Home Blog Page 1832

ਪੰਜਾਬ ਦੇ ਪਿੰਡ ਉਜਾੜ ਕੇ ਬਣੇ ਚੰਡੀਗੜ੍ਹ ’ਤੇ ਕੇਵਲ ਪੰਜਾਬ ਦਾ ਹੱਕ-ਐਡਵੋਕੇਟ ਧਾਮੀ

0

ਚੰਡੀਗੜ੍ਹ ਵਿਚ ਵੱਖਰੀ ਹਰਿਆਣਾ ਵਿਧਾਨ ਸਭਾ ਲਈ ਜ਼ਮੀਨ ਵਾਸਤੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਵੱਲੋਂ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਕੀਤੀ ਜਾ ਰਹੀ ਚਾਰਾਜੋਈ ’ਤੇ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਦੇ ਦਰਜਨਾਂ ਪਿੰਡ ਉਜਾੜ ਕੇ ਬਣੇ ਚੰਡੀਗੜ੍ਹ ’ਤੇ ਕੇਵਲ ਪੰਜਾਬ ਦਾ ਹੀ ਹੱਕ ਹੈ ਅਤੇ ਇਸ ’ਤੇ ਕਿਸੇ ਨੂੰ ਵੀ ਡਾਕਾ ਨਹੀਂ ਮਾਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਅਧਿਕਾਰਾਂ ਦੀ ਅਣਦੇਖੀ ਕਰਕੇ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਵਰਤੇ ਜਾ ਰਹੇ ਹਨ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਦੁੱਖ ਦੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੀ ਸੂਬੇ ਦੀ ਤਰਜਮਾਨੀ ਕਰਨ ਦੀ ਥਾਂ ਵਿਰੋਧ ਵਿਚ ਭੁਗਤ ਰਹੇ ਹਨ। ਕੁਝ ਦਿਨ ਪਹਿਲਾਂ ਆਇਆ ਉਨ੍ਹਾਂ ਦਾ ਟਵੀਟ ਇਸ ਦੀ ਤਸਦੀਕ ਹੈ, ਜਿਸ ਵਿਚ ਉਨ੍ਹਾਂ ਵੱਖਰੀ ਪੰਜਾਬ ਵਿਧਾਨ ਸਭਾ ਲਈ ਜ਼ਮੀਨ ਦੀ ਮੰਗ ਕਰਕੇ ਚੰਡੀਗੜ੍ਹ ’ਤੇ ਪੰਜਾਬ ਦੇ ਹੱਕ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਨਿਭਾਈ ਜਾ ਰਹੀ ਸਾਜ਼ਿਸ਼ੀ ਭੂਮਿਕਾ ਦੇ ਕਾਰਨ ਹੀ ਕੇਂਦਰ ਸਰਕਾਰ ਚੰਡੀਗੜ੍ਹ ਵਿੱਚੋਂ ਪੰਜਾਬ ਦੇ ਹੱਕਾਂ ਨੂੰ ਲਗਾਤਾਰ ਘੱਟ ਕਰ ਰਹੀ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਚੰਡੀਗੜ੍ਹ ’ਤੇ ਪੰਜਾਬ ਦਾ ਹੱਕ ਸੀ, ਹੱਕ ਹੈ ਅਤੇ ਰਹੇਗਾ। ਕੇਂਦਰ ਵੱਲੋਂ ਪੰਜਾਬ ਨਾਲ ਪਹਿਲਾਂ ਹੀ ਕਈ ਧੱਕੇ ਕੀਤੇ ਗਏ ਹਨ ਅਤੇ ਹੁਣ ਹੋਰ ਧੱਕੇ ਬਰਦਾਸ਼ਤ ਨਹੀਂ ਕੀਤੇ ਜਾਣਗੇ।

ਉਨ੍ਹਾਂ ਕਿਹਾ ਕਿ ਹਰਿਆਣਾ ਆਪਣੀ ਵੱਖਰੀ ਵਿਧਾਨ ਸਭਾ ਲਈ ਆਪਣੀ ਜ਼ਮੀਨ ਦੀ ਵਰਤੋਂ ਕਰੇ ਅਤੇ ਮੌਜੂਦਾ ਵਿਧਾਨ ਸਭਾ ਖਾਲੀ ਕਰ ਕੇ ਪੰਜਾਬ ਹਵਾਲੇ ਕਰੇ। ਐਡਵੋਕੇਟ ਧਾਮੀ ਨੇ ਪੰਜਾਬ ਦੇ ਰਾਜਪਾਲ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਵਿਰੋਧੀ ਕਿਸੇ ਵੀ ਫੈਸਲੇ ਤੇ ਹਾਮੀ ਨਾ ਭਰਨ।

ਡੇਰਾ ਪ੍ਰੇਮੀ ਦੇ ਕਾਤਲ ਦਾ ਐਨਕਾਊਂਟਰ

0

ਡੇਰਾ ਪ੍ਰੇਮੀ ਪ੍ਰਦੀਪ ਕਤਲ ਮਾਮਲੇ ‘ਚ ਸ਼ਾਮਿਲ ਸ਼ੂਟਰ ਰਾਜ ਹੁੱਡਾ ਦਾ ਜੈਪੁਰ ‘ਚ ਐਨਕਾਊਂਟਰ ਕਰ ਦਿੱਤਾ ਗਿਆ ਹੈ। ਜਾਣਕਾਰੀ ਸਾਹਮਣੇ ਆਈ ਹੈ ਕਿ AGTF ਨੇ ਸ਼ੂਟਰ ਰਾਜ ਹੁੱਡਾ ਦਾ ਐਨਕਾਊਂਟਰ ਕਰ ਦਿੱਤਾ ਹੈ। ਰਾਜ ਹੁੱਡਾ ਹਰਿਆਣਾ ਮੌਡਿਊਲ ਦਾ ਸ਼ੂਟਰ ਹੈ। ਰਾਜ ਹੁੱਡਾ ਹਰਿਆਣਾ ਮੌਡਿਊਲ ਦਾ ਛੇਵਾਂ ਸ਼ੂਟਰ ਹੈ ਅਤੇ ਇਸ ਤੋ ਪਹਿਲਾਂ ਪੁਲਿਸ ਪੰਜ ਸ਼ੂਟਰ ਗ੍ਰਿਫਤਾਰ ਕਰ ਚੁੱਕੀ ਹੈ।

ਇਸਦੇ ਨਾਲ ਹੀ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਉਸਨੂੰ ਕ੍ਰਾਸ ਫਾਈਰਿੰਗ ‘ਚ 2 ਗੋਲੀਆਂ ਲੱਗੀਆਂ ਹਨ। ਜੈਪੁਰ ਦੇ ਰਾਮਨਗਰ ‘ਚ ਮੁਕਾਬਲੇ ਦੌਰਾਨ ਰਾਜ ਹੁੱਡਾ ਦੇ ਲੱਤ ‘ਚ ਗੋਲੀ ਲੱਗੀ ਜਿਸ ਤੋਂ ਬਾਅਦ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਤੇ ਉਸਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਏਡੀਜੀਪੀ ਪ੍ਰਮੋਦ ਬਾਨ ਨੇ ਟਵੀਟ ਕੀਤਾ ਕਿ ਇੱਕ ਸਫਲ ਆਪ੍ਰੇਸ਼ਨ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਫਰੀਦਕੋਟ ਦੇ ਡੇਰਾ ਪ੍ਰੇਮੀ ਕਤਲ ਕਾਂਡ ਦੇ ਮੁੱਖ ਸ਼ੂਟਰ ਨੂੰ ਜੈਪੁਰ ਤੋਂ ਗ੍ਰਿਫਤਾਰ ਕੀਤਾ ਹੈ। ਰਾਜ ਹੁੱਡਾ ਨੂੰ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਜਿਸ ਵਿੱਚ ਉਹ ਜ਼ਖਮੀ ਹੋ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਪੁਲਿਸ ਅਤੇ ਏਜੀਟੀਐਫ ਦੇ ਅਧਿਕਾਰੀਆਂ ਦੇ ਕੰਮ ਦਾ ਸਮਰਥਨ ਕੀਤਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਡੇਰਾ ਪ੍ਰੇਮੀ ਕਤਲ ਮਾਮਲੇ ਵਿੱਚ ਫਰੀਦਕੋਟ ਪੁਲਿਸ ਨੇ ਜੈਤੋ ਵਾਸੀ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਸੀ ।ਪੁਲਿਸ ਮੁਤਾਬਕ ਮੁਲਜ਼ਮਾਂ ਦੀ ਪਛਾਣ ਵਿੱਕੀ ਚੌਹਾਨ ਅਤੇ ਸਵਰਨ ਸਿੰਘ ਵਾਸੀ ਜੈਤੋ ਵਾਸੀ ਹੋਈ ਹੈ।

ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਦੋਹਾਂ ਨੇ ਵਾਰਦਾਤ ਤੋਂ ਪਹਿਲਾਂ ਹਮਲਾਵਰਾਂ ਦੇ ਠਹਿਰਨ ਅਤੇ ਖਾਣ ਪੀਣ ਦਾ ਇੰਤਜ਼ਾਮ ਕੀਤਾ ਸੀ। ਪੁਲਿਸ ਦਾ ਇਹ ਵੀ ਦਾਅਵਾ ਹੈ ਕਿ ਇਹੀ ਵਾਰਦਾਤ ਤੋਂ ਬਾਅਦ ਹਮਲਾਵਰਾਂ ਨੂੰ ਆਪਣੀ ਰੀਟੇਜ ਕਾਰ ਰਾਹੀਂ ਬਾਜਾਖਾਨਾ ਤੋਂ ਚੰਡੀਗੜ੍ਹ ਛੱਡ ਕੇ ਆਏ ਸਨ।

ਪੁਲਿਸ ਦਾ ਦਾਅਵਾ ਹੈ ਕਿ ਰੀਟੇਜ ਕਾਰ ਵੀ ਬ੍ਰਾਮਦ ਕਰ ਲਈ ਹੈ ਜੋ ਸਵਰਨ ਸਿੰਘ ਦੀ ਹੈ। ਪੁਲਿਸ ਨੇ ਹੁਸ਼ਿਆਰਪੁਰ ਤੋਂ ਫੜ੍ਹੇ ਗਏ ਦੋਹਾਂ ਸ਼ੂਟਰਾਂ ਤੋਂ ਵਾਰਦਾਤ ਵਿਚ ਵਰਤੇ ਗਏ 2 ਪਿਸਟਲ ਅਤੇ 7 ਕਾਰਤੂਸ ਵੀ ਬ੍ਰਾਮਦ ਕਰ ਲਏ ਹਨ।

ਪੁਲਿਸ ਨੇ ਇਸ ਮਾਮਲੇ ਵਿਚ ਗ੍ਰਿਫ਼ਤਾਰ ਮਨਪ੍ਰੀਤ ਮਨੀ ਦੇ ਰਿਸ਼ਤੇਦਾਰ ਭੋਲਾ ਸਿੰਘ ਜੋ ਫਰੀਦਕੋਟ ਜੇਲ੍ਹ ਵਿਚ ਬੰਦ ਹੈ ਨੂੰ ਵੀ ਨਾਮਜ਼ਦ ਕੀਤਾ ਹੈ, ਪੁਲਿਸ ਦਾ ਕਹਿਣਾ ਕਿ ਵਾਰਦਾਤ ਤੋਂ ਪਹਿਲਾਂ ਗੋਲਡੀ ਬਰਾੜ ਨੇ ਭੋਲਾ ਸਿੰਘ ਨਾਲ ਵੀ ਸੰਪਰਕ ਕੀਤਾ ਸੀ।

ਅਮਰੀਕਾ ‘ਚ ਯੂਨੀਵਰਸਿਟੀ ਨੇ ਸਿੱਖ ਵਿਦਿਆਰਥੀਆਂ ਨੂੰ ਕੈਂਪਸ ‘ਚ ਕਿਰਪਾਨ ਪਹਿਨਣ ਦੀ ਦਿੱਤੀ ਇਜਾਜ਼ਤ

0

ਅਮਰੀਕਾ ਵਿਖੇ ਉੱਤਰੀ ਕੈਰੋਲੀਨਾ ਯੂਨੀਵਰਸਿਟੀ ਨੇ ਆਪਣੀ ‘ਵੈਪਨਜ਼ ਆਨ ਕੈਂਪਸ’ ਨੀਤੀ ਨੂੰ ਅਪਡੇਟ ਕੀਤਾ ਹੈ ਅਤੇ ਇਸ ਮਗਰੋਂ ਸਿੱਖ ਵਿਦਿਆਰਥੀਆਂ ਨੂੰ ਕੈਂਪਸ ਵਿੱਚ ‘ਸ੍ਰੀ ਸਾਹਿਬ'( ਕਿਰਪਾਨ) ਪਹਿਨਣ ਦੀ ਇਜਾਜ਼ਤ ਦਿੱਤੀ ਹੈ। ਇਹ ਕਦਮ ਯੂਨੀਵਰਸਿਟੀ ਦੇ ਇੱਕ ਸਿੱਖ ਵਿਦਿਆਰਥੀ ਨੂੰ ਸ੍ਰੀ ਸਾਹਿਬ ਪਹਿਨਣ ਲਈ ਕੈਂਪਸ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਤੋਂ ਦੋ ਮਹੀਨੇ ਬਾਅਦ ਚੁੱਕਿਆ ਗਿਆ। ਅਪਡੇਟ ਕੀਤੀ ਨੀਤੀ ਦੇ ਅਨੁਸਾਰ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਸ੍ਰੀ ਸਾਹਿਬ ਪਹਿਨਣ ਦੀ ਇਜਾਜ਼ਤ ਦੇਵੇਗੀ, ਜਦੋਂ ਤੱਕ ਇਸ ਦੀ ਲੰਬਾਈ 3 ਇੰਚ ਤੋਂ ਘੱਟ ਹੈ।

ਯੂਨੀਵਰਸਿਟੀ ਨੇ ਇਹ ਵੀ ਕਿਹਾ ਕਿ ਵੱਡੀ ਕਿਰਪਾਨ ਪਹਿਨਣ ਦੀ ਬੇਨਤੀ ਸਮੇਤ ਹੋਰ ਧਾਰਮਿਕ ਚਿੰਨ੍ਹਾਂ ਨੂੰ ਸਿਵਲ ਰਾਈਟਸ ਅਤੇ ਟਾਈਟਲ IX ਵਿਚ ਬਣਾਇਆ ਜਾ ਸਕਦਾ ਹੈ। ਯੂਨੀਵਰਸਿਟੀ ਦੇ ਇਸ ਹਫ਼ਤੇ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਕਿ “ਵਿਭਿੰਨਤਾ ਅਤੇ ਸ਼ਮੂਲੀਅਤ ਦੇ ਦਫ਼ਤਰ ਨੇ ਸੰਸਥਾਗਤ ਇਕਸਾਰਤਾ ਦੇ ਸਹਿਯੋਗ ਨਾਲ ਸਾਡੇ ਪੁਲਸ ਵਿਭਾਗ ਦੇ ਨਾਲ ਇਸ ਹਫ਼ਤੇ ਵਾਧੂ ਜਾਗਰੂਕਤਾ ਸਿਖਲਾਈ ਦਾ ਆਯੋਜਨ ਵੀ ਕੀਤਾ ਅਤੇ ਸਾਰੇ ਕੈਂਪਸ ਲਈ ਸਾਡੀ ਸੱਭਿਆਚਾਰਕ ਸਿੱਖਿਆ ਅਤੇ ਸਿਖਲਾਈ ਦੇ ਮੌਕਿਆਂ ਨੂੰ ਵਧਾਉਣ ਲਈ ਆਪਣਾ ਕੰਮ ਜਾਰੀ ਰੱਖੇਗਾ। ਆਪਣੇ ਬਿਆਨ ਵਿੱਚ ਯੂਨੀਵਰਸਿਟੀ ਨੇ ਗੈਰ-ਲਾਭਕਾਰੀ ਸੰਸਥਾਵਾਂ – ਸਿੱਖ ਕੁਲੀਸ਼ਨ ਅਤੇ ਗਲੋਬਲ ਸਿੱਖ ਕੌਂਸਲ – ਸਮੇਤ ਸਿੱਖ ਆਗੂਆਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਨੀਤੀ ਤਬਦੀਲੀ ਵਿੱਚ ਮਦਦ ਲਈ ਮੁਹਾਰਤ ਅਤੇ ਦ੍ਰਿਸ਼ਟੀਕੋਣ ਪ੍ਰਦਾਨ ਕੀਤਾ।

ਚਾਂਸਲਰ ਸ਼ੈਰਨ ਐਲ ਗੈਬਰ ਅਤੇ ਚੀਫ ਡਾਇਵਰਸਿਟੀ ਅਫਸਰ ਬ੍ਰੈਂਡਨ ਐਲ ਵੋਲਫ ਦੁਆਰਾ ਹਸਤਾਖਰ ਕੀਤੇ ਬਿਆਨ ਵਿੱਚ ਕਿਹਾ ਗਿਆ ਕਿ ਅਸੀਂ ਇਸ ਘਟਨਾ ਨੂੰ ਆਪਣੇ ਭਾਈਚਾਰੇ ਲਈ ਸਿੱਖਣ ਅਤੇ ਵਿਕਾਸ ਦੇ ਇੱਕ ਮੌਕੇ ਵਜੋਂ ਵਰਤਣਾ ਜਾਰੀ ਰੱਖਾਂਗੇ।ਯੂਨੀਵਰਸਿਟੀ ਜਿਸ ਨੇ ਘਟਨਾ ਲਈ ਮੁਆਫੀ ਮੰਗੀ ਸੀ, ਨੇ ਕਿਹਾ ਕਿ ਇਹ ਫ਼ੈਸਲਾ ਤੁਰੰਤ ਪ੍ਰਭਾਵੀ ਹੋ ਗਿਆ ਸੀ।22 ਸਤੰਬਰ ਦੀ ਘਟਨਾ ਤੋਂ ਇੱਕ ਹਫ਼ਤੇ ਬਾਅਦ, ਯੂਨੀਵਰਸਿਟੀ ਨੇ ਯੋਜਨਾਬੱਧ ਕਾਰਵਾਈਆਂ ਦੀ ਇੱਕ ਸੂਚੀ ਸਾਂਝੀ ਕੀਤੀ ਸੀ, ਜਿਸ ਵਿੱਚ ਘਟਨਾ ਤੋਂ ਪ੍ਰਭਾਵਿਤ ਵਿਦਿਆਰਥੀਆਂ ਨੂੰ ਸਹਾਇਤਾ ਅਤੇ ਸਰੋਤ ਪ੍ਰਦਾਨ ਕਰਨਾ ਸ਼ਾਮਲ ਸੀ।ਇਸ ਵਿਚ ਸਕੂਲ ਦੀ ਨੀਤੀ ਨੂੰ ਬਦਲਣ ਅਤੇ ਵਾਧੂ ਸਿੱਖਿਆ ਅਤੇ ਸਿਖਲਾਈ ਦੇਣ ਦਾ ਜ਼ਿਕਰ ਕੀਤਾ ਗਿਆ ਸੀ।

IND vs NZ T-20: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਮੈਚ ਅੱਜ

0

ਭਾਰਤ ਤੇ ਨਿਊਜ਼ੀਲੈਂਡ ਦਰਮਿਆਨ ਤਿੰਨ ਟੀ20 ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਅੱਜ ਮਾਊਂਟ ਮੌਂਗਾਨੁਈ ਦੇ ਬੇ ਓਵਲ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਪਰ ਮੀਂਹ ਨੇ ਮੈਚ ‘ਚ ਰੁਕਾਵਟ ਪਾਈ ਜਿਸ ਕਾਰਨ ਕੁੱਝ ਸਮੇਂ ਲਈ ਮੈਚ ਨੂੰ ਰੋਕ ਦਿੱਤਾ ਗਿਆ ਸੀ ਪਰ ਹੁਣ ਮੀਂਹ ਰੁਕਣ ਤੋਂ ਬਾਅਦ ਖੇਡ ਮੁੜ ਸ਼ੁਰੂ ਹੋ ਗਈ ਹੈ। ਕ੍ਰੀਜ਼ ‘ਤੇ ਈਸ਼ਾਨ ਕਿਸ਼ਨ ਤੇ ਸੂਰਯਕੁਮਾਰ ਯਾਦਵ ਹਨ।

ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 11 ਓਵਰਾਂ ‘ਚ 2 ਵਿਕਟਾਂ ਗੁਆ ਕੇ 82 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ ਅਤੇ ਸ਼੍ਰੇਅਸ ਅਈਅਰ ਕਰੀਜ਼ ‘ਤੇ ਹਨ। ਵਿਸ਼ਵ ਕੱਪ ‘ਚ ਖਰਾਬ ਓਪਨਿੰਗ ਬੱਲੇਬਾਜ਼ੀ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰ ਰਹੀ ਭਾਰਤੀ ਟੀਮ ਨੂੰ ਦੂਜੇ ਮੈਚ ‘ਚ ਫਿਰ ਨਿਰਾਸ਼ਾ ਹੱਥ ਲੱਗੀ। ਟੀਮ ਇੰਡੀਆ ਨੇ ਇਸ ਮੈਚ ‘ਚ ਰਿਸ਼ਭ ਪੰਤ ਅਤੇ ਈਸ਼ਾਨ ਕਿਸ਼ਨ ਨੂੰ ਓਪਨਿੰਗ ਕਰਨ ਲਈ ਭੇਜਿਆ, ਪਰ ਦੋਵੇਂ ਕੁਝ ਖਾਸ ਨਹੀਂ ਕਰ ਸਕੇ।

ਪਹਿਲਾਂ ਬੱਲੇਬਾਜ਼ੀ ਕਰਨ ਆਈ ਟੀਮ ਇੰਡੀਆ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਸਲਾਮੀ ਬੱਲੇਬਾਜ਼ ਰਿਸ਼ਭ ਪੰਤ 6 ਦੌੜਾਂ ਦੇ ਨਿੱਜੀ ਸਕੋਰ ‘ਤੇ ਲਾਕੀ ਫਰਗਿਊਸਨ ਵਲੋਂ ਆਊਟ ਹੋ ਗਿਆ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਈਸ਼ਾਨ ਕਿਸ਼ਨ 36 ਦੌੜਾਂ ਬਣਾ ਈਸ਼ ਸ਼ੋਢੀ ਦਾ ਸ਼ਿਕਾਰ ਬਣਿਆ ਤੇ ਆਊਟ ਹੋ ਕੇ ਪਵੇਲੀਅਨ ਪਰਤ ਗਿਆ। ਈਸ਼ਾਨ ਕਿਸ਼ਨ ਨੇ ਆਪਣੀ ਪਾਰੀ ਦੇ ਦੌਰਾਨ 5 ਚੌਕੇ ਤੇ 1 ਛੱਕਾ ਵੀ ਲਗਾਇਆ।

ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ। ਦੂਜੇ ਮੈਚ ‘ਚ ਵੀ ਮੀਂਹ ਪੈਣ ਦੀ ਪੂਰੀ ਸੰਭਾਵਨਾ ਹੈ। ਮਤਲਬ ਇਹ ਮੈਚ ਰੱਦ ਵੀ ਹੋ ਸਕਦਾ ਹੈ। ਦੱਸ ਦੇਈਏ ਕਿ ਨਿਊਜ਼ੀਲੈਂਡ ਨੇ ਇਸ ਸੀਰੀਜ਼ ਲਈ ਲਗਭਗ ਉਹੀ ਟੀਮ ਉਤਾਰੀ ਹੈ ਜੋ ਟੀ-20 ਵਿਸ਼ਵ ਕੱਪ 2022 ‘ਚ ਨਜ਼ਰ ਆਈ ਸੀ, ਜਿੱਥੇ ਟ੍ਰੇਂਟ ਬੋਲਟ ਨੂੰ ਆਰਾਮ ਦਿੱਤਾ ਗਿਆ ਹੈ। ਦੂਜੇ ਪਾਸੇ ਭਾਰਤੀ ਟੀਮ ‘ਚ ਕੋਚਿੰਗ ਸਟਾਫ਼ ਵੱਲੋਂ ਸੀਨੀਅਰ ਖਿਡਾਰੀਆਂ ਨੂੰ ਆਰਾਮ ਦਿੱਤਾ ਗਿਆ ਹੈ। ਟੀਮ ਇੰਡੀਆ ਦੀ ਕਮਾਨ ਹਾਰਦਿਕ ਪੰਡਯਾ ਦੇ ਹੱਥਾਂ ‘ਚ ਹੈ ਅਤੇ ਵੀਵੀਐਸ ਲਕਸ਼ਮਣ ਕੋਚ ਦੀ ਭੂਮਿਕਾ ‘ਚ ਹਨ।

ਵੈਲਿੰਗਟਨ ਵਿੱਚ ਲੜੀ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਸੀ। ਹਾਲਾਂਕਿ ਇਸ ਮੈਚ ’ਤੇ ਵੀ ਮੀਂਹ ਦਾ ਖਤਰਾ ਬਣਿਆ ਹੋਇਆ ਹੈ। ਭਾਰਤੀ ਕ੍ਰਿਕਟ ਟੀਮ ਵੱਲੋਂ ਮੈਚ ਵਿੱਚ ਰਿਸ਼ਭ ਪੰਤ ਨੂੰ ਸਲਾਮੀ ਬੱਲੇਬਾਜ਼ ਵਜੋਂ ਉਤਾਰਿਆ ਜਾ ਸਕਦਾ ਹੈ।

ਦੋਵੇਂ ਟੀਮਾਂ ਦੀ ਪਲੇਇੰਗ ਇਲੈਵਨ

ਭਾਰਤ  : ਈਸ਼ਾਨ ਕਿਸ਼ਨ, ਰਿਸ਼ਭ ਪੰਤ (ਵਿਕਟਕੀਪਰ), ਸੂਰਯਕੁਮਾਰ ਯਾਦਵ, ਸ਼੍ਰੇਅਸ ਅਈਅਰ, ਦੀਪਕ ਹੁੱਡਾ, ਹਾਰਦਿਕ ਪੰਡਯਾ (ਕਪਤਾਨ), ਵਾਸ਼ਿੰਗਟਨ ਸੁੰਦਰ, ਭੁਵਨੇਸ਼ਵਰ ਕੁਮਾਰ, ਅਰਸ਼ਦੀਪ ਸਿੰਘ, ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ

ਨਿਊਜ਼ੀਲੈਂਡ : ਫਿਨ ਐਲਨ, ਡੇਵੋਨ ਕੋਨਵੇ (ਵਿਕਟਕੀਪਰ), ਕੇਨ ਵਿਲੀਅਮਸਨ (ਕਪਤਾਨ), ਗਲੇਨ ਫਿਲਿਪਸ, ਡੇਰਿਲ ਮਿਸ਼ੇਲ, ਜੇਮਸ ਨੀਸ਼ਮ, ਮਿਸ਼ੇਲ ਸੈਂਟਨਰ, ਈਸ਼ ਸੋਢੀ, ਟਿਮ ਸਾਊਦੀ, ਐਡਮ ਮਿਲਨੇ, ਲਾਕੀ ਫਰਗਿਊਸਨ

ਰੈਪਰ ਬਰਨਾ ਬੁਆਏ ਨੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨਾਲ ਕੀਤੀ ਮੁਲਾਕਾਤ

0

ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ (ਬਲਕੌਰ ਸਿੰਘ ਤੇ ਚਰਨ ਕੌਰ) ਯੂ. ਕੇ. ਚਲੇ ਗਏ। ਦੱਸ ਦਈਏ ਕਿ ਬਲਕੌਰ ਸਿੰਘ ਅਤੇ ਚਰਨ ਕੌਰ ਇੱਥੇ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ਼ ਦੀ ਮੰਗ ਲਈ ਹੋਣ ਵਾਲੇ ਰੋਸ ‘ਚ ਸ਼ਾਮਲ ਹੋਣ ਲਈ ਗਏ ਹਨ।

ਇਸ ਦੌਰਾਨ ਸੋਸ਼ਲ ਮੀਡੀਆ ‘ਤੇ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਨਾਈਜੀਰੀਅਨ ਰੈਪਰ ਬਰਨਾ ਬੁਆਏ ਦਿਖਾਈ ਦੇ ਰਿਹਾ ਹੈ।

ਇਹ ਵੀ ਪੜ੍ਹੋ: ਭਾਰਤ-ਪਾਕਿ ਸਰਹੱਦ ‘ਤੇ ਫਿਰ ਡਰੋਨ ਦੀ ਹਲਚਲ, BSF ਦੇ ਜਵਾਨਾਂ ਵੱਲੋਂ ਸਰਚ ਮੁਹਿੰਮ ਜਾਰੀ

ਰੈਪਰ ਬਰਨਾ ਬੁਆਏ ਨੇ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨਾਲ ਮੁਲਾਕਾਤ ਕੀਤੀ ਹੈ। ਜ਼ਿਕਰਯੋਗ ਹੈ ਕਿ ਇੰਗਲੈਂਡ ਪਾਰਲੀਮੈਂਟ ਦੇ ਬਾਹਰ  ਸਿੱਧੂ ਲਈ ਇਨਸਾਫ ਮਾਰਚ ਹੋਵੇਗਾ। ਇੰਗਲੈਂਡ ਵਿੱਚ ਰਹਿੰਦੇ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ। ਇਸੇ ਕੜੀ ਵਿੱਚ ਉਨ੍ਹਾਂ ਵੱਲੋਂ 24 ਨਵੰਬਰ ਨੂੰ ਇੰਗਲੈਂਡ ਦੀ ਪਾਰਲੀਮੈਂਟ ਦੇ ਬਾਹਰ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਇਸ ਦੌਰਾਨ ਸਾਈਕਲ ਰੈਲੀ ਹੋਵੇਗੀ, ਜਿਸ ‘ਚ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਸ਼ਾਮਿਲ ਹੋਣਗੇ।

ਭਾਰਤ-ਪਾਕਿ ਸਰਹੱਦ ‘ਤੇ ਫਿਰ ਡਰੋਨ ਦੀ ਹਲਚਲ, BSF ਦੇ ਜਵਾਨਾਂ ਵੱਲੋਂ ਸਰਚ ਮੁਹਿੰਮ ਜਾਰੀ

0

ਭਾਰਤ ਪਾਕਿਸਤਾਨ ਸਰਹੱਦ ਉਤੇ ਪਾਕਿਸਤਾਨ ਤੋਂ ਡਰੋਨਾਂ ਦੀ ਸਰਗਰਮੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਅੰਮ੍ਰਿਤਸਰ ਤੇ ਗੁਰਦਾਸਪੁਰ ਸਰਹੱਦ ‘ਤੇ ਬੀਤੀ ਰਾਤ ਦੋ ਵਾਰ ਡਰੋਨ ਦੀ ਹਲਚਲ ਦੇਖੀ ਗਈ। ਦੋ ਵਾਰ ਡਰੋਨਾਂ ਦੀਆਂ ਹਰਕਤਾਂ ਤੋਂ ਬਾਅਦ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੂੰ ਪੂਰੀ ਪੰਜਾਬ ਪੱਟੀ ‘ਤੇ ਚੌਕਸ ਰਹਿਣ ਦੇ ਹੁਕਮ ਜਾਰੀ ਕੀਤੇ ਗਏ ਹਨ। ਬੀਐਸਐਫ ਦੇ ਜਵਾਨਾਂ ਨੇ ਸਬੰਧਤ ਇਲਾਕਿਆਂ ਵਿੱਚ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਭ ਤੋਂ ਪਹਿਲਾਂ ਰਾਤ 9:35 ਵਜੇ ਅੰਮ੍ਰਿਤਸਰ ਦੇ ਬੀਓਪੀ ਕਾਸੋਵਾਲ ਵਿਖੇ ਡਰੋਨ ਦੀ ਹਰਕਤ ਦੇਖੀ ਗਈ।

ਇਹ ਵੀ ਪੜ੍ਹੋ: ਚੰਡੀਗੜ੍ਹ ‘ਚ ਵੱਖਰੀ ਹਰਿਆਣਾ ਵਿਧਾਨ ਸਭਾ ਨਹੀਂ ਬਣਨ ਦਿਆਂਗੇ: ਰਾਜਾ ਵੜਿੰਗ

BSF ਦੀ ਬਟਾਲੀਅਨ 113 ਦੇ ਜਵਾਨ ਗਸ਼ਤ ’ਤੇ ਸਨ। 9:35 ‘ਤੇ ਡਰੋਨ ਦੀ ਹਰਕਤ ਸੁਣੀ ਗਈ। ਚੌਕਸ ਜਵਾਨਾਂ ਨੇ ਤੁਰੰਤ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਵਾਨਾਂ ਨੇ ਕੁੱਲ 96 ਰਾਉਂਡ ਫਾਇਰ ਕੀਤੇ। ਡਰੋਨ ਦੀ ਸਹੀ ਸਥਿਤੀ ਦੀ ਜਾਂਚ ਕਰਨ ਲਈ 5 ਰੌਸ਼ਨੀ ਬੰਬ ਵੀ ਚਲਾਏ ਗਏ। ਕਰੀਬ 10 ਮਿੰਟ ਬਾਅਦ ਡਰੋਨ ਦੀ ਆਵਾਜ਼ ਬੰਦ ਹੋ ਗਈ। ਇਸ ਤੋਂ ਬਾਦ ਰਾਤ 11.46 ਵਜੇ ਗੁਰਦਾਸਪੁਰ ਸੈਕਟਰ ਅਧੀਨ ਪੈਂਦੇ ਸਰਹੱਦੀ ਪਿੰਡ ਚੰਨਾਪਤਨ ਵਿਖੇ ਡਰੋਨ ਦੀ ਹਰਕਤ ਸੁਣਾਈ ਦਿੱਤੀ।

ਇਹ ਵੀ ਪੜ੍ਹੋ: ਪੰਜਾਬ ਵਿਜੀਲੈਂਸ ਬਿਊਰੋ ਨੇ ‘ਗੋਲਡਨ ਪ੍ਰੋਜੈਕਟਸ’ ਫਰਮ ਦੇ ਭਗੌੜੇ ਡਾਇਰੈਕਟਰ ਨੂੰ ਕੀਤਾ ਕਾਬੂ

ਬਟਾਲੀਅਨ 73 ਦੇ ਜਵਾਨ ਗਸ਼ਤ ‘ਤੇ ਸਨ। ਡਰੋਨ ਦੀ ਆਵਾਜ਼ ਸੁਣ ਕੇ ਚੌਕਸ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕੁੱਲ 10 ਰਾਉਂਡ ਫਾਇਰਿੰਗ ਕੀਤੀ ਗਈ। ਕੁਝ ਮਿੰਟਾਂ ਬਾਅਦ ਡਰੋਨ ਦੀ ਆਵਾਜ਼ ਬੰਦ ਹੋ ਗਈ। ਸਰਹੱਦ ‘ਤੇ ਦੋ ਵਾਰ ਡਰੋਨਾਂ ਦੀ ਆਵਾਜਾਈ ਤੋਂ ਬਾਅਦ ਪੂਰੇ ਪੰਜਾਬ ਦੇ ਸਰਹੱਦੀ ਇਲਾਕਿਆਂ ‘ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸ਼ੱਕ ਹੈ ਕਿ ਪਾਕਿਸਤਾਨੀ ਤਸਕਰ ਅਤੇ ਅੱਤਵਾਦੀ ਹਥਿਆਰਾਂ ਜਾਂ ਨਸ਼ੀਲੇ ਪਦਾਰਥਾਂ ਦੀ ਖੇਪ ਨੂੰ ਭਾਰਤੀ ਸਰਹੱਦ ਵੱਲ ਪਹੁੰਚਾਉਣਾ ਚਾਹੁੰਦੇ ਹਨ। ਬੀਐਸਐਫ ਦੇ ਜਵਾਨਾਂ ਨੇ ਰਾਤ ਨੂੰ ਹੀ ਇਲਾਕੇ ਵਿੱਚ ਤਲਾਸ਼ੀ ਸ਼ੁਰੂ ਕਰ ਦਿੱਤੀ।

ਭਰਤੀ ਘੁਟਾਲਾ: ਆਧੁਨਿਕ ਤਕਨੀਕ ਰਾਹੀਂ ਨਕਲ ਕਰਵਾਉਣ ਦੇ ਮਾਮਲੇ ‘ਚ ਚੁਣੇ ਗਏ ਦੋ ਨਾਇਬ ਤਹਿਸੀਲਦਾਰ ਗ੍ਰਿਫ਼ਤਾਰ

0

ਪਟਿਆਲਾ: ਨਾਇਬ ਤਹਿਸੀਲਦਾਰਾਂ ਦੀਆਂ 78 ਅਸਾਮੀਆਂ ਦੀ ਭਰਤੀ ਲਈ ਮਈ ’ਚ ਹੋਏ ਇਮਤਿਹਾਨ ਦੌਰਾਨ ਆਧੁਨਿਕ ਤਕਨੀਕ ਰਾਹੀਂ ਨਕਲ ਕਰਵਾਉਣ ਦੇ ਮਾਮਲੇ ਵਿੱਚ ਨਾਇਬ ਤਹਿਸੀਲਦਾਰ ਚੁਣੇ ਗਏ ਦੋ ਉਮੀਦਵਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਕਲ ਕਰਵਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਪਟਿਆਲਾ ਪੁਲਿਸ ਨੇ ਪਿਛਲੇ ਦਿਨੀਂ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਹੁਣ ਫੜੇ ਗਏ ਦੋ ਜਣਿਆਂ ’ਚ ਬਲਰਾਜ ਸਿੰਘ ਵਿੱਕੀ ਵਾਸੀ ਪਿੰਡ ਬਸਹਿਰਾ ਜ਼ਿਲ੍ਹਾ ਸੰਗਰੂਰ ਨੇ ਨਤੀਜੇ ਦੌਰਾਨ ਦੂਜਾ ਰੈਂਕ ਹਾਸਲ ਕੀਤਾ ਸੀ ਜਦਕਿ ਵਰਿੰਦਰਪਾਲ ਚੌਧਰੀ ਵਾਸੀ ਪਿੰਡ ਦੇਧਨਾ ਜ਼ਿਲ੍ਹਾ ਪਟਿਆਲਾ ਦਾ 21ਵਾਂ ਰੈਂਕ ਸੀ। ਥਾਣਾ ਕੋਤਵਾਲੀ ਪਟਿਆਲਾ ਵਿੱਚ ਦਰਜ ਕੇਸ ਤਹਿਤ ’ਚ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਦੋਵਾਂ ਦਾ ਇਥੇ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।

ਇਸ ਭਰਤੀ ਤੇ ਨਕਲ ਘੁਟਾਲੇ ’ਚ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਪੰਜ ਮੁਲਜ਼ਮਾਂ ਵਿਚੋਂ ਤਿੰਨ ਹਰਿਆਣਾ ਅਤੇ ਦੋ ਪੰਜਾਬ ਦੇ ਵਸਨੀਕ ਹਨ। ਦੱਸਣਯੋਗ ਹੈ ਕਿ ‘ਆਪ’ ਸਰਕਾਰ ਬਣਨ ਤੋਂ ਤੁਰੰਤ ਬਾਅਦ 22 ਮਈ 2022 ਨੂੰ ਨਾਇਬ ਤਹਿਸੀਲਦਾਰਾਂ ਦੀਆਂ 78 ਅਸਾਮੀਆਂ ਲਈ ਹੋਏ ਲਿਖਤੀ ਇਮਤਿਹਾਨ ਦਾ ਨਤੀਜਾ 8 ਸਤੰਬਰ ਨੂੰ ਐਲਾਨਿਆ ਗਿਆ ਸੀ। ਨਤੀਜੇ ਦੇ ਤੁਰੰਤ ਬਾਅਦ ਇਸ ਇਮਤਿਹਾਨ ’ਚ ਗੜਬੜੀ ਹੋਈ ਹੋਣ ਦਾ ਵਿਵਾਦ ਖੜ੍ਹਾ ਹੋ ਗਿਆ। ਭਰਤੀ ’ਚ ਗੜਬੜੀ ਦਾ ਇਹ ਮਾਮਲਾ ਸਭ ਤੋਂ ਪਹਿਲਾਂ ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਉਠਾਇਆ ਸੀ।

ਪਟਿਆਲਾ ਪੁਲਿਸ ਨੇ ਘੁਟਾਲੇ ਦਾ ਪਰਦਾਫਾਸ਼ ਕਰਦਿਆਂ ਖੁਲਾਸਾ ਕੀਤਾ ਸੀ ਕਿ ਭਰਤੀ ਲਈ ਇਮਤਿਹਾਨ ਦੌਰਾਨ ਪ੍ਰਤੀ ਉਮੀਦਵਾਰ 20 ਤੋਂ 22 ਲੱਖ ਰੁਪਏ ’ਚ ਕੀਤੇ ਗਏ ਸੌਦੇ ਤਹਿਤ ਇੱਕ ਗਰੋਹ ਵੱਲੋਂ ਆਧੁਨਿਕ ਉਪਕਰਨਾਂ ਦੀ ਵਰਤੋਂ ਕਰਦਿਆਂ ਨਕਲ ਕਰਵਾਈ ਗਈ ਹੈ। ਇਸ ਚੱਲਦਿਆਂ ਆਈਜੀ ਮੁਖਵਿੰਦਰ ਸਿੰਘ ਛੀਨਾ ਅਤੇ ਐੱਸਐੱਸਪੀ ਵਰੁਣ ਸ਼ਰਮਾ ਨੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਖੁਲਾਸਾ ਕੀਤਾ ਸੀ ਅਤੇ ਇਸੇ ਕੜੀ ਤਹਿਤ ਹੀ ਅੱਜ ਉਕਤ ਦੋ ਉਮੀਦਵਾਰ ਵੀ ਕਾਬੂ ਕੀਤੇ ਗਏ ਹਨ।

ਜਾਂਚ ਮੁਤਾਬਕ ਕੁਝ ਵਿਅਕਤੀਆਂ ਦੇ ਇਸ ਲਈ ਫਾਰਮ ਭਰਵਾਏ ਗਏ ਤਾਂ ਜੋ ਉਹ ਉਮੀਦਵਾਰਾਂ ਵਜੋਂ ਪ੍ਰੀਖਿਆ ਕੇਂਦਰ ਪਹੁੰਚ ਸਕਣ। ਉਨ੍ਹਾਂ ਦਾ ਕੰਮ ਛੁਪਾ ਕੇ ਲਿਜਾਏ ਗਏ ਵਾਇਰਲੈਸ ਕੈਮਰਿਆਂ ਰਾਹੀਂ ਪ੍ਰਸ਼ਨ ਪੱਤਰ ਦੀ ਫੋਟੋ ਬਾਹਰ ਬੈਠੇ ਗਰੋਹ ਦੇ ਮੈਂਬਰਾਂ ਤੱਕ ਪੁੱਜਦੀ ਕਰਨੀ ਸੀ। ਪ੍ਰਸ਼ਨ ਪੱਤਰ ਹੱਲ ਕਰਨ ਲਈ  ਕਰਨ ਲਈ ਹਰਿਆਣਾ ’ਚ ਬਣਾਏ ਗਏ ਕੰਟਰੋਲ ਰੂਮ ’ਚ ਮਾਹਿਰ ਬਿਠਾਏ ਗਏ ਸਨ ਅਤੇ ਪ੍ਰਸ਼ਨਾਂ ਦੇ ਤਿਆਰ ਕੀਤੇ ਗਏ ਉੱਤਰ ਗਰੋਹ ਦੇ ਮੈਂਬਰਾਂ ਵੱਲੋਂ ਮੋਬਾਈਲ ਫੋਨ ਦੇ ਸਿਮ ਕਾਰਡ ਦੇ ਆਕਾਰ ਦੀ ‘ਜੀਐੱਸਐੱਮ’ ਨਾਮਕ ਡਿਵਾਈਸ ਰਾਹੀਂ ਪ੍ਰੀਖਿਆ ਕੇਂਦਰਾਂ ਦੇ ਅੰਦਰ ਬੈਠੇ ਆਪਣੇ ਗਾਹਕ ਉਮੀਦਵਾਰਾਂ ਨੂੰ ਬੋਲ-ਬੋਲ ਕੇ ਕਰਵਾਏ ਗਏ।

ਭਾਵੇਂ ਹਾਲੇ ਮਾਮਲੇ ਦੀ ਜਾਂਚ ਜਾਰੀ ਹੈ ਪਰ ਪੁਲਿਸ ਦਾ ਤਰਕ ਹੈ ਕਿ ਅੱਜ ਗ੍ਰਿਫ਼ਤਾਰ ਕੀਤੇ ਗਏ ਦੋ ਉਮੀਦਵਾਰਾਂ ਦਾ ਦੂਜਾ ਅਤੇ 21ਵਾਂ ਰੈਂਕ ਉਕਤ ਪ੍ਰਕਿਰਿਆ ਤਹਿਤ ਕੀਤੀ ਗਈ ਨਕਲ ਕਾਰਨ ਹੀ ਆਇਆ ਸੀ। ਪੁਲਿਸ ਅਧਿਕਾਰੀਆਂ ਨੇ ਅਗਲੇ ਦਿਨੀਂ ਹੋਰ ਗ੍ਰਿਫਤਾਰੀਆਂ ਹੋਣ ਦੇ ਸੰਕੇਤ ਵੀ ਦਿੱਤੇ ਹਨ। ਦੂਜੇ ਪਾਸੇ ਭਾਵੇਂ ਪੁਲੀਸ ਹਾਲੇ ਖੁਲਾਸਾ ਨਹੀਂ ਕਰ ਪਰ ਅਜੇ ਪਤਾ ਲੱਗਿਆ ਹੈ ਫੜੇ ਗਏ ਇਸ ਗਰੋਹ ਨੇ ਹਰਿਆਣਾ ’ਚ ਵੀ ਇਸੇ ਤਰਜ਼ ’ਤੇ ਸਰਕਾਰੀ ਨੌਕਰੀਆਂ ’ਚ ਭਰਤੀ ਲਈ ਉਮੀਦਵਾਰਾਂ ਨੂੰ ਨਕਲ ਕਰਵਾਉਣ ਦੀ ਗੱਲ ਕਬੂਲੀ ਹੈ।

ਚੰਡੀਗੜ੍ਹ ‘ਚ ਵੱਖਰੀ ਹਰਿਆਣਾ ਵਿਧਾਨ ਸਭਾ ਨਹੀਂ ਬਣਨ ਦਿਆਂਗੇ: ਰਾਜਾ ਵੜਿੰਗ

0

ਪੰਜਾਬ ਕਾਂਗਰਸ ਨੇ ਹਰਿਆਣਾ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਵੱਖਰੀ ਵਿਧਾਨ ਸਭਾ ਦੀ ਉਸਾਰੀ ਲਈ ਜ਼ਮੀਨ ਅਲਾਟ ਕਰਨ ਖ਼ਿਲਾਫ਼ ਚੇਤਾਵਨੀ ਦਿੱਤੀ ਹੈ।

ਇਸ ਸੰਦਰਭ ਵਿੱਚ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਦੀ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨਾਲ ਹੋਈ ਮੀਟਿੰਗ ‘ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ, ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਹਰਿਆਣਾ ਨੂੰ ਜ਼ਮੀਨ ਅਲਾਟ ਕਰਨ ਸਬੰਧੀ ਅਜਿਹੀ ਤਜਵੀਜ਼ ਦਾ ਕਦਮ ਸਿੱਧੇ ਤੌਰ ‘ਤੇ ਪੰਜਾਬ ਦੇ ਅਧਿਕਾਰਾਂ ‘ਤੇ ਹਮਲਾ ਕਰੇਗਾ। ਜਿਸਦਾ ਪੰਜਾਬ ਵਾਸੀ ਹਰ ਕੀਮਤ ‘ਤੇ ਵਿਰੋਧ ਕਰਨਗੇ।

ਉਨ੍ਹਾਂ ਕੇਂਦਰ ਸਰਕਾਰ ਦੇ ਅਜਿਹੇ ਕਿਸੇ ਵੀ ਕਦਮ ਵਿਰੁੱਧ ਚੇਤਾਵਨੀ ਦਿੱਤੀ ਅਤੇ ਹਰਿਆਣਾ ਲਈ ਵੱਖਰੀ ਵਿਧਾਨ ਸਭਾ ਬਣਾਉਣ ‘ਤੇ ਸਵਾਲ ਉਠਾਇਆ, ਜਦੋਂ ਇਹ ਪਹਿਲਾਂ ਹੀ ਕੈਪੀਟਲ ਕੰਪਲੈਕਸ ਦੀ ਮੌਜੂਦਾ ਇਮਾਰਤ ਤੋਂ ਕੰਮ ਕਰ ਰਹੀ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਜਦੋਂ ਤੋਂ ਕੇਂਦਰ ਅਤੇ ਹਰਿਆਣਾ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ, ਉਹ ਹਰ ਰੋਜ਼ ਪੰਜਾਬ ਲਈ ਸਮੱਸਿਆਵਾਂ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਨਾਲ ਕੇਂਦਰ ਅਤੇ ਸੂਬੇ ਦੇ ਸਬੰਧਾਂ ਵਿੱਚ ਖਟਾਸ ਆਵੇਗੀ।

ਉਨ੍ਹਾਂ ਕਿਹਾ ਕਿ ਇਹ ਫੈਸਲਾ ਕੀਤਾ ਗਿਆ ਸੀ ਕਿ ਸਾਰਾ ਚੰਡੀਗੜ੍ਹ ਪੰਜਾਬ ਦਾ ਹੈ, ਇਸ ਲਈ ਸ਼ਹਿਰ ਦੀ ਜ਼ਮੀਨ ਹਰਿਆਣਾ ਨੂੰ ਅਲਾਟ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਰਾਜੀਵ-ਲੌਂਗੋਵਾਲ ਸਮਝੌਤੇ ਵਿੱਚ ਵੀ ਪੁਸ਼ਟੀ ਕੀਤੀ ਗਈ ਸੀ ਕਿ ਚੰਡੀਗੜ੍ਹ ਪੰਜਾਬ ਦਾ ਹੈ। ਜਿਸ ਬਾਰੇ ਉਨ੍ਹਾਂ ਜ਼ਿਕਰ ਕੀਤਾ ਕਿ ਕੇਂਦਰ ਅਤੇ ਹਰਿਆਣਾ ਦੀਆਂ ਭਾਜਪਾ ਸਰਕਾਰਾਂ ਇਤਿਹਾਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

ਵੜਿੰਗ ਨੇ ਕਿਹਾ ਕਿ ਚੰਡੀਗੜ੍ਹ ਸ਼ਹਿਰ ਵਿੱਚ ਵੱਖਰੀ ਅਸੈਂਬਲੀ ਬਣਾਉਣ ਦਾ ਕਦਮ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚ ਪੰਜਾਬ ਦੀ ਭੂਮਿਕਾ ਨੂੰ ਖਤਮ ਕਰਨ, ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਜਾਂ ਪੰਜਾਬ ਨੂੰ ਗੁਆਂਢੀ ਸੂਬੇ ਨੂੰ ਪਾਣੀ ਦੇਣ ਲਈ ਮਜਬੂਰ ਕਰਨ ਅਤੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੰਜਾਬ ਦਾ ਸਟਾਫ਼ ਘਟਾਉਣ ਸਬੰਧੀ ਕਦਮਾਂ ਦਾ ਹਿਸਾ ਹੈ।

ਪੰਜਾਬ ਵਿਜੀਲੈਂਸ ਬਿਊਰੋ ਨੇ ‘ਗੋਲਡਨ ਪ੍ਰੋਜੈਕਟਸ’ ਫਰਮ ਦੇ ਭਗੌੜੇ ਡਾਇਰੈਕਟਰ ਨੂੰ ਕੀਤਾ ਕਾਬੂ

0

ਪੰਜਾਬ ਵਿਜੀਲੈਂਸ ਬਿਊਰੋ ਨੇ 2002 ਤੋਂ ਭਗੌੜੇ ਚਲੇ ਆ ਰਹੇ ‘ਗੋਲਡਨ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ’ ਝਰਮੜੀ, ਤਹਿਸੀਲ ਡੇਰਾਬੱਸੀ ਸਥਿਤ ਫਰਮ ਦੇ ਦੋਸ਼ੀ ਡਾਇਰੈਕਟਰਾਂ ਵਿੱਚੋਂ ਇੱਕ ਵਿਨੋਦ ਮਹਾਜਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਗੈਰ-ਬੈਂਕਿੰਗ ਵਿੱਤੀ ਸੰਸਥਾ ਨੂੰ 1996 ਵਿੱਚ ਚਾਰ ਡਾਇਰੈਕਟਰਾਂ ਦੁਆਰਾ ਸਰਕਾਰ ਕੋਲ ਇੱਕ ਫਰਮ ਵਜੋਂ ਰਜਿਸਟਰ ਕਰਵਾਇਆ ਗਿਆ ਸੀ, ਜਿਸ ਵਿੱਚ ਪੰਚਕੂਲਾ ਤੋਂ ਰਾਕੇਸ਼ ਕਾਂਤ ਸਿਆਲ, ਉਨ੍ਹਾਂ ਦੀ ਪਤਨੀ ਬਿਮਲਾ ਸਿਆਲ, ਸ੍ਰੀਮਤੀ ਰੁਮਿਲਾ ਸਿਨਹਾ ਵਾਸੀ ਪੰਚਕੂਲਾ ਅਤੇ ਵਿਨੋਦ ਮਹਾਜਨ ਵਾਸੀ ਪਿੰਡ ਆਰਿਫਵਾਲਾ, ਕਪੂਰਥਲਾ, ਜੋ ਕਿ ਹੁਣ ਵਾਸੀ ਪੰਚਕੂਲਾ, ਸ਼ਾਮਲ ਹਨ।

ਬੁਲਾਰੇ ਨੇ ਦੱਸਿਆ ਕਿ ਉਕਤ ਡਾਇਰੈਕਟਰਾਂ ਨੇ ਜ਼ਮੀਨ ਦੀ ਮਾਲਕੀ ਦੇਣ ਲਈ ਨਿਵੇਸ਼ਕਾਂ ਨੂੰ ਝਾਂਸਾ ਦੇ ਕੇ ਜ਼ਿਲ੍ਹਾ ਰੂਪਨਗਰ ਦੀ ਤਹਿਸੀਲ ਨੂਰਪੁਰ ਬੇਦੀ ਵਿਖੇ 530 ਏਕੜ ਵਾਹੀਯੋਗ ਜ਼ਮੀਨ ਖਰੀਦੀ ਸੀ। ਇਸ ਤੋਂ ਇਲਾਵਾ ਉਪਰੋਕਤ ਮੁਲਜ਼ਮਾਂ ਨੇ ਨਿਵੇਸ਼ਕਾਂ ਤੋਂ ਵਸੂਲੇ ਗਏ ਪੈਸਿਆਂ ਦੇ ਬਦਲੇ ਉਨ੍ਹਾਂ ਨੂੰ ਚੋਖਾ ਪੈਸਾ ਦੇਣ ਦਾ ਭਰੋਸਾ ਵੀ ਦਿੱਤਾ ਸੀ।

ਉਨ੍ਹਾਂ ਅੱਗੇ ਕਿਹਾ ਕਿ ਦੋਸ਼ੀ ਡਾਇਰੈਕਟਰਾਂ ਨੇ ਉਕਤ ਜ਼ਮੀਨ ਦਾ ਨਾ ਵਿਕਾਸ ਕੀਤਾ ਅਤੇ ਨਾ ਹੀ ਨਿਵੇਸ਼ਕਾਂ ਨੂੰ ਮਾਲਕੀ ਦੇ ਅਧਿਕਾਰ ਦਿੱਤੇ। ਇਸ ਤੋਂ ਇਲਾਵਾ, ਨਿਵੇਸ਼ਕਾਂ ਨੂੰ ਉਨ੍ਹਾਂ ਦੇ ਨਾਲ ਹੋਏ ਸਮਝੌਤਿਆਂ ਵਿੱਚ ਯਕੀਨੀ ਤੌਰ ’ਤੇ ਪੋਸਟ ਡੇਟਿਡ ਚੈੱਕ ਵੀ ਨਹੀਂ ਦਿੱਤੇ ਗਏ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਬੰਧ ਵਿੱਚ ਉਕਤ ਕੰਪਨੀ ਦੇ ਚਾਰਾਂ ਡਾਇਰੈਕਟਰਾਂ ਖਿਲਾਫ ਆਈ.ਪੀ.ਸੀ. ਦੀ ਧਾਰਾ 406, 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7(2), 13(1), 13(2) ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਕੇਸ ਦਰਜ ਕੀਤਾ ਹੋਇਆ ਹੈ।

ਉਨ੍ਹਾਂ ਦੱਸਿਆ ਕਿ ੳਕਤ ਦੋਸ਼ੀ ਵਿਨੋਦ ਮਹਾਜਨ ਨੂੰ ਅਦਾਲਤ ਵੱਲੋਂ ਸਾਲ 2002 ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ ਅਤੇ ਉਦੋਂ ਤੋਂ ਹੀ ਉਹ ਗ੍ਰਿਫ਼ਤਾਰੀ ਤੋਂ ਬਚ ਰਿਹਾ ਸੀ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।