ਦਿੱਲੀ-ਐਨਸੀਆਰ ਤੋਂ ਬਾਅਦ ਪੰਜਾਬ ਦੇ ਅੰਮ੍ਰਿਤਸਰ ‘ਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਇਨ੍ਹਾਂ ਦੀ ਤੀਬਰਤਾ 4.1 ਮਾਪੀ ਗਈ ਹੈ। ਭੂਚਾਲ ਸੋਮਵਾਰ ਸਵੇਰੇ ਕਰੀਬ 3.42 ਵਜੇ ਆਇਆ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ-ਐਨਸੀਆਰ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।
ਇੰਗਲੈਂਡ ਨੇ ਪਾਕਿਸਤਾਨ ਨੂੰ ਹਰਾ ਕੇ ਦੂਜੀ ਵਾਰ T-20 World Cup ਜਿੱਤਿਆ
ਇੰਗਲੈਂਡ ਕ੍ਰਿਕਟ ਇਤਿਹਾਸ ਵਿੱਚ ਪਹਿਲਾ ਡਬਲ ਵਿਸ਼ਵ ਚੈਂਪੀਅਨ ਬਣ ਗਿਆ ਹੈ। ਇੰਗਲੈਂਡ ਦੀ ਟੀਮ ਨੇ ਐਤਵਾਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ ‘ਤੇ ਖੇਡੇ ਗਏ ਫਾਈਨਲ ‘ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾ ਕੇ ਦੂਜੀ ਵਾਰ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤ ਲਿਆ ਹੈ। ਇੰਗਲੈਂਡ ਦੇ ਕੋਲ ਇਸ ਸਮੇਂ ਵਨਡੇ ਵਿਸ਼ਵ ਕੱਪ ਦਾ ਖਿਤਾਬ ਵੀ ਹੈ। ਪਹਿਲੀ ਵਾਰ ਕਿਸੇ ਟੀਮ ਦੇ ਕੋਲ ਵਨਡੇ ਅਤੇ ਟੀ-20 ਦੋਵਾਂ ਦਾ ਵਿਸ਼ਵ ਖਿਤਾਬ ਇੱਕੋ ਸਮੇਂ ਹੈ।
ਫਾਈਨਲ ਵਿੱਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ ਦੀ ਟੀਮ 20 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 137 ਦੌੜਾਂ ਹੀ ਬਣਾ ਸਕੀ। ਜਵਾਬ ‘ਚ ਇੰਗਲੈਂਡ ਨੇ 19 ਓਵਰਾਂ ‘ਚ 5 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਇੰਗਲੈਂਡ ਲਈ ਬੇਨ ਸਟੋਕਸ ਨੇ ਨਾਬਾਦ ਸਭ ਤੋਂ ਵੱਧ 52 ਦੌੜਾਂ ਬਣਾਈਆਂ। ਪਾਕਿਸਤਾਨ ਲਈ ਹੈਰਿਸ ਰੌਸ ਨੇ 2 ਵਿਕਟਾਂ ਲਈਆਂ।
ਇੰਗਲੈਂਡ ਦੀ ਪਾਰੀ ਦੀਆਂ ਮੁੱਖ ਗੱਲਾਂ
ਸ਼ਾਹੀਨ ਸ਼ਾਹ ਅਫਰੀਦੀ ਨੇ ਪਹਿਲੇ ਓਵਰ ਵਿੱਚ ਹੀ 1 ਰਨ ਬਣਾ ਕੇ ਐਲੇਕਸ ਹੇਲਸ ਨੂੰ ਕਲੀਨ ਬੋਲਡ ਕਰ ਦਿੱਤਾ।
ਫਿਲ ਸਾਲਟ ਨੇ 9 ਗੇਂਦਾਂ ‘ਚ 10 ਦੌੜਾਂ ਬਣਾਈਆਂ ਅਤੇ ਉਸ ਨੂੰ ਹੈਰਿਸ ਰਾਊਫ ਨੇ ਆਊਟ ਕੀਤਾ।
ਜੋਸ ਬਟਲਰ ਨੇ ਚੰਗੀ ਸ਼ੁਰੂਆਤ ਕੀਤੀ, ਪਰ ਉਹ 17 ਗੇਂਦਾਂ ਵਿੱਚ 26 ਦੌੜਾਂ ਬਣਾ ਕੇ ਆਊਟ ਹੋ ਗਏ।
ਹੈਰੀ ਬਰੂਕ ਨੂੰ ਸ਼ਾਦਾਬ ਖਾਨ ਨੇ 20 ਗੇਂਦਾਂ ‘ਤੇ 23 ਦੌੜਾਂ ਬਣਾ ਕੇ ਆਊਟ ਕੀਤਾ, ਉਸ ਦਾ ਕੈਚ ਸ਼ਾਹੀਨ ਅਫਰੀਦੀ ਨੇ ਫੜਿਆ।
ਪਾਕਿਸਤਾਨ ਲਈ ਸ਼ਾਨ ਮਸੂਦ ਨੇ 38 ਦੌੜਾਂ ਬਣਾਈਆਂ। ਉਸ ਨੇ 28 ਗੇਂਦਾਂ ਦਾ ਸਾਹਮਣਾ ਕੀਤਾ। ਇਸ ਦੇ ਨਾਲ ਹੀ ਬਾਬਰ ਆਜ਼ਮ ਦੇ ਬੱਲੇ ਤੋਂ 28 ਗੇਂਦਾਂ ਵਿੱਚ 32 ਦੌੜਾਂ ਆਈਆਂ। ਇੰਗਲੈਂਡ ਲਈ ਸੈਮ ਕੁਰਨ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਆਦਿਲ ਰਾਸ਼ਿਦ ਨੂੰ 2 ਸਫਲਤਾ ਮਿਲੀ।
ਕ੍ਰਿਕਟਰ ਯੁਵਰਾਜ ਸਿੰਘ ਨੇ ਸਿੱਧੂ ਮੂਸੇਵਾਲਾ ਨੂੰ ਕੀਤਾ ਯਾਦ, ਕਿਹਾ- ਮੂਸੇਵਾਲਾ ਦੇ ਗਾਣੇ ਕਰਦਾ ਹਾਂ ਮਿਸ
ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਇੱਕ ਵਾਰ ਫਿਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਹੈ। ਦਰਅਸਲ ਯੁਵਰਾਜ ਇੱਕ ਇਵੈਂਟ ਵਿਚ ਸ਼ਾਮਲ ਹੋਣ ਲਈ ਚੰਡੀਗੜ੍ਹ ਦੇ ਐਲਾਂਟੇ ਮਾਲ ਵਿਚ ਗਏ ਸਨ। ਇਸ ਦੌਰਾਨ ਉਨ੍ਹਾਂ ਨੇ ਸਟੇਜ ‘ਤੇ ਦੱਸਿਆ ਕਿ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਗਾਣੇ ਪਸੰਦ ਹਨ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹਿੰਦੀ, ਪੰਜਾਬੀ ਤੇ ਇੰਗਲਿਸ਼ ਸਭ ਤਰ੍ਹਾਂ ਦੇ ਗਾਣੇ ਚੰਗੇ ਲੱਗਦੇ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਖਾਸ ਤੌਰ ‘ਤੇ ਪੰਜਾਬੀ ਗਾਣੇ ਬਹੁਤ ਪਸੰਦ ਹਨ। ਇਸ ਮੌਕੇ ਉਨ੍ਹਾਂ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਹ ਸਭ ਤੋਂ ਜ਼ਿਆਦਾ ਸਿੱਧੂ ਮੂਸੇਵਾਲਾ ਦੇ ਗਾਣਿਆਂ ਨੂੰ ਮਿਸ ਕਰਦੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਸਿੱਧੂ ਇਕ ਬੇਮਿਸਾਲ ਗਾਇਕ ਅਤੇ ਅਸਾਧਾਰਨ ਸ਼ਖ਼ਸੀਅਤ ਸਨ।
ਜ਼ਿਕਰਯੋਗ ਹੈ ਕਿ ਜਵਾਹਰਕੇ ਪਿੰਡ ‘ਚ 29 ਮਈ 2022 ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੇ ਮਾਤਾ- ਪਿਤਾ ਅੱਜ ਵੀ ਸਿੱਧੂ ਨੂੰ ਇਨਸਾਫ ਦਿਵਾਉਣ ਲਈ ਲੜਾਈ ਲੜ ਰਹੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਨੂੰ 5 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਪਰ ਅਜੇ ਵੀ ਪਰਿਵਾਰ ਨੂੰ ਇਨਸਾਫ ਨਹੀਂ ਮਿਲਿਆ।
PGI ਚੰਡੀਗੜ੍ਹ ‘ਚ ਮਾਰਕਰ ਟੈਸਟ ਬੰਦ, ਮਰੀਜ਼ ਹੋਏ ਪਰੇਸ਼ਾਨ
PGI ਚੰਡੀਗੜ੍ਹ ‘ਚ ਮਾਰਕਰ ਟੈਸਟ ਕਿੱਟਾਂ ਦੇ ਰੇਟ ਵਧਣ ਕਾਰਨ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਡੀ ਗੱਲ ਇਹ ਹੈ ਕਿ ਹਾਲ ਹੀ ‘ਚ ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਨੇ ਹਦਾਇਤਾਂ ਜਾਰੀ ਕੀਤੀਆਂ ਸਨ ਕਿ ਮਰੀਜ਼ਾਂ ਦੀ ਸਹੂਲਤ ਲਈ ਪੀਜੀਆਈ ‘ਚ ਉਪਲਬਧ ਸਾਰੀਆਂ ਡਾਇਗਨੌਸਟਿਕ ਸੇਵਾਵਾਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾਵੇ। ਜੇਕਰ ਕੋਈ ਮਸ਼ੀਨ ਜਾਂ ਟੈਸਟ ਕਿੱਟ ਉਪਲਬਧ ਨਹੀਂ ਹੈ ਤਾਂ ਉਨ੍ਹਾਂ ਨੂੰ ਤੁਰੰਤ ਇਸ ਬਾਰੇ ਸੂਚਿਤ ਕੀਤਾ ਜਾਵੇ।
ਇਸਦੇ ਬਾਵਜੂਦ ਪੀਜੀਆਈ ‘ਚ ਕੰਪਨੀ ਨੇ ਗੰਭੀਰ ਮਰੀਜ਼ਾਂ ਦੇ ਇਲਾਜ ਵਿਚ ਵਰਤੀ ਜਾਣ ਵਾਲੀ ਮਾਰਕਰ ਟੈਸਟ ‘ਚ ਵਰਤੀ ਜਾਣ ਵਾਲੀ ਕਿੱਟ ਦੇ ਰੇਟ ਵਧਾ ਦਿੱਤੇ ਹਨ। ਇਸ ਕਾਰਨ ਪੀਜੀਆਈ ਵਿਚ ਕਿੱਟਾਂ ਨਾ ਮਿਲਣ ਕਾਰਨ ਮਰੀਜ਼ਾਂ ਦਾ ਮਾਰਕਰ ਟੈਸਟ ਨਹੀਂ ਹੋ ਪਾ ਰਿਹਾ।
ਜਾਣਕਾਰੀ ਅਨੁਸਾਰ ਪੀਜੀਆਈ ‘ਚ ਕਈ ਸਪੈਸ਼ਲ ਮਾਰਕਰ ਟੈਸਟ ਰੋਕ ਦਿੱਤੇ ਗਏ ਹਨ। ਇੰਸਟੀਚਿਊਟ ਲਈ ਇਹ ਟੈਸਟ ਕਰਨ ਲਈ ਵਰਤੇ ਜਾਣ ਵਾਲੇ ਰੀਐਜੈਂਟਸ ਨੂੰ ਖਰੀਦਣਾ ਮੁਸ਼ਕਲ ਹੋ ਗਿਆ ਹੈ। ਇਹ ਰੀਏਜੇਂਟ ਬਣਾਉਣ ਵਾਲੀਆਂ ਕੰਪਨੀਆਂ ਨੂੰ ਆਪਣੇ ਰੇਟ ਵਧਾਉਣ ਲਈ ਕਿਹਾ ਗਿਆ ਹੈ। ਅਜਿਹੇ ਵਿਚ ਪੀਜੀਆਈ ਲਈ ਇਹ ਸਮੱਸਿਆ ਖੜ੍ਹੀ ਹੋ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਆਟੋਇਮਿਊਨ ਰੋਗਾਂ ਦਾ ਪਤਾ ਲਗਾਉਣ ਲਈ ਮਾਰਕਰ ਟੈਸਟ ਬਹੁਤ ਜ਼ਰੂਰੀ ਹਨ। ਇਨ੍ਹਾਂ ਵਿਚ ਪ੍ਰਾਇਮਰੀ ਇਮਿਊਨੋਡੈਫੀਸ਼ੈਂਸੀ ਬਿਮਾਰੀ, ਐਂਸੀਫੈਲਿਟਿਸ ਸ਼ਾਮਲ ਹਨ। ਪੀਜੀਆਈ ‘ਚ ਪਹਿਲਾਂ ਹੀ ਸਟਾਫ਼ ਦੀ ਘਾਟ ਹੈ। ਉਸ ਤੋਂ ਬਾਅਦ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਕਿੱਟਾਂ ਨਾ ਮਿਲਣ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪੰਜਾਬ ਸਰਕਾਰ ਨੇ ਪਰਾਲੀ ਦੇ ਪ੍ਰਬੰਧਨ ਵਿੱਚ ਅਹਿਮ ਕਦਮ ਚੁੱਕਦਿਆਂ ਕੀਤੀ ਵੱਡੀ ਪਹਿਲ
ਝੋਨੇ ਦੀ ਪਰਾਲੀ ਦੇ ਪ੍ਰਬੰਧਨ ਵਿੱਚ ਨਿਰੰਤਰ ਉਪਰਾਲੇ ਕਰ ਰਹੀ ਸੂਬਾ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਸੂਬੇ ਭਰ ਵਿੱਚ ਇੱਟਾਂ ਦੇ ਭੱਠੇ ਵਾਲਿਆਂ ਲਈ ਬਾਲਣ ਵਾਸਤੇ ਪਰਾਲੀ ਨੂੰ 20 ਫੀਸਦੀ ਬਾਲਣ ਵਜੋਂ ਵਰਤਣ ਲਈ ਲਾਜ਼ਮੀ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਵਾਤਾਵਰਣ ਅਤੇ ਸਾਇੰਸ ਤਕਨਾਲੋਜੀ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਇੱਟਾਂ ਦੇ ਭੱਠੇ ਵਾਲੇ ਪਰਾਲੀ ਦੀਆਂ ਗਿੱਟੀਆਂ ਨੂੰ 20 ਫੀਸਦੀ ਬਾਲਣ ਵਜੋਂ ਲਾਜ਼ਮੀ ਇਸਤੇਮਾਲ ਕਰਨ। ਉਨ੍ਹਾਂ ਕਿਹਾ ਕਿ ਇਸ ਨਵੇਂ ਪ੍ਰਬੰਧਨ ਦੀ ਤਿਆਰੀ ਲਈ ਭੱਠਾ ਮਾਲਕਾਂ ਨੂੰ ਛੇ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ ਅਤੇ 1 ਮਈ 2023 ਤੋਂ ਬਾਅਦ ਇਨ੍ਹਾਂ ਹਦਾਇਤਾਂ ਨੂੰ ਲਾਗੂ ਨਾ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਮੀਤ ਹੇਅਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਪਰਾਲੀ ਪ੍ਰਬੰਧਨ ਵਿੱਚ ਮੱਦਦ ਕਰਨ ਅਤੇ ਪਰਾਲੀ ਨੂੰ ਸਾੜਨ ਨਾਲ ਹੁੰਦੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਇਨ ਸੀਟੂ ਤੇ ਐਕਸ ਸੀਟੂ ਕੰਮ ਕੀਤੇ ਜਾ ਰਹੇ ਹਨ। ਇਨ ਸੀਟੂ ਵਿੱਚ ਜਿੱਥੇ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਵਾਸਤੇ ਸਵਾ ਲੱਖ ਦੇ ਕਰੀਬ ਮਸ਼ੀਨਾਂ ਸਬਸਿਡੀ ਉਤੇ ਮੁਹੱਈਆ ਕਰਵਾਈਆ ਉਥੇ ਐਕਸ ਸੀਟੂ ਤਹਿਤ ਉਦਯੋਗਾਂ ਨੂੰ ਪਰਾਲੀ ਨੂੰ ਬਾਲਣ ਵਜੋਂ ਵਰਤਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ। ਪਰਾਲੀ ਤੋਂ ਸੀ.ਐਨ.ਜੀ., ਬਿਜਲੀ ਅਤੇ ਹੋਰ ਊਰਜਾ ਸ੍ਰੋਤ ਪੈਦਾ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ।
ਮੀਤ ਹੇਅਰ ਨੇ ਕਿਹਾ ਕਿ ਨਵੇਂ ਫੈਸਲੇ ਤਹਿਤ ਇੱਟਾਂ ਦੇ ਭੱਠਿਆਂ ਵਿੱਚ ਪਰਾਲੀ ਦੀ ਬਾਲਣ ਵਜੋਂ 20 ਫੀਸਦੀ ਵਰਤੋਂ ਨਾਲ ਪਰਾਲੀ ਦੇ ਪ੍ਰਬੰਧਨ ਨੂੰ ਵੱਡਾ ਹੁਲਾਰਾ ਮਿਲੇਗਾ ਅਤੇ ਕਿਸਾਨਾਂ ਨੂੰ ਵੀ ਪਰਾਲੀ ਵੇਚ ਕੇ ਆਰਥਿਕ ਮੱਦਦ ਵੀ ਮਿਲੇਗੀ। ਉਨ੍ਹਾਂ ਕਿਹਾ ਕਿ ਨਵੇਂ ਪ੍ਰਬੰਧਨ ਲਈ ਵਾਤਾਵਰਣ ਅਤੇ ਸਾਇੰਸ ਤਕਨਾਲੋਜੀ ਵਿਭਾਗ ਵੱਲੋਂ ਇੱਟਾਂ ਦੇ ਭੱਠਿਆਂ ਵਾਲਿਆਂ ਲਈ ਹਰ ਤਕਨੀਕੀ ਮੱਦਦ ਮੁਹੱਈਆ ਕਰਵਾਈ ਜਾਵੇਗੀ। ਇਸ ਸਬੰਧੀ ਜਾਰੀ ਨੋਟੀਫਿਕੇਸ਼ਨ ਤਹਿਤ ਇਨ੍ਹਾਂ ਹਦਾਇਤਾਂ ਦੀ ਪਾਲਣਾ ਲਈ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵੀ ਆਖਿਆ ਗਿਆ ਹੈ।
ਹਥਿਆਰਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ
ਪੰਜਾਬ ਸਰਕਾਰ ਨੇ ਗੰਨ ਕਲਚਰ ਨੂੰ ਲੈ ਕੇ ਸਖ਼ਤ ਕਦਮ ਚੁੱਕੇ ਹਨ। ਇਸ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ।
1. ਹੁਣ ਤੱਕ ਜਾਰੀ ਕੀਤੇ ਗਏ ਸਾਰੇ ਅਸਲਾ ਲਾਇਸੈਂਸਾਂ ਦੀ ਅਗਲੇ 3 ਮਹੀਨਿਆਂ ਦੇ ਅੰਦਰ ਪੂਰੀ ਤਰ੍ਹਾਂ ਸਮੀਖਿਆ ਕੀਤੀ ਜਾਵੇਗੀ। ਕੋਈ ਨਵਾਂ ਅਸਲਾ ਲਾਇਸੈਂਸ ਉਦੋਂ ਤੱਕ ਨਹੀਂ ਦਿੱਤਾ ਜਾਵੇਗਾ ਜਦੋਂ ਤੱਕ ਡੀਸੀ ਨਿੱਜੀ ਤੌਰ ‘ਤੇ ਸੰਤੁਸ਼ਟ ਨਹੀਂ ਹੁੰਦਾ ਕਿ ਅਜਿਹਾ ਕਰਨ ਲਈ ਅਸਧਾਰਨ ਆਧਾਰ ਮੌਜੂਦ ਹਨ।
2. ਹਥਿਆਰਾਂ ਦੀ ਜਨਤਕ ਪ੍ਰਦਰਸ਼ਨੀ ‘ਤੇ ਸਖ਼ਤੀ ਨਾਲ ਮਨਾਹੀ ਹੋਵੇਗੀ।
3. ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਅਚਨਚੇਤ ਚੈਕਿੰਗ ਕੀਤੀ ਜਾਵੇਗੀ।
4. ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ਦੀ ਸਖ਼ਤ ਮਨਾਹੀ ਹੋਵੇਗੀ।
5. ਐਫਆਈਆਰ ਦਰਜ ਕੀਤੀ ਜਾਵੇਗੀ ਅਤੇ ਕਿਸੇ ਵੀ ਭਾਈਚਾਰੇ ਵਿਰੁੱਧ ਨਫ਼ਰਤ ਭਰਿਆ ਭਾਸ਼ਣ ਬੋਲਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
6. ਹਥਿਆਰਾਂ ਦੀ ਜਲਦਬਾਜ਼ੀ ਜਾਂ ਲਾਪਰਵਾਹੀ ਨਾਲ ਵਰਤੋਂ ਜਾਂ ਜਸ਼ਨ ਮਨਾਉਣ ਸਮੇਂ ਫਾਈਰਿੰਗ ‘ਤੇ ਜਿਸ ਨਾਲ ਮਨੁੱਖੀ ਜੀਵਨ ਜਾਂ ਦੂਜਿਆਂ ਦੀ ਨਿੱਜੀ ਸੁਰੱਖਿਆ ਨੂੰ ਖ਼ਤਰਾ ਹੋਵੇ, ਸਜ਼ਾਯੋਗ ਅਪਰਾਧ ਹੋਵੇਗਾ ਕਿਉਂਕਿ ਉਲੰਘਣਾ ਕਰਨ ਵਾਲੇ ਵਿਰੁੱਧ ਐਫਆਈਆਰ ਦਰਜ ਕੀਤੀ ਜਾਵੇਗੀ।
ਪਾਕਿਸਤਾਨ ਤੋਂ ਡਰੋਨ ਨਾਲ ਨਸ਼ੀਲੇ ਪਦਾਰਥ ਤੇ ਹਥਿਆਰ ਭੇਜਣ ਦੇ ਮਾਮਲੇ ਹੋਏ ਦੁੱਗਣੇ: BSF
ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਪਾਰੋਂ ਭਾਰਤ ਵਿੱਚ ਡਰੋਨ ਭੇਜੇ ਜਾਣ ਦੇ ਮਾਮਲਿਆਂ ‘ਚ ਭਾਰੀ ਵਾਧਾ ਹੋਇਆ ਹੈ ਅਤੇ ਸਾਲ 2022 ‘ਚ ਡਰੋਨ ਰਾਹੀਂ ਨਸ਼ੀਲੇ ਪਦਾਰਥ, ਹਥਿਆਰ ਅਤੇ ਗੋਲਾ-ਬਾਰੂਦ ਭੇਜਣ ਦੇ ਮਾਮਲੇ ਦੁੱਗਣੇ ਹੋ ਗਏ ਹਨ। ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਡਾਇਰੈਕਟਰ ਜਨਰਲ ਪੰਕਜ ਕੁਮਾਰ ਸਿੰਘ ਨੇ ਕਿਹਾ ਕਿ ਫੋਰਸ ਨੇ ਹਾਲ ਹੀ ਵਿੱਚ ਦਿੱਲੀ ਦੇ ਕੈਂਪ ਵਿੱਚ ਡਰੋਨਾਂ ਦਾ ਅਧਿਐਨ ਕਰਨ ਲਈ ਅਤਿ-ਆਧੁਨਿਕ ਪ੍ਰਯੋਗਸ਼ਾਲਾ ਸਥਾਪਤ ਕੀਤੀ ਹੈ ਅਤੇ ਨਤੀਜੇ ਬਹੁਤ ਹੈਰਾਨ ਕਰਨ ਵਾਲੇ ਰਹੇ ਹਨ।
ਇਹ ਵੀ ਪੜ੍ਹੋ: ਕੇਰਲ ਨੇ ਪਸ਼ੂ ਚਾਰੇ ਲਈ ਪੰਜਾਬ ਤੋਂ ਪਰਾਲੀ ਦੀ ਕੀਤੀ ਮੰਗ
ਉਨ੍ਹਾਂ ਨੇ ਸ਼ਨੀਵਾਰ ਨੂੰ ਕਿਹਾ ਕਿ ਸੁਰੱਖਿਆ ਏਜੰਸੀਆਂ ਸਰਹੱਦ ਪਾਰ ਤੋਂ ਡਰੋਨ ਉਡਾਉਣ ਦੇ ਰਸਤਿਆਂ ਅਤੇ ਇਸ ਗੈਰ-ਕਾਨੂੰਨੀ ਗਤੀਵਿਧੀ ‘ਚ ਸ਼ਾਮਲ ਲੋਕਾਂ ਦੇ ਟਿਕਾਣਿਆਂ ‘ਤੇ ਵੀ ਨਜ਼ਰ ਰੱਖ ਸਕਦੀ ਹੈ। ਉਨ੍ਹਾਂ ਕਿਹਾ,”ਬੀ.ਐੱਸ.ਐੱਫ. ਕਾਫ਼ੀ ਸਮੇਂ ਤੋਂ ਡਰੋਨ ਖ਼ਤਰੇ ਦਾ ਸਾਹਮਣਾ ਕਰ ਰਹੀ ਹੈ, ਨਾਪਾਕ ਮੰਸੂਬਿਆਂ ਵਾਲੇ ਲੋਕ ਨਵੇਂ-ਨਵੇਂ ਤਰੀਕੇ ਨਾਲ ਡਰੋਨ ਦਾ ਇਸਤੇਮਾਲ ਕਰ ਰਹੇ ਹਨ। ਵੱਖ-ਵੱਖ ਤਰ੍ਹਾਂ ਦੇ ਡਰੋਨ ਦੇ ਇਸਤੇਮਾਲ ਨਾਲ ਸਾਡੇ ਲਈ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ, ਕਿਉਂਕਿ ਇਨ੍ਹਾਂ ਬਾਰੇ ਘੱਟ ਜਾਣਕਾਰੀ ਉਪਲੱਬਧ ਹੈ ਅਤੇ ਇਹ ਤੇਜ਼ੀ ਨਾਲ ਉਡਾਣ ਭਰਦੇ ਹੋਏ ਸਰਹੱਦ ਪਾਰ ਕਰ ਜਾਂਦੇ ਹਨ।”
ਕੇਰਲ ਨੇ ਪਸ਼ੂ ਚਾਰੇ ਲਈ ਪੰਜਾਬ ਤੋਂ ਪਰਾਲੀ ਦੀ ਕੀਤੀ ਮੰਗ
ਹਵਾ ਪ੍ਰਦੂਸ਼ਣ ਸਮੇਤ ਕਈ ਸਮੱਸਿਆਵਾਂ ਦਾ ਕਾਰਨ ਬਣੀ ਪਰਾਲੀ ਦੇ ਨਿਪਟਾਰੇ ਲਈ ਨਵਾਂ ਰਾਹ ਮਿਲ ਗਿਆ ਹੈ। ਕੇਰਲਾ ਸਰਕਾਰ ਪਸ਼ੂਆਂ ਦੇ ਚਾਰੇ ਲਈ ਪਰਾਲੀ ਦੀ ਵਰਤੋਂ ਕਰਨ ਬਾਰੇ ਵਿਚਾਰ ਕਰ ਰਹੀ ਹੈ, ਜਿਸ ਸਬੰਧੀ ਬਾਕਾਇਦਾ ਰਣਨੀਤੀ ਉਲੀਕੀ ਜਾਵੇਗੀ। ਪੰਜਾਬ ਵਿਚ ਪਰਾਲੀ ਦੇ ਨਿਪਟਾਰੇ ਲਈ ਨਵਾਂ ਰਾਹ ਖੁੱਲ੍ਹ ਗਿਆ ਹੈ। ਹੁਣ ਪੰਜਾਬ ਦੀ ਪਰਾਲੀ ਪਸ਼ੂ ਚਾਰੇ ਲਈ ਰੇਲ ਗੱਡੀ ਜ਼ਰੀਏ ਕੇਰਲ ਜਾਵੇਗੀ।
ਕੇਰਲ ਨੇ ਪੰਜਾਬ ਤੋਂ ਆਪਣੇ ਰਾਜ ਦੇ ਪਸ਼ੂਆਂ ਦੇ ਚਾਰੇ ਲਈ ਪਰਾਲੀ ਦੀ ਮੰਗ ਕੀਤੀ ਹੈ। ਇਸਦੇ ਨਾਲ ਹੀ ਕਿਹਾ ਹੈ ਕਿ ਉਹ ਇਸ ਨੂੰ ਕਿਸਾਨ ਰੇਲ ਯੋਜਨਾ ਤਹਿਤ ਲਿਜਾਣ ਦਾ ਪ੍ਰਬੰਧ ਕਰ ਸਕਦੇ ਹਨ। ਪੰਜਾਬ ਸਰਕਾਰ ਨੇ ਵੀ ਕੇਰਲ ਦੇ ਇਸ ਪ੍ਰਸਤਾਵ ਨੂੰ ਸਵੀਕਾਰ ਕਰ ਲਿਆ ਹੈ। ਕਿਉਂਕਿ ਦੋ ਕਰੋੜ ਟਨ ਪਰਾਲੀ ਸੰਭਾਲਣਾ ਪੰਜਾਬ ਲਈ ਮੁਸ਼ਕਿਲ ਬਣਿਆ ਹੋਇਆ ਹੈ। ਦੂਜੇ ਪਾਸੇ ਕੇਰਲ ਵਿਚ ਚਾਰੇ ਦੀ ਭਾਰੀ ਕਿੱਲਤ ਹੈ। ਅਜਿਹੇ ’ਚ ਜੇ ਇਹ ਯੋਜਨਾ ਸਿਰੇ ਚੜ੍ਹ ਜਾਂਦੀ ਹੈ ਤਾਂ ਪਰਾਲੀ ਲਈ ਇਸ ਨਵੇਂ ਹੱਲ ਨਾਲ ਦੋਵਾਂ ਸੂਬਿਆਂ ਵਿਚ ਖ਼ੁਸ਼ਹਾਲੀ ਆ ਸਕਦੀ ਹੈ।
ਦੋ ਦਿਨ ਪਹਿਲਾਂ ਕੇਰਲ ਦੀ ਪਸ਼ੂ ਪਾਲਣ ਮੰਤਰੀ ਜੇ ਚਿਨਚੁਰਾਨੀ ਪੰਜਾਬ ਦੇ ਦੌਰੇ ’ਤੇ ਆਏ ਸੀ ਅਤੇ ਉਨ੍ਹਾਂ ਪੰਜਾਬ ਤੋਂ ਪਰਾਲੀ ਲਿਜਾਣ ਦੀ ਗੱਲ ਕਹੀ ਸੀ। ਇਸ ਤੋਂ ਇਲਾਵਾ ਉਨ੍ਹਾਂ ਪਸ਼ੂਆਂ ਦੇ ਚਾਰਾ ਪ੍ਰਬੰਧਨ ਲਈ ‘ਪੰਜਾਬ ਮਾਡਲ’ ਅਪਣਾਉਣ ਵਿਚ ਰੁਚੀ ਦਿਖਾਈ ਸੀ। ਪੰਜਾਬ ਸਰਕਾਰ ਨੇ ਕੇਰਲ ਨੂੰ ਪਸ਼ੂਆਂ ਦੇ ਚਾਰੇ ਲਈ ਪਰਾਲੀ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਹੈ। ਇਸ ਨਾਲ ਜਿੱਥੇ ਪੰਜਾਬ ਵਿਚ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਦਾ ਹੱਲ ਹੋਵੇਗਾ, ਉਥੇ ਪਰਾਲੀ ਪ੍ਰਬੰਧਨ ਨਾਲ ਨਿਪਟਣ ਵਿਚ ਮਦਦ ਮਿਲੇਗੀ।
ਮੰਤਰੀ ਚਿਨਚੁਰਾਨੀ ਨੇ ਕਿਹਾ ਸੀ ਕਿ ਕੇਰਲ ਵਿਚ ਲੋਕਾਂ ਲਈ ਡੇਅਰੀ ਫਾਰਮਿੰਗ ਰੋਜ਼ੀ-ਰੋਟੀ ਦਾ ਅਹਿਮ ਪੇਸ਼ਾ ਹੈ ਅਤੇ ਲੱਖਾਂ ਕਿਸਾਨਾਂ ਲਈ ਡੇਅਰੀ ਪੇਸ਼ਾ ਆਮਦਨੀ ਦਾ ਮੁੱਖ ਸਰੋਤ ਹੈ। ਪੰਜਾਬ ਤੋਂ ਬਾਅਦ ਕੇਰਲ ਦੁੱਧ ਉਤਪਾਦਨ ਵਿਚ ਦੇਸ਼ ਵਿਚ ਦੂਸਰੇ ਨੰਬਰ ’ਤੇ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿਚ ਪਸ਼ੂ ਚਾਰੇ ਦੀਆਂ ਕੀਮਤਾਂ ਵਧਣ ਕਾਰਨ ਡੇਅਰੀ ਨਾਲ ਜੁੜੇ ਕਿਸਾਨਾਂ ਦੀ ਆਰਥਿਕ ਸਥਿਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਤਟੀ ਰਾਜ ਕੇਰਲ ਵਿਚ ਖੇਤੀ ਯੋਗ ਜ਼ਮੀਨ ਘੱਟ ਹੋਣ ਕਾਰਨ ਪਸ਼ੂਆਂ ਲਈ ਲੋੜੀਦਾ ਚਾਰਾ ਪੈਦਾ ਨਹੀਂ ਹੁੰਦਾ। ਉਨ੍ਹਾਂ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਵੱਲੋਂ ਐਲਾਨੇ ਕਿਸਾਨ ਰੇਲ ਪ੍ਰਾਜੈਕਟ ਤਹਿਤ ਪਰਾਲੀ ਕੇਰਲ ਰਾਜ ਵਿਚ ਭੇਜੀ ਜਾਂਦੀ ਹੈ ਤਾਂ ਇਸ ਨਾਲ ਕੇਰਲ ਦੇ ਵੱਡੀ ਗਿਣਤੀ ਵਿਚ ਡੇਅਰੀ ਕਿਸਾਨਾਂ ਨੂੰ ਲਾਭ ਹੋਵੇਗਾ।
‘ਕੇਰਲ ਪਸ਼ੂ ਧਨ ਅਤੇ ਪੋਲਟਰੀ ਫੀਡ ਤੇ ਮਿਨਰਲ ਮਿਕਸਚਰ (ਨਿਰਮਾਣ ਅਤੇ ਵਿਕਰੀ ਨਿਯਮ) ਬਿਲ, 2022’ ਬਣਾਉਣ ਤੋਂ ਪਹਿਲਾਂ ਅਧਿਐਨ ਕਰਨ ਲਈ ਪੰਜਾਬ ਦੌਰੇ ’ਤੇ ਆਈ ਕੇਰਲ ਵਿਧਾਨ ਸਭਾ ਦੀ ਸਿਲੈਕਸ਼ਨ ਕਮੇਟੀ ਨੂੰ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ, ਪਸ਼ੂਆਂ ਦੀ ਰਾਸ਼ਟਰੀ ਆਬਾਦੀ ਵਿਚ 1.31 ਪ੍ਰਤੀਸ਼ਤ ਦਾ ਯੋਗਦਾਨ ਦਿੰਦਾ ਹੈ, ਜਦਕਿ ਰਾਜ ਵਿਚ ਦੁੱਧ ਦਾ ਉਤਪਾਦਨ ਰਾਸ਼ਟਰੀ ਉਤਪਾਦਨ ਦਾ 6.70 ਪ੍ਰਤੀਸ਼ਤ ਹੁੰਦਾ ਹੈ।
ਡੇਰਾ ਪ੍ਰੇਮੀ ਦੇ ਕਤਲ ਕੇਸ ’ਚ ਗੈਂਗਸਟਰ ਗੋਲਡੀ ਬਰਾੜ ਸਮੇਤ 4 ਨਾਮਜ਼ਦ
ਡੇਰਾ ਸਿਰਸਾ ਪ੍ਰੇਮੀ ਪ੍ਰਦੀਪ ਸਿੰਘ ਰਾਜੂ ਦੇ ਕਤਲ ਕੇਸ ਵਿਚ ਥਾਣਾ ਸਿਟੀ ਕੋਟਕਪੁਰਾ ਪੁਲਿਸ ਨੇ ਕੈਨੇਡਾ ਵਿਚ ਬੈਠੇ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਸਮੇਤ 4 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਗੋਲਡੀ ਬਰਾੜ ਤੋਂ ਇਲਾਵਾ ਫਰੀਦਕੋਟ ਦੇ ਸੁਸਾਇਟੀ ਨਗਰ ਨਿਵਾਸੀ ਮਨਪ੍ਰੀਤ ਸਿੰਘ ਉਰਫ ਮਨੀ, ਸ਼ਹੀਦ ਬਲਵਿੰਦਰ ਸਿੰਘ ਨਗਰ ਨਿਵਾਸੀ ਭੁਪਿੰਦਰ ਸਿੰਘ ਗੋਲਡੀ ਅਤੇ ਮੋਗਾ ਦੇ ਪਿੰਡ ਮੁਨਾਵਾ ਦੇ ਵਾਸੀ ਹਰਜਿੰਦਰ ਸਿੰਘ ਉਰਫ ਰਾਜੂ ਦਾ ਨਾਂ ਸ਼ਾਮਲ ਹੈ।
ਘਟਨਾ ਵਾਲੇ ਦਿਨ ਹੀ ਪੁਲਿਸ ਨੂੰ ਫਰੀਦਕੋਟ ਵਸਨੀਕ ਦੋਵਾਂ ਨੌਜਵਾਨਾਂ ਬਾਰੇ ਪਤਾ ਲੱਗ ਗਿਆ ਸੀ ਤੇ ਉਹਨਾਂ ਦੇ ਘਰ ਛਾਪੇ ਵੀ ਮਾਰੇ ਗਏ ਸਨ। ਪ੍ਰਦੀਪ ਸਿੰਘ ਰਾਜੂ ਦੀ ਪਤਨੀ ਸਿਮਰਨ ਦੇ ਬਿਆਨ ਦੇ ਆਧਾਰ ’ਤੇ 6 ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਇਸ ਮਾਮਲੇ ਵਿਚ 3 ਜਣਿਆਂ ਨੂੰ ਪਟਿਆਲਾ ਦੇ ਬਖਸ਼ੀਵਾਲਾ ਇਲਾਕੇ ਵਿਚੋਂ ਚੁੱਕਿਆ ਹੈ।
ਅਜਨਾਲਾ ‘ਚ ਭਿਆਨਕ ਸੜਕ ਹਾਦਸੇ ‘ਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ
ਅਜਨਾਲਾ ‘ਚ ਦੇਰ ਰਾਤ ਇੱਕ ਦਰਦਨਾਕ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਅਨੁਸਾਰ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਮੋਟਰ ਸਾਈਕਲ ‘ਤੇ ਸਵਾਰ ਪਤੀ-ਪਤਨੀ ਅਤੇ ਇੱਕ ਬੇਟੇ ਅਤੇ ਬੇਟੀ ਦੀ ਮੌਤ ਹੋ ਗਈ। ਮ੍ਰਿਤਕ ਪਰਿਵਾਰ ਆਪਣੇ ਪਿੱਛੇ ਦੋ ਲੜਕੀਆਂ ਛੱਡ ਗਿਆ ਹੈ।

ਘਟਨਾ ਅੰਮ੍ਰਿਤਸਰ ਦੇ ਅਜਨਾਲਾ ਅਧੀਨ ਪੈਂਦੇ ਪਿੰਡ ਸਾਰੰਗਦੇਵ ਦੀ ਹੈ। ਮ੍ਰਿਤਕ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਸੁਰਜੀਤ ਸਿੰਘ ਹਲਵਾਈ ਦਾ ਕੰਮ ਕਰਦਾ ਹੈ। ਬੀਤੀ ਰਾਤ ਪਿੰਡ ਭਿੰਡੀਆਂ ਵਿੱਚ ਉਸ ਦੇ ਸਾਲੇ ਦਾ ਵਿਆਹ ਸੀ। ਵਿਆਹ ਤੋਂ ਰਾਤ ਸਮੇਂ ਉਹ, ਉਸਦੀ ਪਤਨੀ ਅਤੇ ਦੋ ਬੱਚੇ ਮੋਟਰਸਾਈਕਲ ‘ਤੇ ਪਿੰਡ ਸਾਰੰਗਦੇਵ ਸਥਿਤ ਘਰ ਵੱਲ ਆ ਰਹੇ ਸਨ।
ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਵੱਲੋਂ SHO ਰਿਸ਼ਵਤਖੋਰੀ ਦੇ ਕੇਸ ‘ਚ ਗ੍ਰਿਫਤਾਰ
ਬੀਤੀ ਰਾਤ ਬਲੈਰੋ ਜੀਪ ਉਸ ਦੇ ਭਰਾ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਫਰਾਰ ਹੋ ਗਈ। ਘਟਨਾ ਵਿੱਚ ਸੁਰਜੀਤ ਤੋਂ ਇਲਾਵਾ ਉਸਦੀ ਪਤਨੀ ਸੰਤੋਖ ਕੌਰ, ਸੈਨੂ ਅਤੇ ਪ੍ਰੀਤ ਦੀ ਮੌਤ ਹੋ ਗਈ ਹੈ।ਇਸ ਸਬੰਧੀ ਥਾਣਾ ਅਜਨਾਲਾ ਦੀ ਐਸਐਚਓ ਸੁਪਿੰਦਰ ਕੌਰ ਨੇ ਦੱਸਿਆ ਕਿ ਫਿਲਹਾਲ ਲਾਸ਼ਾਂ ਨੂੰ ਅਜਨਾਲਾ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ। ਅੱਜ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀਆਂ ਜਾਣਗੀਆਂ। ਅਣਪਛਾਤੇ ਵਾਹਨ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।














