Home Blog Page 1839

ਖੁਸ਼ਖ਼ਬਰੀ! ਹੁਣ ਕੈਨੇਡਾ ‘ਚ PR ਵਾਲੇ ਭਾਰਤੀ ਨਿਵਾਸੀ ਵੀ ‘ਕੈਨੇਡਾ ਫ਼ੌਜ’ ‘ਚ ਹੋ ਸਕਣਗੇ ਸ਼ਾਮਿਲ

0

ਕੈਨੇਡਾ ਵਿਚ ਰਹਿ ਰਹੇ ਭਾਰਤੀਆਂ ਲਈ ਚੰਗੀ ਖ਼ਬਰ ਹੈ। ਕੈਨੇਡਾ ‘ਚ ਪੱਕੇ ਤੌਰ ‘ਤੇ ਰਹਿੰਦੇ ਭਾਰਤੀ ਹੁਣ ਉੱਥੋਂ ਦੀ ਫੌਜ ਵਿਚ ਸ਼ਾਮਲ ਹੋ ਸਕਦੇ ਹਨ। ਕੈਨੇਡੀਅਨ ਆਰਮਡ ਫੋਰਸਿਜ਼ (ਸੀ.ਏ.ਐੱਫ.) ਨੇ ਐਲਾਨ ਕੀਤਾ ਹੈ ਕਿ ਸਥਾਈ ਨਿਵਾਸੀ, ਜਿਨ੍ਹਾਂ ਵਿੱਚ ਭਾਰਤੀਆਂ ਦਾ ਵੱਡਾ ਹਿੱਸਾ ਸ਼ਾਮਲ ਹੈ, ਹੁਣ ਫ਼ੌਜ ਵਿੱਚ ਭਰਤੀ ਹੋਣ ਦੇ ਯੋਗ ਹਨ।

ਉਨ੍ਹਾਂ ਨੂੰ ਭਰਨ ਦੀ ਕਵਾਇਦ ਕੀਤੀ ਜਾ ਰਹੀ ਹੈ। ਕਾਬਿਲੇਗ਼ੌਰ ਹੈ ਕਿ 2021 ਤਕ ਕੈਨੇਡਾ ‘ਚ 8 ਮਿਲੀਅਨ ਤੋਂ ਜ਼ਿਆਦਾ ਅਪਰਵਾਸੀ ਸਨ ਯਾਨੀ ਕੁੱਲ ਕੈਨੇਡਾਈ ਆਬਾਦੀ ਦਾ ਲਗਪਗ 21.5 ਫ਼ੀਸਦ। ਪਿਛਲੇ ਸਾਲ ਲਗਪਗ 1 ਲੱਖ ਭਾਰਤੀ ਕੈਨੇਡਾ ਦੇ ਪੱਕੇ ਨਿਵਾਸੀ ਬਣ ਗਏ। ਦੇਸ਼ ਨੇ ਰਿਕਾਰਡ 405,000 ਨਵੇਂ ਅਪਰਵਾਸੀਆਂ ਨੂੰ ਪਨਾਹ ਦਿੱਤੀ।

ਕੈਨੇਡਾ ‘ਚ 2022 ਤੇ 2024 ਦੇ ਵਿਚਕਾਰ ਇਕ ਲੱਖ ਤੋਂ ਜ਼ਿਆਦਾ ਨਵੇਂ ਅਪਰਵਾਸੀਆਂ ਦੇ ਪੱਕੇ ਨਿਵਾਸੀ ਬਣਨ ਦੀ ਸੰਭਾਵਨਾ ਹੈ। ਇਕ ਐੱਨਜੀਓ ਰਾਇਲ ਯੂਨਾਈਟਿਡ ਸਰਵਿਸਿਜ਼ ਇੰਸਟੀਚਿਊਟ ਆਫ ਨੋਵਾ ਸਕੋਟੀਆ ਅਨੁਸਾਰ,ਪੱਖੇ ਨਿਵਾਸੀ ਪਹਿਲਾਂ ਸਿਰਫ਼ ਹੁਨਰ ਫ਼ੌਜ ਵਿਦੇਸ਼ੀ ਬਿਨੈਕਾਰ (SMFA) ਪ੍ਰਵੇਸ਼ ਪ੍ਰੋਗਰਾਮ ਤਹਿਤ ਪਾਤਰ ਸਨ। ਮੀਡੀਆ ਰਿਪੋਰਟਾਂ ਅਨੁਸਾਰ ਰਾਸ਼ਟਰੀ ਰੱਖਿਆ ਵਿਭਾਗ (DND) ਨੀਤੀ ‘ਚ ਬਦਲਾਅ ਸੰਬੰਧੀ ਆਉਣ ਵਾਲੇ ਦਿਨਾਂ ਵਿਚ ਇੱਕ ਰਸਮੀ ਐਲਾਨ ਕਰ ਸਕਦਾ ਹੈ।

ਮਾਰਚ ਵਿਚ ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਕਿਹਾ ਸੀ ਕਿ ਰੂਸ ਦੇ ਯੂਕਰੇਨ ‘ਤੇ ਹਮਲੇ ਕਾਰਨ ਬਦਲਦੇ ਆਲਮੀ ਭੂ-ਸਿਆਸੀ ਪਰਿਦ੍ਰਿਸ਼ ਦੌਰਾਨ ਸੀਏਐਫ ਨੂੰ ਵਧਣ ਦੀ ਜ਼ਰੂਰਤ ਹੈ। ਸਤੰਬਰ ‘ਚ ਸੀਏਐੱਫ ਨੇ ਫ਼ੌਜ ‘ਚ ਹਜ਼ਾਰਾਂ ਖਾਲੀ ਅਹੁਦਿਆਂ ਨੂੰ ਭਰਨ  ਦੀ ਗੱਲ ਕਹੀ। ਟੋਰਾਂਟੋ ਸਟਾਰ ਨੇ ਦੱਸਿਆ ਕਿ ਕੈਨੇਡਾ ‘ਚ ਲਗਪਗ 12,000 ਪੱਕੇ ਫ਼ੌਜੀ ਹਨ।

ਹਾਲ ਹੀ ਵਿੱਚ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ (RCMP) ਨੇ ਘੋਸ਼ਣਾ ਕੀਤੀ ਕਿ ਉਹ ਆਪਣੀ “ਪੁਰਾਣੀ ਭਰਤੀ ਪ੍ਰਕਿਰਿਆ” ਨੂੰ ਬਦਲ ਰਹੇ ਹਨ ਤਾਂ ਜੋ ਸਥਾਈ ਨਿਵਾਸੀ, ਜੋ 10 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੇ ਹਨ, ਨੂੰ ਅਪਲਾਈ ਕਰਨ ਦੀ ਇਜਾਜ਼ਤ ਦਿੱਤੀ ਜਾ ਸਕੇ।

ਡੇਂਗੂ ਦਾ ਕਹਿਰ ਜਾਰੀ, ਪੰਜਾਬ ‘ਚ ਹੁਣ ਤੱਕ 7 ਹਜ਼ਾਰ ਤੋਂ ਵੱਧ ਮਾਮਲੇ ਆਏ ਸਾਹਮਣੇ

0

ਪੰਜਾਬ ‘ਚ ਡੇਂਗੂ ਦਾ ਕਹਿਰ ਵਧਦਾ ਹੀ ਜਾ ਰਿਹਾ ਹੈ। ਰੋਜ਼ਾਨਾ ਡੇਂਗੂ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹਸਪਤਾਲਾਂ ਵਿੱਚ ਡੇਂਗੂ ਅਤੇ ਤੇਜ਼ ਬੁਖਾਰ ਦੀਆਂ ਸ਼ਿਕਾਇਤਾਂ ਤੇਜ਼ੀ ਨਾਲ ਆ ਰਹੀਆਂ ਹਨ।

ਜਾਣਕਾਰੀ ਅਨੁਸਾਰ ਹੁਣ ਤੱਕ ਸੂਬੇ ਵਿੱਚ 7 ਹਜ਼ਾਰ ਤੋਂ ਵੱਧ ਲੋਕ ਡੇਂਗੂ ਪੀੜਤ ਪਾਏ ਗਏ ਹਨ। ਇਸ ਦੇ ਨਾਲ ਹੀ 10 ਲੋਕਾਂ ਦੀ ਮੌਤ ਹੋ ਗਈ ਹੈ। ਪੰਜਾਬ ਵਿੱਚ 10 ਨਵੰਬਰ ਤੱਕ ਡੇਂਗੂ ਮਾਮਲਿਆਂ ਦੀ ਦਰ 18 ਫ਼ੀਸਦੀ ਤੋਂ ਵੱਧ ਦਰਜ ਕੀਤੀ ਗਈ ਹੈ, ਜਿਸ ਵਿੱਚ 8 ਜ਼ਿਲ੍ਹਿਆਂ ਦੀ ਦਰ ਕੁੱਲ ਨਾਲੋਂ ਵੀ ਕਿਤੇ ਵੱਧ ਹੈ। ਮੋਹਾਲੀ ਜ਼ਿਲ੍ਹੇ ਵਿੱਚ ਲਗਭਗ 1400 ਮਾਮਲਿਆਂ ਨਾਲ ਰੋਪੜ ਵਿੱਚ 73 ਮਾਮਲੇ, ਪਠਾਨਕੋਟ ਵਿੱਚ 700 ਮਾਮਲੇ, ਫਤਿਹਗੜ੍ਹ ਸਾਹਿਬ ਵਿੱਚ ਲਗਭਗ 600 ਮਾਮਲੇ ਪਿਛਲੇ ਮਹੀਨੇ ਦੌਰਾਨ ਸਾਹਮਣੇ ਆਏ ਹਨ।

ਪੌਜ਼ਟਿਵ ਕੇਸਾਂ ਦੀ ਦਰ

ਜੇਕਰ ਪੌਜ਼ਟਿਵ ਕੇਸਾਂ ਦੀ ਦਰ ਦੀ ਗੱਲ ਕੀਤੀ ਜਾਵੇ ਤਾਂ ਫਤਿਹਗੜ੍ਹ ਸਾਹਿਬ ਵਿੱਚ 34.87 ਫ਼ੀਸਦੀ, ਗੁਰਦਾਸਪੁਰ ‘ਚ 32. 69 ਫ਼ੀਸਦੀ, ਪਠਾਨਕੋਟ ‘ਚ 26.97 ਫ਼ੀਸਦੀ, ਬਠਿੰਡਾ ‘ਚ 25. 46 ਫ਼ੀਸਦੀ, ਜਲੰਧਰ ‘ਚ 21.44 ਫ਼ੀਸਦੀ, ਲੁਧਿਆਣਾ ‘ਚ 19.19 ਫ਼ੀਸਦੀ ਅਤੇ ਨਵਾਂਸ਼ਹਿਰ ‘ਚ 18.39 ਫ਼ੀਸਦੀ ਦਰਜ ਕੀਤੀ ਗਈ।

ਚਾਈਨਾ ਡੋਰ ਨਾਲ ਗਲਾ ਕੱਟਣ ਕਾਰਨ 13 ਸਾਲਾਂ ਮਾਸੂਮ ਦੀ ਹੋਈ ਮੌਤ

0

ਰੂਪਨਗਰ ‘ਚ ਇੱਕ ਬੱਚੇ ਦੀ ਚਾਈਨਾ ਡੋਰ ਨੇ ਜਾਨ ਲੈ ਲਈ ਹੈ। ਜਾਣਕਾਰੀ ਅਨੁਸਾਰ ਰੂਪਨਗਰ ਦੇ ਨਜ਼ਦੀਕ ਮਾਜਰੀ ਕੋਟਲਾ ਨਿਹੰਗ ਰੋਡ ‘ਤੇ ਬੀਤੀ ਸ਼ਾਮ ਚਾਈਨਾ ਡੋਰ (ਪਲਾਸਟਿਕ ਦੀ ਡੋਰ) ਦੀ ਲਪੇਟ ਵਿਚ ਆਉਣ ਨਾਲ ਇਕ 13 ਸਾਲ ਦੇ ਬੱਚੇ ਦਾ ਗਲਾ ਕੱਟ ਗਿਆ। ਜਿਸ ਤੋਂ ਬਾਅਦ ਉਸ ਨੂੰ ਇਕ ਪ੍ਰਾਈਵੇਟ ਹਸਪਤਾਲ ਰੂਪਨਗਰ ਵਿਖੇ ਲਿਆਂਦਾ ਗਿਆ ਅਤੇ ਗਲੇ ਤੋਂ ਖੂਨ ਜਿਆਦਾ ਵਹਿਣ ਕਾਰਨ ਬੱਚੇ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਘਰ ਦੀ ਛੱਤ ਡਿੱਗਣ ਨਾਲ ਵਾਪਰਿਆ ਭਿਆਨਕ ਹਾਦਸਾ, ਇੱਕ ਵਿਅਕਤੀ ਦੀ ਹੋਈ ਮੌਤ

ਬੱਚੇ ਦੀ ਪਹਿਚਾਨ ਗੁਲਸ਼ਨ (13) ਪੁੱਤਰ ਰਣਜੀਤ ਸਿੰਘ ਨਿਵਾਸੀ ਕੋਟਲਾ ਨਿਹੰਗ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਇਸ ਡੋਰ ਦੀ ਵਿਕਰੀ ਤੇ ਖਰੀਦ ‘ਤੇ ਰੋਕ ਹੈ ਪਰ ਫਿਰ ਵੀ ਇਸਦੀ ਵਿਕਰੀ ਤੇ ਖਰੀਦ ਜਾਰੀ ਹੈ। ਇਸ ਡੋਰ ਨੇ ਹੁਣ ਤੱਕ ਅਨੇਕਾਂ ਹੀ ਲੋਕਾਂ ਦੀ ਜਾਨ ਲੈ ਲਈ ਹੈ। ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਚਾਈਨਾ ਡੋਰ ‘ਤੇ ਸਖਤੀ ਨਾਲ ਪਾਬੰਦੀ ਲਗਾਈ ਜਾਵੇ।

ਡੇਰਾ ਮੁਖੀ ਰਾਮ ਰਹੀਮ ਨੂੰ ਹਾਈਕੋਰਟ ਵੱਲੋਂ ਮਿਲੀ ਵੱਡੀ ਰਾਹਤ

0

ਡੇਰਾ ਮੁਖੀ ਰਾਮ ਰਹੀਮ ਨੂੰ ਮਿਲੀ ਪੈਰੋਲ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਲੈ ਕੇ ਹਾਈਕੋਰਟ ਦਾ ਨਵਾਂ ਫੈਸਲਾ ਸਾਹਮਣੇ ਆਇਆ ਹੈ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਹਾਈਕੋਰਟ ਨੇ ਪੈਰੋਲ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖ਼ਾਰਿਜ ਕਰ ਦਿੱਤਾ ਹੈ। ਸੁੁਣਵਾਈ ਦੌਰਾਨ ਹਾਈਕੋਰਟ ਦਾ ਕਹਿਣਾ ਹੈ ਕਿ ਜਨਹਿੱਤ ਪਟੀਸ਼ਨ ਦੀ ਮੇਂਟੇਰੇਬਿਲਿਟੀ ਉੱਤੇ ਸਵਾਲ ਚੁੱਕੇ ਹਨ। ਹਾਈਕੋਰਟ ਦਾ ਕਹਿਣਾ ਹੈ ਕਿ ਇਨਸਾਨ ਦੇ ਖਿਲਾਫ ਪਟੀਸ਼ਨ ਨੂੰ ਜਨਹਿੱਤ ਪਟੀਸ਼ਨ ਕਿਵੇਂ ਮੰਨਿਆ ਜਾ ਸਕਦਾ ਹੈ।

ਦੱਸ ਦੇਈਏ ਕਿ 40 ਦਿਨਾਂ ਲਈ ਜੇਲ੍ਹ ਤੋਂ ਪੈਰੋਲ ‘ਤੇ ਬਾਹਰ ਆਏ ਹੋਏ ਡੇਰਾ ਮੁਖੀ ਰਾਮ ਰਹੀਮ ਉੱਤਰ ਪ੍ਰਦੇਸ਼ ਦੇ ਬਾਘਪਤ ਆਸ਼ਰਮ ਵਿੱਚ ਰਹਿ ਰਿਹਾ ਹੈ। ਦੱਸ ਦੇਈਏ ਕਿ ਸਾਧਵੀ ਯੌਨ ਸ਼ੋਸ਼ਣ, ਪੱਤਰਕਾਰ ਛਤਰਪਤੀ ਅਤੇ ਰਣਜੀਤ ਸਿੰਘ ਕਤਲ ਕੇਸ ਵਿੱਚ ਰੋਹਤਕ ਦੇ ਸੁਨਿਆਰੇ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਹਨ।

ਘਰ ਦੀ ਛੱਤ ਡਿੱਗਣ ਨਾਲ ਵਾਪਰਿਆ ਭਿਆਨਕ ਹਾਦਸਾ, ਇੱਕ ਵਿਅਕਤੀ ਦੀ ਹੋਈ ਮੌਤ

0

ਗੁਰਦਾਸਪੁਰ: ਬਟਾਲਾ ‘ਚ ਇੱਕ ਵੱਡਾ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬਟਾਲਾ ਦੇ ਉਮਰਪੁਰਾ ਇਲਾਕੇ ‘ਚ ਦੇਰ ਰਾਤ ਇੱਕ ਗਰੀਬ ਅਤੇ ਮਜ਼ਦੂਰੀ ਕਰ ਗੁਜ਼ਾਰਾ ਕਰਨ ਵਾਲੇ ਪਰਿਵਾਰ ਦਾ ਕੱਚਾ ਮਕਾਨ ਢਹਿ ਢੇਰੀ ਹੋ ਗਿਆ। ਮਿਲੀ ਜਾਣਕਾਰੀ ਮੁਤਾਬਿਕ ਪਰਿਵਾਰ ਦੇ ਜੀਅ ਜੋ ਇਸ ਛੱਤ ਥੱਲੇ ਸੋ ਰਹੇ ਸਨ ਉਹ ਮਲਬੇ ਥੱਲੇ ਦੱਬ ਗਏ।

ਇਹ ਵੀ ਪੜ੍ਹੋ: ਬੱਸ ਕਾਮਿਆਂ ਦੀ ਹੜਤਾਲ ਜਾਰੀ, ਬੱਸ ਨਾ ਮਿਲਣ ‘ਤੇ ਮੁਸਾਫਿਰ ਹੋ ਰਹੇ ਪ੍ਰੇਸ਼ਾਨ

ਘਰ ਦੀ ਛੱਤ ਢਹਿਣ ਦਾ ਖ਼ਤਰਾ ਬਣਿਆ ਤਾਂ ਮਾਂ ਨੇ ਆਪਣੀ ਛੋਟੀ ਬੇਟੀ ਪ੍ਰਾਚੀ ਨੂੰ ਗੁਆਂਢੀਆਂ ਤੋਂ ਮਦਦ ਲੈਣ ਲਈ ਬਾਹਰ ਭੇਜ ਦਿੱਤਾ ਪਰ ਜਦ ਬੇਟੀ ਅਤੇ ਹੋਰ ਲੋਕ ਮਦਦ ਲਈ ਆਏ ਤਾਂ ਦੇਖਿਆ ਕਿ ਪੂਰਾ ਘਰ ਢਹਿ ਗਿਆ ਅਤੇ ਮਾਂ-ਪਿਓ ਅਤੇ ਭਰਾ ਮਲਬੇ ਹੇਠ ਦੱਬ ਗਏ ਸਨ।

ਪਰਿਵਾਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਪਰਿਵਾਰ ਦਾ ਮੁਖੀ ਡਿੰਪਲ ਉਰਫ ਲਾਡਾ ਉਮਰ ਕਰੀਬ 35 ਸਾਲ ਜੋ ਇਹਨਾਂ ਛੋਟੇ ਬੱਚਿਆਂ ਦਾ ਪਿਤਾ ਸੀ ਅਤੇ ਉਸਦੀ ਮਲਬੇ ਹੇਠ ਦੱਬਣ ਨਾਲ ਮੌਤ ਹੋ ਗਈ ਹੈ। ਮ੍ਰਿਤਕ ਦੀ ਪਤਨੀ ਅਤੇ ਇਕ 14 ਸਾਲ ਦਾ ਬੇਟਾ ਗੰਭੀਰ ਜ਼ਖ਼ਮੀ ਹਨ ਜਿਨ੍ਹਾਂ ਨੂੰ ਅੰਮ੍ਰਿਤਸਰ ਹਸਪਤਾਲ ਵਿੱਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ।

PM ਮੋਦੀ ਨੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਵਸ ‘ਤੇ ਦਿੱਤੀ ਸ਼ਰਧਾਂਜਲੀ

0

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਵਲੋਂ ਦੇਸ਼ ਲਈ ਕੀਤੇ ਕੰਮਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਜਾਣੋ ਕਿਵੇਂ ਰਿਹਾ ਉਨ੍ਹਾਂ ਦਾ ਸਿਆਸੀ ਸਫ਼ਰ

ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ 14 ਨਵੰਬਰ 1889 ਨੂੰ ਇਲਾਹਾਬਾਦ (ਪ੍ਰਯਾਗਰਾਜ) ‘ਚ ਹੋਇਆ। ਉਨ੍ਹਾਂ ਨੇ ਦੁਨੀਆ ਦੇ ਸਭ ਤੋਂ ਉੱਤਮ ਸਕੂਲਾਂ ਅਤੇ ਵਿਸ਼ਵਵਿਦਿਆਲਿਆਂ ਵਿਚ ਸਿੱਖਿਆ ਪ੍ਰਾਪਤ ਕੀਤੀ ਸੀ। ਉਨ੍ਹਾਂ ਨੇ ਆਪਣੀ ਸਕੂਲੀ ਸਿੱਖਿਆ ਹੈਰੋ ਤੋਂ ਅਤੇ ਕਾਲਜ ਦੀ ਸਿੱਖਿਆ ਟਰਿੰਟੀ ਕਾਲਜ, ਲੰਡਨ ਤੋਂ ਪੂਰੀ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਲਾਅ ਦੀ ਡਿਗਰੀ ਕੈਂਬਰਿਜ ਯੂਨੀਵਰਸਿਟੀ ਤੋਂ ਪੂਰੀ ਕੀਤੀ। ਇੰਗਲੈਂਡ ਵਿਚ ਉਨ੍ਹਾਂ ਨੇ 7 ਸਾਲ ਬਤੀਤ ਕੀਤੇ ਜਿਸ ਵਿਚ ਉੱਥੇ ਦੇ ਫੈਬੀਅਨ ਸਮਾਜਵਾਦ ਅਤੇ ਆਇਰਿਸ਼ ਰਾਸ਼ਟਰਵਾਦ ਲਈ ਇਕ ਤਰਕਸੰਗਤ ਦ੍ਰਿਸ਼ਟੀਕੋਣ ਵਿਕਸਿਤ ਕੀਤਾ। ਉਹ 1912 ‘ਚ ਭਾਰਤ ਵਾਪਸ ਆ ਗਏ ਅਤੇ ਸਿੱਧੇ ਸਿਆਸਤ ‘ਚ ਕੁੱਦ ਪਏ। ਇਕ ਵਿਦਿਆਰਥੀ ਵਜੋਂ ਵੀ ਉਹ ਉਨ੍ਹਾਂ ਦੇਸ਼ਾਂ ਦੇ ਸੰਘਰਸ਼ ‘ਚ ਗਹਿਰੀ ਦਿਲਚਸਪੀ ਰੱਖਦੇ ਸਨ ਜਿਹੜੇ ਵਿਦੇਸ਼ੀ ਤਾਕਤਾਂ ਹੇਠ ਸਨ। ਉਨ੍ਹਾਂ ਨੇ ਆਇਰਲੈਂਡ ‘ਚ ਚਲ ਰਹੀ ‘ਸਿਨ ਫਿਨ ਮੁਹਿੰਮ’ ‘ਚ ਡੂੰਘੀ ਦਿਲਚਸਪੀ ਲਈ। ਭਾਰਤ ‘ਚ ਉਹ ਆਖਿਰ ਅਜ਼ਾਦੀ ਸੰਘਰਸ਼ ‘ਚ ਸ਼ਾਮਲ ਹੋ ਗਏ।

ਉਨ੍ਹਾਂ ਨੇ 1912 ‘ਚ ਬਨਕੀਪੋਰ ਕਾਂਗਰਸ ‘ਚ ਪ੍ਰਤੀਨਿਧੀ ਵਜੋਂ ਹਿੱਸਾ ਲਿਆ ਅਤੇ 1919 ‘ਚ ਇਲਾਹਾਬਾਦ ‘ਚ ‘ਹੋਮ ਰੂਲ ਲੀਗ’ ਦੇ ਸਕੱਤਰ ਬਣ ਗਏ। ਉਹ ਮਹਾਤਮਾ ਗਾਂਧੀ ਨੂੰ 1916 ‘ਚ ਪਹਿਲੀ ਵਾਰ ਮਿਲੇ ਅਤੇ ਤੁਰੰਤ ਉਨ੍ਹਾਂ ਦਾ ਪ੍ਰਭਾਵ ਕਬੂਲਿਆ। ਉਨ੍ਹਾਂ ਨੇ 1920 ‘ਚ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ‘ਚ ਪਹਿਲੀ ਕਿਸਾਨ ਮਾਰਚ ਦਾ ਆਯੋਜਨ ਕੀਤਾ। ਉਨ੍ਹਾਂ ਨੂੰ 1920-22 ਦੀ ਨਾ-ਮਿਲਵਰਤਣ ਲਹਿਰ ਦੌਰਾਨ ਦੋ ਵਾਰ ਜੇਲ੍ਹ ਜਾਣਾ ਪਿਆ।

1923 ‘ਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਚੁਣੇ ਗਏ
ਪੰਡਿਤ ਨਹਿਰੂ ਸਤੰਬਰ 1923 ‘ਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਚੁਣੇ ਗਏ। ਉਨ੍ਹਾਂ ਨੇ 1926 ‘ਚ ਇਟਲੀ, ਸਵਿਟਜ਼ਰਲੈਂਡ, ਇੰਗਲੈਂਡ, ਬੈਲਜੀਅਮ, ਜਰਮਨੀ ਅਤੇ ਰੂਸ ਦਾ ਦੌਰਾ ਕੀਤਾ। ਬੈਲਜੀਅਮ ‘ਚ ਉਨ੍ਹਾਂ ਨੇ ਬ੍ਰਸੇਲਜ਼ ‘ਚ ਇੰਡੀਅਨ ਨੈਸ਼ਨਨ ਕਾਂਗਰਸ ਦੇ ਕਾਰਕੁੰਨ ਵਜੋਂ ‘ਕਾਂਗਰਸ ਔਪਰੇਸਡ ਨੈਸ਼ਨਲਟੀਜ਼’ ਦੀ ਮੀਟਿੰਗ ‘ਚ ਹਿੱਸਾ ਲਿਆ। ਉਨ੍ਹਾਂ ਨੇ 1927 ‘ਚ ਮਾਸਕੋ ‘ਚ ਅਕਤੂਬਰ ਸੋਵੀਅਤ ਕ੍ਰਾਂਤੀ ਦੀ 10ਵੀਂ ਵਰ੍ਹੇਗੰਢ ਦੇ ਜਸ਼ਨਾਂ ‘ਚ ਹਿੱਸਾ ਲਿਆ।

ਸਾਈਮਨ ਕਮਿਸ਼ਨ ਵਿਰੁੱਧ ਇੱਕ ਜਲੂਸ ਦੀ ਅਗਵਾਈ ਕਰਦੇ ਉਨ੍ਹਾਂ ‘ਤੇ 1928 ‘ਚ ਲਖਨਊ ‘ਚ ਲਾਠੀਚਾਰਜ ਕੀਤਾ ਗਿਆ। 29 ਅਗਸਤ 1928 ਨੂੰ ਉਨ੍ਹਾਂ ਨੇ ਆਲ-ਪਾਰਟੀ ਕਾਂਗਰਸ ‘ਚ ਸ਼ਮੂਲੀਅਤ ਕੀਤੀ ਅਤੇ ਉਹ ਭਾਰਤੀ ਸੰਵਿਧਾਨਕ ਸੁਧਾਰਾਂ ਬਾਰੇ ਨਹਿਰੂ ਰਿਪੋਰਟ, ਜੋ ਕਿ ਉਨ੍ਹਾਂ ਦੇ ਪਿਤਾ ਸ਼੍ਰੀ ਮੋਤੀ ਲਾਲ ਨਹਿਰੂ ਦੇ ਨਾਂਅ ‘ਤੇ ਆਧਾਰਤ ਸੀ ‘ਤੇ ਦਸਤਖ਼ਤ ਕਰਨ ਵਾਲੇ ਵਿਅਕਤੀਆਂ ‘ਚੋਂ ਇਕ ਸਨ। ਇਸੇ ਸਾਲ ਉਨ੍ਹਾਂ ਨੇ ‘ਇੰਡੀਪੈਂਡੈਂਸ ਫਾਰ ਇੰਡੀਆ ਲੀਗ’ ਦੀ ਸਥਾਪਨਾ ਕੀਤੀ। ਜੋ ਕਿ ਬ੍ਰਿਟਿਸ਼ ਰਾਜ ਦੇ ਭਾਰਤ ਤੋਂ ਪੂਰੀ ਤਰ੍ਹਾਂ ਤੋੜ-ਵਿਛੋੜੇ ਦੀ ਵਕਾਲਤ ਕਰਦੀ ਸੀ। ਬਾਅਦ ‘ਚ ਉਹ ਇਸ ਦੇ ਜਨਰਲ ਸਕੱਤਰ ਬਣੇ।

ਪੰਡਿਤ ਨਹਿਰੂ ਨੂੰ 31 ਅਕਤੂਬਰ 1940 ਨੂੰ ਵਿਸ਼ਵ ਜੰਗ ‘ਚ ਭਾਰਤ ਦੀ ਧੱਕੇ ਨਾਲ ਸ਼ਮੂਲੀਅਤ ਵਿਰੁੱਧ ਸ਼ੁਰੂ ਕੀਤੇ ਸੱਤਿਆਗ੍ਰਹਿ ਕਾਰਨ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਨੂੰ ਦਸੰਬਰ 1941 ‘ਚ ਹੋਰਾਂ ਆਗੂਆਂ ਨਾਲ ਰਿਹਾਅ ਕਰ ਦਿੱਤਾ ਗਿਆ। ਪੰਡਿਤ ਨਹਿਰੂ ਨੇ ਏ.ਆਈ.ਸੀ.ਸੀ. ਦੇ ਬੌਂਬੇ ‘ਚ ਹੋਏ ਸ਼ੈਸ਼ਨ ‘ਚ ਇਤਿਹਾਸਕ ‘ਭਾਰਤ ਛੋੜੋ’ ਅੰਦੋਲਨ ਦਾ ਮਤਾ ਪੇਸ਼ ਕੀਤਾ। 8 ਅਗਸਤ 1942 ਨੂੰ ਉਨ੍ਹਾਂ ਨੂੰ ਦੂਜੇ ਆਗੂਆਂ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਅਹਿਮਦਨਗਰ ਕਿਲ੍ਹੇ ‘ਚ ਲਿਜਾਇਆ ਗਿਆ। ਇਹ ਉਨ੍ਹਾਂ ਦੀ ਸਭ ਤੋਂ ਲੰਮੀ ਅਤੇ ਆਖਿਰੀ ਜੇਲ੍ਹ ਸੀ। ਉਹ ਕੁੱਲ 9 ਵਾਰ ਜੇਲ ਗਏ। ਜਨਵਰੀ 1945 ‘ ਚ ਰਿਹਾਅ ਹੋਣ ਤੋਂ ਬਾਅਦ ਉਨ੍ਹਾਂ ਦੇਸ਼ਧਰੋਹੀ ਐਲਾਨੇ ਆਈ. ਐੱਨ.ਏ. ਦੇ ਅਫ਼ਸਰਾਂ ਅਤੇ ਕਾਰਕੁੰਨਾਂ ਲਈ ਕਾਨੂੰਨੀ ਸਹਾਇਤਾ ਦਾ ਪ੍ਰਬੰਧ ਕੀਤਾ। ਮਾਰਚ 1946 ਨੂੰ ਉਨ੍ਹਾਂ ਨੇ ਦੱਖਣ-ਪੂਰਬੀ ਏਸ਼ੀਆ ਦਾ ਦੌਰਾ ਕੀਤਾ। 6 ਜੁਲਾਈ 1946 ਨੂੰ ਉਨ੍ਹਾਂ ਨੂੰ ਚੌਥੀ ਵਾਰ ਕਾਂਗਰਸ ਦਾ ਪ੍ਰਧਾਨ ਚੁਣਿਆ ਗਿਆ। ਇਸ ਤੋਂ ਬਾਅਦ 1951 ਤੋਂ 1954 ਤੱਕ ਉਹ ਤਿੰਨ ਵਾਰ ਹੋਰ ਕਾਂਗਰਸ ਦੇ ਪ੍ਰਧਾਨ ਬਣੇ। 27 ਮਈ 1964 ਨੂੰ ਜਵਾਹਰ ਲਾਲ ਨਹਿਰੂ ਨੂੰ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।

ਬੱਸ ਕਾਮਿਆਂ ਦੀ ਹੜਤਾਲ ਜਾਰੀ, ਬੱਸ ਨਾ ਮਿਲਣ ‘ਤੇ ਮੁਸਾਫਿਰ ਹੋ ਰਹੇ ਪ੍ਰੇਸ਼ਾਨ

0

ਬਠਿੰਡਾ:ਪੰਜਾਬ ਰੋਡਵੇਜ਼, ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਕਾਰਕੁਨਾਂ ਨੇ ਹੜਤਾਲ ਕਰ ਕੇ ਇੱਥੇ ਬੱਸ ਅੱਡੇ ’ਚ ਰੋਸ ਵਜੋਂ ਧਰਨਾ ਦਿੱਤਾ। ਇਸ ਦੌਰਾਨ ਸਰਕਾਰੀ ਬੱਸਾਂ ਬੰਦ ਹੋਣ ਕਾਰਨ ਆਪਣੀਆਂ ਮੰਜ਼ਿਲਾਂ ’ਤੇ ਪਹੁੰਚਣ ਵਾਲੇ ਮੁਸਾਫ਼ਿਰਾਂ ਨੂੰ ਦੁਸ਼ਵਾਰੀਆਂ ਨਾਲ ਦੋ-ਚਾਰ ਹੋਣਾ ਪਿਆ। ਇਸ ਹੜਤਾਲ ਦਾ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਚੰਗਾ ਲਾਹਾ ਮਿਲਿਆ। ਸਰਕਾਰੀ ਬੱਸਾਂ ਬੰਦ ਰਹੀਆਂ ਜਦਕਿ ਨਿੱਜੀ ਬੱਸਾਂ ਵਿਚ ਭੀੜ ਦੇਖਣ ਨੂੰ ਮਿਲੀ। ਲੁਧਿਆਣਾ ਤੇ ਮੁਕਤਸਰ ‘ਚ ਵੀ ਅਜਿਹਾ ਹੀ ਹਾਲ ਹੈ। ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪ੍ਰਦਰਸ਼ਨਕਾਰੀ ਜਥੇਬੰਦੀ ਦੇ ਸੂਬਾਈ ਮੀਤ ਪ੍ਰਧਾਨ ਕੁਲਵੰਤ ਸਿੰਘ ਮਨੇਸ, ਬਠਿੰਡਾ ਡਿੱਪੂ ਦੇ ਪ੍ਰਧਾਨ ਸੰਦੀਪ ਸਿੰਘ ਗਰੇਵਾਲ ਤੇ ਕੁਲਦੀਪ ਸਿੰਘ ਆਦਿ ਆਗੂਆਂ ਨੇ ਹੜਤਾਲ ਦੀ ਵਜ੍ਹਾ ਬਿਆਨਦਿਆਂ ਕਿਹਾ ਕਿ ਪਿਛਲੇ ਦਿਨੀਂ ਬਟਾਲਾ ਬੱਸ ਡਿੱਪੂ ਦੇ ਇੱਕ ਕੰਡਕਟਰ ਖ਼ਿਲਾਫ਼ ਚੈਕਿੰਗ ਇੰਸਪੈਕਟਰ ਨੇ ਇਸ ਕਰ ਕੇ ਰਿਪੋਰਟ ਕਰ ਦਿੱਤੀ ਸੀ ਕਿ ਉਸ ਨੇ ਬੱਸ ’ਚ ਇੱਕ ਸਵਾਰੀ ਦੀ ਟਿਕਟ ਨਹੀਂ ਕੱਟੀ ਸੀ। ਉਨ੍ਹਾਂ ਕਿਹਾ ਕਿ ਸਵਾਰੀ ਤੋਂ ਦਸ ਗੁਣਾਂ ਜੁਰਮਾਨਾ ਵਸੂਲਿਆ ਗਿਆ ਅਤੇ ਕੰਡਕਟਰ ਨੇ ਦੱਸਿਆ ਕਿ ਸਵਾਰੀ ਨੇ ਟਿਕਟ ਨਹੀਂ ਕਟਵਾਈ ਪਰ ਇਸ ਦੇ ਬਾਵਜੂਦ ਕੰਡਕਟਰ ਨੂੰ ਦੋਸ਼ੀ ਮੰਨ ਕੇ ਨੌਕਰੀਓਂ ਕੱਢ ਦਿੱਤਾ ਗਿਆ।

ਉਨ੍ਹਾਂ ਕਿਹਾ ਕਿ ਉਹ ਕੰਡਕਟਰ ਹੁਣ ਪਿਛਲੇ ਦਿਨਾਂ ਤੋਂ ਪਾਣੀ ਵਾਲੀ ਟੈਂਕੀ ’ਤੇ ਚੜ੍ਹਿਆ ਹੋਇਆ ਹੈ ਅਤੇ ਉਸ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ। ਆਗੂਆਂ ਨੇ ਫ਼ਿਰੋਜ਼ਪੁਰ ਡਿੱਪੂ ਦੇ 15 ਕੰਡਕਟਰਾਂ ਦੀ ਪੱਟੀ ਡਿੱਪੂ ’ਚ ਬਦਲੀ ਕਰਨ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ ਡਿੱਪੂ ਦੀਆਂ 15 ਬੱਸਾਂ ਪਹਿਲਾਂ ਕੰਡਕਟਰਾਂ ਤੋਂ ਸੱਖਣੀਆਂ ਹੋਣ ਕਰਕੇ ਖੜ੍ਹੀਆਂ ਹਨ ਅਤੇ ਹੁਣ 15 ਕੰਡਕਟਰਾਂ ਦੀ ਬਦਲੀ ਹੋਣ ਕਾਰਨ ਇਨ੍ਹਾਂ ਦੀ ਗਿਣਤੀ 30 ਹੋ ਜਾਵੇਗੀ।

ਉਨ੍ਹਾਂ ਕਿਹਾ ਕਿ ਉਂਜ ਵੀ ਰੋਜ਼ਾਨਾ 50 ਕਿਲੋਮੀਟਰ ਦਾ ਸਫ਼ਰ ਕਰ ਕੇ ਕੰਡਕਟਰਾਂ ਲਈ ਡਿਊਟੀ ਕਰਨੀ ਔਖੀ ਹੈ। ਉਨ੍ਹਾਂ ਮੰਗ ਕੀਤੀ ਕਿ ਮੁਅੱਤਲ ਕੀਤੇ ਕੰਡਕਟਰ ਨੂੰ ਬਹਾਲ ਕੀਤਾ ਜਾਵੇ ਅਤੇ ਫ਼ਿਰੋਜ਼ਪੁਰ ਵਾਲੇ ਕੰਡਕਟਰਾਂ ਦੀਆਂ ਬਦਲੀਆਂ ਰੱਦ ਕਰਨ ਸਮੇਤ ਪਹਿਲਾਂ ਤੋਂ ਸੰਘਰਸ਼ ਅਧੀਨ ਯੂਨੀਅਨ ਦੀਆਂ ਮੰਗਾਂ ਮੰਨੀਆਂ ਜਾਣ।

ਡੇਰਾ ਪ੍ਰੇਮੀ ਪ੍ਰਦੀਪ ਕਤਲ ਮਾਮਲਾ: ਪੁਲਿਸ ਨੇ ਸਬ-ਇੰਸਪੈਕਟਰ ਦਾ ਪੁੱਤਰ ਲਿਆ ਹਿਰਾਸਤ ‘ਚ

0

ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਦੇ ਮਾਮਲੇ ‘ਚ ਨਵੀਂ ਜਾਣਕਾਰੀ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਕੋਟਕਪੂਰਾ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਬਠਿੰਡਾ ਵਿੱਚ ਤਾਇਨਾਤ ਸਬ-ਇੰਸਪੈਕਟਰ ਦੇ ਪੁੱਤਰ ਨੂੰ ਹਿਰਾਸਤ ਵਿੱਚ ਲਿਆ ਹੈ। ਇੰਸਪੈਕਟਰ ਦੇ ਪੁੱਤਰ ‘ਤੇ ਇਲਜ਼ਾਮ ਹਨ ਕਿ ਕਤਲ ਤੋਂ ਬਾਅਦ ਉਸ ਨੇ ਗੋਲੀ ਚਲਾਉਣ ਵਾਲਿਆਂ ਦੇ ਠਹਿਰਣ ਦਾ ਇੰਤਜ਼ਾਮ ਕੀਤਾ ਸੀ। ਮੁਲਜ਼ਮ ਪੰਜਾਬੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਅਤੇ ਹੋਸਟਲ ਵਿੱਚ ਹੀ ਰਹਿੰਦਾ ਹੈ।

ਆਗਾਮੀ ਤਫਤੀਸ਼ ‘ਚ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੋਸ਼ੀ ਨੂੰ ਇਸ ਕਤਲ ਬਾਰੇ ਪਹਿਲਾਂ ਤੋਂ ਜਾਣਕਾਰੀ ਸੀ ਜਾਂ ਨਹੀਂ। ਇਸ ਤੋਂ ਇਲਾਵਾ ਉਸ ਨੇ ਗੋਲੀ ਚਲਾਉਣ ਵਾਲਿਆਂ ਦੇ ਠਹਿਰਣ ਦਾ ਇੰਤਜ਼ਾਮ ਜਦੋਂ ਕੀਤਾ, ਉਸ ਨੂੰ ਇਸ ਕਤਲ ਕਾਂਡ ਦੀ ਜਾਣਕਾਰੀ ਸੀ ਜਾਂ ਨਹੀਂ, ਇਸ ਸਬੰਧੀ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਉਸ ਨੂੰ ਫੋਨ ਕਰਕੇ ਇਸ ਸਬੰਧੀ ਪ੍ਰਬੰਧ ਕਰਨ ਲਈ ਕਿਹਾ ਗਿਆ ਸੀ।

ਇਹ ਵੀ ਪੜ੍ਹੋ: ਲੁਧਿਆਣਾ ‘ਚ ਵਿਕਾਸ ਕਾਰਜਾਂ ‘ਤੇ ਖਰਚੇ ਜਾਣਗੇ 15 ਕਰੋੜ ਰੁਪਏ : ਡਾ. ਇੰਦਰਬੀਰ ਸਿੰਘ…

ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਕੋਟਕਪੂਰਾ ‘ਚ ਦੁਕਾਨ ਖੋਲ੍ਹਣ ਦੌਰਾਨ ਬਾਈਕ ਸਵਾਰ ਛੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਡੇਰਾ ਪ੍ਰੇਮੀ ਪ੍ਰਦੀਪ ਦੀ ਹੱਤਿਆ ਕਰ ਦਿੱਤੀ ਸੀ। ਇਸੇ ਦੌਰਾਨ ਸਾਰੇ ਕਾਤਲ ਘਟਨਾ ਸਥਾਨ ਦੇ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ। ਗੈਂਗਸਟਰ ਗੋਲਡੀ ਬਰਾੜ ਨੇ ਆਪਣੇ ਫੇਸਬੁੱਕ ਪੇਜ ‘ਤੇ ਇਸ ਕਤਲੇਆਮ ਦੀ ਜ਼ਿੰਮੇਵਾਰੀ ਵੀ ਲਈ ਸੀ।

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਛੇ ਹਮਲਾਵਰਾਂ ਵਿੱਚੋਂ ਤਿੰਨ ਨੂੰ ਸ਼ੁੱਕਰਵਾਰ ਨੂੰ ਪਟਿਆਲਾ ਦੇ ਬਖਸ਼ੀਵਾਲਾ ਤੋਂ ਗ੍ਰਿਫ਼ਤਾਰ ਕੀਤਾ।

ਲੁਧਿਆਣਾ ‘ਚ ਵਿਕਾਸ ਕਾਰਜਾਂ ‘ਤੇ ਖਰਚੇ ਜਾਣਗੇ 15 ਕਰੋੜ ਰੁਪਏ : ਡਾ. ਇੰਦਰਬੀਰ ਸਿੰਘ ਨਿੱਜਰ

0

ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਚੁੱਕਦੇ ਹੋਏ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਲੁਧਿਆਣਾ ਦੇ ਸੁੰਦਰੀਕਰਨ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਵੱਖ-ਵੱਖ ਵਿਕਾਸ ਕਾਰਜਾਂ ਲਈ ਲਗਭਗ 15 ਕਰੋੜ ਰੁਪਏ ਖਰਚੇ ਜਾਣਗੇ।

ਇਹ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਨੇ ਦੱਸਿਆ ਕਿ ਢਾਂਡਰੀ ਪੁਲ ਦਾ ਪੁਨਰ ਨਿਰਮਾਣ ਬਿਟੂਮਿਨਸ ਕੰਕਰੀਟ ਨਾਲ ਮਸਤਕੀ ਅਸਫਾਲਟ ਅਤੇ ਰੈਡੀ ਮਿਕਸਡ ਕੰਕਰੀਟ ਦੀ ਵਰਤੋਂ ਨਾਲ ਕੀਤਾ ਜਾਵੇਗਾ, ਪੁੱਡਾ ਰੋਡ ‘ਤੇ ਵਾਰਡ ਨੰਬਰ 16-17 ਵਿਖੇ ਚੰਡੀਗੜ੍ਹ ਰੋਡ ਤੋਂ ਤਾਜਪੁਰ ਰੋਡ ਤੱਕ ਸੜਕ ਦੀ ਪੁਨਰ-ਨਿਰਮਾਣ ਕੀਤਾ ਜਾਵੇਗਾ। ਇਸ ਤੋਂ ਇਲਾਵਾ ਚਾਂਦ ਨਾਗਰ ਪੁਲੀ ਤੋਂ ਰੇਲਵੇ ਲਾਈਨ ਕੁੰਦਨ ਪੁਰੀ ਲੁਧਿਆਣਾ ਤੱਕ ਬੁੱਢੇ ਨਾਲੇ ਦੇ ਨਾਲ-ਨਾਲ ਸੜਕ ਦਾ ਵੀ ਪੁਨਰ ਨਿਰਮਾਣ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਅੰਮ੍ਰਿਤਸਰ ‘ਚ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 4.1 ਮਾਪੀ ਗਈ ਤੀਬਰਤਾ

ਡਾ. ਨਿੱਜਰ ਨੇ ਅੱਗੇ ਦੱਸਿਆ ਕਿ ਲੁਧਿਆਣਾ ਵਿੱਖੇ ਗਰੀਨ ਬੈਲਟ ਦਾ ਵਿਕਾਸ ਪੈਟਰੋਲ ਪੰਪ ਤੋਂ ਜਲੰਧਰ ਬਾਈਪਾਸ ਆਰ.ਐੱਚ.ਐੱਸ ਵਿੰਗ ਤੱਕ , ਅਮਨ ਸਵੀਟ ਤੋਂ ਜਲੰਧਰ ਬਾਈਪਾਸ ਐੱਲ.ਐੱਚ.ਐੱਸ. ਵਿੰਗ ਤੱਕ ਅਤੇ ਵਾਕ ਵੇਅ ਦਾ ਨਿਰਮਾਣ ਦੇ ਨਾਲ ਨਾਲ ਬੁੱਢਾ ਨਾਲਾ ਸਮੇਤ ਸ਼ਿਵ ਪੁਰੀ ਤੋਂ ਰੇਲਵੇ ਲਾਈਨ ਕਰਾਸਿੰਗ ਕੁੰਦਨ ਪੁਰੀ ਤੱਕ ਦੋਵੇਂ ਪਾਸੇ ਗਰੀਨ ਬੈਲਟ ਦੇ ਵਿਕਾਸ ਕਾਰਜ ਕੀਤੇ ਜਾਣਗੇ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸੇ ਤਰ੍ਹਾਂ ਲੁਧਿਆਣਾ ਦੇ ਵੱਖ-ਵੱਖ ਪਾਰਕਾਂ ਦੇ ਵਿਕਾਸ, ਪਾਰਕਾਂ ਦੀ ਚਾਰ ਦੀਵਾਰੀ ਅਤੇ ਹੋਰ ਮੁਰੰਮਤ ਦੇ ਕੰਮ ਵੀ ਕੀਤੇ ਜਾਣਗੇ ਤਾਂ ਜੋ ਲੋਕਾਂ ਨੂੰ ਵਧੀਆ ਸਹੂਲਤਾਂ ਅਤੇ ਸੈਰ ਕਰਨ ਲਈ ਸਾਫ ਸੁਥਰਾ ਵਾਤਾਵਰਣ ਮਿਲ ਸਕੇ।

ਮੰਤਰੀ ਨੇ ਅੱਗੇ ਦੱਸਿਆ ਕਿ ਲੁਧਿਆਣਾ ਵਿੱਚ ਇਨ੍ਹਾਂ ਕੰਮਾਂ ਲਈ ਟੈਂਡਰ ਵਿਭਾਗ ਵੱਲੋਂ 8 ਅਤੇ 9 ਨਵੰਬਰ 2022 ਨੂੰ ਵਿਭਾਗ ਦੀ ਵੈੱਬਸਾਈਟ eproc.gov.in ‘ਤੇ ਅੱਪਲੋਡ ਕਰ ਦਿੱਤੇ ਗਏ ਹਨ। ਟੈਂਡਰ ਬਿੱਡਜ ਮਿਤੀ 18 ਅਤੇ 25 ਨਵੰਬਰ 2022 ਨੂੰ ਸਵੇਰੇ 11.00 ਵਜੇ ਖੋਲ੍ਹੀਆਂ ਜਾਣਗੀਆਂ।

ਕੈਬਨਿਟ ਮੰਤਰੀ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਕੰਮ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣ ਦਾ ਸੁਪਨਾ ਸਾਕਾਰ ਕੀਤਾ ਜਾ ਸਕੇ।

 

ਇੰਟਰਨੈਸ਼ਨਲ ਕਬੱਡੀ ਖਿਡਾਰੀ ਸ਼ੇਰਾ ਅਠਵਾਲ ਦੀ ਕੈਨੇਡਾ ‘ਚ ਹੋਈ ਮੌਤ

0

ਇੰਟਰਨੈਸ਼ਨਲ ਖਿਡਾਰੀ ਸ਼ੇਰਾ ਅਠਵਾਲ ( ਸ਼ਮਸ਼ੇਰ ਸਿੰਘ ) ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਜਿਸਨੇ ਕਬੱਡੀ ‘ਚ ਆਪਣੀ ਵੱਖਰੀ ਪਹਿਚਾਣ ਬਣਾ ਲਈ ਸੀ।ਜਾਣਕਾਰੀ ਅਨੁਸਾਰ ਨੌਜਵਾਨ ਦੀ ਕੈਨੇਡਾ ਵਿੱਚ ਅਚਾਨਕ ਮੌਤ ਹੋ ਗਈ ਹੈ। ਉਥੇ ਹੀ ਸ਼ੇਰੇ ਦੇ ਦੇਹਾਂਤ ਦਾ ਸੁਨੇਹਾ ਜਿਵੇਂ ਹੀ ਉਸ ਦੇ ਪਰਿਵਾਰ ਨੂੰ ਪੰਜਾਬ ਦੇ ਗੁਰਦਾਸਪੁਰ ਦੇ ਪਿੰਡ ਅਠਵਾਲ ਵਿਖੇ ਮਿਲਿਆ ਤਾਂ ਉਦੋਂ ਦਾ ਪਰਿਵਾਰ ਅਤੇ ਇਲਾਕੇ ਭਰ ਚ ਸੋਗ ਦਾ ਮਾਹੌਲ ਬਣ ਗਿਆ ਹੈ। ਨੌਜਵਾਨ ਦੇ ਬੇਵਕਤ ਦੁਨੀਆ ਛੱਡ ਜਾਣ ਦੇ ਨਾਲ ਪਰਿਵਾਰ ‘ਚ ਗਮਗੀਨ ਮਾਹੌਲ ਹੋ ਗਿਆ ਹੈ।

ਉਥੇ ਹੀ ਸ਼ੇਰੇ ਦੇ ਚਾਚਾ ਨੇ ਦੱਸਿਆ ਕਿ ਸ਼ੇਰੇ ਦਾ ਇਕ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਪਿੰਡ ਡੇਢ ਮਹੀਨਾ ਕੱਟ ਕੇ ਉਹ ਵਾਪਿਸ ਕੈਨੇਡਾ ਗਿਆ ਸੀ। ਉਹਨਾਂ ਨੇ ਦੱਸਿਆ ਕਿ ਪਰਿਵਾਰ ਲਈ ਵੱਡਾ ਦੁੱਖ ਦਾ ਸਮਾਂ ਹੈ ਅਤੇ ਹੁਣ ਤਕ ਉਹਨਾਂ ਨੂੰ ਇਹੀ ਜਾਣਕਾਰੀ ਮਿਲੀ ਹੈ ਕਿ ਅਚਾਨਕ ਮੌਤ ਹੋਈ ਹੈ। ਜਦ ਕਿ ਪੋਸਟਮਾਰਟਮ ਦੀ ਰਿਪੋਰਟ ਨਹੀਂ ਆਈ। ਪੋਸਟ ਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਚਲੇਗਾ। ਉਥੇ ਹੀ ਇਲਾਕੇ ਭਰ ਵਿੱਚ ਸ਼ਮਸ਼ੇਰ ਸਿੰਘ ਦੀ ਮੌਤ ਨਾਲ ਗਮਗੀਨ ਮਾਹੌਲ ਬਣਿਆ ਹੋਇਆ ਹੈ।