Home Blog Page 1906

ਜਗਦੀਪ ਸਿੱਧੂ ਫ਼ਿਲਮ ‘ਮੋਹ’ ਦੀ ਕਲੈਕਸ਼ਨ ਤੋਂ ਹੋਏ ਬੇਹੱਦ ਦੁਖੀ, ਕੀ ਕਰ ਰਹੇ ਨੇ ਪੰਜਾਬੀ ਫ਼ਿਲਮ ਇੰਡਸਟਰੀ ਨੂੰ ਅਲਵਿਦਾ?

0

ਪੰਜਾਬੀ ਫ਼ਿਲਮ ‘ਮੋਹ’ 16 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ। ਇਸ ਫ਼ਿਲਮ ’ਚ ਸਰਗੁਣ ਮਹਿਤਾ ਤੇ ਗਿਤਾਜ਼ ਬਿੰਦਰਖੀਆ ਮੁੱਖ ਭੂਮਿਕਾ ’ਚ ਹਨ। ਫ਼ਿਲਮ ਨੂੰ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ। ਉਨ੍ਹਾਂ ਨੂੰ ਆਪਣੀ ਇਸ ਫਿਲਮ ਤੋਂ ਬਹੁਤ ਉਮੀਦਾਂ ਸਨ ਪਰ ਉਹ   ਫ਼ਿਲਮ ਦੀ ਹੁਣ ਤੱਕ ਦੀ ਹੋਈ ਬਾਕਸ ਆਫਿਸ ਕਲੈਕਸ਼ਨ ਦੇਖ ਕੇ ਬੇਹੱਦ ਦੁਖੀ ਹਨ। ਇਸ ਸੰਬੰਧੀ ਉਨ੍ਹਾਂ ਨੇ ਆਪਣੇ ਚਾਹੁਣ ਵਾਲਿਆਂ ਨਾਲ ਇਕ ਪੋਸਟ ਰਾਹੀਂ ਆਪਣਾ ਦੁੱਖ ਸਾਂਝਾ ਕੀਤਾ ਹੈ।

ਉਨ੍ਹਾਂ ਨੇ ਆਪਣੇ ਵਲੋਂ ਸ਼ੇਅਰ ਕੀਤੀ ਪੋਸਟ ‘ਚ ਲਿਖਿਆ ਹੈ ਕਿ ‘‘ਵਧੀਆ ਤੋਂ ਵਧੀਆ ਰੀਵਿਊਜ਼, ਸੁਨੇਹੇ, ਸਟੋਰੀ ਟੈਗ, ਮੇਰੀ ਅੱਜ ਤੱਕ ਦੀ ਸਭ ਤੋਂ ਵਧੀਆ ਫ਼ਿਲਮ ਦੱਸਿਆ ਜਾ ਰਿਹਾ ਹੈ ‘ਮੋਹ’ ਨੂੰ। ਪੰਜਾਬੀ ਸਿਨੇਮਾ ਲਈ ਮਾਣ ਵਾਲੀ ਗੱਲ ਕਿਹਾ ਜਾ ਰਿਹਾ ਹੈ ਪਰ ਸੱਚ ਦੱਸਾਂ ਤਾਂ ਬਾਕਸ ਆਫਿਸ ਕਲੈਕਸ਼ਨ ਠੀਕ ਨਹੀਂ ਹੈ ਤੇ ਮੈਨੂੰ ਲੱਗਾ ਤੁਹਾਨੂੰ ਮੈਸਿਜ ਲਿਖਣਾ ਜ਼ਿਆਦਾ ਠੀਕ ਹੈ, ਪ੍ਰੋਡਿਊਸਰਾਂ ਨੂੰ ਹਮਦਰਦੀ ਦੇ ਮੈਸਿਜ ਲਿਖਣ ਨਾਲੋਂ।’’

ਇਸਦੇ ਨਾਲ ਹੀ ਜਗਦੀਪ ਨੇ ਅੱਗੇ ਲਿਖਿਆ, ‘‘ਇਹੋ ਜਿਹੀਆਂ ਫ਼ਿਲਮਾਂ ਬਣਾਉਣ ਦਾ ਕੀ ਫਾਇਦਾ, ਜਦੋਂ ਤੁਸੀਂ ਸੁਪੋਰਟ ਹੀ ਨਹੀਂ ਕਰਨਾ, ਕਿਉਂ ਮੈਂ ਕਿਸੇ ਪ੍ਰੋਡਿਊਸਰ ਦਾ ਪੈਸਾ ਖ਼ਰਾਬ ਕਰਾਂ। ਮੈਨੂੰ ਨਹੀਂ ਸਮਝ ਆਉਂਦੇ ਇਹ ਕਮਾਲ, ਕਮਾਲ, ਕਮਾਲ ਵਾਲੇ ਮੈਸਿਜ, ਜੇ ਮੇਰੇ ਪ੍ਰੋਡਿਊਸਰ ਸੁਰੱਖਿਅਤ ਨਹੀਂ ਹਨ।

ਜਗਦੀਪ ਨੇ ਅੱਗੇ ਲਿਖਿਆ, ‘ਜੇ ਇਸ ਫ਼ਿਲਮ ਨੂੰ ਤੁਸੀਂ ਨਹੀਂ ਅਪਣਾਉਂਦੇ ਤਾਂ ਯੂ. ਕੇ., ਸਬਸਿਡੀ, ਚੁਟਕਲੇ ਵਾਲੀਆਂ ਹੀ ਫ਼ਿਲਮਾਂ ਕਰਾਂਗਾ ਮੈਂ। ਜਿਸ ’ਚ ਮੇਰੇ ਪ੍ਰੋਡਿਊਸਰ ਸੁਰੱਖਿਅਤ ਹੋਣ। ਚੰਗਾ ਕੰਮ ਕਰਨ ਲਈ ਕੋਈ ਹੋਰ ਇੰਡਸਟਰੀ ਦੇਖਾਂਗੇ ਪਰ ਇਥੇ ਢੰਗ ਦੀ ਫ਼ਿਲਮ ਬਣਾਉਣ ਦੀ ਗਲਤੀ ਨਹੀਂ ਕਰਦਾ। ਜਿਨ੍ਹਾਂ ਨੇ ‘ਮੋਹ’ ਦੇਖੀ, ਉਨ੍ਹਾਂ ਦਾ ਸ਼ੁਕਰੀਆ।’’

ਜਗਦੀਪ ਵਲੋਂ ਸ਼ੇਅਰ ਕੀਤੀ ਪੋਸਟ ਤੋਂ ਸਪੱਸ਼ਟ ਹੁੰਦਾ ਹੈ ਕਿ ‘ਮੋਹ’ ਨੂੰ ਘੱਟ ਦਰਸ਼ਕ ਮਿਲਣ ਕਾਰਨ ਉਨ੍ਹਾਂ ਨੂੰ ਦੁੱਖ ਪਹੁੰਚਿਆ ਹੈ। ਉਨ੍ਹਾਂ ਪੋਸਟ ਰਾਹੀਂ ਇਹ ਵੀ ਹਿੰਟ ਦਿੱਤਾ ਹੈ ਕਿ ਉਹ ਪੰਜਾਬੀ ਫ਼ਿਲਮ ਇੰਡਸਟਰੀ ਜਾਂ ਤਾਂ ਛੱਡ ਦੇਣਗੇ ਤੇ ਕਿਸੇ ਹੋਰ ਇੰਡਸਟਰੀ ਵੱਲ ਰੁਖ਼ ਕਰ ਲੈਣਗੇ, ਨਹੀਂ ਤਾਂ ਕੋਈ ਢੰਗ ਦੀ ਫ਼ਿਲਮ ਬਣਾਉਣ ਦੀ ਗਲਤੀ ਨਹੀਂ ਕਰਨਗੇ।

 

ਮਨੀਸ਼ਾ ਗੁਲਾਟੀ ‘ਤੇ ਕਿਉਂ ਭੜਕੇ ਸਵਾਤੀ ਮਾਲੀਵਾਲ , ਜਾਣੋ ਪੂਰਾ ਮਾਮਲਾ

0

ਚੰਡੀਗੜ੍ਹ ਯੂਨੀਵਰਸਿਟੀ ਵਿੱਚ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਦਾ ਮਾਮਲਾ ਕਾਫੀ ਭਖ ਗਿਆ ਹੈ। ਇਸ ਪੂਰੇ ਮਾਮਲੇ ‘ਤੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ ਅਤੇ ਇਸ ਪ੍ਰੈੱਸ ਕਾਨਫਰੰਸ ਦੌਰਾਨ ਗੱਲ ਕਰਦੇ ਹੋਏ ਮਨੀਸ਼ਾ ਗੁਲਾਟੀ ਕਈ ਵਾਰ ਹੱਸੇ, ਜਿਸ ‘ਤੇ ਦਿੱਲੀ ਮਹਿਲਾ ਕਮਿਸ਼ਨ (DCW) ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਉਨ੍ਹਾਂ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਮਾਲੀਵਾਲ ਨੇ ਕਿਹਾ ਕਿ ਦੇਸ਼ ‘ਚ ਜ਼ਿਆਦਾਤਰ ਮਹਿਲਾ ਕਮਿਸ਼ਨ ਦੇ ਦਫਤਰ ਹੁਣ ਕਿਟੀ ਪਾਰਟੀ ਦਫਤਰਾਂ ‘ਚ ਬਦਲ ਗਏ ਹਨ, ਜਿੱਥੇ ਕੋਈ ਕੰਮ ਨਹੀਂ ਹੁੰਦਾ ਅਤੇ ਸਿਰਫ ਪਾਰਟੀਆਂ ਹੁੰਦੀਆਂ ਹਨ।

ਇਸ ਮਾਮਲੇ ‘ਚ ਸਵਾਤੀ ਮਾਲੀਵਾਲ ਨੇ ਮਨੀਸ਼ਾ ਗੁਲਾਟੀ ‘ਤੇ ਨਿਸ਼ਾਨਾ ਸਾਧਦੇ ਹੋਏ ਟਵੀਟ ਕੀਤਾ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵਰਗੇ ਗੰਭੀਰ ਮਾਮਲੇ ‘ਤੇ ਗੱਲ ਕਰਦੇ ਹੋਏ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਕਿਵੇਂ ਹੱਸ ਰਹੀ ਹੈ? ਉਹ ਕਹਿ  ਰਹੇ ਸਨ ਕਿ ਕੁੜੀਆਂ ਦੀ ਕੋਈ ਵੀ ਵੀਡੀਓ ਨਹੀਂ ਬਣਾਈ ਗਈ।’ ਉਨ੍ਹਾਂ ਨੇ ਅੱਗੇ ਕਿਹਾ, ‘ਮਹਿਲਾ ਕਮਿਸ਼ਨ ਔਰਤਾਂ ਦੇ ਹਿੱਤ ਲਈ ਹੁੰਦੇ ਹਨ, ਪਰ ਅਫ਼ਸੋਸ ਅੱਜ ਦੇਸ਼ ਦੇ ਜ਼ਿਆਦਾਤਰ ਮਹਿਲਾ ਕਮਿਸ਼ਨਾਂ ਨੂੰ ਕਿਟੀ ਪਾਰਟੀ ਦਫ਼ਤਰਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਚੰਡੀਗੜ੍ਹ ਯੂਨੀਵਰਸਿਟੀ ਵਿਚ ਸ਼ਨੀਵਾਰ ਰਾਤ ਵਿਦਿਆਰਥਣਾਂ ਵੱਲੋਂ ਭਾਰੀ ਹੰਗਾਮਾ ਹੋਇਆ। ਮਾਮਲਾ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਨ ਦਾ ਹੈ। ਵਿਦਿਆਰਥਣਾਂ ਦੀਆਂ ਨਹਾਉਂਦੇ ਸਮੇਂ ਦੀਆਂ ਵੀਡੀਓ ਬਣਾਈਆਂ ਗਈਆਂ ਸਨ। ਯੂਨੀਵਰਸਿਟੀ ਦੀ ਵਿਦਿਆਰਥਣ ‘ਤੇ ਹੀ ਵੀਡੀਓ ਬਣਾਉਣ ਦਾ ਇਲਜ਼ਾਮ ਹੈ।

ਹੋਸਟਲ ਦੀਆਂ ਵਿਦਿਆਰਥਣਾਂ ਦੀ ਨਹਾਉਂਦੇ ਸਮੇਂ ਅਸ਼ਲੀਲ ਵੀਡੀਓ ਬਣਾਉਣ ਵਾਲੀ ਕੁੜੀ ਨੂੰ ਗ੍ਰਿ੍ਫਤਾਰ ਕਰ ਲਿਆ ਗਿਆ ਹੈ। ਇਸ ਕੁੜੀ ਨੇ ਕਬੂਲ ਕੀਤਾ ਹੈ ਕਿ ਉਸ ਨੇ ਇਹ ਵੀਡੀਓ ਸ਼ਿਮਲਾ ਦੇ ਮੁੰਡੇ ਦੇ ਕਹਿਣ ਉਤੇ ਬਣਾਈਆਂ ਸਨ। ਇਹ ਵੀਡੀਓ ਬਣਾ ਕੇ ਇਸ ਲੜਕੇ ਨੂੰ ਭੇਜਦੀ ਸੀ ਤੇ ਅੱਗੋਂ ਇਹ ਲੜਕਾ ਇਨ੍ਹਾਂ ਨੂੰ ਵਾਇਰਲ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਕਾਫੀ ਸਮੇਂ ਤੋਂ ਬਣਾਈ ਜਾ ਰਹੀ ਸੀ। ਜਦੋਂ ਮਾਮਲਾ ਵਾਰਡਨ ਦੇ ਧਿਆਨ ਵਿੱਚ ਆਇਆ ਤਾਂ ਹੰਗਾਮਾ ਹੋ ਗਿਆ। ਵਿਦਿਆਰਥੀ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕਰ ਰਹੇ ਸਨ। ਜਾਣਕਾਰੀ ਅਨੁਸਾਰ ਹੁਣ ਇਸ ਮਾਮਲੇ ਨੂੰ ਲੈ ਕੇ 3 ਮੈਂਬਰੀ SIT ਬਣਾਈ ਗਈ ਹੈ ਜੋ ਕਿ ਪੂਰੇ ਮਾਮਲੇ ਦੀ ਜਾਂਚ ਕਰੇਗੀ।

ਸੁਪਰੀਮ ਕੋਰਟ ‘ਚ CAA ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਅੱਜ ਹੋਵੇਗੀ ਸੁਣਵਾਈ

0

ਸੁਪਰੀਮ ਕੋਰਟ ਅੱਜ ਨਾਗਰਿਕਤਾ ਸੋਧ ਕਾਨੂੰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ‘ਤੇ ਸੁਣਵਾਈ ਕਰੇਗਾ। ਇਸ ਮਾਮਲੇ ‘ਚ 200 ਤੋਂ ਵੱਧ ਪਟੀਸ਼ਨਾਂ ਪੈਂਡਿੰਗ ਹਨ, ਜਿਨ੍ਹਾਂ ‘ਤੇ ਚੀਫ ਜਸਟਿਸ ਯੂ ਯੂ ਲਲਿਤ ਅਤੇ ਜਸਟਿਸ ਰਵਿੰਦਰ ਭੱਟ ਦੀ ਬੈਂਚ ਇਕੱਠੇ ਸੁਣਵਾਈ ਕਰੇਗੀ।ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ‘ਚ 12 ਸਤੰਬਰ ਨੂੰ ਹੋਣੀ ਸੀ ਪਰ ਸਮੇਂ ਦੀ ਕਮੀ ਕਾਰਨ ਇਸ ਨੂੰ ਟਾਲ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਵੱਲੋਂ ਸਿੰਚਾਈ ਘੁਟਾਲੇ ਦੀ ਜਾਂਚ ਮੁੜ ਸ਼ੁਰੂ, ਦੋ ਸਾਬਕਾ ਮੰਤਰੀਆਂ ਖ਼ਿਲਾਫ਼ LOC ਜਾਰੀ!

CAA ਦੇ ਖਿਲਾਫ ਪਟੀਸ਼ਨਾਂ ‘ਤੇ ਪਹਿਲੀ ਵਾਰ 18 ਦਸੰਬਰ 2019 ਨੂੰ ਸੁਣਵਾਈ ਹੋਈ ਸੀ। ਆਖਰੀ ਵਾਰ 15 ਜੂਨ 2021 ਨੂੰ ਸੁਣਵਾਈ ਹੋਈ ਸੀ। ਜ਼ਿਕਰਯੋਗ ਹੈ ਕਿ ਜਦੋਂ ਦੋ ਸਾਲ ਪਹਿਲਾਂ ਦੇਸ਼ ਵਿੱਚ CAA ਕਾਨੂੰਨ ਲਾਗੂ ਹੋਇਆ ਸੀ ਤਾਂ ਦੇਸ਼ ਭਰ ਵਿੱਚ ਇਸ ਦਾ ਵਿਰੋਧ ਹੋਇਆ ਸੀ।

ਵਿਜੀਲੈਂਸ ਬਿਊਰੋ ਵੱਲੋਂ ਸਿੰਚਾਈ ਘੁਟਾਲੇ ਦੀ ਜਾਂਚ ਮੁੜ ਸ਼ੁਰੂ, ਦੋ ਸਾਬਕਾ ਮੰਤਰੀਆਂ ਖ਼ਿਲਾਫ਼ LOC ਜਾਰੀ!

0

ਪੰਜਾਬ ’ਚ ਅਕਾਲੀ-ਭਾਜਪਾ ਸਰਕਾਰ ਵੇਲੇ ਸਿੰਜਾਈ ਵਿਭਾਗ ’ਚ ਹੋਏ ਕਥਿਤ ਬਹੁ-ਕਰੋੜੀ ਘੁਟਾਲੇ ’ਚ ਵਿਜੀਲੈਂਸ ਬਿਊਰੋ ਵੱਲੋਂ ਕਾਰਵਾਈ ਆਰੰਭ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਵਿਜੀਲੈਂਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਆਗੂ ਜਨਮੇਜਾ ਸਿੰਘ ਸੇਖੋਂ, ਸ਼ਰਨਜੀਤ ਸਿੰਘ ਢਿੱਲੋਂ ਜੋ ਕਿ ਸਾਬਕਾ ਮੰਤਰੀ ਹਨ, ਸਮੇਤ ਤਿੰਨ ਸੇਵਾਮੁਕਤ ਆਈਏਐੱਸ ਅਧਿਕਾਰੀਆਂ ਖ਼ਿਲਾਫ਼ ਲੁੱਕ ਆਊਟ ਸਰਕੂਲਰ (ਐਲਓਸੀ) ਜਾਰੀ ਕਰਵਾ ਦਿੱਤੇ ਗਏ ਹਨ। ਇਸ ਤਰ੍ਹਾਂ ਦੇਸ਼ ਦੇ ਸਮੁੱਚੇ ਹਵਾਈ ਅੱਡਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਵਿਜੀਲੈਂਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਮਾਮਲੇ ਵਿੱਚ ਤਫ਼ਤੀਸ਼ ਨੂੰ ਅੱਗੇ ਵਧਾਉਣ ਲਈ ਸਬੰਧਤ ਸਿਆਸਤਦਾਨਾਂ ਅਤੇ ਸੇਵਾਮੁਕਤ ਨੌਕਰਸ਼ਾਹਾਂ ਦੇ ਐਲਓਸੀ ਜਾਰੀ ਕਰਾਉਣੇ ਜ਼ਰੂਰੀ ਸਨ।

ਸੂਤਰਾਂ ਮੁਤਾਬਕ ਜਿਨ੍ਹਾਂ ਸੇਵਾਮੁਕਤ ਆਈਏਐੱਸ ਅਧਿਕਾਰੀਆਂ ਦੇ ਐਲਓਸੀ ਜਾਰੀ ਕਰਾਏ ਗਏ ਹਨ ਉਨ੍ਹਾਂ ਵਿੱਚ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ, ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਕੇ.ਬੀ.ਐੱਸ. ਸਿੱਧੂ ਅਤੇ ਸਾਬਕਾ ਸਕੱਤਰ ਕਾਹਨ ਸਿੰਘ ਪੰਨੂ ਦੇ ਨਾਂ ਸ਼ਾਮਲ ਹਨ। ਸੂਤਰਾਂ ਮੁਤਾਬਕ ਵਿਜੀਲੈਂਸ ਨੂੰ ਇਨ੍ਹਾਂ ਵਿੱਚੋਂ ਇੱਕ ਅਧਿਕਾਰੀ ਦੇ ਪਹਿਲਾਂ ਤੋਂ ਹੀ ਵਿਦੇਸ਼ ਵਿੱਚ ਹੋਣ ਦੀ ਜਾਣਕਾਰੀ ਮਿਲੀ ਹੈ। ਅਕਾਲੀ ਦਲ ਨਾਲ ਸਬੰਧਤ ਸਿਆਸੀ ਆਗੂਆਂ ਵੱਲੋਂ ਵੀ ਆਪਣੇ ਬਚਾਅ ਲਈ ਭੱਜ-ਨੱਠ ਕੀਤੀ ਜਾ ਰਹੀ ਹੈ। ਵਿਜੀਲੈਂਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਵੱਲੋਂ ਤਫ਼ਤੀਸ਼ ਨੂੰ ਪ੍ਰਵਾਨਗੀ ਦੇਣ ਤੋਂ ਬਾਅਦ ਲੰਘੇ ਹਫ਼ਤੇ ਹੀ ਫਾਈਲ ਬਿਊਰੋ ਕੋਲ ਪਹੁੰਚ ਗਈ ਸੀ ਤੇ ਉਸ ਤੋਂ ਬਾਅਦ ਐਲਓਸੀ ਜਾਰੀ ਕਰਨ ਦੀ ਕਾਰਵਾਈ ਆਰੰਭ ਦਿੱਤੀ ਗਈ ਸੀ।

ਇਹ ਵੀ ਪੜ੍ਹੋ: ਵੀਡਿਓ ਵਾਇਰਲ ਮਾਮਲੇ ‘ਚ ਦੋ ਵਾਰਡਨਾਂ ਨੂੰ ਕੀਤਾ ਸਸਪੈਂਡ

ਵਿਜੀਲੈਂਸ ਵੱਲੋਂ ਭੇਜੇ ਜਾਂਦੇ ਦਸਤਾਵੇਜ਼ਾਂ ਦੇ ਅਧਾਰ ’ਤੇ ਇੰਟੈਲੀਜੈਂਸ ਵਿੰਗ ਵੱਲੋਂ ਐਲਓਸੀ ਜਾਰੀ ਕਰਨ ਦੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਸਬੰਧਤ ਵਿਅਕਤੀਆਂ ਸਬੰਧੀ ਠੋਸ ਜਾਣਕਾਰੀ ਭੇਜਣੀ ਜ਼ਰੂਰੀ ਹੁੰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਰਮਨੀ ਦੌਰੇ ਉਤੇ ਜਾਣ ਤੋਂ  ਪਹਿਲਾਂ ਕਥਿਤ ਬਹੁ-ਕਰੋੜੀ ਸਿੰਜਾਈ ਘੁਟਾਲੇ ਦੇ ਮਾਮਲੇ ਵਿੱਚ ਸਿਆਸਤਦਾਨਾਂ ਅਤੇ ਸੇਵਾਮੁਕਤ ਨੌਕਰਸ਼ਾਹਾਂ ਤੋਂ ਪੁੱਛ-ਪੜਤਾਲ ਦੀ ਪ੍ਰਵਾਨਗੀ ਦੇ ਦਿੱਤੀ ਸੀ। ਸੂਤਰਾਂ ਮੁਤਾਬਕ ਸਿੰਜਾਈ ਘੁਟਾਲੇ ਦੇ ਮੁੱਖ ਦੋਸ਼ੀ ਵਜੋਂ ਤਫ਼ਤੀਸ਼ੀ ਏਜੰਸੀ ਵੱਲੋਂ ਨਾਮਜ਼ਦ ਕੀਤੇ ਗਏ ਗੁਰਿੰਦਰ ਸਿੰਘ ਉਰਫ਼ ਭਾਪਾ ਵੱਲੋਂ ਇਕਬਾਲੀਆ ਬਿਆਨ ਦਿੱਤਾ ਗਿਆ ਹੈ। ਇਸ ਬਿਆਨ ਮੁਤਾਬਕ ਸਿੰਜਾਈ ਵਿਭਾਗ ’ਚ ਹੋਏ ਇਸ ਘੁਟਾਲੇ ਵਿੱਚੋਂ ਤਿੰਨ ਸੇਵਾਮੁਕਤ ਆਈਏਐੱਸ ਅਧਿਕਾਰੀਆਂ, ਦੋ ਸਾਬਕਾ ਮੰਤਰੀਆਂ ਅਤੇ ਦੋਵਾਂ ਮੰਤਰੀਆਂ ਦੇ ਨਿੱਜੀ ਸਹਾਇਕਾਂ (ਪੀਏ) ਵੱਲੋਂ ਮੋਟੀਆਂ ਰਕਮਾਂ ਹਾਸਲ ਕੀਤੀਆਂ ਗਈਆਂ।

ਵਿਜੀਲੈਂਸ ਬਿਊਰੋ ਵੱਲੋਂ ਇਹ ਇਕਬਾਲੀਆ ਬਿਆਨ ਐਫ.ਆਈ.ਆਰ. ਨੰਬਰ 10 ਮਿਤੀ 17 ਅਗਸਤ 2017 ਨੂੰ ਧਾਰਾ 406, 409, 420, 467, 468, 471, 477, 120 ਬੀ ਆਈਪੀਸੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤੇ ਮਾਮਲੇ ਵਿੱਚ ਲਏ ਗਏ ਸਨ। ਐਵੀਡੈਂਸ ਐਕਟ ਤਹਿਤ ਲਏ ਗਏ ਇਨ੍ਹਾਂ ਬਿਆਨਾਂ ਦੇ ਅਧਾਰ ’ਤੇ ਤਫਤੀਸ਼ੀ ਏਜੰਸੀ ਨੇ ਸਬੰਧਤ ਵਿਅਕਤੀਆਂ ਤੋਂ ਪੁੱਛਗਿੱਛ ਕਰਨੀ ਸੀ ਤੇ ਮਾਮਲੇ ਨੂੰ ਅੱਗੇ ਤੋਰਨਾ ਸੀ। ਵਿਜੀਲੈਂਸ ਬਿਊਰੋ ਨੇ ਇਸ ਕੇਸ ਵਿੱਚ ਠੇਕੇਦਾਰ ਗੁਰਿੰਦਰ ਸਿੰਘ ਸਮੇਤ ਗੁਲਸ਼ਨ ਨਾਗਪਾਲ ਐਕਸੀਅਨ, ਪਰਮਜੀਤ ਸਿੰਘ ਘੁੰਮਣ ਚੀਫ਼ ਇੰਜਨੀਅਰ (ਸੇਵਾਮੁਕਤ), ਬਜਰੰਗ ਲਾਲ ਸਿੰਗਲਾ ਐਕਸੀਅਨ, ਹਰਵਿੰਦਰ ਸਿੰਘ, ਚੀਫ਼ ਇੰਜੀਨੀਅਰ (ਸੇਵਾਮੁਕਤ) ਕਮਿੰਦਰ ਸਿੰਘ ਦਿਓਲ ਐੱਸ.ਡੀ.ਓ (ਸੇਵਾਮੁਕਤ), ਗੁਰਦੇਵ ਸਿੰਘ ਮਿਨ੍ਹਾ, ਚੀਫ ਇੰਜੀਨੀਅਰ (ਸੇਵਾਮੁਕਤ) ਵਿਮਲ ਕੁਮਾਰ ਸ਼ਰਮਾ ਸੁਪਰਵਾਇਜ਼ਰ ਅਤੇ ਸਿੰਜਾਈ ਵਿਭਾਗ ਦੇ ਕੁਝ ਅਧਿਕਾਰੀਆਂ, ਇੰਜੀਨੀਅਰਾਂ ਅਤੇ ਕਰਮਚਾਰੀਆਂ ਨੂੰ ਵੀ ਨਾਮਜ਼ਦ ਕੀਤਾ ਸੀ।

ਮਹੱਤਵਪੂਰਨ ਤੱਥ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀਆਂ ਕਾਂਗਰਸ ਸਰਕਾਰਾਂ ਵੱਲੋਂ ਅਧਿਕਾਰੀਆਂ ਤੇ ਸਿਆਸਤਦਾਨਾਂ ਖਿਲਾਫ਼ ਕਾਰਵਾਈ ਦੇ ਮਾਮਲੇ ’ਤੇ ਚੁੱਪ ਧਾਰ ਲਈ ਸੀ। ਇਹ ਵੀ ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਦੌਰਾਨ ਠੇਕੇਦਾਰ ਗੁਰਿੰਦਰ ਸਿੰਘ ਨੇ ਵਿਜੀਲੈਂਸ ਦੇ ਦਸਤਾਵੇਜ਼ ’ਤੇ ਆਪਣੇ ਦਸਤਖਤ ਨਾ ਹੋਣ ਦਾ ਦਾਅਵਾ ਕਰਕੇ ਮਾਮਲੇ ਨੂੰ ਪੁੱਠਾ ਗੇੜਾ ਦੇ ਦਿੱਤਾ ਸੀ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਤਫ਼ਤੀਸ਼ ਦੌਰਾਨ ਸਾਰੇ ਤੱਥਾਂ ਅਤੇ ਗਵਾਹਾਂ ਦੀ ਪੁਣਛਾਣ ਕੀਤੀ ਜਾਵੇਗੀ। ਜਿਨ੍ਹਾਂ ਵਿਅਕਤੀਆਂ ਨੂੰ ਹੁਣ ਤੱਕ ਤਫ਼ਤੀਸ਼ ’ਚ ਸ਼ਾਮਲ ਨਹੀਂ ਕੀਤਾ ਗਿਆ, ਉਨ੍ਹਾਂ ਨੂੰ ਤਾਂ ਬੁਲਾਇਆ ਹੀ ਜਾਵੇਗਾ ਤੇ ਜੇਕਰ ਲੋੜ ਪਈ ਤਾਂ ਜਿਨ੍ਹਾਂ ਵਿਅਕਤੀਆਂ ਤੋਂ ਪਹਿਲਾਂ ਪੁੱਛਗਿੱਛ ਕੀਤੀ ਗਈ ਸੀ ਉਨ੍ਹਾਂ ਨੂੰ ਵੀ ਮੁੜ ਬੁਲਾਇਆ ਜਾਵੇਗਾ। ਇਸ ਮਾਮਲੇ ਦੇ ਮੁੜ ਤੋਂ ਖੁੱਲ੍ਹਣ ਕਰਕੇ ਕਾਂਗਰਸ ਸਰਕਾਰ ਦੇ ਸਮੇਂ ਤਫਤੀਸ਼ ਨਾਲ ਜੁੜੇ ਰਹੇ ਵਿਜੀਲੈਂਸ ਦੇ ਅਫ਼ਸਰ ਵੀ ਘਬਰਾਏ ਹੋਏ ਹਨ।

ਸਿੰਜਾਈ ਘੁਟਾਲੇ ਦੇ ਮੁੱਖ ਮੁਲਜ਼ਮ ਵਜੋਂ ਤਫ਼ਤੀਸ਼ੀ ਏਜੰਸੀ ਵੱਲੋਂ ਨਾਮਜ਼ਦ ਕੀਤੇ ਗਏ ਗੁਰਿੰਦਰ ਸਿੰਘ ਵੱਲੋਂ ਵਿਜੀਲੈਂਸ ਕੋਲ ਜਿਹੜਾ ਇਹ ਬਿਆਨ ਦਿੱਤਾ ਗਿਆ ਸੀ, ਉਸ ਮੁਤਾਬਕ ਠੇਕੇਦਾਰ ਨੇ ਇੱਕ ਸੇਵਾਮੁਕਤ ਅਧਿਕਾਰੀ ਨੂੰ 5.50 ਕਰੋੜ, ਇੱਕ ਦੂਜੇ ਅਧਿਕਾਰੀ ਨੂੰ 8.50 ਕਰੋੜ, ਤੇ ਤੀਜੇ ਸੇਵਾਮੁਕਤ ਅਧਿਕਾਰੀ ਨੂੰ 7 ਕਰੋੜ ਰੁਪਏ ਦੀ ਰਿਸ਼ਵਤ ਦੇਣਾ ਮੰਨਿਆ ਸੀ। ਠੇਕੇਦਾਰ ਨੇ ਰਿਸ਼ਵਤ ਦੇਣ ਦਾ ਕਾਰਨ ਵਿਭਾਗ ਤੋਂ ਬਿੱਲ ਪਾਸ ਕਰਾਉਣਾ, ਕੰਮ ਅਲਾਟ ਕਰਾਉਣ ਅਤੇ ਮਸ਼ੀਨਾਂ ਦੀ ਖ਼ਰੀਦ ਆਦਿ ਵਿੱਚ ਦੇਣ ਦੀ ਗੱਲ ਕਬੂਲੀ ਕੀਤੀ ਸੀ। ਠੇਕੇਦਾਰ ਵੱਲੋਂ ਦੋ ਸਾਬਕਾ ਮੰਤਰੀਆਂ ਅਤੇ ਮੰਤਰੀਆਂ ਦੇ ਨਿੱਜੀ ਸਹਾਇਕਾਂ ਨੂੰ ਵੀ ਮੋਟਾ ਗੱਫਾ ਦੇਣ ਦਾ ਖੁਲਾਸਾ ਇਸ ਦਸਤਾਵੇਜ਼ ਰਾਹੀਂ ਕੀਤਾ ਗਿਆ ਹੈ। ਇੱਕ ਮੰਤਰੀ ਦੇ ਪੀਏ ਨੂੰ 2.50 ਕਰੋੜ ਰੁਪਏ ਤੇ ਸਾਬਕਾ ਮੰਤਰੀ ਨੂੰ 7 ਕਰੋੜ 35 ਲੱਖ ਰੁਪਏ ਦੇਣ ਦਾ ਇਕਬਾਲ ਕੀਤਾ ਗਿਆ ਹੈ। ਗੁਰਿੰਦਰ ਸਿੰਘ ਨੇ ਦੂਸਰੇ ਮੰਤਰੀ ਨੂੰ 4 ਕਰੋੜ ਰੁਪਏ ਤੇ ਮੰਤਰੀ ਦੇ ਨਿੱਜੀ ਸਹਾਇਕ ਨੂੰ 50 ਲੱਖ ਰੁਪਏ ਦੇਣਾ ਮੰਨਿਆ ਹੈ। ਇਨ੍ਹਾਂ ਮੰਤਰੀਆਂ ਦੇ ਨਿੱਜੀ ਸਹਾਇਕਾਂ ਨੂੰ ਵੀ ਬਿੱਲ ਪਾਸ ਕਰਾਉਣ, ਕੰਮ ਦਿਵਾਉਣ ਦਾ ਕਮਿਸ਼ਨ ਆਦਿ ਦੇ ਰੂਪ ਵਿੱਚ ਹੀ ਦੇਣਾ ਮੰਨਿਆ ਸੀ।

ਵੀਡਿਓ ਵਾਇਰਲ ਮਾਮਲੇ ‘ਚ ਦੋ ਵਾਰਡਨਾਂ ਨੂੰ ਕੀਤਾ ਸਸਪੈਂਡ

0

ਚੰਡੀਗੜ੍ਹ ਯੂਨੀਵਰਸਿਟੀ (ਸੀਯੂ) ਵਿੱਚ ਪੜ੍ਹਦੀਆਂ ਵਿਦਿਆਰਥਣਾਂ ਦੀ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਦੋ ਵਾਰਡਨ ਮੁਅੱਤਲ ਕਰ ਦਿੱਤੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਾਰਡਨ ‘ਤੇ ਡਿਊਟੀ ‘ਚ ਲਾਪਰਵਾਹੀ ਦੇ ਆਰੋਪ ਲੱਗੇ ਹਨ। ਯੂਨੀਵਰਸਿਟੀ ਨੇ ਵਾਰਡਨ ਰਾਜਵਿੰਦਰ ਕੌਰ ਨੂੰ ਸਸਪੈਂਡ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਵਾਇਰਲ ਵੀਡੀਓ ਮਾਮਲਾ : ਲੜਕੀ ਸਮੇਤ ਤਿੰਨ ਗ੍ਰਿਫਤਾਰ, ਵਿਦਿਆਰਥੀਆਂ ਨੇ ਧਰਨਾ ਕੀਤਾ ਸਮਾਪਤ

ਵਿਦਿਆਰਥਣਾਂ ਵਲੋਂ ਵਾਰਡਨ ਨੂੰ ਹਟਾਉਣ ਦੀ ਮੰਗ ਵੀ ਕੀਤੀ ਗਈ ਹੈ। ਇਸਦੇ ਨਾਲ ਹੀ ਦੱਸ ਦਈਏ ਕਿ ਯੂਨੀਵਰਸਿਟੀ ‘ਚ ਇੱਕ ਹਫਤੇ ਲਈ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਵਿਦਿਆਰਥੀ ਆਪਣੇ ਮਾਤਾ-ਪਿਤਾ ਨਾਲ ਆਪਣੇ ਘਰਾਂ ਨੂੰ ਪਰਤ ਰਹੇ ਹਨ। ਜਾਣਕਾਰੀ ਅਨੁਸਾਰ ਹੁਣ ਇਸ ਮਾਮਲੇ ਨੂੰ ਲੈ ਕੇ 3 ਮੈਂਬਰੀ SIT ਬਣਾਈ ਗਈ ਹੈ ਜੋ ਕਿ ਪੂਰੇ ਮਾਮਲੇ ਦੀ ਜਾਂਚ ਕਰੇਗੀ।

ਤਾਇਵਾਨ ’ਚ ਆਇਆ ਜ਼ਬਰਦਸਤ ਭੂਚਾਲ, ਇਮਾਰਤਾਂ ਡਿੱਗੀਆਂ

0

ਤਾਇਵਾਨ ਵਿਚ ਭੂਚਾਲ ਆਉਣ ਦੀ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਤਾਇਵਾਨ ਵਿਚ ਜ਼ਬਰਦਸਤ ਭੂਚਾਲ ਆਉਣ ਕਾਰਨ ਤਿੰਨ ਮੰਜ਼ਿਲਾ ਇਮਾਰਤ ਡਿੱਗ ਗਈ ਤੇ ਦੋ ਵਿਅਕਤੀ ਅੰਦਰ ਫਸ ਗਏ। ਇਸ ਦੌਰਾਨ ਇਕ ਯਾਤਰੀ ਰੇਲਗੱਡੀ ਦਾ ਕੁਝ ਹਿੱਸਾ ਪੱਟੜੀ ਤੋਂ ਲਹਿ ਗਿਆ। ਭੂਚਾਲ ਕਾਰਨ ਹੁਣ ਤੱਕ ਇੱਕ ਵਿਅਕਤੀ ਦੀ ਮੌਤ ਹੋਣ ਤੇ ਨੌਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਭੂਚਾਲ ਦੇ ਝਟਕੇ ਪੂਰੇ ਤਾਇਵਾਨ ਵਿਚ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 6.8 ਮਾਪੀ ਗਈ ਹੈ। ਵੇਰਵਿਆਂ ਮੁਤਾਬਕ ਸ਼ਨਿਚਰਵਾਰ ਤੋਂ ਭੂਚਾਲ ਦੇ ਝਟਕੇ ਲੱਗ ਰਹੇ ਹਨ ਤੇ ਇਸ ਤੋਂ ਪਹਿਲਾਂ 6.4 ਦੀ ਤੀਬਰਤਾ ਵਾਲਾ ਝਟਕਾ ਵੀ ਲੱਗ ਚੁੱਕਾ ਹੈ। ਜਪਾਨ ਨੇ ਤਾਇਵਾਨ ਨਾਲ ਲੱਗਦੇ ਆਪਣੇ ਕਈ ਟਾਪੂਆਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਹੈ।

ਇਹ ਵੀ ਪੜ੍ਹੋ: ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੋਇਮ ਦਾ ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ

ਤਾਇਵਾਨ ਦੇ ਮੌਸਮ ਬਿਊਰੋ ਮੁਤਾਬਕ ਜ਼ਿਆਦਾਤਰ ਨੁਕਸਾਨ ਚਿਸ਼ੈਂਗ ਕਸਬੇ ਵਿਚ ਹੋਇਆ ਹੈ। ਇੱਥੋਂ ਨੇੜਲੇ ਯੂਲੀ ਕਸਬੇ ਵਿਚ ਤਿੰਨ ਮੰਜ਼ਿਲਾ ਇਮਾਰਤ ਵੀ ਡਿੱਗੀ ਹੈ। ਇਮਾਰਤ ਦੇ ਮਾਲਕ ਬਜ਼ੁਰਗ ਜੋੜੇ ਨੂੰ ਬਚਾ ਲਿਆ ਗਿਆ। ਇਕ 39 ਸਾਲਾ ਔਰਤ ਤੇ ਉਸ ਦੀ ਪੰਜ ਸਾਲਾ ਧੀ ਮਲਬੇ ਵਿਚ ਫਸੇ ਹੋਏ ਹਨ। ਰਾਹਤ ਕਰਮੀਆਂ ਨੇ ਉਨ੍ਹਾਂ ਨਾਲ ਸੰਪਰਕ ਸਥਾਪਿਤ ਕਰ ਲਿਆ ਸੀ। ਯੂਲੀ ਕਸਬੇ ਦੇ ਦਿਹਾਤੀ ਖੇਤਰ ਵਿਚ ਇਕ ਸੜਕ ’ਤੇ ਪੁਲ ਢਹਿ-ਢੇਰੀ ਹੋ ਗਿਆ। ਜਾਣਕਾਰੀ ਅਨੁਸਾਰ ਪੁਲ ਤੋਂ ਤਿੰਨ ਲੋਕ ਤੇ ਇਕ-ਦੋ ਵਾਹਨ ਹੇਠਾਂ ਡਿੱਗ ਗਏ। ਯੂਲੀ ਕਸਬੇ ਦੀ ਹੀ ਇਕ ਪਹਾੜੀ ਸੈਰਗਾਹ ’ਤੇ 400 ਸੈਲਾਨੀ ਫਸ ਗਏ। ਸਾਲ ਦੇ ਇਨ੍ਹਾਂ ਮਹੀਨਿਆਂ ਦੌਰਾਨ ਉੱਥੇ ਵੱਡੀ ਗਿਣਤੀ ਲੋਕ ਘੁੰਮਣ ਜਾਂਦੇ ਹਨ। ਉੱਥੇ ਬਿਜਲੀ ਸਪਲਾਈ ਕੱਟੀ ਗਈ ਹੈ ਤੇ ਮੋਬਾਈਲ ਸਿਗਨਲ ਕਮਜ਼ੋਰ ਹੈ। ਕਈ ਹੋਰ ਸ਼ਹਿਰਾਂ-ਕਸਬਿਆਂ ਵਿਚ ਇਮਾਰਤਾਂ ਤੇ ਵਾਹਨਾਂ ਦਾ ਨੁਕਸਾਨ ਹੋਇਆ ਹੈ। ਤਈਪੇਈ ਵਿਚ ਵੀ ਝਟਕੇ ਮਹਿਸੂਸ ਕੀਤੇ ਗਏ। –

ਕੈਪਟਨ ਅਮਰਿੰਦਰ ਸਿੰਘ ਅੱਜ BJP ‘ਚ ਹੋਣਗੇ ਸ਼ਾਮਲ

0

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸਵੇਰੇ 11 ਵਜੇ ਭਾਜਪਾ ਵਿੱਚ ਸ਼ਾਮਲ ਹੋਣਗੇ। ਇਸ ਦੇ ਲਈ ਕੈਪਟਨ ਐਤਵਾਰ ਨੂੰ ਹੀ ਦਿੱਲੀ ਪਹੁੰਚ ਗਏ ਸਨ। ਬੇਟਾ ਰਣਇੰਦਰ ਸਿੰਘ, ਬੇਟੀ ਜੈ ਇੰਦਰ ਕੌਰ ਅਤੇ ਭਦੌੜ ਤੋਂ ਸਾਬਕਾ ਵਿਧਾਇਕ ਨਿਰਮਲ ਸਿੰਘ ਵੀ ਭਾਜਪਾ ‘ਚ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ: ਵਾਇਰਲ ਵੀਡੀਓ ਮਾਮਲਾ : ਲੜਕੀ ਸਮੇਤ ਤਿੰਨ ਗ੍ਰਿਫਤਾਰ, ਵਿਦਿਆਰਥੀਆਂ ਨੇ ਧਰਨਾ ਕੀਤਾ ਸਮਾਪਤ

ਕੈਪਟਨ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਵੀ ਭਾਜਪਾ ਵਿੱਚ ਰਲੇਵਾਂ ਕਰਨਗੇ। ਇਸ ਤੋਂ ਪਹਿਲਾਂ ਵੀ ਕੈਪਟਨ ਦੇ ਕਈ ਸਾਥੀ ਭਾਜਪਾ ਵਿੱਚ ਸ਼ਾਮਲ ਹੋ ਚੁੱਕੇ ਹਨ। ਜਾਣਕਾਰੀ ਅਨੁਸਾਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਸੋਮਵਾਰ ਨੂੰ ਨਵੀਂ ਦਿੱਲੀ ਵਿਖੇ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋਣਗੇ। ਇਸ ਦੌਰਾਨ ਉਹ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ (ਪੀ.ਐੱਲ.ਸੀ.) ਦਾ ਵੀ ਭਾਜਪਾ ਵਿਚ ਰਲੇਵਾਂ ਕਰਨਗੇ।

ਇਸ ਦੌਰਾਨ ਪੰਜਾਬ ਭਾਜਪਾ ਦੇ ਪੁਨਰਗਠਨ ਦੀਆਂ ਤਿਆਰੀਆਂ ਵੀ ਚੱਲ ਰਹੀਆਂ ਹਨ, ਜਿਸ ਵਿਚ ਮੰਨਿਆ ਜਾ ਰਿਹਾ ਹੈ ਕਿ ਕੈਪਟਨ ਪੰਜਾਬ ਭਾਜਪਾ ਦਾ ਮੁੱਖ ਚਿਹਰਾ ਹੋਣਗੇ ਅਤੇ ਪਾਰਟੀ ਉਨ੍ਹਾਂ ਦੀ ਅਗਵਾਈ ਹੇਠ ਅਗਲੀਆਂ ਚੋਣਾਂ ਆਪਣੇ ਦਮ ‘ਤੇ ਲੜਾਂਗੀ।

 

ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੋਇਮ ਦਾ ਅੱਜ ਕੀਤਾ ਜਾਵੇਗਾ ਅੰਤਿਮ ਸਸਕਾਰ

0

ਮਹਾਰਾਣੀ ਐਲਿਜ਼ਾਬੈਥ II ਦਾ ਅੱਜ 19 ਸਤੰਬਰ ਨੂੰ ਸਰਕਾਰੀ ਸਨਮਾਨਾਂ ਨਾਲ ਲੰਡਨ ਵਿਚ ਸਸਕਾਰ ਕੀਤਾ ਜਾਵੇਗਾ। ਦੁਨੀਆ ਭਰ ਤੋਂ 500 ਤੋਂ ਵੱਧ ਰਾਜਾਂ ਦੇ ਮੁਖੀਆਂ ਸਮੇਤ ਲੰਡਨ ਦੇ ਕਰੀਬ 10 ਲੱਖ ਨਾਗਰਿਕਾਂ ਸ਼ਾਮਲ ਹੋਣਗੇ। ਮਹਾਰਾਣੀ ਐਲਿਜ਼ਾਬੈਥ II ਦੀ 8 ਸਤੰਬਰ ਨੂੰ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਖੇ 96 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। ਕਰੀਬ ਇੱਕ ਘੰਟੇ ਤੱਕ ਚੱਲਣ ਵਾਲੇ ਇਸ ਸਰਕਾਰੀ ਅੰਤਿਮ ਸਸਕਾਰ ਦਾ ਪ੍ਰੋਗਰਾਮ ਭਾਰਤੀ ਸਮੇਂ ਅਨੁਸਾਰ ਦੁਪਹਿਰ 3:30 ਵਜੇ (ਬ੍ਰਿਟਿਸ਼ ਸਮੇਂ ਅਨੁਸਾਰ 11 ਵਜੇ) ਸ਼ੁਰੂ ਹੋਵੇਗਾ।

ਇਸ ਸਰਕਾਰੀ ਅੰਤਿਮ ਸਸਕਾਰ ਦੀ ਸਮਾਪਤੀ ਤੋਂ ਬਾਅਦ ਦੇਸ਼ ਭਰ ਵਿੱਚ 2 ਮਿੰਟ ਦਾ ਮੌਨ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਮਹਾਰਾਣੀ ਦੇ ਅੰਤਿਮ ਸਸਕਾਰ ‘ਚ ਸ਼ਾਮਲ ਹੋਣ ਲਈ ਭਾਰਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ 18 ਸਤੰਬਰ ਨੂੰ ਲੰਡਨ ਪਹੁੰਚੇ ਸਨ। ਇੱਥੇ ਵੈਸਟਮਿੰਸਟਰ ਹਾਲ ਵਿਖੇ, ਉਨ੍ਹਾਂ ਨੇ ਭਾਰਤ ਦੇ ਲੋਕਾਂ ਵੱਲੋਂ ਮਹਾਰਾਣੀ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਲੰਡਨ ਦੇ ਲੈਂਕੈਸਟਰ ਹਾਊਸ ਵਿਖੇ ਮਹਾਰਾਣੀ ਐਲਿਜ਼ਾਬੈਥ ਦੂਜੀ ਦੀ ਯਾਦ ਵਿੱਚ ਸ਼ੋਕ ਕਿਤਾਬ ‘ਤੇ ਹਸਤਾਖਰ ਵੀ ਕੀਤੇ। ਰਾਸ਼ਟਰਪਤੀ ਮੁਰਮੂ ਨੇ ਇਸ ਤੋਂ ਬਾਅਦ ਬਕਿੰਘਮ ਪੈਲੇਸ ਵਿਖੇ ਬ੍ਰਿਟੇਨ ਦੇ ਨਵੇਂ ਰਾਜਾ ਚਾਰਲਸ ਤੀਜੇ ਨਾਲ ਮੁਲਾਕਾਤ ਕੀਤੀ।

ਵਾਇਰਲ ਵੀਡੀਓ ਮਾਮਲਾ : ਲੜਕੀ ਸਮੇਤ ਤਿੰਨ ਗ੍ਰਿਫਤਾਰ, ਵਿਦਿਆਰਥੀਆਂ ਨੇ ਧਰਨਾ ਕੀਤਾ ਸਮਾਪਤ

0

ਚੰਡੀਗੜ੍ਹ ਯੂਨੀਵਰਸਿਟੀ ਇਤਰਾਜ਼ਯੋਗ ਵੀਡੀਓ ਮਾਮਲੇ ‘ਚ ਪੁਲਿਸ ਵੱਲੋਂ ਜਾਂਚ ਦੇ ਭਰੋਸੇ ਤੋਂ ਬਾਅਦ ਵਿਦਿਆਰਥੀਆਂ ਨੇ ਦੇਰ ਰਾਤ ਆਪਣਾ ਧਰਨਾ ਖ਼ਤਮ ਕਰ ਦਿੱਤਾ। ਵਿਦਿਆਰਥੀਆਂ ਨੇ ਧਰਨਾ ਖ਼ਤਮ ਕਰਨ ਲਈ ਆਪਣੀਆਂ ਕੁੱਝ ਮੰਗਾਂ ਵੀ ਰੱਖੀਆਂ ਜਿਸ ਵਿੱਚ ਹੋਸਟਲ ਵਿੱਚ ਸਹੂਲਤਾਂ ਅਤੇ ਸਮੇਂ ਨੂੰ ਲੈ ਕੇ ਸ਼ਰਤਾਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮੰਨ ਲਈਆਂ ਗਈਆਂ ਹਨ।

ਇਕ ਵਿਦਿਆਰਥਣ ਵੱਲੋਂ ਲੜਕੀਆਂ ਦੀ ਵੀਡੀਓ ਵਾਇਰਲ ਕਰਨ ਦੇ ਮਾਮਲੇ ਵਿਚ ਮੁਲਜ਼ਮ ਲੜਕੀ ਸਮੇਤ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਸ਼ਿਮਲਾ ਤੋਂ ਗਿਰਫ਼ਤਾਰ ਕਰ ਲਿਆ ਹੈ। ਇਹ ਦੋ ਮੁਲਜ਼ਮ ਸ਼ਿਮਲਾ ਦੇ ਰੋਹੜੂ ਅਤੇ ਢੱਲੀ ਤੋਂ ਗਿਰਫ਼ਤਾਰ ਕੀਤਾ ਹੈ। ਇੱਕ ਮੁਲਜ਼ਮ ਟਰੈਵਲ ਏਜੈਂਟ ਹੈ ਅਤੇ ਦੂਜਾ ਬੇਕਰੀ ਉੱਤੇ ਕੰਮ ਕਰਦਾ ਹੈ। ਪੰਜਾਬ ਪੁਲਿਸ ਦੀ ਬੇਨਤੀ ਉੱਤੇ ਹਿਮਾਚਲ ਪੁਲਿਸ ਨੇ ਮੁਲਜ਼ਮਾਂ ਨੂੰ ਡੀਟੇਨ ਕਰ ਲਿਆ ਸੀ। ਮਾਮਲਾ ਧਾਰਾ 354 ਅਤੇ ਆਈ ਟੀ ਐਕਟ ਦੀ ਧਾਰਾ 66 ਤਹਿਤ ਦਰਜ ਕੀਤਾ ਗਿਆ ਹੈ। ਯੂਨੀਵਰਸਿਟੀ ਨੇ ਵਿਦਿਆਰਥੀਆਂ ਦੀ ਅੱਜ ਤੋਂ ਇੱਕ ਹਫ਼ਤੇ ਦੀ ਛੁੱਟੀ ਵੀ ਐਲਾਨ ਕਰ ਦਿੱਤੀ ਹੈ।

ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕੋਵਿਡ ਯੋਧਿਆਂ ਦਾ ਕੀਤਾ ਸਨਮਾਨ

0

ਐਸ ਆਰ ਐਸ ਫਾਉਂਡੇਸ਼ਨ ਵੱਲੋਂ ਚੰਡੀਗੜ੍ਹ ਵਿਖੇ ਇੱਕ ਮੈਡੀਕਲ ਕਾਨਫਰੰਸ, ਸਿਹਤ ਅਤੇ ਤੰਦਰੁਸਤੀ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਚੇਤਨ ਸਿੰਘ ਜੌੜਾਮਾਜਰਾ ਨੇ ਕੀਤੀ। ਪ੍ਰੋਗਰਾਮ ਦਾ ਉਦੇਸ਼ ਮਹਾਂਮਾਰੀ ਦੇ ਸਮੇਂ ਦੌਰਾਨ ਕੋਰੋਨਾ ਯੋਧਿਆਂ ਦੇ ਯੋਗਦਾਨ ਨੂੰ ਪਛਾਣਨ ਅਤੇ ਪ੍ਰਸ਼ੰਸਾ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਸੀ।

ਮੈਡੀਕਲ ਅਤੇ ਪੈਰਾ-ਮੈਡੀਕਲ ਪੇਸ਼ੇਵਰਾਂ ਨੂੰ ਧਰਤੀ ‘ਤੇ ਪ੍ਰਮਾਤਮਾ ਦੀ ਮੂਰਤ ਦੱਸਦਿਆਂ ਸ੍ਰੀ ਜੌੜਾਮਾਜਰਾ ਨੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਜਿਵੇਂ ਕਿ ਨਰਸਾਂ, ਵਾਰਡ ਬੁਆਏ ਅਤੇ ਸੁਰੱਖਿਆ ਗਾਰਡਾਂ ਨੂੰ ਸਨਮਾਨਿਤ ਕੀਤਾ।

ਇਹ ਵੀ ਪੜ੍ਹੋ: ਸੜਕ ਹਾਦਸਿਆਂ ‘ਚ ਜਾਨਾਂ ਬਚਾਉਣ ਤੇ ਸੜਕੀ ਸੁਰੱਖਿਆ ਕਾਰਜਾਂ ‘ਚ ਸਹਿਯੋਗ ਲਈ ਪੰਜਾਬ ਸਰਕਾਰ…

ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਜੌੜਾਮਾਜਰਾ ਨੇ ਕਿਹਾ ਕਿ ਡਾਕਟਰੀ ਪੇਸ਼ੇਵਰਾਂ ਨੇ ਕੋਵਿਡ ਨਾਲ ਨਜਿੱਠਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ, ਉਹ ਸਮਾਂ ਸੀ ਜਦੋਂ ਪਰਿਵਾਰਕ ਮੈਂਬਰ ਵੀ ਆਪਣੇ ਮਰ ਰਹੇ ਰਿਸ਼ਤੇਦਾਰਾਂ ਦੇ ਨੇੜੇ ਆਉਣ ਦੀ ਹਿੰਮਤ ਨਹੀਂ ਕਰਦੇ ਸਨ ਪਰ ਇਨ੍ਹਾਂ ਪੇਸ਼ੇਵਰਾਂ ਨੇ ਬਿਨਾਂ ਕਿਸੇ ਡਰ ਦੇ ਆਪਣੀ ਡਿਊਟੀ ਨਿਭਾਈ ਅਤੇ ਆਪਣੇ ਯਤਨਾਂ ਨਾਲ ਅਨੇਕਾਂ ਜਾਨਾਂ ਬਚਾਈਆਂ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿਹਤ ਖੇਤਰ ਦਾ ਸੁਧਾਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਉਨ੍ਹਾਂ ਦੀ ਸਰਕਾਰ, ਸਰਕਾਰੀ ਹਸਪਤਾਲਾਂ ਵਿੱਚ ਮਿਆਰੀ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਉਨ੍ਹਾਂ ਸੂਬੇ ਵਿੱਚ ਸਸਤੀ ਮੈਡੀਕਲ ਸਿੱਖਿਆ ਮੁਹੱਈਆ ਕਰਵਾਉਣ ‘ਤੇ ਵੀ ਜ਼ੋਰ ਦਿੱਤਾ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਮੋਟੀਆਂ ਫੀਸਾਂ ਦੇ ਕੇ ਡਾਕਟਰੀ ਸਿੱਖਿਆ ਲਈ ਵਿਦੇਸ਼ਾਂ ਵਿੱਚ ਨਾ ਜਾਣਾ ਪਵੇ।

ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਪਦਮ ਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਉੱਘੇ ਵਾਤਾਵਰਣ ਪ੍ਰੇਮੀ ਨੇ ਗੁਰਬਾਣੀ ਦੇ ਸ਼ਬਦ ‘ਪਵਨ ਗੁਰੂ, ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦਾ ਉਚਾਰਨ ਕਰਦਿਆਂ ਵਾਤਾਵਰਣ ਦੀ ਸੁਰੱਖਿਆ ‘ਤੇ ਜ਼ੋਰ ਦਿੱਤਾ, ਜਿਸ ਵਿੱਚ ਧਰਤੀ ‘ਤੇ ਜੀਵਨ ਤਿੰਨ ਥੰਮ੍ਹਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ ਗਿਆ।

ਇਸ ਮੌਕੇ ‘ਤੇ ਕੋਵਿਡ ਮਹਾਂਮਾਰੀ ਦੇ ਸਮੇਂ ਦੌਰਾਨ ਜੀਵਨ ਬਾਰੇ ਇੱਕ ਪੈਨਲ ਚਰਚਾ ਵੀ ਕਰਵਾਈ ਗਈ ਜਿਸ ਵਿੱਚ ਮੈਡੀਕਲ, ਅਧਿਆਤਮਿਕ ਅਤੇ ਮਨੋਵਿਗਿਆਨ ਦੇ ਵਿਸ਼ਾ ਮਾਹਿਰਾਂ ਨੇ ਭਾਗ ਲਿਆ। ਡਾ.ਗੁਰਬੀਰ ਸਿੰਘ, ਡਾ.ਦਿਗੰਬਰ, ਯੋਗੀ ਅਮਨਦੀਪ ਸਿੰਘ ਅਤੇ ਰੀਨਾ ਗੁਪਤਾ ਨੇ ਅੱਜ ਦੇ ਹਾਲਾਤ ਵਿੱਚ ਚੰਗੀ ਮਾਨਸਿਕ ਸਿਹਤ ਦੀ ਮਹੱਤਤਾ ਨੂੰ ਰੇਖਾਂਕਿਤ ਕੀਤਾ ਕਿਉਂਕਿ ਸਾਡੇ ਵਿੱਚੋਂ ਹਰ ਕੋਈ ਕਿਸੇ ਨਾ ਕਿਸੇ ਤਣਾਅ ਵਿੱਚ ਰਹਿੰਦਾ ਹੈ ਜਿਸ ਕਾਰਨ ਅਕਸਰ ਸਰੀਰਕ ਸਿਹਤ ਵੀ ਖਰਾਬ ਹੋ ਜਾਂਦੀ ਹੈ।

ਐਸ.ਆਰ.ਐਸ. ਫਾਊਂਡੇਸ਼ਨ ਦੇ ਡਾਇਰੈਕਟਰ ਡਾ: ਸਾਜਨ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਪੰਜਾਬ ਸ੍ਰੀ ਜੌੜਾਮਾਜਰਾ ਦੀ ਯੋਗ ਅਗਵਾਈ ਹੇਠ ਸਾਡੀ ਸੰਸਥਾ ਪੰਜਾਬ ਰਾਜ ਦੇ ਸਿਹਤ ਖੇਤਰ ਨੂੰ ਦੇਸ਼ ਵਿੱਚ ਨੰਬਰ ਇੱਕ ਬਣਾਉਣ ਲਈ ਯਤਨਸ਼ੀਲ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਚਮਕੌਰ ਸਾਹਿਬ ਤੋਂ ਵਿਧਾਇਕ ਡਾ: ਚਰਨਜੀਤ ਸਿੰਘ ਅਤੇ ਮੋਗਾ ਤੋਂ ਵਿਧਾਇਕ ਡਾ: ਅਮਨਦੀਪ ਕੌਰ, ਰਾਜਪੁਰਾ ਤੋਂ ਵਿਧਾਇਕਾ ਨੀਨਾ ਮਿੱਤਲ ਅਤੇ ‘ਆਪ’ ਮੁਹਾਲੀ ਦੇ ਜ਼ਿਲ੍ਹਾ ਪ੍ਰਧਾਨ ਡਾ: ਪ੍ਰਭਜੋਤ ਕੌਰ ਹਾਜ਼ਰ ਸਨ।