Home Blog Page 1833

ਟਰਾਂਸਪੋਰਟ ਮੰਤਰੀ ਦੀ ਅਧਿਕਾਰੀਆਂ ਨੂੰ ਦੋ ਟੁੱਕ, ਬੱਸਾਂ ਦੇ ਟਾਈਮ ਟੇਬਲ ‘ਚ ਪੱਖਪਾਤ ਬਰਦਾਸ਼ਤ ਨਹੀਂ

0

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬੱਸਾਂ ਦਾ ਟਾਈਮ ਟੇਬਲ ਬਣਾਉਣ ਵਿੱਚ ਪੱਖਪਾਤ ਦੀਆਂ ਰਿਪੋਰਟਾਂ ਦਾ ਨੋਟਿਸ ਲੈਂਦਿਆਂ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ ਟਾਈਮ ਟੇਬਲ ਬਣਾਉਣ ਵਿੱਚ ਪੱਖਪਾਤ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ।

ਟਰਾਂਸਪੋਰਟ ਮੰਤਰੀ ਨੇ ਸਕੱਤਰ ਟਰਾਂਸਪੋਰਟ ਨੂੰ ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਗਠਿਤ ਕਰਨ ਲਈ ਆਖਦਿਆਂ ਕਿਹਾ ਕਿ ਬੱਸਾਂ ਦੀ ਸਮਾਂ-ਸਾਰਣੀ ਨਾਲ ਸਬੰਧਤ ਸਾਰੇ ਮਾਮਲਿਆਂ ਦੀ ਮੁੜ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇ ਟਾਈਮ ਟੇਬਲ ਜਾਰੀ ਕਰਨ ਸਮੇਂ ਵੱਡੇ ਬੱਸ ਆਪ੍ਰੇਟਰਾਂ ਜਾਂ ਵੱਡੇ ਸਿਆਸੀ ਘਰਾਣਿਆਂ ਲਈ ਕੋਈ ਤਰਫ਼ਦਾਰੀ ਪਾਈ ਗਈ ਤਾਂ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਤੁਰੰਤ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਪੰਜਾਬ ਵਿੱਚ ਭ੍ਰਿਸ਼ਟਾਚਾਰ ਅਤੇ ਬੱਸ ਮਾਫ਼ੀਆ ਦੇ ਖ਼ਾਤਮੇ ਦਾ ਪ੍ਰਣ ਲਿਆ ਹੈ, ਇਸ ਲਈ ਯੋਗ ਛੋਟੇ ਬੱਸ ਆਪ੍ਰੇਟਰਾਂ ਨੂੰ ਬੱਸ ਟਾਈਮ ਟੇਬਲ ਵਿਚ ਥਾਂ ਨਾ ਦੇ ਕੇ ਅਤੇ ਵੱਡੇ ਘਰਾਣਿਆਂ ਅਤੇ ਵੱਡੇ ਬੱਸ ਆਪ੍ਰੇਟਰਾਂ ਦੀ ਤਰਫ਼ਦਾਰੀ ਕਰਨ ਵਾਲੇ ਅਧਿਕਾਰੀ ਜਾਂ ਮੁਲਾਜ਼ਮ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੇ ਜਾਣੇ ਚਾਹੀਦੇ।

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਨਵੇਂ ਜਾਰੀ ਹੋਏ ਬੱਸ ਟਾਈਮ ਟੇਬਲ ਵਿੱਚ ਹੇਠਲੇ ਪੱਧਰ ‘ਤੇ ਪੱਖਪਾਤ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਵੀ ਤਾੜਨਾ ਕੀਤੀ ਕਿ ਉਹ ਅਜਿਹੀਆਂ ਗਤੀਵਿਧੀਆਂ ਤੋਂ ਬਾਜ਼ ਆਉਣ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਦੋਸ਼ੀ ਪਾਏ ਕਿਸੇ ਵੀ ਅਧਿਕਾਰੀ ਜਾਂ ਮੁਲਾਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।

ਸ਼ੁੱਧ ਪੰਜਾਬੀ ਦਾ ਉਚਾਰਣ ਕਿਉਂ ਘੱਟ ਗਿਆ ? CM ਭਗਵੰਤ ਮਾਨ ਦਾ ਵੱਡਾ ਬਿਆਨ

0

ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਹੁੰਚੇ CM ਮਾਨ ਨੇ ਆਖਿਆ ਕਿ ਸਾਡੇ ਕੋਲ ਬਹੁਤ ਵੱਡਾ ਖ਼ਜਾਨਾ, ਜੰਮੇ ਪੰਜਾਬ ‘ਚ ਹਾਂ, ਇਸ ਕਰਕੇ ਬੋਲਣੀ ਪੰਜਾਬੀ ਹੀ ਹੈ ਆਪਾਂ,ਸਲੇਬਸ ‘ਚ ਪੰਜਾਬੀ ਪੜ੍ਹਨੋ ਹੱਟ ਗਏ, ਇਸ ਕਰਕੇ ਸ਼ੁੱਧ ਪੰਜਾਬੀ ਦਾ ਉਚਾਰਣ ਘੱਟ ਗਿਆ, ਉਨ੍ਹਾਂ ਕਿਹਾ ਕਿ ਲੋੜ ਹੈ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ, ਕਿ ਪੰਜਾਬੀ ਮਾਂ ਬੋਲੀ ਬਾਰੇ, ਭਾਂਵੇ ਵਾਧੂ ਕਲਾਸਾਂ ਲਾਉਣੀਆਂ ਪੈਣ, ਲਾਉਣੀਆਂ ਚਾਹੀਦੀਆਂ ਨੇ, ਬੱਚਿਆਂ ਨੂੰ ਵੀ ਚਾਹੀਦਾ, ਜੇ ਲਿਟਰੇਚਰ ਪੜ੍ਹਨਾਂ ਤਾਂ ਲਾਈਬ੍ਰੇਰੀ ਜਾਣ ਦੀ ਆਦਤ ਜ਼ਰੂਰ ਪਾਉਣ |

ਫਿਟਨੈਸ ਸਰਟੀਫਿਕੇਟ ਜਾਰੀ ਕਰਨ ਬਦਲੇ ਰਿਸ਼ਵਤ ਲੈਂਦਾ ਇੰਸਪੈਕਟਰ ਵਿਜੀਲੈਂਸ ਅੜਿੱਕੇ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੂਬੇ ‘ਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ, ਬਰਨਾਲਾ ਵਿਖੇ ਤਾਇਨਾਤ ਇੰਸਪੈਕਟਰ ਲੀਗਲ ਮੈਟਰੋਲੋਜੀ (ਮਾਪ ਅਤੇ ਤੋਲ) ਵਰਿੰਦਰਪਾਲ ਸ਼ਰਮਾ ਨੂੰ 4,380 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁਲਜ਼ਮ ਵਰਿੰਦਰਪਾਲ ਸ਼ਰਮਾ ਨੂੰ ਲੀਗਲ ਮੈਟਰੋਲੋਜੀ ਵਿਭਾਗ ਦੇ ਲਾਇਸੰਸਸ਼ੁਦਾ ਮੁਰੰਮਤਸਾਜ (ਰਿਪੇਅਰ) ਪੰਕਜ ਕੁਮਾਰ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚਕੇ ਦੋਸ਼ ਲਾਇਆ ਹੈ ਕਿ ਉਕਤ ਇੰਸਪੈਕਟਰ ਲੀਗਲ ਮੈਟਰੋਲੋਜੀ ਉਸ ਕੋਲੋਂ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਲਈ ਪ੍ਰਤੀ ਧਰਮ ਕੰਡਾ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਇੰਸਪੈਕਟਰ ਪਹਿਲਾਂ ਵੀ ਉਸ ਤੋਂ 4900 ਰੁਪਏ ਬਤੌਰ ਰਿਸ਼ਵਤ ਲੈ ਚੁੱਕਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਵੱਲੋਂ ਦਿੱਤੀ ਸੂਚਨਾ ਦੀ ਤਸਦੀਕ ਕਰਨ ਉਪਰੰਤ, ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਪਰੋਕਤ ਮੁਲਜ਼ਮ ਇੰਸਪੈਕਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 4,380 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ਪੰਜਾਬ ਕੈਬਨਿਟ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੀ ਪ੍ਰਵਾਨਗੀ

0

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਮੰਤਰੀ ਮੰਡਲ ਨੇ ਸੂਬੇ ਵਿਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ 1.75 ਲੱਖ ਤੋਂ ਵੱਧ ਸਰਕਾਰੀ ਮੁਲਾਜ਼ਮਾਂ ਨੂੰ ਸਿੱਧਾ ਲਾਭ ਹੋਵੇਗਾ।
ਇਹ ਫੈਸਲਾ ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।

ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਨਵੀਂ ਪੈਨਸ਼ਨ ਸਕੀਮ (ਐਨ.ਪੀ.ਐਸ.) ਅਧੀਨ ਸੇਵਾਵਾਂ ਨਿਭਾਅ ਰਹੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਨੂੰ ਮਨਜ਼ੂਰ ਕੀਤਾ ਗਿਆ ਜਿਸ ਨਾਲ ਸੂਬੇ ਦੇ ਮੁਲਾਜ਼ਮਾਂ ਦੀ ਚਿਰੋਕਣੀ ਮੰਗ ਪੂਰੀ ਹੋ ਗਈ। ਇਸ ਨਾਲ ਐਨ.ਪੀ.ਐਸ. ਅਧੀਨ 1.75 ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਫਾਇਦਾ ਹੋਵੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸੂਬੇ ਦੇ 1.26 ਲੱਖ ਮੁਲਾਜ਼ਮ ਪਹਿਲਾਂ ਹੀ ਮੌਜੂਦਾ ਪੁਰਾਣੀ ਪੈਨਸ਼ਨ ਸਕੀਮ ਦੇ ਦਾਇਰੇ ਹੇਠ ਆਉਂਦੇ ਹਨ।

ਇਹ ਵੀ ਪੜ੍ਹੋ: ਪੰਜਾਬ ਕੈਬਨਿਟ ‘ਚ ਲਏ ਗਏ ਇਹ ਅਹਿਮ ਫੈਸਲੇ

ਬੁਲਾਰੇ ਨੇ ਦੱਸਿਆ ਕਿ ਅਗਲੇ ਪੰਜ ਸਾਲਾਂ ਵਿਚ ਹੀ 4100 ਮੁਲਾਜ਼ਮਾਂ ਨੂੰ ਇਸ ਸਕੀਮ ਦਾ ਲਾਭ ਮਿਲਣ ਦੀ ਸੰਭਾਵਨਾ ਹੈ। ਇਹ ਸਕੀਮ ਸਰਕਾਰੀ ਮੁਲਾਜ਼ਮਾਂ ਦਾ ਭਵਿੱਖ ਸੁਰੱਖਿਅਤ ਬਣਾਉਣ ਦੇ ਨਾਲ-ਨਾਲ ਸੂਬੇ ਪ੍ਰਤੀ ਮੁਲਾਜ਼ਮਾਂ ਦੇ ਮਿਸਾਲੀ ਯੋਗਦਾਨ ਦੇ ਉਦੇਸ਼ ਨਾਲ ਲਾਗੂ ਕੀਤੀ ਗਈ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਯਕੀਨੀ ਬਣਾਉਣ ਲਈ ਕਿ ਅਮਲ ਵਿਚ ਲਿਆਂਦੀ ਜਾ ਰਹੀ ਸਕੀਮ ਭਵਿੱਖ ਵਿਚ ਖਜ਼ਾਨੇ ਲਈ ਵਿੱਤੀ ਤੌਰ ਉਤੇ ਹੰਢਣਸਾਰ ਰਹੇ, ਸੂਬਾ ਸਰਕਾਰ ਵੱਲੋਂ ਪੈਨਸ਼ਨ ਕਾਰਪਸ ਦੀ ਸਿਰਜਣ ਲਈ ਸਰਗਰਮੀ ਨਾਲ ਯੋਗਦਾਨ ਪਾਇਆ ਜਾਵੇਗਾ ਜਿਸ ਨਾਲ ਸਕੀਮ ਦੇ ਲਾਭਪਾਤਰੀਆਂ ਨੂੰ ਭਵਿੱਖ ਵਿਚ ਪੈਨਸ਼ਨ ਦੀ ਸੇਵਾ ਦਾ ਲਾਭ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: Mohali ‘ਚ ਜਨਤਕ ਤੌਰ ’ਤੇ Weapons ਲੈ ਕੇ ਘੁੰਮਣ ‘ਤੇ ਲੱਗੀ ਰੋਕ

ਮੁੱਢਲੇ ਤੌਰ ਉਤੇ ਸਾਲਾਨਾ ਇਕ ਹਜ਼ਾਰ ਕਰੋੜ ਰੁਪਏ ਦਾ ਯੋਗਦਾਨ ਪੈਨਸ਼ਨ ਕਾਰਪਸ ਵਿੱਚ ਦਿੱਤਾ ਜਾਵੇਗਾ, ਜਿਸ ਨੂੰ ਭਵਿੱਖ ਵਿੱਚ ਹੌਲੀ-ਹੌਲੀ ਵਧਾਇਆ ਜਾਵੇਗਾ। ਮੌਜੂਦਾ ਸਮੇਂ ਐਨ.ਪੀ.ਐਸ. ਵਿੱਚ ਕੁੱਲ 16,746 ਕਰੋੜ ਰੁਪਏ ਜਮ੍ਹਾਂ ਹਨ ਜਿਸ ਲਈ ਸੂਬਾ ਸਰਕਾਰ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (ਐਫ.ਆਰ.ਡੀ.ਏ.) ਨੂੰ ਇਹ ਪੈਸਾ ਵਾਪਸ ਕਰਨ ਦੀ ਅਪੀਲ ਕਰੇਗੀ ਤਾਂ ਕਿ ਇਸ ਪੈਸੇ ਦੀ ਢੁਕਵੀਂ ਵਰਤੋਂ ਯਕੀਨੀ ਬਣੇ।

ਮੰਤਰੀ ਮੰਡਲ ਨੇ ਮੁੜ ਦੁਹਰਾਇਆ ਕਿ ਸੂਬੇ ਦਾ ਖ਼ਜ਼ਾਨਾ ਆਪਣੇ ਮੌਜੂਦਾ ਸਰੋਤਾਂ ਰਾਹੀਂ ਇਸ ਸਕੀਮ ਦਾ ਵਿੱਤੀ ਭਾਰ ਚੁੱਕਣ ਦੇ ਪੂਰੀ ਤਰ੍ਹਾਂ ਯੋਗ ਹੋਵੇਗਾ ਅਤੇ ਕਿਸੇ ਵੀ ਹਾਲਾਤ ਵਿੱਚ ਮੁਲਾਜ਼ਮਾਂ ਦਾ ਭਵਿੱਖ ਸੁਰੱਖਿਅਤ ਰੱਖਿਆ ਜਾਵੇਗਾ।

ਗਾਜ਼ਾ ਪੱਟੀ ਦੇ ਸ਼ਰਨਾਰਥੀ ਕੈਂਪ ‘ਚ ਲੱਗੀ ਭਿਆਨਕ ਅੱਗ, 21 ਲੋਕਾਂ ਦੀ ਮੌਤ

0

ਦੇਰ ਰਾਤ ਗਾਜ਼ਾ ਪੱਟੀ ਦੇ ਇੱਕ ਸ਼ਰਨਾਰਥੀ ਕੈਂਪ ਵਿੱਚ ਅੱਗਣ ਦੀ ਖਬਰ ਸਾਹਮਣੇ ਆਈ ਹੈ। ਗਾਜ਼ਾ ਪੱਟੀ ‘ਚ ਇਕ ਇਮਾਰਤ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਉੱਤਰੀ Gaza Strip ਵਿੱਚ ਸੰਘਣੀ ਆਬਾਦੀ ਵਾਲੇ ਸ਼ਰਨਾਰਥੀ ਕੈਂਪ ਵਿੱਚ ਇੱਕ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ‘ਚ ਲੱਗੀ ਭਿਆਨਕ ਅੱਗ ਨੂੰ ਬੁਝਾਉਣ ਵਿੱਚ ਫਾਇਰਫਾਈਟਰਾਂ ਨੂੰ ਇੱਕ ਘੰਟੇ ਤੋਂ ਵੱਧ ਦਾ ਸਮਾਂ ਲੱਗਿਆ। ਇੱਕ ਫਾਇਰਮੈਨ ਨੇ ਦੱਸਿਆ ਕਿ ਅੱਗ ਬਹੁਤ ਭਿਆਨਕ ਸੀ। ਜਿਸ ਕਾਰਨ ਅੱਗ ‘ਤੇ ਕਾਬੂ ਪਾਉਣ ‘ਚ ਕਰੀਬ ਇੱਕ ਘੰਟੇ ਦਾ ਸਮਾ ਲੱਗ ਗਿਆ। ਇਸ ਦੌਰਾਨ ਲੋਕਾਂ ਨੂੰ ਬਚਾਉਣ ਲਈ ਬਚਾਅ ਕਾਰਜ ਜਾਰੀ ਰਿਹਾ। ਸਿਹਤ ਅਤੇ ਸਿਵਲ ਐਮਰਜੈਂਸੀ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਦੱਸ ਦੇਈਏ ਕਿ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਗਿਆ। ਗਾਜ਼ਾ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਘਟਨਾ ਵਾਲੀ ਥਾਂ ‘ਤੇ ਵੱਡੀ ਮਾਤਰਾ ‘ਚ ਗੈਸੋਲੀਨ ਰੱਖਿਆ ਗਿਆ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਇਮਾਰਤ ਨੂੰ ਆਪਣੀ ਲਪੇਟ ‘ਚ ਲੈ ਲਿਆ। ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਲੋਕਾਂ ਦੇ ਚੀਕ-ਚਿਹਾੜੇ ਦੀ ਆਵਾਜ਼ ਆਈ ਪਰ ਅੱਗ ਨੂੰ ਦੇਖਦੇ ਹੋਏ ਉਹ ਅੰਦਰ ਮੌਜੂਦ ਲੋਕਾਂ ਦੀ ਮਦਦ ਨਹੀਂ ਕਰ ਸਕੇ।

ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਇਸ ਨੂੰ ਰਾਸ਼ਟਰੀ ਦੁਖਾਂਤ ਦੱਸਿਆ ਅਤੇ ਸੋਗ ਦੇ ਦਿਨ ਦਾ ਐਲਾਨ ਕੀਤਾ। ਫਲਸਤੀਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ (ਪੀਐਲਓ) ਦੀ ਕਾਰਜਕਾਰੀ ਕਮੇਟੀ ਦੇ ਸਕੱਤਰ-ਜਨਰਲ ਹੁਸੈਨ ਅਲ-ਸ਼ੇਖ ਨੇ ਕਿਹਾ ਕਿ ਫਲਸਤੀਨੀ ਅਥਾਰਟੀ ਨੇ ਇਜ਼ਰਾਈਲ ਨੂੰ ਗਾਜ਼ਾ ਦੇ ਨਾਲ ਏਰੇਜ਼ ਕਰਾਸਿੰਗ ਖੋਲ੍ਹਣ ਦੀ ਅਪੀਲ ਕੀਤੀ ਤਾਂ ਜੋ ਗੰਭੀਰ ਮਾਮਲਿਆਂ ਨੂੰ ਐਨਕਲੇਵ ਤੋਂ ਬਾਹਰ ਲਿਜਾਇਆ ਜਾ ਸਕੇ ਤਾਂ ਜੋ ਉਨ੍ਹਾਂ ਨਾਲ ਲੋੜ ਅਨੁਸਾਰ ਇਲਾਜ ਕੀਤਾ ਜਾ ਸਕੇ।

ਪਟਿਆਲਾ ਜ਼ਿਲ੍ਹੇ ਨਾਲ ਸੰਬੰਧਤ 12 ਵਿਅਕਤੀਆਂ ਦੇ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਕੀਤੇ ਰੱਦ

0

ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਇੱਕ ਹੁਕਮ ਜਾਰੀ ਕਰਦਿਆਂ ਪਟਿਆਲਾ ਜ਼ਿਲ੍ਹੇ ਅਧੀਨ ਆਉਂਦੇ ਪਿੰਡ ਆਲਮਪੁਰ ਦੇ 12 ਵਿਅਕਤੀਆਂ ਦੇ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਰੱਦ ਕਰ ਦਿੱਤੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ.ਬਲਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਦੇ ਪਿੰਡ ਆਲਮਪੁਰ ਵਾਸੀ ਊਧਮ ਸਿੰਘ ਪੁੱਤਰ ਭਗਵਾਨ ਸਿੰਘ ਅਤੇ ਬਲਵੀਰ ਸਿੰਘ ਪੁੱਤਰ ਨਿਰਮਲ ਸਿੰਘ ਵੱਲੋਂ 15 ਵਿਅਕਤੀਆਂ ਵਿਰੁੱਧ ਉਨ੍ਹਾਂ ਦੇ ਅਨੁਸੂਚਿਤ ਜਾਤੀ ਸਰਟੀਫਿਕੇਟ ਜਾਅਲੀ ਹੋਣ ਸਬੰਧੀ 19 ਮਾਰਚ 2020 ਨੂੰ ਸ਼ਿਕਾਇਤ ਕੀਤੀ ਗਈ ਸੀ।

ਡਾ.ਬਲਜੀਤ ਕੌਰ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਸਿਵਲ ਅਪੀਲ ਨੰ: 5854 of 1994 ਵਿੱਚ ਮਿਤੀ 02.09.1994 ਨੂੰ ਦਿੱਤੇ ਫੈਸਲੇ ਦੇ ਸਨਮੁੱਖ ਸਮਾਜਿਕ ਸਥਿਤੀ ਸਰਟੀਫਿਕੇਟ ਦੀ ਸੱਚਾਈ ਦੀ ਪੜਤਾਲ ਲਈ ਸਰਕਾਰ ਵੱਲੋਂ ਅਧਿਸੂਚਨਾ ਮਿਤੀ 10.12.2004 ਰਾਹੀਂ ਡਾਇਰੈਕਟੋਰੇਟ ਪੱਧਰ ਤੇ ਵਿਜੀਲੈਂਸ ਸੈਲ ਅਤੇ ਰਾਜ ਪੱਧਰ ਤੇ ਸਕਰੂਟਨੀ ਕਮੇਟੀ ਦਾ ਗਠਨ ਕੀਤਾ ਗਿਆ ਸੀ।

ਇਸ ਕਮੇਟੀ ਵੱਲੋਂ ਮਾਮਲਾ ਵਿਚਾਰਦੇ ਹੋਏ ਸਬੰਧਤ ਵਿਅਕਤੀਆਂ ਨੂੰ ਸੁਣਵਾਈ ਦੇ ਕਈ ਮੌਕੇ ਦਿੰਦਿਆਂ ਆਪਣੇ ਜਾਤੀ ਸਰਟੀਫਿਕੇਟ ਦੀਆਂ ਕਾਪੀਆਂ ਪੜਤਾਲ ਲਈ ਪੇਸ਼ ਕਰਨ ਦੇ ਹੁਕਮ ਦਿੱਤੇ ਗਏ। ਇਸ ਉਪਰੰਤ 15 ਵਿਅਕਤੀਆਂ ਵਿਚੋਂ 3 ਵੱਲੋਂ ਜਾਤੀ ਸਰਟੀਫਿਕੇਟ ਪੇਸ਼ ਕੀਤੇ ਗਏ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਹਿਸੀਲਦਾਰ ਪਟਿਆਲਾ ਦੀ ਰਿਪੋਰਟ ਅਨੁਸਾਰ 12 ਵਿਅਕਤੀਆਂ ਵੱਲੋਂ ਅਨੁਸੂਚਿਤ ਜਾਤੀ ਸਰਟੀਫਿਕੇਟ ਜਮ੍ਹਾਂ ਨਹੀਂ ਕਰਵਾਏ ਗਏ। ਜਿਸ ਸਬੰਧੀ ਅਖਬਾਰਾਂ ਵਿੱਚ ਜਨਤਕ ਨੋਟਿਸ ਰਾਹੀਂ ਆਪਣੇ ਸਰਟੀਫਿਕੇਟ ਰਾਜ ਪੱਧਰੀ ਸਕਰੂਟਨੀ ਕਮੇਟੀ ਕੋਲ ਪੇਸ਼ ਕਰਨ ਦਾ ਇੱਕ ਹੋਰ ਮੌਕਾ ਦਿੱਤਾ, ਪ੍ਰੰਤੂ 12 ਵਿਅਕਤੀਆਂ ਵਲੋਂ ਆਪਣੇ ਜਾਤੀ ਸਰਟੀਫਿਕੇਟ ਪੇਸ਼ ਨਹੀਂ ਕੀਤੇ ਗਏ।

ਉਨ੍ਹਾਂ ਦੱਸਿਆ ਕਿ ਕਮੇਟੀ ਨੇ ਰਿਕਾਰਡ ਨੂੰ ਘੋਖਦੇ ਹੋਏ ਪਾਇਆ ਕਿ ਪਿੰਡ ਆਲਮਪੁਰ ਦੇ ਸਬੰਧਤ 12 ਵਿਅਕਤੀਆਂ ਕਸਮੀਰ ਸਿੰਘ ਪੁੱਤਰ ਇੰਦਰ ਸਿੰਘ, ਅਮਨਦੀਪ ਸਿੰਘ ਪੁੱਤਰ ਭਾਗ ਸਿੰਘ, ਵਿੱਕੀ ਪੁੱਤਰ ਭਾਗ ਸਿੰਘ, ਮਨਜੀਤ ਕੌਰ ਪਤਨੀ ਭਾਗ ਸਿੰਘ, ਅੰਗਰੇਜ ਸਿੰਘ ਪੁੱਤਰ ਕਸ਼ਮੀਰ ਸਿੰਘ, ਕੁਲਵੰਤ ਕੌਰ ਪਤਨੀ ਬਲਜੀਤ ਸਿੰਘ, ਜਸਵੰਤ ਸਿੰਘ ਪੁੱਤਰ ਸਵਰਨ ਸਿੰਘ, ਸਵਰਨ ਸਿੰਘ ਪੁੱਤਰ ਪਾਲਾ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਸਵਰਨ ਸਿੰਘ, ਬਲਵੀਰ ਕੌਰ ਪਤਨੀ ਸਵਰਨ ਸਿੰਘ, ਦਵਿੰਦਰ ਸਿੰਘ ਪੁੱਤਰ ਸੇਵਾ ਸਿੰਘ ਅਤੇ ਨਰਿੰਦਰ ਸਿੰਘ ਪੁੱਤਰ ਸੇਵਾ ਸਿੰਘ ਵੱਲੋਂ ਬਣਾਏ ਗਏ ਅਨੁਸੂਚਿਤ ਜਾਤੀ ਸਰਟੀਫਿਕੇਟ ਜਾਅਲੀ ਸਨ, ਜਦੋਂ ਕਿ ਇਹ ਵਿਅਕਤੀ ਸਿੱਖ ਰਾਜਪੂਤ ਜਾਤੀ ਨਾਲ ਸਬੰਧ ਰੱਖਦੇ ਹਨ। ਕਮੇਟੀ ਵੱਲੋਂ ਸਬੰਧਤਾਂ ਦੇ ਅਨੁਸੂਚਿਤ ਜਾਤੀ ਦੇ ਸਰਟੀਫਿਕੇਟਾਂ ਨੂੰ ਰੱਦ ਕਰਦਿਆਂ ਗਲਤ ਤਰੀਕੇ ਨਾਲ ਬਣਾਏ ਸਰਟੀਫਿਕੇਟਾਂ ਨੂੰ ਜ਼ਬਤ ਕਰਨ ਦੇ ਹੁਕਮ ਦਿੱਤੇ ਗਏ ਹਨ।

ਭਾਰਤੀ ਮੂਲ ਦੇ ਉੱਘੇ ਸਿੱਖਿਆ ਸ਼ਾਸਤਰੀ ਸੁਨੀਲ ਕੁਮਾਰ Tufts University ਦੇ ਪ੍ਰਧਾਨ ਨਿਯੁਕਤ

0

ਉੱਘੇ ਭਾਰਤੀ-ਅਮਰੀਕੀ ਸਿੱਖਿਆ ਸ਼ਾਸਤਰੀ ਸੁਨੀਲ ਕੁਮਾਰ ਨੂੰ ਮੈਸੇਚਿਉਸੇਟਸ ਸਥਿਤ Tufts University ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹ ਇਸ ਅਹੁਦੇ ‘ਤੇ ਪਹੁੰਚਣ ਵਾਲੇ ਪਹਿਲੇ ਗੈਰ-ਗੋਰੇ ਵਿਅਕਤੀ ਹਨ। ਯੂਨੀਵਰਸਿਟੀ ਵੱਲੋਂ ਵੀਰਵਾਰ ਨੂੰ ਜਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ। ਬਿਆਨ ਦੇ ਅਨੁਸਾਰ ਵਰਤਮਾਨ ਵਿੱਚ ਜੌਨਸ ਹੌਪਕਿੰਸ ਯੂਨੀਵਰਸਿਟੀ ਵਿੱਚ ਅਕਾਦਮਿਕ ਮਾਮਲਿਆਂ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪ੍ਰੋਵੋਸਟ ਦੇ ਅਹੁਦੇ ‘ਤੇ ਤਾਇਨਜ ਕੁਮਾਰ ਨੂੰ ਯੂਨੀਵਰਸਿਟੀ ਦੇ ਟਰੱਸਟੀ ਬੋਰਡ ਵੱਲੋਂ ਅਗਲੇ ਪ੍ਰਧਾਨ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਇਸ ਵਿੱਚ ਕਿਹਾ ਗਿਆ ਹੈ ਕਿ ਉਹ 1 ਜੁਲਾਈ, 2023 ਨੂੰ Tufts University ਯੂਨੀਵਰਸਿਟੀ ਦੇ 14ਵੇਂ ਪ੍ਰਧਾਨ ਵਜੋਂ ਐਂਥਨੀ ਮੋਨਾਕੋ ਦੀ ਥਾਂ ਲੈਣਗੇ। ਬਿਆਨ ‘ਚ ਕਿਹਾ ਗਿਆ ਹੈ ਕਿ ਕੁਮਾਰ ਇਹ ਅਹੁਦਾ ਸੰਭਾਲਣ ਵਾਲੇ ਪਹਿਲੇ ਗੈਰ-ਗੋਰੇ ਵਿਅਕਤੀ ਹੋਣਗੇ। ਬੋਰਡ ਆਫ਼ ਟਰੱਸਟੀਜ਼ ਦੇ ਚੇਅਰਮੈਨ ਅਤੇ ਪ੍ਰੈਜ਼ੀਡੈਂਸ਼ੀਅਲ ਸਰਚ ਕਮੇਟੀ ਦੇ ਚੇਅਰਮੈਨ ਪੀਟਰ ਡੋਲਨ ਨੇ ਕਿਹਾ ਕਿ ਕੁਮਾਰ ਦਾ ਇੱਕ ਨੇਤਾ, ਸਿੱਖਿਅਕ ਅਤੇ ਸਹਿਯੋਗੀ ਦੇ ਤੌਰ ‘ਤੇ ਬਹੁਤ ਮਜ਼ਬੂਤ ​​ਰਿਕਾਰਡ ਹੈ। ਭਾਰਤ ਵਿੱਚ ਜਨਮੇ ਕੁਮਾਰ ਇੱਕ ਪੁਲਸ ਅਧਿਕਾਰੀ ਦੇ ਪੁੱਤਰ ਹਨ ਅਤੇ ਇਸ ਤੋਂ ਪਹਿਲਾਂ ਉਹ ਯੂਨੀਵਰਸਿਟੀ ਆਫ ਸ਼ਿਕਾਗੋ ਬੂਥ ਸਕੂਲ ਆਫ਼ ਬਿਜ਼ਨੈੱਸ ਦੇ ਡੀਨ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ: Mohali ‘ਚ ਜਨਤਕ ਤੌਰ ’ਤੇ Weapons ਲੈ ਕੇ ਘੁੰਮਣ ‘ਤੇ ਲੱਗੀ ਰੋਕ

ਕੁਮਾਰ ਮੈਂਗਲੋਰ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਗ੍ਰੈਜੂਏਟ ਹਨ ਅਤੇ ਬੈਂਗਲੁਰੂ ਸਥਿਤ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (IIS) ਤੋਂ ਕੰਪਿਊਟਰ ਵਿਗਿਆਨ ਅਤੇ ਆਟੋਮੇਸ਼ਨ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ। ਕੁਮਾਰ ਨੇ ਸਾਲ 1996 ਵਿੱਚ ਇਲੀਨੋਇਸ ਯੂਨੀਵਰਸਿਟੀ ਤੋਂ ਪੀ.ਐੱਚ.ਡੀ. ਕੀਤੀ। ਕੁਮਾਰ ਦਾ ਅਕਾਦਮਿਕ ਕਰੀਅਰ ਸਟੈਨਫੋਰਡ ਗ੍ਰੈਜੂਏਟ ਸਕੂਲ ਆਫ ਬਿਜ਼ਨੈੱਸ ਤੋਂ ਸ਼ੁਰੂ ਹੋਇਆ, ਜਿੱਥੇ ਉਨ੍ਹਾਂ ਨੇ 12 ਸਾਲ ਪੜ੍ਹਾਈ ਕੀਤੀ। ਆਪਣੇ ਬਿਆਨ ਵਿੱਚ, ਕੁਮਾਰ ਨੇ ਕਿਹਾ ਕਿ ਨਵੇਂ ਪ੍ਰਧਾਨ ਵਜੋਂ ਉਨ੍ਹਾਂ ਦੀ ਤਰਜੀਹ ਅਜਿਹਾ ਰਾਹ ਵਿਕਸਿਤ ਕਰਨ ਦੀ ਹੋਵੇਗੀ ਕਿ ਵੱਧ ਤੋਂ ਵੱਧ ਸਰੋਤਾਂ ਨੂੰ ਯਕੀਨ ਕਰਕੇ Tufts University ਨੂੰ ਜਿੰਨਾ ਸੰਭਵ ਹੋ ਸਕੇ ਵਿੱਤੀ ਤੌਰ ‘ਤੇ ਕਿਫਾਇਤੀ ਬਣਾਇਆ ਦਾ ਸਕੇ।

Mohali ‘ਚ ਜਨਤਕ ਤੌਰ ’ਤੇ Weapons ਲੈ ਕੇ ਘੁੰਮਣ ‘ਤੇ ਲੱਗੀ ਰੋਕ

0

ਮੁਹਾਲੀ ਜ਼ਿਲ੍ਹੇ ’ਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਜ਼ਿਲ੍ਹਾ ਮੈਜਿਸਟ੍ਰੇਟ ਅਮਿਤ ਤਲਵਾੜ ਨੇ ਫੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਐਸ.ਏ.ਐਸ. ਨਗਰ ਵਿੱਚ ਹਥਿਆਰਾਂ ਦੇ ਜਨਤਕ ਪ੍ਰਦਰਸ਼ਨ ’ਤੇ ਪੂਰਨ ਪਾਬੰਦੀ ਲਗਾਈ ਹੈ ਅਤੇ ਇਹ ਪਾਬੰਦੀ ਸੋਸ਼ਲ ਮੀਡੀਆ ’ਤੇ ਵੀ ਪ੍ਰਦਰਸ਼ਨ ਕਰਨ ‘ਤੇ ਲਾਗੂ ਰਹੇਗੀ।

ਇਸ ਦੇ ਨਾਲ-ਨਾਲ ਹਥਿਆਰਾਂ ਜਾਂ ਹਿੰਸਾ ਦੀ ਵਡਿਆਈ ਕਰਨ ਵਾਲੇ ਗੀਤਾਂ ’ਤੇ ਵੀ ਮੁਕੰਮਲ ਪਾਬੰਦੀ ਰਹੇਗੀ। ਇਸ ਤੋਂ ਇਲਾਵਾ ਜਨਤਕ ਇਕੱਠਾਂ, ਧਾਰਮਿਕ ਸਥਾਨਾਂ, ਵਿਆਹ ਪਾਰਟੀਆਂ ਜਾਂ ਹੋਰ ਸਮਾਗਮਾਂ ਵਿੱਚ ਹਥਿਆਰ ਲਿਜਾਣ ਅਤੇ ਪ੍ਰਦਰਸ਼ਨ ਕਰਨ ’ਤੇ ਪੂਰਨ ਮਨਾਹੀ ਹੋਵੇਗੀ ਅਤੇ ਕਿਸੇ ਭਾਈਚਾਰੇ ਵਿਰੁੱਧ ਨਫ਼ਰਤ ਭਰਿਆ ਭਾਸ਼ਣ ਦੇਣ ’ਤੇ ਵੀ ਪਾਬੰਦੀ ਲਾਗੂ ਰਹੇਗੀ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਜੇਕਰ ਕੋਈ ਵੀ ਆਮ ਅਤੇ ਖਾਸ ਇਨ੍ਹਾਂ ਹੁਕਮਾਂ ਦੀ ਉਲੰਘਣਾਂ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਪੰਜਾਬ ਕੈਬਨਿਟ ‘ਚ ਲਏ ਗਏ ਇਹ ਅਹਿਮ ਫੈਸਲੇ

0

ਪੰਜਾਬ ਮੰਡਲ ਦੀ ਮੀਟਿੰਗ ਵਿੱਚ ਅੱਜ ਕਈ ਵੱਡੇ ਫੈਸਲੇ ਕੀਤੇ ਗਏ। ਮੀਟਿੰਗ ਵਿੱਚ ਲਏ ਫੈਸਲਿਆ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ।

ਮੀਟਿੰਗ ਵਿੱਚ ਗੰਨੇ ਦੀ ਫਸਲ ਦਾ ਭਾਅ ਨੂੰ ਮਨਜ਼ੂਰੀ ਦਿੱਤੀ ਗਈ ਹੈ। ਹੁਣ ਗੰਨੇ ਦਾ ਭਾਅ 380 ਰੁਪਏ ਪ੍ਰਤੀ ਕੁਇੰਟਲ ਮਿਲੇਗਾ। ਉਨ੍ਹਾਂ ਕਿਹਾ ਕਿ 20 ਨਵੰਬਰ ਨੂੰ ਮਿਲਾਂ ਸ਼ੁਰੂ ਹੋ ਜਾਣਗੀਆਂ । ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਕਾਲਜਾਂ ਵਿਚ 645 ਲੈਕਚਰਾਰ ਭਰਤੀ ਕੀਤੇ ਜਾਣਗੇ। ਇਹ ਵੀ ਫੈਸਲਾ ਕੀਤਾ ਗਿਆ ਕਿ 16 ਕਾਲਜਾਂ ਵਿੱਚ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਭਰੀਆਂ ਜਣਗੀਆਂ। ਜਿਨਾਂ ਦੀ ਯੋਗ ਉਮਰ 45 ਸਾਲ ਸੀ ਉਸਨੂੰ ਵਧਾ ਕੇ 53 ਸਾਲ ਕਰਨ ਦਾ ਫੈਸਲਾ ਲਿਆ ਗਿਆ ਹੈ।

ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ‘ਚ ਜਿੰਨੀਆਂ ਵੀ ਰਜਿਸਟਰਡ ਗਊਸ਼ਾਲਾਵਾਂ ਹਨ ਉਨ੍ਹਾਂ  ਦੇ 31 ਅਕਤੂਬਰ ਤੱਕ ਪੁਰਾਣੇ ਬਿਜਲੀ ਦੇ ਬਿੱਲ ਸਾਰੇ ਮੁਆਫ ਕੀਤੇ ਹਨ। ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ 624 ਪਰਿਵਾਰਾਂ ਨੂੰ ਪ੍ਰਤੀ ਪਰਿਵਾਰ ਨੂੰ 5-5 ਲੱਖ ਦੀ ਰਾਸ਼ੀ ਮੁਹੱਈਆ ਕਰ ਦਿੱਤੀ ਗਈ ਹੈ।ਇਸਦੇ ਨਾਲ ਹੀ ਉਨ੍ਹਾਂ ਪਰਿਵਾਰਾਂ ‘ਚੋਂ 326 ਪਰਿਵਾਰਾਂ ਦੇ ਇੱਕ ਇੱਕ ਮੈਂਬਰ ਨੂੰ ਨੌਕਰੀ ਵੀ ਦੇ ਦਿੱਤੀ ਗਈ ਹੈ।

ਮੁੰਬਈ-ਪੁਣੇ ਐਕਸਪ੍ਰੈਸ ਵੇਅ ’ਤੇ ਵਾਪਰਿਆ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤ

0

ਮਹਾਰਾਸ਼ਟਰ ‘ਚ ਅੱਜ ਸਵੇਰੇ ਇੱਕ ਵੱਡਾ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਇੱਥੋਂ ਦੇ ਖੋਪੋਲੀ ਇਲਾਕੇ ਵਿੱਚ ਮੁੰਬਈ-ਪੁਣੇ ਐਕਸਪ੍ਰੈਸ ਵੇਅ ’ਤੇ ਇੱਕ ਕਾਰ ਨੇ ਦੂਜੇ ਵਾਹਨ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਗੰਭੀਰ ਜ਼ਖਮੀ ਹੋ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਇਸ ਹਾਦਸੇ ‘ਚ 4 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਜ਼ਖਮੀਆਂ ਨੂੰ ਐਮਜੀਐਮ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਮੁੰਬਈ ਵੱਲ ਜਾਣ ਵਾਲੇ ਮੁੰਬਈ-ਪੁਣੇ ਐਕਸਪ੍ਰੈਸ ਵੇਅ ‘ਤੇ ਇੱਸ ਗੰਭੀਰ ਕਾਰ ਹਾਦਸੇ ਦੇ ਨਤੀਜੇ ਵਜੋਂ ਮੁੰਬਈ ਵੱਲ ਜਾਣ ਵਾਲੇ ਪਾਸੇ ਥੋੜ੍ਹੀ ਦੇਰ ਟ੍ਰੈਫਿਕ ਜਾਮ ਹੋ ਗਿਆ। ਇਹ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪੁਣੇ ਤੋਂ ਮੁੰਬਈ ਵੱਲ ਆ ਰਹੀ ਆਰਟਿਕਾ ਕਾਰ ਅੱਗੇ ਜਾ ਰਹੇ ਵਾਹਨ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਸੜਕ ਕਿਨਾਰੇ ਜਾ ਡਿੱਗੀ। ਹਾਦਸੇ ਤੋਂ ਬਾਅਦ 4 ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਇਕ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ ਮਰਨ ਵਾਲੇ ਸਾਰੇ ਯਾਤਰੀ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ।