Home Blog Page 1823

ਵਿਜੀਲੈਂਸ ਬਿਊਰੋ ਨੇ ਨਗਰ ਕੌਂਸਲ ਦੇ ਫੰਡਾਂ ਵਿੱਚ ਘਪਲਾ ਕਰਨ ਦੇ ਦੋਸ਼ ‘ਚ EO ਨੂੰ ਕੀਤਾ ਗ੍ਰਿਫ਼ਤਾਰ

0

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸੂਬੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖ਼ਤਮ ਕਰਨ ਦੇ ਉਦੇਸ਼ ਨਾਲ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਨਗਰ ਕੌਂਸਲ ਗੁਰਦਾਸਪੁਰ ਦੇ ਕਾਰਜਕਾਰੀ ਅਧਿਕਾਰੀ (ਈ.ਓ.) ਅਸ਼ੋਕ ਕੁਮਾਰ ਨੂੰ ਸੂਬਾ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਗ੍ਰਾਂਟਾਂ ਵਿੱਚ ਘਪਲਾ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਨਗਰ ਕੌਂਸਲ ਦੀਨਾਨਗਰ ਨੂੰ ਵਿਕਾਸ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ ਸਨ। ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਈ.ਓ. ਅਸ਼ੋਕ ਕੁਮਾਰ ਨੇ ਦੀਨਾਨਗਰ ਵਿਖੇ ਆਪਣੀ ਤਾਇਨਾਤੀ ਦੌਰਾਨ ਇੱਕ ਸਥਾਨਕ ਵਿਕਰੇਤਾ ਤੋਂ ਸਟਰੀਟ ਲਾਈਟਾਂ ਦੀ ਖਰੀਦ ਲਈ 1, 97, 000 ਰੁਪਏ ਦਾ ਫ਼ਰਜੀ ਬਿੱਲ ਪ੍ਰਵਾਨ ਕੀਤਾ ਸੀ ਪਰ ਅਸਲ ਵਿੱਚ ਇਸ ਸਬੰਧੀ ਕੋਈ ਖਰੀਦ ਹੀ ਨਹੀਂ ਕੀਤੀ ਗਈ ਅਤੇ ਉਸ ਨੇ ਨਿੱਜੀ ਹਿੱਤਾਂ ਲਈ ਪੈਸੇ ਦਾ ਗਬਨ ਕਰਨ ਅਤੇ ਵਿਭਾਗ ਨੂੰ ਭੇਜੇ ਜਾਣ ਵਾਲੇ ਉਪਯੋਗਤਾ ਸਰਟੀਫਿਕੇਟ ਵਜੋਂ ਵਰਤਣ ਲਈ ਇਹ ਫ਼ਰਜੀ ਬਿੱਲ ਤਿਆਰ ਕੀਤਾ ਸੀ।

ਉਨ੍ਹਾਂ ਅੱਗੇ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜਮ ਈ.ਓ. ਨੇ ਦੀਨਾਨਗਰ ਨਗਰ ਕੌਂਸਲ ਲਈ ਪੀ.ਐਮ.ਆਈ.ਡੀ.ਸੀ. ਸਕੀਮ ਤਹਿਤ ਜਾਰੀ ਕੀਤੀਆਂ ਗ੍ਰਾਂਟਾਂ ਵਿੱਚ ਵੀ ਘਪਲਾ ਕੀਤਾ ਹੈ। ਇਸ ਸਬੰਧੀ ਉਕਤ ਈ.ਓ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਸੀ।

ਕੈਨੇਡਾ ਗਏ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ ‘ਚ ਹੋਈ ਮੌਤ

0

ਕੈਨੇਡਾ ‘ਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਕੈਨੇਡਾ ਦੇ ਟੋਰਾਂਟੋ ਵਿਖੇ ਬੀਤੇ ਦਿਨ ਵਾਪਰੇ ਇਕ ਸੜਕ ਹਾਦਸੇ ਵਿਚ 20 ਸਾਲਾ ਭਾਰਤੀ ਨੌਜਵਾਨ ਕਾਰਤਿਕ ਸੈਣੀ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਕਾਰਤਿਕ ਸੈਣੀ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਆਇਆ ਸੀ ਅਤੇ ਬੀਤੇ ਦਿਨ ਸਵੇਰੇ ਸਾਇਕਲ ਚਲਾਉਂਦੇ ਸਮੇਂ ਇਕ ਪਿੱਕ-ਅਪ ਟਰੱਕ ਦੇ ਨਾਲ ਟੱਕਰ ਵਿਚ ਉਸ ਦੀ ਮੌਤ ਹੋ ਗਈ।

ਕਾਰਤਿਕ ਸੈਣੀ ਭਾਰਤ ਤੋਂ ਹਰਿਆਣਾ ਦੇ ਸੂਬੇ ਕਰਨਾਲ ਦਾ ਰਹਿਣ ਵਾਲਾ ਸੀ ਅਤੇ ਉਹ 2021 ਵਿੱਚ ਕੈਨੇਡਾ ਪੜ੍ਹਾਈ ਕਰਨ ਲਈ ਆਇਆ ਸੀ। ਨੌਜਵਾਨ ਕਾਰਤਿਕ ਸੈਣੀ ਉਨਟਾਰੀਓ ਦੇ ਸ਼ੈਰੀਡਨ ਕਾਲਜ ਦਾ ਵਿਦਿਆਰਥੀ ਸੀ। ਇਹ ਘਟਨਾ ਲੰਘੇ ਦਿਨ ਸਵੇਰੇ 4:30 ਵਜੇ ਦੇ ਕਰੀਬ ਟੋਰਾਂਟੋ ਵਿਖੇ ਵਾਪਰੀ ਹੈ।

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਹਾੜੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਨਗਰ ਕੀਰਤਨ

0

ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਤੱਕ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਸਜਾਏ ਨਗਰ ਕੀਰਤਨ ਦੀ ਆਰੰਭਤਾ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਫੁੱਲਾਂ ਨਾਲ ਸਜੀ ਸੁਨਹਿਰੀ ਪਾਲਕੀ ਵਿਚ ਸੁਸ਼ੋਭਿਤ ਕੀਤਾ।

ਨਗਰ ਕੀਰਤਨ ਦੀ ਆਰੰਭਤਾ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਣ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾਂ ’ਚੋਂ ਹੁੰਦਾ ਹੋਇਆ ਸ੍ਰੀ ਗੁਰੂ ਰਾਮਦਾਸ ਨਿਵਾਸ, ਚੌਕ ਪਰਾਗਦਾਸ, ਚੌਕ ਮੰਨਾ ਸਿੰਘ, ਚੌਕ ਕਰੋੜੀ, ਚੌਕ ਬਾਬਾ ਸਾਹਿਬ, ਗੁਰਦੁਆਰਾ ਬਾਬਾ ਅਟੱਲ ਰਾਏ, ਗਲਿਆਰਾ, ਗੁਰਦੁਆਰਾ ਕੌਲਸਰ ਸਾਹਿਬ, ਆਟਾ ਮੰਡੀ, ਬਜ਼ਾਰ ਬਾਂਸਾਂ, ਬਜ਼ਾਰ ਪਾਪੜਾਂ, ਬਜ਼ਾਰ ਕਾਠੀਆਂ, ਗੁਰੂ ਬਜ਼ਾਰ ਤੋਂ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸੰਪੂਰਨ ਹੋਇਆ। ਇਸ ਦੌਰਾਨ ਵੱਖ-ਵੱਖ ਥਾਵਾਂ ’ਤੇ ਸੰਗਤਾਂ ਨੇ ਨਗਰ ਕੀਰਤਨ ਦਾ ਸਵਾਗਤ ਕਰਕੇ ਗੁਰੂ ਸਾਹਿਬ ਨੂੰ ਸਤਿਕਾਰ ਭੇਟ ਕੀਤਾ। ਨਗਰ ਕੀਰਤਨ ਵਿਚ ਗਤਕਾ ਅਤੇ ਬੈਂਡ ਪਾਰਟੀਆਂ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਵੀ ਸ਼ਮੂਲੀਅਤ ਕੀਤੀ।

ਇਸ ਦੌਰਾਨ ਪੁੱਜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਦੀ ਰੱਖਿਆ ਲਈ ਸ਼ਹਾਦਤ ਦੇ ਕੇ ਸੰਸਾਰ ਅੰਦਰ ਵਿਲੱਖਣ ਇਤਿਹਾਸ ਦੀ ਸਿਰਜਣਾ ਕੀਤੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਸਿੱਖਾਂ ਦੇ ਨਾਲ-ਨਾਲ ਪੂਰੀ ਮਨੁੱਖਤਾ ਲਈ ਪ੍ਰੇਰਣਾ ਸਰੋਤ ਹੈ। ਐਡਵੋਕੇਟ ਧਾਮੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਸ਼ਹਾਦਤ ਪ੍ਰਾਪਤ ਕਰਨ ਵਾਲੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਨੂੰ ਵੀ ਯਾਦ ਕੀਤਾ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਅੰਤ੍ਰਿੰਗ ਮੈਂਬਰ ਸ. ਬਾਵਾ ਸਿੰਘ ਗੁਮਾਨਪੁਰਾ, ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ. ਗੁਰਿੰਦਰਪਾਲ ਸਿੰਘ ਗੋਰਾ, ਸ. ਕੁਲਵੰਤ ਸਿੰਘ ਮੰਨਣ, ਸ. ਰਣਜੀਤ ਸਿੰਘ ਕਾਹਲੋਂ, ਸ. ਅਮਰਜੀਤ ਸਿੰਘ ਬੰਡਾਲਾ, ਸ. ਅਮਰਜੀਤ ਸਿੰਘ ਭਲਾਈਪੁਰ, ਵਧੀਕ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਸ. ਕੁਲਵਿੰਦਰ ਸਿੰਘ ਰਮਦਾਸ, ਸ. ਗੁਰਮੀਤ ਸਿੰਘ ਬੁੱਟਰ, ਮੀਤ ਸਕੱਤਰ ਸ. ਪਰਮਜੀਤ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸਤਨਾਮ ਸਿੰਘ ਮਾਂਗਾਸਰਾਏ, ਸੁਪਰਡੈਂਟ ਸ. ਮਲਕੀਤ ਸਿੰਘ, ਮੈਨੇਜਰ ਸ. ਬਘੇਲ ਸਿੰਘ, ਸ. ਸੁਖਰਾਜ ਸਿੰਘ, ਸ. ਸਤਨਾਮ ਸਿੰਘ, ਸ. ਨਿਸ਼ਾਨ ਸਿੰਘ, ਸ. ਇਕਬਾਲ ਸਿੰਘ ਮੁੱਖੀ, ਸ. ਜਸਪਾਲ ਸਿੰਘ, ਫੈਡਰੇਸ਼ਨ ਆਗੂ ਸ. ਅਮਰਬੀਰ ਸਿੰਘ ਢੋਟ ਆਦਿ ਹਾਜ਼ਰ ਸਨ।

ਸੋਸ਼ਲ ਮੀਡੀਆ ‘ਤੇ On Air ਦੇ ਨਾਂ ‘ਤੇ Fake ਪੋਸਟਾਂ ਹੋ ਰਹੀਆਂ ਵਾਇਰਲ, On Air ਕਰੇਗਾ ਕਾਨੂੰਨੀ ਕਾਰਵਾਈ

0

ਪੰਜਾਬ ਸਰਕਾਰ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ਖਿਲਾਫ ਲਗਾਤਾਰ ਐਕਸ਼ਨ ਲੈ ਰਹੀ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਗੰਨ ਕਲਚਰ ਨੂੰ ਰੋਕਣ ਲਈ ਕੀਤੀ ਗਈ ਸਖਤੀ ਕਾਰਨ ਹੁਣ ਤੱਕ ਅਨੇਕਾਂ ਉਹਨਾਂ ਲੋਕਾਂ ’ਤੇ ਪੁਲਿਸ ਪਰਚੇ ਦਰਜ ਕਰ ਚੁੱਕੀ ਹੈ ਜਿਹਨਾਂ ਦੀਆਂ ਫੋਟੋਆਂ ਹਥਿਆਰਾਂ ਦੇ ਨਾਲ ਸੋਸ਼ਲ ਮੀਡੀਆਂ ’ਤੇ ਪਾਈਆਂ ਗਈਆਂ ਸਨ।

ਇਸਦਾ ਫਾਇਦਾ ਲੈਣ ਲਈ ਕੁੱਝ ਲੋਕ ਆਪਣੀਆਂ ਪੁਰਾਣੀਆਂ ਰੰਜ਼ਿਸ਼ਾਂ ਵੀ ਕੱਢਣ ਲੱਗੇ ਨੇ ਜਿਸਨੂੰ ਦੇਖਦਿਆਂ ਮੁੱਖ ਮੰਤਰੀ ਮਾਨ ਨੇ 3 ਦਿਨ ਦਾ ਸਮਾਂ ਦਿੰਦਿਆਂ ਸਾਰਿਆਂ ਨੂੰ ਆਪਣੀਆਂ ਪੁਰਾਣੀਆਂ ਤਸਵੀਰਾਂ ਸੋਸ਼ਲ ਮੀਡੀਆ ਤੋਂ ਹਟਾਉਣ ਲਈ ਕਿਹਾ ਹੈ। ਇਸ ਲਈ ਸਰਕਾਰ ਵੱਲੋਂ ਲੋਕਾਂ ਨੂੰ 72 ਘੰਟੇ ਦਾ ਸਮਾਂ ਦਿੱਤਾ ਗਿਆ ਹੈ। ਇਸੇ ਦੌਰਾਨ ਸੋਸ਼ਲ ਮੀਡੀਆਂ ’ਤੇ ਗਾਇਕ ਬੱਬੂ ਮਾਨ, ਮੰਤਰੀ ਅਨਮੋਲ ਗਗਨ ਮਾਨ ਤੇ ਸੋਨੀਆਂ ਮਾਨ ਦੀਆਂ ਤਸਵੀਰਾਂ ਵਾਲੇ ਡੁਪਲੀਕੇਟ ਕ੍ਰਿਏਟਿਵ ਬਣਾਕੇ ਕੁੱਝ ਲੋਕਾਂ ਵੱਲੋਂ ਆਨ ਏਅਰ ਦੇ ਨਾਮ ਹੇਠ ਅਪਲੋਡ ਕੀਤੇ ਗਏ ਹਨ।

ਇਸ ਫੇਕ ਪੋਸਟ ’ਚ ਬੱਬੂ ਮਾਨ ਦੇ ਗੀਤ ਦੀਆਂ ਸਤਰਾਂ ਲਿਖ ਕੇ ਗਲਤ ਤਰੀਕੇ ਨਾਲ ਅਪਲੋਡ ਕੀਤਾ ਗਿਆ ਜਿਸਤੋਂ ਪਾਠਕਾਂ ਤੇ ਦਰਸ਼ਕਾਂ ਨੂੰ ਸੁਚੇਤ ਰਹਿਣ ਦੀ ਲੋੜ੍ਹ ਹੈ।

ਇਸੇ ਤਰ੍ਹਾਂ ਨਾਲ ਮੰਤਰੀ ਅਨਮੋਲ ਗਗਨ ਮਾਨ ਤੇ ਸੋਨੀਆ ਮਾਨ ਦੀਆਂ ਪੁਰਾਣੀਆਂ ਤਸਵੀਰਾਂ ਲੈ ਕੇ ਸ਼ਰਾਰਤੀ ਅਨਸਰਾਂ ਵੱਲੋ ਫੇਕ ਪੋਸਟਾਂ ਆਨ ਏਅਰ ਦੇ ਨਾਮ ਹੇਠ ਅਪਲੋਡ ਕੀਤੀਆਂ ਗਈਆਂ ਹਨ ਜਿਹਨਾਂ ਦੀ ਆਨ ਏਅਰ ਕਰੜੀ ਨਿੰਦਾ ਕਰਦਾ ਹੈ।

ਇਸਦੇ ਨਾਲ ਹੀ ਜਿਹਨਾਂ ਸ਼ਰਾਰਤੀ ਅਨਸਰਾਂ ਵੱਲੋਂ ਇਹ ਫੇਕ ਪੋਸਟਾਂ ਅਪਲੋਡ ਕੀਤੀਆਂ ਗਈਆਂ ਨੇ ਆਨ ਏਅਰ ਉਹਨਾਂ ਵਿਰੁੱਧ ਜਲਦ ਕਾਨੂੰਨੀ ਕਾਰਵਾਈ ਵੀ ਕਰਨ ਜਾ ਰਿਹਾ ਹੈ। ਪਾਠਕਾਂ ਤੇ ਦਰਸ਼ਕਾਂ ਨੂੰ ਅਪੀਲ ਹੈ ਕਿ ਉਹ ਅਸਲੀ ਤੇ ਨਕਲੀ ਵਿਚਲਾ ਫਰਕ ਜ਼ਰੂਰ ਪਹਿਚਾਣਨ ਅਤੇ ਫੇਕ ਪੋਸਟਾਂ ਨੂੰ ਅੱਗੇ ਸਾਝਾਂ ਕਰਨ ਤੋਂ ਗੁਰੇਜ਼ ਕਰਨ।

ਮਸ਼ਹੂਰ ਬਾਲੀਵੁੱਡ ਅਦਾਕਾਰ ਵਿਕਰਮ ਗੋਖਲੇ ਦਾ ਹੋਇਆ ਦਿਹਾਂਤ

0

ਬਾਲੀਵੁੱਡ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ ਵਿਕਰਮ ਗੋਖਲੇ ਦਾ 77 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਪੁਣੇ ਦੇ ਦੀਨਾਨਾਥ ਮੰਗੇਸ਼ਕਰ ਹਸਪਤਾਲ ‘ਚ ਆਖਰੀ ਸਾਹ ਲਿਆ। ਉਹ ਪਿਛਲੇ 18 ਦਿਨਾਂ ਤੋਂ ਹਸਪਤਾਲ ਵਿੱਚ ਦਾਖ਼ਲ ਸੀ। ਬੁੱਧਵਾਰ ਤੋਂ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ ਅਤੇ ਉਹ ਵੈਂਟੀਲੇਟਰ ਸਪੋਰਟ ‘ਤੇ ਸਨ। ਇਸ ਦੌਰਾਨ ਉਸ ਦੀ ਮੌਤ ਦੀ ਅਫਵਾਹ ਵੀ ਉੱਠੀ, ਜਿਸ ਦਾ ਪਰਿਵਾਰ ਵਾਲਿਆਂ ਨੇ ਖੰਡਨ ਕੀਤਾ।

ਸ਼ੁੱਕਰਵਾਰ ਨੂੰ ਉਨ੍ਹਾਂ ਦੀ ਹਾਲਤ ‘ਚ ਕੁਝ ਸੁਧਾਰ ਹੋਇਆ ਸੀ ਪਰ ਮਲਟੀ ਆਰਗਨ ਫੇਲ ਹੋਣ ਕਾਰਨ ਸ਼ਨੀਵਾਰ ਦੁਪਹਿਰ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਦੇਹ ਨੂੰ ਪੁਣੇ ਦੇ ਬਾਲ ਗੰਧਰਵ ਰੰਗਮੰਦਰ ‘ਚ ਰੱਖਿਆ ਜਾਵੇਗਾ। ਅੱਜ ਸ਼ਾਮ ਨੂੰ ਵੈਕੁੰਠ ਸ਼ਮਸ਼ਾਨਘਾਟ ਵਿਖੇ ਅੰਤਿਮ ਸੰਸਕਾਰ ਕੀਤਾ ਜਾਵੇਗਾ।

ਪਿਛਲੇ ਕੁਝ ਦਿਨਾਂ ਤੋਂ ਖ਼ਬਰਾਂ ਆ ਰਹੀਆਂ ਸਨ ਕਿ ਅਦਾਕਾਰ ਪੁਣੇ ਸਥਿਤ ਦੀਨਾਨਾਥ ਹਸਪਤਾਲ ’ਚ ਦਾਖ਼ਲ ਸਨ। ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਹਾਲਤ ਥੋੜ੍ਹੀ ਨਾਜ਼ੁਕ ਸੀ। ਹਾਲਾਂਕਿ ਡਾਕਟਰਾਂ ਨੇ ਉਨ੍ਹਾਂ ਨੂੰ ਠੀਕ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਉਹ ਬਚ ਨਹੀਂ ਸਕੇ।

ਦੱਸ ਦੇਈਏ ਕਿ ਵਿਕਰਮ ਨੇ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ’ਚ ਕੰਮ ਕੀਤਾ ਹੈ। 26 ਸਾਲ ਦੀ ਉਮਰ ’ਚ ਉਨ੍ਹਾਂ ਨੇ ਅਦਾਕਾਰੀ ’ਚ ਕਦਮ ਰੱਖਿਆ ਸੀ। 1971 ’ਚ ਉਨ੍ਹਾਂ ਨੇ ਬਾਲੀਵੁੱਡ ਡੈਬਿਊ ਕੀਤਾ।

ਉਨ੍ਹਾਂ ਨੇ ਪਹਿਲੀ ਫ਼ਿਲਮ ਅਮਿਤਾਭ ਬੱਚਨ ਨਾਲ ਕੀਤੀ ਸੀ। ਫ਼ਿਲਮ ਦਾ ਨਾਂ ‘ਪਰਵਾਨਾ’ ਸੀ। ਵਿਕਰਮ ਨੂੰ ਬਲਾਕਬਸਟਰ ਫ਼ਿਲਮ ‘ਹਮ ਦਿਲ ਦੇ ਚੁਕੇ ਸਨਮ’ ਲਈ ਜਾਣਿਆ ਜਾਂਦਾ ਹੈ। ਫ਼ਿਲਮ ’ਚ ਵਿਕਰਮ ਨੇ ਐਸ਼ਵਰਿਆ ਰਾਏ ਦੇ ਪਿਤਾ ਦਾ ਕਿਰਦਾਰ ਨਿਭਾਇਆ ਸੀ।

ਦੱਸ ਦੇਈਏ ਕਿ ਵਿਕਰਮ ਗੋਖਲੇ ਦੇ ਦਿਹਾਂਤ ਦੀ ਖ਼ਬਰ ਸੁਣ ਕੇ ਅਦਾਕਾਰਾਂ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ ‘ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।

ਭਾਰਤ-ਪਾਕਿ ਸਰਹੱਦ ‘ਤੇ ਮੁੜ ਦਿਖਾਈ ਦਿੱਤੇ 2 ਡਰੋਨ, BSF ਜਵਾਨਾਂ ਨੇ ਇੱਕ ਨੂੰ ਫਾਇਰਿੰਗ ਰਾਹੀਂ ਹੇਠਾਂ ਸੁੱਟਿਆ

0

ਪੰਜਾਬ ਬਾਰਡਰ ਦੇ ਅੰਮ੍ਰਿਤਸਰ ਸੈਕਟਰ ‘ਚ ਪਾਕਿਸਤਾਨ ਤੋਂ ਦਾਖਲ ਹੋ ਰਹੇ ਡਰੋਨ ਦੀ ਘੁਸਪੈਠ ਨੂੰ ਬੀਐਸਐਫ ਦੇ ਜਵਾਨਾਂ ਨੇ ਨਾਕਾਮ ਕਰ ਦਿੱਤਾ।ਪਾਕਿਸਤਾਨ ‘ਚ ਬੈਠੇ ਤਸਕਰ ਲਗਾਤਾਰ ਭਾਰਤ ‘ਚ ਆਪਣੀਆਂ ਗਲਤ ਯੋਜਨਾਵਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼ੁਕਰਵਾਰ ਨੂੰ ਪਾਕਿਸਤਾਨ ਵੱਲ ਦੀ 2 ਡਰੋਨ ਸੀਮਾ ਪਾਰ ਕਰ ਭਾਰਤ ਦੀ ਸੀਮਾ ‘ਚ ਦਾਖ਼ਲ ਹੋਣ ਦੀ ਕੋਸ਼ਿਸ ਕਰ ਰਹੇ ਸੀ, ਜਿਹਨਾਂ ਨੂੰ ਬੀਐਸਐਫ ਦੇ ਜਵਾਨਾਂ ਨੇ ਮਾਰ ਸੁੱਟਿਆ। ਇਕ ਡਰੋਨ ਨੂੰ ਜਵਾਨਾਂ ਨੇ ਗੋਲੀ ਮਾਰ ਕੇ ਖਤਮ ਕਰ ਦਿੱਤਾ। ਜਦਕਿ ਦੂਜਾ ਡਰੋਨ ਵਾਪਸ ਪਾਕਿਸਤਾਨ ਦੀ ਹੱਦ ਵਿਚ ਚਲਾ ਗਿਆ। ਦੂਜੇ ਪਾਸੇ ਜਵਾਨਾਂ ਨੇ ਪਠਾਨਕੋਟ ਤੋਂ ਘੁਸਪੈਠ ਕਰ ਰਹੇ 2 ਤਸਕਰਾਂ ਨੂੰ ਵੀ ਖਦੇੜ੍ਹ ਦਿੱਤਾ।

ਬੀਐਸਐਫ ਤੋਂ ਮਿਲੀ ਜਾਣਕਾਰੀ ਮੁਤਾਬਿਕ ਅੰਮ੍ਰਿਤਸਰ ਦੀ ਦਾਓਕੇ ਚੌਂਕੀ ਨੇੜੇ ਰਾਤ 10 ਵਜੇ ਡਰੋਨ ਦੀ ਹਲਚਲ ਹੋਈ। ਡਰੋਨ ਦੀ ਅਵਾਜ ਸੁਨਣ ਤੋਂ ਬਾਅਦ ਗਸ਼ਤ ਕਰ ਰਹੇ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਕੁਛ ਕੁ ਮਿੰਟਾਂ ਬਾਅਦ ਡਰੋਨ ਦੀ ਅਵਾਜ ਬੰਦ ਹੋ ਗਈ। ਮੌਕੇ ‘ਤੇ ਸਰਚ ਅਪਰੇਸ਼ਨ ਤੋਂ ਬਾਅਦ ਡਰੋਨ ਖੇਤਾਂ ਚ ਡਿੱਗਿਆ ਮਿਲਿਆ। ਡਰੋਨ ਦੀ ਪਛਾਣ 8 ਪ੍ਰੋਪੇਲਰ ਓਕਟਾ ਕੋਪਟਰ ਡੀਜੇਆਈ ਮੈਟ੍ਰਿਸ ਦੇ ਤੌਰ ‘ਤੇ ਹੋਈ। ਇਸਦਾ ਇਸਤੇਮਾਲ ਪਾਕਿਸਤਾਨ ਤਸਕਰ ਵੱਡੀ ਖੇਪ ਨੂੰ ਸਰਹੱਦ ਪਾਰ ਪਹੁੰਚਾਣ ਵਿਚ ਕਰਦੇ ਹਨ।

ਉਥੇ ਹੀ ਦੂਜੀ ਘੁਸਪੈਠ ਰਾਤ ਦੇ 9.45 ਤੋਂ 10:30 ਵਜੇ ਪੰਜਗਰਾਈ ਚੌਕੀ ਦੇ ਨੇੜੇ ਹੋਈ। ਇਥੇ ਡਰੋਨ ਮੂਵਮੈਂਟ ਦੀ ਅਵਾਜ ਸੁਨਣ ਤੋਂ ਬਾਦ ਬੀਐਸਐਫ ਜਵਾਨਾਂ ਨੇ ਫਾਈਰਿੰਗ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਡਰੋਨ ਵਾਪਸ ਪਰਤ ਗਿਆ। ਇਸ ਘਟਨਾ ਬਾਰੇ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਤੋਂ ਬਾਅਦ ਇਲਾਕੇ ਚ ਸਰਚ ਆਪਰੇਸ਼ਨ ਚਲਾਇਆ ਗਿਆ।

ਦੂਜੇ ਪਾਸੇ ਪਠਾਨਕੋਟ ਸੈਕਟਰ ਚ ਕਰਈਪੁਰ ਚੋਂਕੀ ਦੇ ਨੇੜੇ ਗਸ਼ਤ ਕਰ ਰਹੇ ਜਵਾਨਾਂ ਨੇ ਥਰਮਲ ਕੈਮਰੇ ਦੀ ਮਦਦ ਨਾਲ ਦੋ ਘੁਸਪੈਠੀਏ ਦੇਖੇ। ਇਹ ਪਾਕਿਸਤਾਨ ਰੇਂਜਰਸ ਵੱਲ ਨੂੰ ਪੈਂਦੀ ਫਰਈਪੁਰ ਚੋਂਕੀ ਦੇ ਨੇੜੇ ਸੀ। ਸੀਮਾ ਤੇ 121 ਜਵਾਨ ਗਸ਼ਤ ਕਰ ਰਹੇ ਸੀ।ਜਵਾਨਾਂ ਨੇ ਚੌਕਸੀ ਲਈ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਘੁਸਪੈਠੀਆਂ ਨੂੰ ਵਾਪਸ ਭੱਜਣਾ ਪਿਆ।

CM ਭਗਵੰਤ ਮਾਨ ਨੇ PSPCL ਦੇ 603 ਉਮੀਦਵਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ

0

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮਿਉਂਸਪਲ ਭਵਨ, ਸੈਕਟਰ-35, ਚੰਡੀਗੜ੍ਹ ਵਿਖੇ ਪੀਐਸਪੀਸੀਐਲ ਦੇ ਭਰਤੀ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇ। ਮੁੱਖ ਮੰਤਰੀ ਮਾਨ ਨੇ ਕੁੱਲ 603 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੰਦੇ ਹੋਏ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ 603 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ, ਜੋ ਕਿ ਆਪਣੇ ਪਰਿਵਾਰ ਦੇ ਨਾਲ-ਨਾਲ ਪੰਜਾਬ ਸਰਕਾਰ ਦੇ ਪਰਿਵਾਰ ਦਾ ਵੀ ਇਕ ਹਿੱਸਾ ਬਣ ਗਏ ਹਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸੂਬੇ ‘ਚ ਝੋਨੇ ਦੇਸੀਜ਼ਨ ਦੌਰਾਨ ਬਿਜਲੀ ਨੂੰ ਲੈ ਕੇ ਕੋਈ ਪਰੇਸ਼ਾਨੀ ਨਹੀਂ ਆਈ, ਜੋ ਕਿ ਪੰਜਾਬ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ‘ਚ ਬਿਜਲੀ ਦੀ ਕੋਈ ਪਰੇਸ਼ਾਨੀ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਟਾਟਾ ਸਟੀਲ ਦਾ ਪਲਾਂਟ ਲੱਗਣ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਿੰਨੇ ਵੀ ਸਰਕਾਰੀ ਅਦਾਰੇ ਹਨ, ਉਨ੍ਹਾਂ ‘ਤੇ ਸੋਲਰ ਲਾਏ ਜਾਣਗੇ ਅਤੇ ਰਹਿੰਦਾ ਬਿੱਲ ਉਨ੍ਹਾਂ ਨੂੰ ਭਰਨ ਲਈ ਕਿਹਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਹਜ਼ਾਰਾਂ ਨੌਕਰੀਆਂ ਦਿੱਤੀਆਂ ਗਈਆਂ ਹਨ, ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ ਅਤੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਹੁਣ ਨੌਕਰੀਆਂ ‘ਚ ਕਿਸੇ ਤਰ੍ਹਾਂ ਦੀ ਕੋਈ ਸਿਫ਼ਾਰਿਸ਼ ਨਹੀਂ ਚੱਲਦੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਇਸ ਵਾਰ 86 ਫ਼ੀਸਦੀ ਬਿੱਲ ਜ਼ੀਰੋ ਆਏ ਹਨ ਅਤੇ ਅਗਲੀ ਵਾਰ 95 ਫ਼ੀਸਦੀ ਲੋਕਾਂ ਦੇ ਬਿਜਲੀ ਬਿੱਲ ਜ਼ੀਰੋ ਆਉਣਗੇ।

 

ਸੁਨਾਮ ‘ਚ ਖੌਫਨਾਕ ਵਾਰਦਾਤ: ਪਤਨੀ ਨੇ ਪਤੀ ਨੂੰ ਮਾਰ ਕੇ ਘਰ ‘ਚ ਹੀ ਕੀਤਾ ਦਫਨ, ਪੁਲਿਸ ਨੇ ਪਤਨੀ ਨੂੰ ਕੀਤਾ ਗ੍ਰਿਫਤਾਰ

0

ਸੁਨਾਮ ਤੋਂ ਇੱਕ ਬਹੁਤ ਹੀ ਭਿਆਨਕ ਅਤੇ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ। ਸੁਨਾਮ ਦੇ ਪਿੰਡ ਬਖ਼ਸ਼ੀਵਾਲਾ ‘ਚ ਇਕ ਔਰਤ ਵੱਲੋਂ ਆਪਣੇ ਪਤੀ ਨੂੰ ਮਾਰ ਕੇ ਲਾਸ਼ ਨੂੰ ਘਰ ਦੇ ਕੱਚੇ ਫਲੱਸ਼ ਟੈਂਕ ‘ਚ ਦੱਬੇ ਜਾਣ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਗੁੰਮਸ਼ੁਦਾ ਹੋਣ ਦੀ ਰਿਪੋਰਟ ਇਕ ਮਹੀਨਾਂ ਪਹਿਲਾਂ ਲਿਖਵਾਈ ਗਈ ਸੀ। ਜਦੋਂ  ਪੁਲਿਸ ਨੇ ਕੱਚੇ ਫਲੱਸ਼ ਟੈਂਕ ਨੂੰ ਖੋਦ ਕੇ ਮ੍ਰਿਤਕ ਦੀ ਲਾਸ਼ ਨੂੰ ਕੱਢਿਆ ਤਾਂ ਸਾਰੇ ਪਿੰਡ ‘ਚ ਹਾਹਾਕਾਰ ਮਚ ਗਈ।

ਜਾਣਕਾਰੀ ਮੁਤਾਬਕ ਪਿੰਡ ਬਖ਼ਸ਼ੀਵਾਲਾ ਦੇ ਰਹਿਣ ਵਾਲੇ ਗਰੀਬ ਪਰਿਵਾਰ ਦਾ ਨੌਜਵਾਨ ਕਾਲਾ ਸਿੰਘ ਪਿਛਲੇ ਇਕ ਮਹੀਨੇ ਤੋਂ ਲਾਪਤਾ ਸੀ। ਪਰਿਵਾਰ ਵੱਲੋਂ ਉਸ ਦੀ ਗੁੰਮਸ਼ੁਦਾ ਹੋਣ ਦੀ ਰਿਪੋਰਟ ਪੁਲਿਸ ਨੂੰ ਲਿਖਵਾਈ ਗਈ ਸੀ। ਜਦੋਂ ਪੁਲਿਸ ਵੱਲੋਂ ਕੇਸ ਦੀ ਜਾਂਚ ਕੀਤੀ ਗਈ ਤਾਂ ਉਕਤ ਨੌਜਵਾਨ ਦੀ ਲਾਸ਼ ਘਰ ਦੇ ਅੰਦਰੋਂ ਹੀ ਬਰਾਮਦ ਕੀਤੀ ਗਈ। ਇਸ ਤੋਂ ਬਾਅਦ ਸਾਰੇ ਪਿੰਡ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਗਈ ਅਤੇ ਪੂਰੇ ਪਿੰਡ ‘ਚ ਰੌਲਾ ਪੈ ਗਿਆ।

ਉਧਰ, ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਾਲੇ ਦੀ ਪਤਨੀ ‘ਤੇ ਪਹਿਲਾਂ ਹੀ ਸ਼ੱਕ ਸੀ। ਪੁਲਿਸ ਨੇ ਪਤਨੀ ਵਿਰੁੱਧ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਜਾਂਚ ਅਰੰਭ ਦਿੱਤੀ ਹੈ।

ਅਕਾਲ ਤਖਤ ਨੇ ਸੁੱਚਾ ਸਿੰਘ ਲੰਗਾਹ ਨੂੰ ਲਗਾਈ ਤਨਖਾਹ, ਪੰਥ ‘ਚ ਹੋ ਸਕਦੀ ਹੈ ਵਾਪਸੀ!

0

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ। ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਭਾਈ ਸੁਖਦੇਵ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਸ਼ਾਮਲ ਹੋਏ।

ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਪੰਥ ਵਿਚ ਮੁਆਫ਼ੀ ਦੀਆਂ ਲਗਾਤਾਰ ਚਾਰਾਜੋਈਆਂ ਕਰ ਰਹੇ ਸੁੱਚਾ ਸਿੰਘ ਲੰਗਾਹ ਨੇ ਸੰਗਤ ਵੱਲ ਮੂੰਹ ਕਰਕੇ ਆਪਣੇ ਵਲੋਂ ਹੋਏ ਬਜਰ ਗੁਨਾਹ ਦੀ ਗ਼ਲਤੀ ਮੰਨੀ ਹੈ। ਸ੍ਰੀ ਅਕਾਲ ਸਾਹਿਬ ਦੀ ਫਸੀਲ ’ਤੇ ਖੜ੍ਹੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲੰਗਾਹ ਤੋਂ ਪੁੱਛਿਆ ਕਿ ਉਹ ਆਪਣੇ ਵਲੋਂ ਕੀਤੇ ਗਏ ਬਜਰ ਗੁਨਾਹ ਦੀ ਗ਼ਲਤੀ ਮੰਨਦੇ ਹਨ, ਜਿਸ ’ਤੇ ਲੰਗਾਹ ਨੇ ਆਪਣੀ ਗ਼ਲਤੀ ਮੰਨਦਿਆਂ ਸੰਗਤ ਵੱਲ ਮੂੰਹ ਕਰਕੇ ਪੰਜ ਵਾਰ ਮੁਆਫ਼ੀ ਮੰਗੀ।

ਸੁੱਚਾ ਸਿੰਘ ਲੰਗਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋ ਕੇ ਪਰਾਈ ਇਸਤਰੀ ਨਾਲ ਗਮਨ ਦੀ ਗੱਲ ਕਬੂਲੀ। ਉਨ੍ਹਾਂ ਨੂੰ 5 ਸਾਲ ਬਾਅਦ ਮੁਆਫੀ ਮਿਲ ਗਈ ਹੈ। ਸਿੰਘ ਸਾਹਿਬਾਨ ਨੇ ਲੰਗਾਹ ਨੂੰ ਤਨਖ਼ਾਹੀਆ ਕਰਾਰ ਦਿੰਦੇ ਹੋਏ 21 ਦਿਨ ਦੀ ਸੇਵਾ ਲਗਾਈ ਹੈ। 1 ਘੰਟਾ ਕੀਰਤਨ ਪਰਿਕਰਮਾ ‘ਚ ਕੀਰਤਨ ਸਰਵਣ ਕਰਨ, 1 ਪਾਠ ਜਪੁਜੀ ਸਾਹਿਬ, 1 ਘੰਟਾ ਬਰਤਨ ਸਾਫ ਕਰਨ ਆਦਿ ਸੇਵਾ ਲਗਾਈ ਹੈ। ਸੁੱਚਾ ਸਿੰਘ ਲੰਗਾਹ ਨੇ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਦੁਬਾਰਾ ਅੰਮ੍ਰਿਤਪਾਨ ਕੀਤਾ। ਸੁੱਚਾ ਸਿੰਘ ਲੰਗਾਹ 5 ਸਾਲ ਕਿਸੇ ਵੀ ਗੁਰਦੁਆਰਾ ਕਮੇਟੀ ਦਾ ਮੈਂਬਰ ਨਹੀਂ ਬਣ ਸਕਣਗੇ।

ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕ ਦਿਨ ਢਾਡੀ ਜਥੇ ਦਾ ਸਤਿਕਾਰ ਕਰਦੇ ਹੋਏ ਹਰੇਕ ਢਾਡੀ ਜੱਥੇ ਨੂੰ 5100 ਰੁਪਏ ਭੇਟਾ ਦੇਣ ਅਤੇ ਲੰਗਰ ਤਿਆਰ ਕਰਕੇ ਛਕਾਉਣ ਅਤੇ ਜੂਠੇ ਬਰਤਨ ਸਾਫ ਕਰਨ ਦੀ ਸੇਵਾ ਲਗਾਈ। 5100 ਰੁਪਏ ਗੋਲਕ ਵਿਚ ਸੇਵਾ ਪਾਉਣ ਅਤੇ ਅਰਦਾਸ ਕਰਾਉਣ।

ਉੱਥੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੀਨ ‘ਚੋਂ ਛਪਾਈ ਕਰਵਾਉਣ ਦੇ ਮਾਮਲੇ ‘ਚ ਰਾਜਵੰਤ ਸਿੰਘ, ਭਜਨੀਕ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਏ। ਅਮਰੀਕਾ ‘ਚ ਥਮਿੰਦਰ ਸਿੰਘ ਵੱਲੋਂ ਪਾਵਨ ਸਰੂਪਾਂ ਦੀ ਛਪਾਈ ਦੇ ਮਾਮਲੇ ‘ਚ ਗੁਰਦਰਸ਼ਨ ਸਿੰਘ ਨੇ ਲਿਖਤੀ ਰੂਪ ‘ਚ ਮਾਫ਼ੀਨਾਮਾ ਭੇਜਿਆ। ਇਨ੍ਹਾਂ ਉੱਪਰ ਪਾਵਨ ਸਰੂਪਾਂ ਨੂੰ ਡੱਬਿਆਂ ‘ਚ ਪੈਕ ਕਰ ਕੇ ਪਾਰਸਲ ਕਰਾਉਣ ਦਾ ਦੋਸ਼ ਹੈ। ਪੰਜ ਸਿੰਘ ਸਾਹਿਬਾਨ ਨੇ ਰਾਜਵੰਤ ਸਿੰਘ, ਭਜਨੀਕ ਸਿੰਘ ਤੇ ਗੁਰਦਰਸ਼ਨ ਸਿੰਘ ਨੂੰ ਤਨਖਾਹੀਆਂ ਕਰਾਰ ਦਿੱਤਾ ਹੈ।

ਹਰਪਾਲ ਚੀਮਾ ਨੇ ਕੇਂਦਰ ਸਰਕਾਰ ਤੋਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿਕਾਸ ਲਈ 2500 ਕਰੋੜ ਰੁਪਏ ਦੇ ਪੈਕੇਜ ਦੀ ਕੀਤੀ ਮੰਗ

0

ਕੇਂਦਰੀ ਬਜਟ 2023-24 ਲਈ ਪੰਜਾਬ ਦੇ ਸਾਰੇ ਸੁਝਾਵਾਂ ਅਤੇ ਮੰਗਾਂ ਵਾਲਾ ਇੱਕ ਵਿਆਪਕ ਮੰਗ ਪੱਤਰ ਸੌਂਪਦਿਆਂ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿਕਾਸ ਲਈ 2500 ਕਰੋੜ ਰੁਪਏ ਦੇ ਸਰਹੱਦੀ ਖੇਤਰ ਵਿਸ਼ੇਸ਼ ਉਦਯੋਗਿਕ ਪੈਕੇਜ ਦੀ ਮੰਗ ਕਰਨ ਦੇ ਨਾਲ-ਨਾਲ 15ਵੇਂ ਵਿੱਤ ਕਮਿਸ਼ਨ ਦੀ ਸਬ-ਕਮੇਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਨਕਦ ਕਰਜਾ ਹੱਦ (ਸੀਸੀਐਲ) ਮੁੱਦੇ ਦਾ ਹੱਲ, ਪਰਾਲੀ ਸਾੜਨ ਤੋਂ ਰੋਕਣ ਵਾਲੇ ਕਿਸਾਨਾਂ ਦੀ ਸਹਾਇਤਾ ਲਈ 1, 125 ਕਰੋੜ ਰੁਪਏ ਦੀ ਬਜਟ ਸਹਾਇਤਾ, ਰਾਜ ਦੇ ਸੰਵੇਦਨਸ਼ੀਲ ਸਰਹੱਦੀ ਜ਼ਿਲ੍ਹਿਆਂ ਵਿੱਚ ਪੁਲਿਸ ਫੋਰਸ ਅਤੇ ਪੁਲਿਸਿੰਗ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਲਈ 1, 000 ਕਰੋੜ ਰੁਪਏ ਦੀ ਵਿਸ਼ੇਸ਼ ਸਹਾਇਤਾ, ਪਵਿੱਤਰ ਸ਼ਹਿਰ ਸ਼੍ਰੀ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਅਤੇ ਬਠਿੰਡਾ ਤੋਂ ਨਵੀਂ ਦਿੱਲੀ ਤੱਕ ਵੰਦੇ ਭਾਰਤ ਰੇਲ ਗੱਡੀਆਂ ਅਤੇ ਰਾਜਪੁਰਾ ਅਤੇ ਚੰਡੀਗੜ੍ਹ ਵਿਚਕਾਰ ਰੇਲਵੇ ਲਿੰਕ ਸਮੇਤ ਸੂਬੇ ਦੀਆਂ ਹੋਰ ਪ੍ਰਮੁੱਖ ਮੰਗਾਂ ਰੱਖੀਆਂ।

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮਾਨੇਕਸ਼ਾ ਸੈਂਟਰ, ਨਵੀਂ ਦਿੱਲੀ ਵਿਖੇ ਹੋਈ ਪ੍ਰੀ-ਬਜਟ ਮੀਟਿੰਗ ਦੌਰਾਨ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੋਣ ਕਰਕੇ ਕੌਮੀ ਸੁਰੱਖਿਆ ਵਿੱਚ ਉੱਚ ਦਾਵੇ ਵਾਲਾ ਸੂਬਾ ਹੋਣ ਦੇ ਨਾਤੇ ਇਸ ਨੂੰ ਨਿਵੇਸ਼ਕਾਂ ਅਤੇ ਉਦਯੋਗਾਂ ਨੂੰ ਆਕਰਸ਼ਿਤ ਕਰਨ ਲਈ “ਵਿਸ਼ੇਸ਼ ਮਾਮਲਿਆਂ” ਵਜੋਂ ਅਜਿਹੇ ਹੋਰ ਖੇਤਰਾਂ ਦੇ ਨਾਲ-ਨਾਲ ਵਿਚਾਰਿਆ ਜਾਵੇ । ਉਨ੍ਹਾਂ ਕਿਹਾ ਕਿ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਵਿੱਚ ਉਦਯੋਗਿਕ ਖੇਤਰ ਦੇ ਵਿਕਾਸ ਲਈ ਪੰਜਾਬ ਰਾਜ ਨੂੰ 2500 ਕਰੋੜ ਰੁਪਏ ਦਾ ਵਿਸ਼ੇਸ਼ ਪੈਕੇਜ ਮੁਹੱਈਆ ਕਰਵਾਇਆ ਜਾਵੇ।

ਉਨ੍ਹਾਂ ਕਿਹਾ ਕਿ ਇਹ ਬਜਟ ਸਹਾਇਤਾ ਰਾਜ ਸਰਕਾਰ ਨੂੰ ਉਦਯੋਗਿਕ ਹੱਬਾਂ ਅਤੇ ਪਾਰਕਾਂ ਲਈ ਬੁਨਿਆਦੀ ਢਾਂਚੇ ਦੀ ਸਥਾਪਨਾ ਖਾਸ ਤੌਰ ‘ਤੇ ਇੱਕ ਜ਼ਿਲ੍ਹਾ ਇੱਕ ਉਤਪਾਦ (ਓਡੀਓਪੀ) ‘ਤੇ ਧਿਆਨ ਕੇਂਦਰਿਤ ਕਰਨ ਅਤੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਨਿਵੇਸ਼ਕਾਂ ਨੂੰ ਇਨ੍ਹਾਂ ਸਰਹੱਦੀ ਜ਼ਿਲ੍ਹਿਆਂ ਵਿੱਚ ਉਨ੍ਹਾਂ ਦੀਆਂ ਉਦਯੋਗਿਕ ਇਕਾਈਆਂ ਸਥਾਪਤ ਕਰਨ ਲਈ ਵਿਸ਼ੇਸ਼ ਰਿਆਇਤਾਂ ਜਾਂ ਸਬਸਿਡੀਆਂ ਪ੍ਰਦਾਨ ਕਰਨ ਵਿੱਚ ਮਦਦ ਕਰੇਗੀ।

ਸੀ.ਸੀ.ਐਲ ਦਾ ਮੁੱਦਾ ਉਠਾਉਂਦੇ ਹੋਏ ਸ. ਚੀਮਾ ਨੇ ਕਿਹਾ ਕਿ 15ਵੇਂ ਵਿੱਤ ਕਮਿਸ਼ਨ ਦੁਆਰਾ ਡਾ. ਰਮੇਸ਼ ਚੰਦ ਦੀ ਪ੍ਰਧਾਨਗੀ ਹੇਠ ਅਧਿਸੂਚਿਤ ਕੀਤੀ ਸਬ-ਕਮੇਟੀ ਨੇ ਆਪਣੀ ਰਿਪੋਰਟ ਵਿੱਚ ਪੰਜਾਬ ਸਰਕਾਰ ਦੇ 6155 ਕਰੋੜ ਰੁਪਏ ਦੇ ਦਾਅਵਿਆਂ ਦੀ ਸਪੱਸ਼ਟ ਪੁਸ਼ਟੀ ਕੀਤੀ ਹੈ। ਉਨ੍ਹਾਂ ਸਬ-ਕਮੇਟੀ ਦੀ ਰਿਪੋਰਟ ਵੱਲੋਂ ਪ੍ਰਮਾਣਿਤ ਪੰਜਾਬ ਦੇ ਸਹੀ ਦਾਅਵਿਆਂ ਅਨੁਸਾਰ ਇਸ ਮੁੱਦੇ ਦਾ ਜਲਦੀ ਹੱਲ ਕਰਦਿਆਂ ਸੂਬੇ ਨੂੰ ਇਸ ਬੋਝ ਤੋਂ ਮੁਕਤ ਕਰਨ ਦੀ ਮੰਗ ਕੀਤੀ।

ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਦੀ ਸਹਾਇਤਾ ਲਈ 1, 125 ਕਰੋੜ ਰੁਪਏ ਦੀ ਬਜਟੀ ਸਹਾਇਤਾ ਦੀ ਮੰਗ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਰਾਲੀ ਸਾੜਨ ਅਤੇ ਹਵਾ ਪ੍ਰਦੂਸ਼ਣ ਦੇ ਖਤਰੇ ਨਾਲ ਨਜਿੱਠਣ ਲਈ ਪਹਿਲਾਂ ਹੀ ਭਾਰਤ ਸਰਕਾਰ ਨੂੰ ਝੋਨੇ ਦੀ ਪਰਾਲੀ ਦੇ ਪ੍ਰਬੰਧਨ ‘ਤੇ ਹੋਣ ਵਾਲੇ ਵਾਧੂ ਖਰਚੇ ਦੇ ਬਦਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਬੇਨਤੀ ਕੀਤੀ ਸੀ। ਉਨ੍ਹਾਂ ਨੇ ਕਿਸਾਨਾਂ ਦੀ ਭਲਾਈ ਦੇ ਨਾਲ-ਨਾਲ ਐਨ.ਸੀ.ਆਰ ਦੇ ਘੇਰੇ ਵਿੱਚ ਰਹਿੰਦੇ ਆਮ ਲੋਕਾਂ ਦੇ ਹਿੱਤ ਵਿੱਚ ਪਹਿਲ ਦੇ ਆਧਾਰ ‘ਤੇ ਇਸ ਪ੍ਰਸਤਾਵ ‘ਤੇ ਵਿਚਾਰ ਕਰਨ ਦੀ ਬੇਨਤੀ ਕਰਦਿਆਂ ਕੇਂਦਰੀ ਬਜਟ 2023-24 ਵਿੱਚ 1, 125 ਕਰੋੜ ਰੁਪਏ ਦੀ ਬਜਟੀ ਸਹਾਇਤਾ ਪ੍ਰਦਾਨ ਕਰਨ ਦੀ ਮੰਗ ਕੀਤੀ।

ਸੂਬੇ ਦੇ ਸੰਵੇਦਨਸ਼ੀਲ ਸਰਹੱਦੀ ਜ਼ਿਲ੍ਹਿਆਂ ਵਿੱਚ ਪੁਲਿਸ ਬਲ ਅਤੇ ਪੁਲਿਸ ਢਾਂਚੇ ਦੇ ਢਾਂਚੇ ਦੇ ਆਧੁਨਿਕੀਕਰਨ ਲਈ 1, 000 ਕਰੋੜ ਰੁਪਏ ਦੀ ਵਿਸ਼ੇਸ਼ ਸਹਾਇਤਾ ਦੀ ਮੰਗ ਕਰਦਿਆਂ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਇੱਕ ਦੁਸ਼ਮਣ ਗੁਆਂਢੀ ਨਾਲ 550 ਕਿਲੋਮੀਟਰ ਲੰਬੀ ਸਰਹੱਦ ਸਾਂਝੀ ਕਰਦਾ ਹੈ ਇਸ ਕਾਰਨ ਦਰਪੇਸ਼ ਚੁਣੌਤੀਆਂ ਦੇ ਟਾਕਰੇ ਲਈ ਸੂਬੇ ਨੂੰ ਆਧੁਨਿਕ ਸਾਜ਼ੋ-ਸਾਮਾਨ ਨਾਲ ਲੈਸ ਚੰਗੀ ਤਰ੍ਹਾਂ ਸਿੱਖਿਅਤ ਪੁਲਿਸ ਬਲ ਦੀ ਲੋੜ ਹੈ।

ਉਨ੍ਹਾਂ ਕਿਹਾ ਕਿ ਰਾਜ ਨੂੰ ਖਾਸ ਤੌਰ ‘ਤੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ ਅਤੇ ਫ਼ਾਜ਼ਿਲਕਾ ਦੇ ਕਮਜ਼ੋਰ ਸਰਹੱਦੀ ਜ਼ਿਲ੍ਹਿਆਂ ਵਿੱਚ ਇਸ ਸਰਹੱਦ ‘ਤੇ ਪੁਲਿਸ ਬਲਾਂ ਨੂੰ ਬੁਨਿਆਦੀ ਢਾਂਚਾਗਤ ਸਹੂਲਤਾਂ ਅਤੇ ਬਿਹਤਰ ਕੰਮ ਕਰਨ ਅਤੇ ਰਹਿਣ ਦੀਆਂ ਸਥਿਤੀਆਂ ਪ੍ਰਦਾਨ ਕਰਨ ਲਈ ਹਥਿਆਰਾਂ ਦੇ ਆਧੁਨਿਕੀਕਰਨ; ਨਿਗਰਾਨੀ ਵਧਾਉਣ ਲਈ ਸਰਹੱਦੀ ਖੇਤਰਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ; ਪੁਲਿਸ ਇਮਾਰਤਾਂ ਨੂੰ ਅਪਗ੍ਰੇਡ ਕਰਨ ਅਤੇ ਨਵੇਂ ਪੁਲਿਸ ਥਾਣਿਆਂ ਦੇ ਨਿਰਮਾਣ ਅਤੇ ਇਸ ਸਰਹੱਦੀ ਖੇਤਰ ਵਿੱਚ ਪੁਲਿਸ ਬਲਾਂ ਨੂੰ ਮੁਢਲੀਆਂ ਬੁਨਿਆਦੀ ਸਹੂਲਤਾਂ ਅਤੇ ਬਿਹਤਰ ਕੰਮ ਕਰਨ ਅਤੇ ਰਹਿਣ ਦੀਆਂ ਸਥਿਤੀਆਂ ਪ੍ਰਦਾਨ ਕਰਨ ਲਈ ਇਸ ਵਿਸ਼ੇਸ਼ ਸਹਾਇਤਾ ਦੀ ਲੋੜ ਹੈ।

ਸ. ਚੀਮਾ ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਪੁਲਿਸ ਬਲ ਦੀਆਂ ਦੋ ਬਟਾਲੀਅਨਾਂ ਨੂੰ ਪੱਕੇ ਤੌਰ ‘ਤੇ ਤਾਇਨਾਤ ਕਰਨ ਲਈ 160 ਕਰੋੜ ਰੁਪਏ ਦੀ ਬਜਟੀ ਸਹਾਇਤਾ ਦੀ ਵੀ ਮੰਗ ਕੀਤੀ, ਜਿਸ ਨਾਲ ਬੀਐਸਐਫ ‘ਤੇ ਦਬਾਅ ਵੀ ਘੱਟ ਹੋਵੇਗਾ। ਉਨ੍ਹਾਂ ਕਿਹਾ ਕਿ ਰੱਖਿਆ ਦੀ ਇਹ ਦੂਜੀ ਲਾਈਨ ਪੰਜਾਬ ਪੁਲਿਸ ਨੂੰ ਦੇਸ਼ ਵਿਰੋਧੀ ਅਨਸਰਾਂ ਦੇ ਨਾਪਾਕ ਮਨਸੂਬਿਆਂ ਨੂੰ ਨਸ਼ਟ ਕਰਨ ਅਤੇ ਨਾਰਕੋ-ਅੱਤਵਾਦ ਤੋਂ ਪੈਦਾ ਹੋਣ ਵਾਲੇ ਖਤਰਿਆਂ ਤੋਂ ਸੁਰੱਖਿਅਤ ਰੱਖਣ ਲਈ ਸਮਰੱਥ ਕਰੇਗੀ।

ਸ. ਚੀਮਾ ਨੇ ਪਵਿੱਤਰ ਸ਼ਹਿਰ ਸ੍ਰੀ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਅਤੇ ਬਠਿੰਡਾ ਤੋਂ ਨਵੀਂ ਦਿੱਲੀ ਲਈ ਵੰਦੇ ਭਾਰਤ ਰੇਲ ਗੱਡੀਆਂ ਚਲਾਉਣ ਤੋਂ ਇਲਾਵਾ ਰਾਜਪੁਰਾ ਅਤੇ ਚੰਡੀਗੜ੍ਹ ਵਿਚਕਾਰ ਰੇਲਵੇ ਲਿੰਕ ਸਥਾਪਤ ਕਰਨ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਰਾਜਪੁਰਾ ਅਤੇ ਚੰਡੀਗੜ੍ਹ ਵਿਚਕਾਰ ਰੇਲਵੇ ਟਰੈਕ ਵਿਛਾਉਣ ਲਈ ਸੂਬਾ ਸਰਕਾਰ ਭਾਰਤੀ ਰੇਲਵੇ ਨੂੰ ਲੋੜੀਂਦੀ ਜ਼ਮੀਨ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਇਸ ਨਾਲ ਇਲਾਕੇ ਦੇ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਹੋ ਜਾਵੇਗੀ।

ਇੱਥੇ ਇਹ ਵਰਣਨਯੋਗ ਹੈ ਕਿ ਅੱਜ ਦਿੱਤੇ ਮੰਗ ਪੱਤਰ ਵਿੱਚ ਪੰਜਾਬ ਸਰਕਾਰ ਨੇ ਰਾਜ ਦੀਆਂ ਵਿੱਤੀ, ਖੇਤੀਬਾੜੀ ਅਤੇ ਉਦਯੋਗ, ਪੰਜਾਬ ਨੂੰ ਸੁਰੱਖਿਆ ਦੇ ਮਾਮਲੇ ਵਜੋਂ, ਬੁਨਿਆਦੀ ਢਾਂਚੇ ਦੇ ਵਿਕਾਸ, ਹੁਨਰ ਵਿਕਾਸ, ਸਿਹਤ ਅਤੇ ਸਿੱਖਿਆ, ਸਥਾਨਕ ਸੰਸਥਾਵਾਂ ਦੀ ਮਜ਼ਬੂਤੀ ਆਦਿ ਨਾਲ ਸਬੰਧਤ ਕਈ ਅਹਿਮ ਮੁੱਦੇ ਉਠਾਏ।