਚੋਣਾਂ ਤੋਂ ਬਾਅਦ ਸੰਨਿਆਸ ਲੈ ਲਵੇਗੀ ਜਾਂ ਨਹੀਂ। ਭਾਜਪਾ ਦੇ ਬੁਲਾਰੇ ਸ਼ਮੀਕ ਭੱਟਾਚਾਰੀਆ ਨੇ ਕਿਹਾ, “ਮਮਤਾ ਬੈਨਰਜੀ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ 2024 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸੰਨਿਆਸ ਲੈ ਲਵੇਗੀ।”

SIT ਨੇ ਸੁਖਬੀਰ ਬਾਦਲ ਨੂੰ ਮੁੜ ਤੋਂ ਭੇਜਿਆ ਸੰਮਨ

0

ਸੁਖਬੀਰ ਬਾਦਲ ਨੂੰ ਮੁੜ ਤੋਂ SIT ਨੇ ਕੋਟਕਪੁਰਾ ਗੋਲੀਕਾਂਡ ‘ਚ ਮਾਮਲੇ ‘ਚ ਸੰਮਨ ਜਾਰੀ ਕੀਤਾ ਹੈ। SIT ਨੇ ਪਹਿਲਾਂ ਵੀ ਉਨ੍ਹਾਂ ਨੂੰ ਇਸ ਮਾਮਲੇ ‘ਚ ਪੁੱਛਗਿੱਛ ਕਰਨ ਲਈ ਸੰਮਨ ਭੇਜਿਆ ਸੀ। SIT ਅਨੁਸਾਰ ਪੁਲਿਸ ਅਧਿਕਾਰੀ ਖੁਦ ਇਹ ਸੰਮਨ ਲੈ ਕੇ ਗਏ ਸਨ ਪਰ ਸੁਖਬੀਰ ਬਾਦਲ ਦੇ ਵਿਦੇਸ਼ ਦੌਰੇ ‘ਤੇ ਹੋਣ ਦਾ ਹਵਾਲਾ ਦਿੱਤਾ ਗਿਆ। ਉਸ ਤੋਂ ਬਾਅਦ 2 ਵਾਰ ਕੋਰੀਅਰ ਰਾਹੀਂ ਵੀ ਸੰਮਨ ਭੇਜਿਆ ਗਿਆ ਪਰ ਇਹ ਰਿਸਿਵ ਨਹੀਂ ਕੀਤੇ ਗਏ।

ਉਨ੍ਹਾਂ ਤੋਂ ਕੋਟਕਪੁਰਾ ਗੋਲੀਕਾਂਡ ਮਾਮਲੇ ‘ਚ SIT ਪੁੱਛਗਿੱਛ ਕਰਨਾ ਚਾਹੁੰਦੀ ਹੈ। ਪਰ ਦੂਜੇ ਪਾਸੇ ਅਕਾਲੀ ਦਲ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਅਜੇ ਤੱਕ ਸੰਮਨ ਨਹੀਂ ਮਿਲੇ ਹਨ। ਜਾਰੀ ਹੋਏ ਸੰਮਨ ਅਨੁਸਾਰ ਉਨ੍ਹਾਂ ਦੀ ਅੱਜ ਸਾਹਮਣੇ ਪੇਸ਼ੀ ਹੋਣੀ ਸੀ। ਇਸ ਲਈ ਹੁਣ ਉਨ੍ਹਾਂ ਨੂੰ ਮੁੜ ਤੋਂ ਸੰਮਨ ਜਾਰੀ ਹੋਏ ਹਨ। ਹੁਣ ਸੁਖਬੀਰ ਬਾਦਲ ਨੂੰ 14 ਸਤੰਬਰ ਨੂੰ SIT ਨੇ ਤਲਬ ਕੀਤਾ ਹੈ।

CM ਮਾਨ ਨੇ ਜੂਨੀਅਰ ਏਸ਼ੀਅਨ ਵਾਲੀਬਾਲ ਚੈਂਪੀਅਨਸ਼ਿਪ ‘ਚ ਭਾਰਤੀ ਟੀਮ ਨੂੰ Silver Medal ਜਿੱਤਣ ‘ਤੇ ਦਿੱਤੀ ਵਧਾਈ

0

ਮੁੱਖ ਮੰਤਰੀ ਭਗਵੰਤ ਮਾਨ ਨੇ ਜੂਨੀਅਰ ਏਸ਼ੀਅਨ ਵਾਲੀਬਾਲ ਚੈਂਪੀਅਨਸ਼ਿਪ ‘ਚ ਭਾਰਤ ਦੀ ਵਾਲੀਬਾਲ ਟੀਮ ਨੂੰ ਚਾਂਦੀ ਦਾ ਤਮਗਾ ਜਿੱਤਣ ‘ਤੇ ਵਧਾਈ ਦਿੱਤੀ ਹੈ।

ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਬਹਿਰੀਨ ਵਿਖੇ ਚੱਲ ਰਹੇ ਜੂਨੀਅਰ ਏਸ਼ੀਅਨ ਵਾਲੀਬਾਲ ਚੈਂਪੀਅਨਸ਼ਿਪ ‘ਚ ਭਾਰਤ ਦੀ ਵਾਲੀਬਾਲ ਟੀਮ ਨੂੰ ਚਾਂਦੀ ਦਾ ਤਮਗਾ ਜਿੱਤਣ ‘ਤੇ ਦਿਲੋਂ ਮੁਬਾਰਕਾਂ… ਟੀਮ ‘ਚ ਸਾਡੇ ਮਾਨਸਾ ਜ਼ਿਲ੍ਹੇ ਦੇ ਜੋਸ਼ਨੂਰ ਨੇ ਵਧੀਆ ਖੇਡ ਦਿਖਾਈ…ਸਾਰੀ ਟੀਮ ਨੂੰ ਵਧਾਈਆਂ ਤੇ ਬਿਹਤਰ ਭਵਿੱਖ ਲਈ ਸ਼ੁਭਕਾਮਨਾਵਾਂ…ਚੱਕਦੇ ਇੰਡੀਆ…!

 

MLA ਪਠਾਨਮਾਜਰਾ ਦੀਆਂ ਮੁਸ਼ਕਿਲਾਂ ‘ਚ ਹੋਇਆ ਵਾਧਾ, ਹਾਈਕੋਰਟ ਨੇ ਨੋਟਿਸ ਕੀਤਾ ਜਾਰੀ

0

ਆਮ ਆਦਮੀ ਪਾਰਟੀ  ਦੇ MLA ਪਠਾਨਮਾਜਰਾ ਦੀਆਂ ਮੁਸ਼ਕਿਲਾਂ ਵਧਦੀਆ ਨਜ਼ਰ ਆ ਰਹੀਆਂ ਹਨ। ਦੱਸ ਦੇਈਏ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਪਟਿਆਲਾ ਜ਼ਿਲ੍ਹੇ ਦੇ ਸਨੌਰ ਵਿਧਾਨ ਸਭਾ ਹਲਕੇ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਖ਼ਿਲਾਫ਼ ਉਨ੍ਹਾਂ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਹਾਈ ਕੋਰਟ ‘ਚ ਮੰਗਲਵਾਰ ਨੂੰ ਪਟੀਸ਼ਨ ‘ਤੇ ਸੁਣਵਾਈ ਹੋਈ। ਹਾਈਕੋਰਟ ਨੇ ਇਸ ਮਾਮਲੇ ‘ਚ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।

ਪਠਾਨਮਾਜਰਾ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਨੇ ਦੋਸ਼ ਲਗਾਇਆ ਹੈ ਕਿ ਪਠਾਨਮਾਜਰਾ ਨੇ ਉਸ ਨਾਲ ਝੂਠ ਬੋਲ ਕੇ ਦੂਜਾ ਵਿਆਹ ਕੀਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਵਿਧਾਇਕ ‘ਤੇ ਸਰੀਰਕ ਤੇ ਮਾਨਸਿਕ ਸ਼ੋਸ਼ਣ ਦੇ ਵੀ ਦੋਸ਼ ਲਾਏ ਹਨ। ਇਸ ਤੋਂ ਪਹਿਲਾਂ ਗੁਰਪ੍ਰੀਤ ਨੇ ਜ਼ੀਰਕਪੁਰ ਥਾਣੇ ‘ਚ ਪਠਾਨਮਾਜਰਾ ਖਿਲਾਫ ਸ਼ਿਕਾਇਤ ਵੀ ਦਿੱਤੀ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਵਿਧਾਇਕ ਨੇ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਦੂਸਰਾ ਵਿਆਹ ਕੀਤਾ ਹੈ।

ਗੁਰਪ੍ਰੀਤ ਕੌਰ ਦਾ ਕਹਿਣਾ ਹੈ ਕਿ ਜਦੋਂ ਤੋਂ ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਤਾਂ ਉਦੋਂ ਤੋਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਗੁਰਪ੍ਰੀਤ ਕੌਰ ਨੇ ਸੁਰੱਖਿਆ ਦੀ ਵੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦੇ ਕੇ ਦੂਜਾ ਵਿਆਹ ਕੀਤਾ ਹੈ। ਹਾਲਾਂਕਿ ਉਨ੍ਹਾਂ ਦੀ ਪਹਿਲੀ ਪਤਨੀ ਉਨ੍ਹਾਂ ਦੇ ਨਾਲ ਰਹਿ ਰਹੀ ਹੈ।

ਦੂਜੇ ਪਾਸੇ ਇਨ੍ਹਾਂ ਦੋਸ਼ਾਂ ਬਾਰੇ ਸਪੱਸ਼ਟੀਕਰਨ ਦਿੰਦਿਆਂ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੇ ਕਿਹਾ ਸੀ ਕਿ ਇਹ ਸਭ ਵਿਰੋਧੀਆਂ ਦੀ ਚਾਲ ਹੈ। ਵਿਧਾਨ ਸਭਾ ਚੋਣਾਂ ‘ਚ ਵਿਰੋਧੀਆਂ ਤੋਂ ਹਾਰ ਬਰਦਾਸ਼ਤ ਨਹੀਂ ਹੋਈ ਤਾਂ ਹਰ ਕੋਈ ਮਿਲ ਕੇ ਸਾਜ਼ਿਸ਼ਾਂ ਘੜ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕਰੀਬ ਇਕ ਸਾਲ ਪਹਿਲਾਂ ਦੂਜਾ ਵਿਆਹ ਕੀਤਾ ਸੀ। ਘਰ ਅਤੇ ਗੱਡੀ ਦੂਜੀ ਪਤਨੀ ਨੂੰ ਦਿੱਤੀ। ਹੁਣ ਦੂਜੀ ਪਤਨੀ ਉਨ੍ਹਾਂ ਨੂੰ ਪੁਰਾਣੀ ਵੀਡੀਓ ਦਿਖਾ ਕੇ ਭ੍ਰਿਸ਼ਟਾਚਾਰ ਕਰਨ ਲਈ ਮਜਬੂਰ ਕਰ ਰਹੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਵੀ ਗੁਰਪ੍ਰੀਤ ਕੌਰ ਖਿਲਾਫ ਸ਼ਿਕਾਇਤ ਦਰਜ ਕਰਵਾਉਣਗੇ।

ਅਰਥ ਸ਼ਾਸਤਰੀ ਤੇ ਯੋਜਨਾ ਕਮਿਸ਼ਨ ਦੇ ਸਾਬਕਾ ਮੈਂਬਰ ਅਭਿਜੀਤ ਸੇਨ ਦਾ ਹੋਇਆ ਦਿਹਾਂਤ

0

ਯੋਜਨਾ ਕਮਿਸ਼ਨ ਦੇ ਸਾਬਕਾ ਮੈਂਬਰ ਅਤੇ ਪੇਂਡੂ ਅਰਥਵਿਵਸਥਾ ਦੇ ਦੇਸ਼ ਦੇ ਪ੍ਰਮੁੱਖ ਮਾਹਰਾਂ ਵਿੱਚੋਂ ਇੱਕ ਅਰਥਸ਼ਾਸਤਰੀ ਅਭਿਜੀਤ ਸੇਨ ਦਾ ਨੂੰ ਦਿਹਾਂਤ ਹੋ ਗਿਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਭਰਾ ਨੇ ਦਿੱਤੀ। ਉਹ 72 ਸਾਲਾਂ ਦੇ ਸਨ। ਚਾਰ ਦਹਾਕਿਆਂ ਤੋਂ ਵੱਧ ਦੇ ਆਪਣੇ ਅਕਾਦਮਿਕ ਕਰੀਅਰ ਵਿੱਚ, ਉਨ੍ਹਾਂ ਨੇ ਕਈ ਨਾਮਵਰ ਸੰਸਥਾਵਾਂ ਵਿੱਚ ਪੜ੍ਹਾਇਆ ਹੈ।

ਪੇਂਡੂ ਅਰਥਚਾਰੇ ਦੇ ਪ੍ਰਮੁੱਖ ਮਾਹਰ ਅਤੇ ਯੋਜਨਾ ਕਮਿਸ਼ਨ ਦੇ ਸਾਬਕਾ ਮੈਂਬਰ ਪ੍ਰੋਫੈਸਰ ਅਭਿਜੀਤ ਸੇਨ ਦਾ ਸੋਮਵਾਰ ਰਾਤ ਨੂੰ ਦਿਹਾਂਤ ਹੋ ਗਿਆ। ਪ੍ਰੋਫੈਸਰ ਸੇਨ ਲੰਬੇ ਸਮੇਂ ਤੋਂ ਬੀਮਾਰੀ ਤੋਂ ਪੀੜਤ ਸਨ। ਇਹ ਜਾਣਕਾਰੀ ਉਨ੍ਹਾਂ ਦੇ ਭਰਾ ਨੇ ਦਿੱਤੀ। ਉਹ 2004 ਤੋਂ 2014 ਤਕ ਯੋਜਨਾ ਕਮਿਸ਼ਨ ਦੇ ਮੈਂਬਰ ਰਹੇ ਸਨ। ਜਿਸ ਸਮੇਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ।

ਪ੍ਰੋਫੈਸਰ ਅਭਿਜੀਤ ਸੇਨ ਦੇ ਦੇਹਾਂਤ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੇ ਭਰਾ ਡਾਕਟਰ ਪ੍ਰਣਬ ਸੇਨ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਕਰੀਬ 11 ਵਜੇ ਦਿਲ ਦਾ ਦੌਰਾ ਪਿਆ। ਅਸੀਂ ਉਨ੍ਹਾਂ ਨੂੰ ਹਸਪਤਾਲ ਲੈ ਗਏ, ਪਰ ਜਦੋਂ ਤਕ ਅਸੀਂ ਉੱਥੇ ਪਹੁੰਚੇ, ਸਭ ਕੁਝ ਖਤਮ ਹੋ ਚੁੱਕਾ ਸੀ। ਇਸ ਤੋਂ ਇਲਾਵਾ ਉਹ ਖੇਤੀ ਲਾਗਤਾਂ ਤੇ ਕੀਮਤਾਂ ਬਾਰੇ ਕਮਿਸ਼ਨ ਦੇ ਚੇਅਰਮੈਨ ਸਮੇਤ ਕਈ ਅਹਿਮ ਸਰਕਾਰੀ ਅਹੁਦਿਆਂ ‘ਤੇ ਰਹੇ ਹਨ।

ਬਹੁਮੰਤਵੀ ਖੇਤੀ ਸੇਵਾ ਸਭਾ ‘ਚ 7 ਕਰੋੜ ਤੋਂ ਵੱਧ ਦੇ ਘਪਲੇ ‘ਚ ਵਿਜੀਲੈਂਸ ਬਿਊਰੋ ਨੇ 5 ਦੋਸ਼ੀ ਕੀਤੇ ਗ੍ਰਿਫਤਾਰ

0

ਪੰਜਾਬ ਵਿਜੀਲੈਂਸ ਬਿਉਰੋ ਵਲੋਂ ਕਰਨਾਣਾ ਬਹੁਮੰਤਵੀ ਖੇਤੀ ਸੇਵਾ ਸਭਾ ਲਿਮਟਿਡ ਪਿੰਡ ਕਰਨਾਣਾ, ਜਿ਼ਲ੍ਹਾ ਐਸ.ਬੀ.ਐਸ.ਨਗਰ ਵਿੱਚ ਹੋਏ ਬਹੁਕਰੋੜੀ ਘੋਟਾਲੇ ਦੇ ਦੋਸ਼ ਹੇਠ ਸਭਾ ਦੇ 7 ਅਧਿਕਾਰੀ/ਕਰਮਚਾਰੀਆਂ ਵਿਰੁੱਧ ਥਾਣਾ ਵਿਜੀਲੈਂਸ ਬਿਉਰੋ, ਜਲੰਧਰ ਵਿਖੇ ਮੁਕੱਦਮਾ ਦਰਜ ਕਰਕੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈ਼ਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਸੁਸਾਇਟੀ ਦੀ ਕੀਤੀ ਗਈ ਜਾਂਚ ਉਪਰੰਤ ਉਕਤ ਕੋਆਪ੍ਰੇਟਿਵ ਸੋਸਾਇਟੀ ਦੇ ਅਧਿਕਾਰੀ/ਕਰਮਚਾਰੀਆਂ ਵੱਲੋ਼ ਮਿਲੀ ਭੁਗਤ ਕਰਕੇ 7,14,07,596.23 ਰੁਪਏ (ਸੱਤ ਕਰੋੜ, ਚੌਦਾਂ ਲੱਖ ਸੱਤ ਹਜ਼ਾਰ ਪੰਜ ਸੌ ਛਿਅੰਨਵੇ ਰੁਪੈ ਤੇਈ ਪੈਸੇ) ਦਾ ਘੋਟਾਲਾ ਸਾਹਮਣੇ ਆਇਆ ਹੈ।

ਉਨਾਂ ਦੱਸਿਆ ਕਿ ਉਕਤ ਸੁਸਾਇਟੀ ਵਿੱਚ ਕਰੀਬ 1000 ਖਾਤਾ ਧਾਰਕ/ਮੈਂਬਰ ਹਨ ਤੇ ਇਸ ਸਭਾ ਕੋਲ ਇੱਕ ਇੰਡੀਅਨ ਆਇਲ ਦਾ ਪੈਟਰੋਲ ਪੰਪ, ਇਕ ਟਰੈਕਟਰ, ਵੱਡੀ ਮਾਤਰਾ ਵਿੱਚ ਵਾਹੀਯੋਗ ਜ਼ਮੀਨ ਨਾਲ ਸਬੰਧਤ ਖੇਤੀਬਾੜੀ ਦੇ ਸੰਦ ਹਨ। ਇਸ ਤੋਂ ਇਲਾਵਾ ਉਕਤ ਸੁਸਾਇਟੀ ਵੱਲੋਂ ਖਾਦਾਂ ਅਤੇ ਕੀਟ ਨਾਸ਼ਕ ਦਵਾਈਆਂ ਆਦਿ ਵੀ ਕਿਸਾਨਾਂ ਨੂੰ ਵੇਚੀਆਂ ਜਾਂਦੀਆਂ ਹਨ। ਉਕਤ ਸੁਸਾਇਟੀ ਵਿੱਚ ਕੁੱਲ 6 ਕਰਮਚਾਰੀ ਵੱਖ-ਵੱਖ ਜਗ੍ਹਾ ਕੰਮ ਕਰ ਰਹੇ ਹਨ।

ਉਨਾਂ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਪਿੰਡ ਕਰਨਾਣਾ ਦੇ ਐਨ.ਆਰ.ਆਈ. ਅਤੇ ਪਿੰਡ ਦੇ ਲੋਕਾਂ ਵੱਲੋਂ ਉਕਤ ਸਭਾ ਵਿੱਚ ਕਰੋੜਾਂ ਰੁਪਇਆ ਦੀਆਂ ਐਫ.ਡੀ.ਆਰਜ਼ ਕਰਵਾਈਆਂ ਗਈਆਂ ਹਨ। ਉਕਤ ਸਭਾ ਦੇ ਸੈਕਟਰੀ ਇੰਦਰਜੀਤ ਧੀਰ, ਜੋ ਕਿ ਕੈਸ਼ੀਅਰ ਵੀ ਰਹਿ ਚੁੱਕਾ ਹੈ, ਨੇ ਪ੍ਰਧਾਨ ਰਣਧੀਰ ਸਿੰਘ ਅਤੇ ਮੌਜੂਦਾ ਕੈਸ਼ੀਅਰ ਹਰਪ੍ਰੀਤ ਸਿੰਘ ਆਦਿ ਨਾਲ ਮਿਲੀਭੁਗਤ ਕਰਕੇ ਉਕਤ ਐਫ.ਡੀ.ਆਰਜ਼ ਉਪਰ ਲਿਮਟਾਂ ਆਦਿ ਬਣਾ ਕੇ ਕਰੋੜਾਂ ਰੁਪੈ ਦਾ ਗਬਨ ਕੀਤਾ ਹੈ।

ਬੁਲਾਰੇ ਨੇ ਦੱਸਿਆ ਕਿ ਤਕਨੀਕੀ ਟੀਮ ਵੱਲੋਂ ਉਕਤ ਸਭਾ ਦੇ ਰਿਕਾਰਡ ਦੀ ਚੈਕਿੰਗ ਦੌਰਾਨ ਮਿਤੀ 01.4.18 ਤੋਂ 31.03.20 ਤੱਕ ਸਭਾ ਦੇ ਮੈਂਬਰਾਂ ਵੱਲੋਂ ਲਏ ਗਏ ਕਰਜ਼ੇ ਅਤੇ ਮੈਂਬਰਾਂ ਦੀਆਂ ਅਮਾਨਤਾਂ ਵਿੱਚ 7,14,07,596.23 ਰੁਪਏ (ਸੱਤ ਕਰੋੜ, ਚੌਦਾਂ ਲੱਖ ਸੱਤ ਹਜ਼ਾਰ ਪੰਜ ਸੌ ਛਿਅੰਨਵੇ ਰੁਪੈ ਤੇਈ ਪੈਸੇ) ਦਾ ਗਬਨ ਹੋਣਾ ਪਾਇਆ ਗਿਆ ਅਤੇ ਇਸ ਤੋਂ ਇਲਾਵਾ 36,36,71,952.55 ਰੁਪਏ (ਛੱਤੀ ਕਰੋੜ ਛੱਤੀ ਲੱਖ, ਇਕੱਤਰ ਹਜ਼ਾਰ ਨੌ ਸੌ ਬਵੰਜਾ ਰੁਪਏ ਪੰਚਵੰਜਾ ਪੈਸੇ) ਦੀਆਂ ਗੰਭੀਰ ਊਣਤਾਈਆਂ ਵੀ ਸਾਹਮਣੇ ਆਈਆਂ ਹਨ।

ਇਸ ਘਪਲੇ ਦੇ ਵੇਰਵੇ ਦਿੰਦਿਆਂ ਉਨਾਂ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਪਾਇਆ ਗਿਆ ਕਿ ਸਭਾ ਦੇ ਸਕੱਤਰ ਇੰਦਰਜੀਤ ਧੀਰ ਵੱਲੋਂ ਸਭਾ ਵਿੱਚ ਦੋ ਕੰਪਿਊਟਰ ਲਗਾਏ ਹੋਏ ਸਨ, ਜਿਸ ਵਿੱਚੋਂ ਇਕ ਕੰਪਿਊਟਰ ਵਿੱਚ ਉਕਤ ਸਕੱਤਰ ਵੱਲੋਂ ਮੈਬਰਾਂ ਨੂੰ ਧੋਖਾ ਦੇਣ ਲਈ ਰਿਕਾਰਡ ਤਿਆਰ ਕੀਤਾ ਹੋਇਆ ਸੀ ਤੇ ਸਭਾ ਦੇ ਮੈਂਬਰਾਂ ਨੂੰ ਐਂਟਰੀਆਂ ਦਿਖਾ ਕੇ ਇਹ ਤਸੱਲੀ ਕਰਵਾ ਦਿੰਦਾ ਸੀ ਕਿ ਆਪ ਦੀਆਂ ਸਾਰੀਆਂ ਐਂਟਰੀਆਂ ਸਹੀ ਹਨ। ਦੂਜੇ ਕੰਪਿਊਟਰ ਦੇ ਡਾਟੇ ਨੂੰ ਵਾਚਣ ਉਤੇ ਪਾਇਆ ਗਿਆ ਕਿ ਸਭਾ ਦੇ ਸਕੱਤਰ ਵੱਲੋਂ ਇਸ ਕੰਪਿਊਟਰ ਵਿੱਚ ਫਰਾਡ ਕੀਤੀ ਗਈ ਰਕਮ ਅਨੁਸਾਰ ਡਾਟਾ ਫੀਡ ਕਰਕੇ ਆਡਿਟ ਅਫਸਰ ਅਤੇ ਹੋਰ ਅਧਿਕਾਰੀਆਂ ਨੂੰ ਪੇਸ਼ ਕਰ ਦਿੰਦਾ ਸੀ।

ਇਸ ਘਪਲੇ ਦੇ ਦੋਸ਼ ਹੇਠ ਸੁਸਾਇਟੀ ਦੇ ਸਾਬਕਾ ਸਕੱਤਰ ਇੰਦਰਜੀਤ ਧੀਰ, ਹਰਪ੍ਰੀਤ (ਵਾਧੂ ਚਾਰਜ) ਕੈਸ਼ੀਅਰ, ਰਣਧੀਰ ਸਿੰਘ ਸਾਬਕਾ ਪ੍ਰਧਾਨ, ਸੁਖਵਿੰਦਰ ਸਿੰਘ ਮੀਤ ਪ੍ਰਧਾਨ, ਰਵਿੰਦਰ ਸਿੰਘ ਕਮੇਟੀ ਮੈਂਬਰ, ਮਹਿੰਦਰ ਲਾਲ ਕਮੇਟੀ ਮੈਂਬਰ ਤੇ ਕਮਲਜੀਤ ਸਿੰਘ ਕਮੇਟੀ ਮੈਂਬਰ (ਸਾਰੇ ਵਾਸੀ ਪਿੰਡ ਕਰਨਾਣਾ) ਵੱਲੋਂ ਆਪਸ ਵਿੱਚ ਮਿਲੀਭੁਗਤ ਕਰਕੇ ਸਭਾ ਦੇ ਮੈਬਰਾਂ ਦੇ 7,14,07,596.23 ਰੁਪਏ ਦਾ ਗਬਨ ਕੀਤਾ ਜਾਣਾ ਪਾਇਆ ਗਿਆ।

ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਉਪਰੋਕਤ ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ: 15 ਮਿਤੀ 29.08.2022 ਅ/ਧ 406, 409, 420, 465, 468, 471, 477-ਏ, 120-ਬੀ ਆਈ.ਪੀ.ਸੀ. ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1), 13(2) ਤਹਿਤ ਥਾਣਾ ਵਿਜੀਲੈਂਸ ਬਿਉਰੋ, ਜਲੰਧਰ ਵਿਖੇ ਕੇਸ ਦਰਜ ਕੀਤਾ ਗਿਆ। ਇਸ ਮੁਕੱਦਮੇ ਦੇ ਦੋਸ਼ੀਆਂ ਰਣਧੀਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਹਿੰਦਰ ਲਾਲ ਤੇ ਕਮਲਜੀਤ ਸਿੰਘ (ਸਾਰੇ ਵਾਸੀ ਪਿੰਡ ਕਰਨਾਣਾ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਬਾਰੇ ਅਗਲੇਰੀ ਕਾਰਵਾਈ ਜਾਰੀ ਹੈ।

ਬਾਲੀਵੁੱਡ ਅਦਾਕਾਰ ਕਮਾਲ ਰਾਸ਼ਿਦ ਖਾਨ ‘ਤੇ ਪੁਲਿਸ ਨੇ ਕੱਸਿਆ ਸ਼ਿਕੰਜਾ, ਮੁੰਬਈ ਏਅਰਪੋਰਟ ਤੋਂ ਕੀਤਾ ਗ੍ਰਿਫਤਾਰ

0

ਬਾਲੀਵੁੱਡ ਅਦਾਕਾਰ ਕਮਾਲ ਰਾਸ਼ਿਦ ਖਾਨ ਨੂੰ ਦੋ ਸਾਲ ਪੁਰਾਣੇ ਮਾਮਲੇ ਵਿਚ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸਾਲ 2020 ਦੇ ਇੱਕ ਵਿਵਾਦਿਤ ਟਵੀਟ ‘ਤੇ ਕਰਨ ਦੇ ਮਾਮਲੇ ਨੂੰ ਲੈ ਕੇ ਇਹ ਕਰਵਾਈ ਕੀਤੀ ਗਈ ਹੈ। ਕਮਲ ਰਾਸ਼ਿਦ ਖਾਨ ਨੂੰ ਮੁੰਬਈ ਏਅਰਪੋਰਟ ਤੋਂ ਹਿਰਾਸਤ ‘ਚ ਲਿਆ ਹੈ। ਜਿਸ ਤੋਂ ਬਾਅਦ ਉਸ ਨੂੰ ਅੱਜ ਯਾਨੀ ਮੰਗਲਵਾਰ ਨੂੰ ਬੋਰੀਵਲੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਹ 2 ਸਾਲ ਬਾਅਦ ਮੁੰਬਈ ਪਰਤਿਆ ਹੈ। ਕੇਆਰਕੇ ਆਪਣੇ ਟਵੀਟਸ ਕਾਰਨ ਵਿਵਾਦਾਂ ਵਿੱਚ ਘਿਰ ਗਏ ਹਨ। ਦੱਸ ਦੇਈਏ ਕਿ ਆਲੋਚਕ ਅਤੇ ਅਦਾਕਾਰ ਦੇ ਖਿਲਾਫ ਮਲਾਡ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

ਦਰਅਸਲ ਸਾਲ 2020 ਵਿੱਚ, ਕੇਆਰਕੇ ਨੇ ਬਾਲੀਵੁੱਡ ਦੇ ਦੋ ਮਰਹੂਮ ਅਦਾਕਾਰ ਇਰਫਾਨ ਖਾਨ ਅਤੇ ਰਿਸ਼ੀ ਕਪੂਰ ‘ਤੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਦੋਵਾਂ ਦੀ ਮੌਤ ਤੋਂ ਬਾਅਦ ਕੇਆਰਕੇ ਨੇ ਲਿਖਿਆ, ‘ਮੈਂ ਗੰਭੀਰਤਾ ਨਾਲ ਗੱਲ ਕਰਨਾ ਚਾਹੁੰਦਾ ਹਾਂ ਕਿ ਮੈਂ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਕੋਰੋਨਾ ਉਦੋਂ ਤੱਕ ਨਹੀਂ ਜਾਵੇਗਾ ਜਦੋਂ ਤੱਕ ਕੁਝ ਮਸ਼ਹੂਰ ਲੋਕਾਂ ਨੂੰ ਆਪਣੇ ਨਾਲ ਨਹੀਂ ਲੈ ਜਾਂਦਾ।’ ਉਨ੍ਹਾਂ ਦੇ ਇਸ ਟਵੀਟ ਤੋਂ ਬਾਅਦ 2020 ‘ਚ ਕਮਲ ‘ਤੇ ਯੁਵਾ ਸੈਨਾ ਦੀ ਕੋਰ ਕਮੇਟੀ ਨੇ ਮਲਾਡ ਪੁਲਿਸ ਸਟੇਸ਼ਨ ‘ਚ ਐਫਆਈਆਰ ਦਰਜ ਕਰਵਾਈ ਸੀ। ਕਮੇਟੀ ਮੈਂਬਰ ਰਾਹੁਲ ਕਨਾਲ ਨੇ ਦੋਸ਼ ਲਾਇਆ ਕਿ ਕਮਲ ਨੇ ਮਰਹੂਮ ਅਦਾਕਾਰ ਇਰਫਾਨ ਖਾਨ ਅਤੇ ਰਿਸ਼ੀ ਕਪੂਰ ਬਾਰੇ ਇਤਰਾਜ਼ਯੋਗ ਟਵੀਟ ਕੀਤੇ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਕਮਲ ਖ਼ਿਲਾਫ਼ ਧਾਰਾ 294 ਤਹਿਤ ਕੇਸ ਦਰਜ ਕੀਤਾ ਸੀ।

ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਆਰਕੇ ਮੁਸੀਬਤ ਵਿੱਚ ਫਸਿਆ ਹੋਵੇ। ਉਹ ਅਕਸਰ ਆਪਣੇ ਵਿਵਾਦਿਤ ਟਵੀਟਸ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ। ਕੇਆਰਕੇ ਹਮੇਸ਼ਾ ਕਿਸੇ ਵੀ ਫਿਲਮ ਅਤੇ ਅਦਾਕਾਰਾਂ ‘ਤੇ ਟਿੱਪਣੀ ਕਰਦੇ ਰਹਿੰਦੇ ਹਨ। ਉਹ ਲਗਾਤਾਰ ਬਾਲੀਵੁੱਡ ‘ਤੇ ਨਿਸ਼ਾਨਾ ਸਾਧਦਾ ਰਹਿੰਦਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਆਮਿਰ ਖਾਨ, ਸਲਮਾਨ ਖਾਨ, ਸ਼ਾਹਰੁਖ ਖਾਨ ਅਤੇ ਅਕਸ਼ੈ ਕੁਮਾਰ ਨੂੰ ਵੀ ਚੰਗਾ-ਮਾੜਾ ਕਿਹਾ ਹੈ।

ਪਹਿਲਾਂ ਵੀ ਹੋ ਚੁੱਕੀ ਹੈ ਕਾਰਵਾਈ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਆਰਕੇ ਕਾਨੂੰਨੀ ਮੁਸੀਬਤ ਵਿੱਚ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ‘ਤੇ ਮਾਣਹਾਨੀ ਦਾ ਕੇਸ ਦਰਜ ਹੋ ਚੁੱਕਾ ਹੈ। ਬਾਲੀਵੁੱਡ ਦੇ ਦਬੰਗ ਖਾਨ ਨੇ ਉਨ੍ਹਾਂ ‘ਤੇ ਮਾਮਲਾ ਦਰਜ ਕਰਵਾਇਆ ਸੀ।