Home Blog Page 1815

ਦਿੱਲੀ ਨਗਰ ਨਿਗਮ ਚੋਣਾਂ ਲਈ ਵੋਟਿੰਗ ਜਾਰੀ

0

ਦਿੱਲੀ ਨਗਰ ਨਿਗਮ (ਐਮਸੀਡੀ) ਦੇ ਸਾਰੇ 250 ਵਾਰਡਾਂ ਲਈ ਅੱਜ (ਐਤਵਾਰ) ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ ਅਤੇ ਸ਼ਾਮ 5.30 ਵਜੇ ਤੱਕ ਜਾਰੀ ਰਹੇਗੀ। ਇਸ ਦੇ ਨਤੀਜੇ 7 ਦਸੰਬਰ ਨੂੰ ਆਉਣਗੇ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਾਰਿਆਂ ਦੀਆਂ ਨਜ਼ਰਾਂ ਭਾਜਪਾ ਅਤੇ ‘ਆਪ’ ‘ਤੇ ਟਿਕੀਆਂ ਹੋਈਆਂ ਹਨ। ਭਾਜਪਾ ਇੱਥੇ ਆਪਣੀ ਸਾਖ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਆਮ ਆਦਮੀ ਪਾਰਟੀ ਨਿਗਮ ਵਿੱਚ ਆਪਣੀ ਥਾਂ ਬਣਾਉਣਾ ਚਾਹੁੰਦੀ ਹੈ, ਕਿਉਂਕਿ ਨਿਗਮ ਦੀ ਸੱਤਾ ਪਿਛਲੇ 15 ਸਾਲਾਂ ਤੋਂ ਭਾਜਪਾ ਦੇ ਹੱਥਾਂ ਵਿੱਚ ਹੈ। ਇੱਥੇ ਕਾਂਗਰਸ ਵੀ ਪਿਛਲੀ ਵਾਰ ਨਾਲੋਂ ਆਪਣੀਆਂ ਸੀਟਾਂ ਵਧਾਉਣੀਆਂ ਚਾਹੁੰਦੀ ਹੈ।

ਐਮਸੀਡੀ ਚੋਣਾਂ ਲਈ 1349 ਉਮੀਦਵਾਰ ਮੈਦਾਨ ਵਿੱਚ ਹਨ। ਇਨ੍ਹਾਂ ਵਿੱਚੋਂ 709 ਮਹਿਲਾ ਉਮੀਦਵਾਰ ਹਨ। ਭਾਜਪਾ ਅਤੇ ‘ਆਪ’ ਨੇ ਸਾਰੀਆਂ 250 ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ, ਜਦਕਿ ਕਾਂਗਰਸ 247 ਸੀਟਾਂ ‘ਤੇ ਚੋਣ ਲੜ ਰਹੀ ਹੈ। JDU 23 ਸੀਟਾਂ ‘ਤੇ ਚੋਣ ਲੜ ਰਹੀ ਹੈ, ਜਦਕਿ AIMIM ਨੇ 15 ਉਮੀਦਵਾਰ ਖੜ੍ਹੇ ਕੀਤੇ ਹਨ। ਬਸਪਾ ਨੇ 174, ਐਨਸੀਪੀ ਨੇ 29, ਇੰਡੀਅਨ ਮੁਸਲਿਮ ਲੀਗ ਨੇ 12, ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਨੇ 3, ਆਲ ਇੰਡੀਆ ਫਾਰਵਰਡ ਬਲਾਕ ਨੇ 4 ਅਤੇ ਸਪਾ ਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਨੇ ਇੱਕ-ਇੱਕ ਉਮੀਦਵਾਰ ਮੈਦਾਨ ਵਿੱਚ ਉਤਾਰਿਆ। ਇਸ ਤੋਂ ਇਲਾਵਾ 382 ਆਜ਼ਾਦ ਉਮੀਦਵਾਰ ਹਨ।

ਸਵੇਰੇ ਧੀ ਦਾ ਹੋਇਆ ਜਨਮ, ਸ਼ਾਮ ਨੂੰ 80 ਲੱਖ ਦੀ ਮਾਲਕਣ ਬਣੀ ਮਹਿਲਾ

0

ਅਮਰੀਕਾ ਦੇ ਨੋਰਥ ਕੈਰੋਲੀਨਾ ਦੀ ਇਕ ਮਹਿਲਾ ਨੇ ਸਵੇਰੇ ਧੀ ਨੂੰ ਜਨਮ ਦਿੱਤਾ ਤੇ ਸ਼ਾਮ ਨੂੰ ਉਸਦੀ ਕਿਸਮਤ ਪਲਟ ਗਈ।ਉਹ 80 ਲੱਖ ਰੁਪਏ ਦੀ ਮਾਲਕਣ ਬਣ ਗਈ। ਨੋਰਥ ਕੈਰੋਲੀਨਾ ਦੀ ਰਹਿਣ ਵਾਲੀ ਇਸ ਮਹਿਲਾ ਦਾ ਨਾਮ ਬ੍ਰੈਂਡਾ ਹੈ। ਉਸਨੇ ਦੱਸਿਆ ਕਿ ਜਿਵੇਂ ਹੀ 80 ਲੱਖ ਮਿਲਣ ਦੀ ਗੱਲ ਪਤਾ ਚੱਲੀ ਤਾਂ ਉਹ ਖੁਸ਼ੀ ਨਾਲ ਝੁੱਮਣ ਲੱਗ ਗਈ। ਸਵੇਰੇ ਬੇਟੀ ਦਾ ਜਨਮ ਹੋਇਆ ਤੇ ਸ਼ਾਮ ਨੂੰ ਲੱਖਪਤੀ ਬਣਨ ਦੀ ਖ਼ਬਰ ਮਿਲੀ। ਇਸ ਦੋਹਰੀ ਖੁਸ਼ੀ ਨੇ ਸਾਡੇ ਸਾਰੇ ਪਰਿਵਾਰ ਨੂੰ ਰੋਮਾਂਚਿਤ ਕਰ ਦਿੱਤਾ। ਬ੍ਰੈਂਡਾ ਨੇ ਆਪਣੀ ਨਵੀਂ ਜੰਮੀ ਬੇਟੀ ਦਾ ਨਾਮ ਲੱਕੀ ਚਾਰਮ ਰੱਖਿਆ ਹੈ। ਕਿਉਂਕਿ ਉਹ ਉਸਦੇ ਲਈ ਬਹੁਤ ਭਾਗਾਵਾਲੀ ਸਾਬਤ ਹੋਈ ਹੈ।ਲਾਟਰੀ ਦੀ ਖ਼ਬਰ ਸੁਣਕੇ ਪਹਿਲਾਂ ਤਾਂ ਬ੍ਰੈਂਡਾ ਦੇ ਹੰਝੂ ਹੀ ਨਹੀਂ ਰੁੱਕੇ।

ਮੀਡੀਆ ਰਿਪੋਰਟ ਅਨੁਸਾਰ ਬ੍ਰੈਂਡਾ ਨੇ 9 ਨਵੰਬਰ ਦੀ ਸਵੇਰ ਨੂੰ ਬੇਟੀ ਨੂੰ ਜਨਮ ਦਿੱਤਾ ਤੇ ਉਸ ਦਿਨ ਸ਼ਾਮ ਨੂੰ ਉਸਦੀ ਲਾਟਰੀ ਲੱਗ ਗਈ। ਉਸਨੂੰ ਇਨਾਮ ਦੇ ਵਿਚ 80,000 ਪਾਉਂਡ (ਲਗਭਗ 80 ਲੱਖ ਰੁਪਏ ) ਮਿਲੇ। ਟੈਕਸ ਵਗੈਰਾ ਕੱਟਣ ਤੋਂ ਬਾਅਦ 53 ਲੱਖ ਰੁਪਏ ਦੀ ਰਕਮ 30 ਨਵੰਬਰ ਨੂੰ ਖਾਤੇ ਵਿੱਚ ਟਰਾਂਸਫਰ ਕਰ ਦਿੱਤੀ ਗਈ। ਹੁਣ ਬ੍ਰੈਂਡਾ ਦੀ ਇਹ ਕਹਾਣੀ ਸੋਸ਼ਲ ਮੀਡਿਆ ‘ਤੇ ਸੁਰਖੀਆਂ ਹਾਸਿਲ ਕਰ ਰਹੀ ਹੈ। ਬ੍ਰੈਂਡਾ ਨੇ ਦੱਸਿਆ ਕਿ ਉਹ ਆਪਣੇ ਜਨਮਦਿਨ ‘ਤੇ ਲਾਟਰੀ ਪਾਉਂਦੀ ਹੈ। ਪਰ ਕਦੇ ਵੀ ਸਫਲਤਾ ਨਹੀਂ ਮਿਲੀ। ਜਿਵੇਂ ਹੀ US powerball lottery Draw ਦਾ ਐਲਾਨ ਹੋਇਆ ਤਾਂ ਉਸਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਬ੍ਰੈਂਡਾ ਦੇ ਪਹਿਲਾਂ ਤੋਂ 2 ਬੱਚੇ ਹਨ।

ਐਲੀਮੈਂਟਰੀ ਵਿੰਗ ਦੇ DEO ਤੇ ਡਿਪਟੀ DEO ਨੇ ਸੰਭਾਲਿਆ ਅਹੁਦਾ

0

ਐੱਸ ਏ ਐੱਸ ਨਗਰ: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਇੱਥੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਐਲੀਮੈਂਟਰੀ ਵਿੰਗ ਵਿੱਚ ਨਵ-ਨਿਯੁਕਤ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਐਸਿ ਅਸ਼ਵਨੀ ਕੁਮਾਰ ਦੱਤਾ ਨੇ ਆਪਣਾ ਆਹੁਦਾ ਜ਼ਿਲ੍ਹਾ ਦਫ਼ਤਰ ਵਿਖੇ ਸੰਭਾਲ ਲਿਆ।

ਇਸ ਤੋਂ ਪਹਿਲਾਂ ਉਹ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੋ.ਐੱਡ) ਵਿਖੇ ਬਤੌਰ ਪ੍ਰਿੰਸੀਪਲ ਸੇਵਾਵਾਂ ਨਿਭਾ ਰਹੇ ਸਨ। ਉਹਨਾਂ ਵੱਲੋਂ ਅਹੁਦਾ ਸੰਭਾਲਣ ਮੌਕੇ ਸਮੂਹ ਅਧਿਆਪਕਾਂ ਅਤੇ ਦਫ਼ਤਰੀ ਸਟਾਫ਼ ਨੂੰ ਸਕੂਲ ਸਿੱਖਿਆ ਵਿਭਾਗ ਪੰਜਾਬ ਨੂੰ ਬੁਲੰਦੀਆਂ ਤੇ ਲਿਜਾਣ ਲਈ ਇੱਕ ਟੀਮ ਵਜੋਂ ਕੰਮ ਕਰਨ ਲਈ ਕਿਹਾ ਗਿਆ।

ਜ਼ਿਕਰਯੋਗ ਹੈ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪਿਛਲੇ ਦਿਨੀਂ ਨਵੇਂ ਡੀਈਓਜ਼ ਅਤੇ ਡਿਪਟੀ ਡੀਈਓਜ਼ ਦੀਆਂ ਤੈਨਾਤੀਆਂ ਕੀਤੀਆਂ ਗਈਆਂ ਹਨ। ਜਿਸਦੇ ਤਹਿਤ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਰਮਿੰਦਰ ਕੌਰ ਵੱਲੋਂ ਵੀ ਆਪਣਾ ਆਹੁਦਾ ਸੰਭਾਲ ਲਿਆ ਗਿਆ ਹੈ।

ਇਸ ਮੌਕੇ ਉਹਨਾਂ ਨਾਲ ਪਹੁੰਚੇ ਅਮਨਦੀਪ ਸ਼ਰਮਾ ਜ਼ਿਲ੍ਹਾ ਪ੍ਰਧਾਨ ਜੀਟੀਯੂ ਹੁਸ਼ਿਆਰਪੁਰ, ਗੁਰਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਜੀਟੀਯੂ (ਵਿਗਿਆਨਕ) ਹੁਸ਼ਿਆਰਪੁਰ, ਜਤਿੰਦਰ ਸਿੰਘ ਸੋਨੀ, ਸੀਮਾ ਸੈਣੀ, ਗੁਰਪ੍ਰੀਤ ਕੌਰ ਪ੍ਰਵੀਨ ਕੁਮਾਰੀ, ਸਵਿਤਾ ਦੇਵੀ, ਸੁਰਜੀਤ ਕੁਮਾਰ, ਹਰਕਮਲ ਸਿੰਘ, ਰਾਜ ਬਹਾਦਰ ਸਿੰਘ, ਗੀਤਾ ਮਹਿਤਾ, ਦਫ਼ਤਰ ਸਟਾਫ਼ ਅਤੇ ਸੁਪਰਡੰਟ ਰਾਜੀਵ ਸ਼ਰਮਾ, ਅਤੇ ਇਸ ਜ਼ਿਲ੍ਹੇ ਦੇ ਅਧਿਆਪਕ ਮੌਜੂਦ ਸਨ।

ਨਵੇਂ ਸਾਲ ਤੋਂ ਮਹਿੰਗੀਆਂ ਹੋਣਗੀਆਂ ਮਾਰੂਤੀ ਸੁਜ਼ੂਕੀ ਦੀਆਂ ਕਾਰਾਂ

0

 

ਲੋਕਾਂ ਦੀ ਪਸੰਦ ਬਣਦੀ ਜਾ ਰਹੀ ਮਾਰੂਤੀ ਸੁਜ਼ੂਕੀ ਦੀ ਕਾਰਾਂ ਨਵੇਂ ਸਾਲ ਤੋਂ ਮਹਿੰਗੀਆਂ ਹੋਣ ਜਾ ਰਹੀਆਂ ਹਨ। ਲਾਗਤ ਵਿੱਚ ਵਾਧੇ ਦੇ ਪ੍ਰਭਾਵ ਨੂੰ ਘੱਟ ਕਰਨ ਲਈ ਕੰਪਨੀ ਇਹ ਕਦਮ ਚੁੱਕਣ ਜਾ ਰਹੀ ਹੈ। ਹਾਲਾਂਕਿ ਕੀਮਤਾਂ ਵਿੱਚ ਕਿੰਨਾਂ ਵਾਧਾ ਹੋਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਦੂਜੇ ਪਾਸੇ ਮਾਰੂਤੀ ਸੁਜੂਕੀ ਨੇ ਕਿਹਾ ਕਿ ਪਿਛਲੇ ਇਕ ਸਾਲ ‘ਚ ਕਈ ਇਨਪੁਟ ਕੋਸਟ ਵਿੱਚ ਵਾਧਾ ਹੋਣ ਕਰਕੇ ਕੰਪਨੀ ਦੇ ਵ੍ਹੀਕਲਾਂ ਦੀ ਲਾਗਤ ‘ਤੇ ਪ੍ਰਤਿਕੂਲ ਪ੍ਰਭਾਵ ਪਿਆ ਹੈ। ਇਸ ਲਈ ਕੀਮਤਾਂ ਦੇ ਵਾਧੇ ਦੇ ਰਾਹੀਂ ਗ੍ਰਾਹਕਾਂ ‘ਤੇ ਇਸ ਚਾਰਜ ਦੇ ਕੁਝ ਭਾਰ ਨੂੰ ਦੇਣਾ ਜਰੂਰੀ ਹੋ ਗਿਆ ਹੈ। ਕੰਪਨੀ ਦੇਸ਼ ‘ਚ ਹੈਚਬੈਕ ਔਲਟੋ ਤੋਂ ਲੈ ਕੇ ਐਸਕ੍ਰਾਸ ਐਸਯੂਵੀ ਤਕ ਕਈ ਮਾਡਲ ਵੇਚਦੀ ਹੈ। ਇਕ ਦਿਨ ਪਹਿਲਾਂ ਹੀ ਕੰਪਨੀ ਨੇ ਨਵੰਬਰ ‘ਚ ਆਪਣੇ ਕਾਰ ਦੀ ਵਿਕਰੀ ਦੇ ਅੰਕੜੇ ਵੀ ਜਾਰੀ ਕੀਤੇ ਹਨ।

ਕੰਪਨੀ ਨੇ ਨਵੰਬਰ 2022 ਵਿੱਚ ਕੁੱਲ 1,59, 044 ਯੂਨਿਟਾਂ ਵੇਚੀਆਂ , ਜਿਹੜੀਆਂ ਨਵੰਬਰ 2021 ਵਿੱਚ 139, 184 ਯੂਨਿਟ ਦੇ ਮੁਕਾਬਲੇ 14.26 ਫ਼ੀਸਦੀ ਜਿਆਦਾ ਰਹੀ। ਕੰਪਨੀ ਦੇ ਮੁਤਾਬਿਕ ਘਰੇਲੂ ਵਿਕਰੀ ‘ਚ ਮਾਰੂਤੀ ਨੇ ਪਿਛਲੇ ਮਹੀਨੇ 1, 35, 055 ਯੂਨਿਟ ਵੇਚੀ। ਜੋ ਪਿਛਲੇ ਸਾਲ ਨਵੰਬਰ ਦੇ 113, 017 ਯੂਨਿਟ ਤੋਂ ਜ਼ਿਆਦਾ ਹਨ। ਕੰਪਨੀ ਨੇ ਔਲਟੋ, ਐਸ ਪ੍ਰੇਸੋ ਵਰਗੇ ਮਿੰਨੀ ਸੈਗਮੇਂਟ ਦੀ ਪਿਛਲੇ ਮਹੀਨੇ 18, 251 ਕਾਰਾਂ ਵੇਚੀਆਂ। ਉੱਥੇ ਹੀ ਕੰਪੈਕਟ ਵਿੱਚ ਬਲੇਨੋ, ਸਿਲੇਰਿਯੋ, ਡਿਜਾਯਰ, ਇਗਨਿਸ, ਸਵਿਫ਼ਟ, ਟੂਰ ਐਸ ਅਤੇ ਵੇਗਾਨ ਆਰ ਦੀ ਕੁੱਲ 72, 844 ਕਾਰਾਂ ਵੇਚੀਂ। ਜਦੋਂਕਿ ਕੱਲੀ ਸਿਆਜ਼ ਦੀ 1554 ਯੂਨਿਟਸ ਵੇਚੀਆਂ ਹਨ। ਯੂਟਿਲਿਟੀ ਕਾਰਾਂ ਜਿਵੇਂ ਬਰਿਜਾ, ਅਰਟੀਗਾ, ਐਸ -ਕ੍ਰਾਸ, ਐਕਸਐਲ-6 ਅਤੇ ਗ੍ਰੈਂਡ ਵਿਟਾਰਾ ਕੰਪਨੀ ਨੇ ਕੁੱਲ ਮਿਲਾਕੇ 32, 563 ਯੂਨਿਟਾਂ ਵੇਚੀਆਂ ਹਨ।

ਲਾਰੈਂਸ ਬਿਸ਼ਨੋਈ ਦੇ ਵਕੀਲ ਦਾ ਦਾਅਵਾ- ਗੋਲਡੀ ਬਰਾੜ ਦੀ ਨਹੀਂ ਹੋਈ ਗ੍ਰਿਫ਼ਤਾਰੀ

0

ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਵਿਸ਼ਾਲ ਚੋਪੜਾ ਨੇ ਦਾਅਵਾ ਕੀਤਾ ਹੈ ਕਿ ਗੋਲਡੀ ਬਰਾੜ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਜਿਹੜੀਆਂ ਵੀ ਉਸ ਦੀ ਗ੍ਰਿਫ਼ਤਾਰੀ ਸਬੰਧੀ ਖਬਰਾਂ ਚੱਲ ਰਹੀ ਹਨ, ਸਭ ਗ਼ਲਤ ਹਨ। ਦਰਅਸਲ ਅੱਜ ਪਟਿਆਲਾ ਹਾਊਸ ਕੋਰਟ ‘ਚ ਲਾਰੈਂਸ ਬਿਸ਼ਨੋਈ ਦੀ ਪੇਸ਼ੀ ਸੀ। NIA ਨੇ 10 ਦਿਨਾਂ ਲਈ ਰਿਮਾਂਡ ਦੀ ਮੰਗ ਕੀਤੀ ਸੀ ਪਰ ਲਾਰੈਂਸ ਦੀ NIA ਹਿਰਾਸਤ ਚਾਰ ਦਿਨ ਹੋਰ ਵਧਾ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਇਹ ਖਬਰ ਸਾਹਮਣੇ ਆਈ ਸੀ ਕਿ ਅਮਰੀਕਾ ਦੇ ਕੈਲੀਫੋਰਨੀਆ ‘ਚ ਗੋਲਡੀ ਬਰਾੜ ਨੂੰ ਡਿਟੇਨ ਕਰ ਲਿਆ ਗਿਆ ਹੈ। ਗੋਲਡੀ ਬਰਾੜ ਦੀ ਗ੍ਰਿਫਤਾਰੀ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਇਹੀ ਕਿਹਾ ਗਿਆ ਸੀ ਕਿ ਇਹ ਖਬਰ ਬਿਲਕੁਲ ਸਹੀ ਹੈ ਕਿ ਗੋਲਡੀ ਨੂੰ ਅਮਰੀਕਾ ‘ਚ ਗ੍ਰਿਫਤਾਰ ਕਰ ਲਿਆ ਗਿਆ ਹੈ ਪਰ ਅੱਜ ਲਾਰੈਂਸ ਦੀ ਪੇਸ਼ੀ ਦੌਰਾਨ ਉਸਦੇ ਵਕੀਲ ਵਿਸ਼ਾਲ ਚੋਪੜਾ ਵੱਲੋਂ ਕਿਹਾ ਗਿਆ ਹੈ ਕਿ ਗੋਲਡੀ ਦੀ ਗ੍ਰਿਫਤਾਰੀ ਨਹੀਂ ਹੋਈ।

ਇਸਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਗੋਲਡੀ ਬਰਾੜ ਦੇ ਨਾਂ ਤੋਂ ਇੱਕ ਪੋਸਟ ਵੀ ਵਾਇਰਲ ਹੋ ਰਹੀ ਹੈ। ਗੈਂਗਸਟਰ ਗੋਲਡੀ ਬਰਾੜ ਵੱਲੋਂ ਇਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ‘ਚ ਉਸਨੇ ਕੈਲੀਫਾਰਨੀਆਂ ‘ਚ ਉਸਦੀ ਗ੍ਰਿਫਤਾਰੀ ਨੂੰ ਅਫਵਾਹ ਦੱਸਿਆ ਹੈ। ਉਸਨੇ ਦੱਸਿਆ ਹੈ ਕਿ ਇਹ ਜੋ ਗ੍ਰਿਫਤਾਰੀਆਂ ਦੀਆਂ ਖ਼ਬਰਾਂ ਚੱਲ ਰਹੀਆਂ ਹਨ ਉਹ ਬਿਲਕੁੱਲ ਝੂਠੀਆਂ ਹਨ, ਮੈਂ ਬਿਲਕੁੱਲ ਠੀਕ ਤੇ ਸਹੀ ਸਲਾਮਤ ਹਾਂ।

ਉਸਨੇ ਲਿਖਿਆ ਹੈ ਕਿ ਅੱਜ ਇਹ ਜੋ ਰਾਜਸਥਾਨ ‘ਚ 3-4 ਮਰਡਰ ਹੋਏ ਹਨ ਰਾਜੂ ਠੇਠ ਤੇ ਉਸਦੇ ਸਾਥੀਆਂ ਦਾ ਇਹ ਹਮਾਰੇ ਭਾਈ ਰੋਹਿਤ ਗਦਾਰਾ ਨੇ ਕਰਵਾਇਆ ਹੈ। ਇਸ ਦੀ ਜ਼ਿੰਮੇਵਾਰੀ ਅਸੀਂ ਲਾਰੈਂਸ ਬਿਸ਼ਨੋਈ ਗਰੁਪ ਲੈਂਦੇ ਹਾਂ। ਇਹ ਸਾਡਾ ਐਂਟੀ ਸੀ ਉਸਦੀ ਖਰੀਦੀ ਹੋਈ ਮੌਤ ਉਸ ਨੂੰ ਮਿਲ ਗਈ ਤੇ ਇਹ ਜੋ ਫੇਕ ਨਿਊਜ਼ ਚੱਲ ਰਹੀ ਹੈ ਕਿ ਮੈਂ ਗੋਲਡੀ ਬਰਾਰ ਗ੍ਰਿਫਤਾਰ ਕਰ ਲਿਆ ਗਿਆ ਹਾਂ ਅਜਿਹਾ ਕੁਝ ਨਹੀਂ ਹੈ। ਮੈਂ ਬਾਬਾ ਜੀ ਦੀ ਮਹਿਰ ਸਦਕਾ ਬਿਲਕੁੱਲ ਠੀਕ ਹਾਂ ਤੇ ਸਾਰੇ ਐਂਟੀ ਤਿਆਰ ਰਹਿਣ ਲਾਰੈਂਸ ਬਿਸ਼ਨੋਈ ਗਰੁੱਪ ਬਦਲਾ ਜ਼ਰੂਰ ਲਵੇਗਾ।

ਗੈਂਗਸਟਰ ਪਵਿੱਤਰ ਸਿੰਘ ਦਾ ਸਾਥੀ ਗ੍ਰਿਫਤਾਰ

0

ਰੂਪਨਗਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਜ਼ਿਲ੍ਹਾ ਪੁਲਿਸ ਵਲੋਂ ਹਥਿਆਰਾਂ ਦੀ ਸਪਲਾਈ ਅਤੇ ਨਸ਼ਾ ਤਸਕਰੀ ਕਰਨ ਵਾਲਾ ਗੈਂਗਸਟਰ ਪਵਿੱਤਰ ਸਿੰਘ ਦਾ ਸਾਥੀ ਭਾਰਤ ਭੂਸ਼ਨ ਪੰਮੀ ਨੂੰ 4 ਪਿਸਟਲ ਤੇ 34 ਜਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਵਿਵੇਕ ਐੱਸ ਸੋਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਜਾਰੀ ਹਦਾਇਤਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਅਧੀਨ ਪੁਲਿਸ ਟੀਮਾਂ ਵਲੋਂ ਅਪਰਾਧਿਕ ਪਿਛੋਕੜ ਵਾਲੇ ਦੋਸ਼ੀਆਂ ਦੀ ਹਰ ਗਤੀਵਿਧੀ ਉੱਤੇ ਨਿਗਰਾਨੀ ਰੱਖੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਇਸ ਵਿਸ਼ੇਸ਼ ਮੁਹਿੰਮ ਤਹਿਤ, ਕਪਤਾਨ ਪੁਲਿਸ (ਡਿਟੇਕਟਿਵ) ਮਨਵਿੰਦਰਬੀਰ ਸਿੰਘ ਅਤੇ ਉਪ ਕਪਤਾਨ ਪੁਲਿਸ (ਡਿਟੈਕਟਿਵ) ਤਲਵਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਇੰਸਪੈਕਟਰ ਇੰਚਾਰਜ ਸੀ.ਆਈ.ਏ. ਸਤਨਾਮ ਸਿੰਘ ਰੂਪਨਗਰ ਦੀ ਟੀਮ ਨੇ ਭਾਰਤ ਭੂਸ਼ਨ ਪੰਮੀ ਵਾਸੀ ਵਾਰਡ ਨੰਬਰ 6 ਮੰਡੀ ਅਹਿਮਦਗੜ੍ਹ ਥਾਣਾ ਸਿਟੀ ਅਹਿਮਦਗੜ੍ਹ ਜਿਲ੍ਹਾ ਮਲੇਰਕੋਟਲਾ ਨੂੰ ਗ੍ਰਿਫਤਾਰ ਕੀਤਾ ਜੋ ਦੋਸ਼ੀ ਭਗੌੜੇ ਗੈਂਗਸਟਰ ਪਵਿੱਤਰ ਸਿੰਘ ਵਾਸੀ ਪਿੰਡ ਚੌੜਾ ਜਿਲ੍ਹਾ ਗੁਰਦਾਸਪੁਰ, ਹਾਲ ਵਾਸੀ ਕੈਲੋਫੋਰਨੀਆ (ਯੂ.ਐਸ.ਏ) ਦਾ ਸਾਥੀ ਹੈ।

ਐਸ.ਐਸ.ਪੀ ਨੇ ਦੱਸਿਆ ਕਿ ਦੋਸ਼ੀ ਭਾਰਤ ਭੂਸ਼ਨ ਪੰਮੀ ਕੋਲੋਂ .32 ਬੋਰ ਦੇ 3 ਪਿਸਟਲ, 1 ਇੰਪੋਰਟਡ ਪਿਸਟਲ (ਕੋਲਟ ਗੌਰਮਿੰਟ 1911 ਏ ਵਨ, ਕੋਲ 9 ਐਮ.ਐਮ ਪੀ.ਏ.ਕੇ) ਅਤੇ 34 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਦੋਸ਼ੀ ਨੂੰ ਗ੍ਰਿਫਤਾਰ ਕਰਕੇ ਮੁਕੱਦਮਾਂ ਨੰਬਰ 229 ਮਿਤੀ 02.12 2022 ਅ/ਧ 25-54-59 ਆਰਮ ਐਕਟ ਥਾਣਾ ਸਿਟੀ ਰੂਪਨਗਰ ਦਰਜ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਦੋਸ਼ੀ ਵਿਰੁੱਧ ਪਹਿਲਾ ਵੀ ਐਨ.ਡੀ.ਪੀ.ਐਸ. ਐਕਟ ਦੇ ਮਾਮਲੇ ਅਹਿਮਦਗੜ੍ਹ ਅਤੇ ਲੁਧਿਆਣਾ ਵਿਖੇ ਦਰਜ ਹਨ ਜਿਸ ਉਪਰੰਤ ਨਸ਼ਿਆਂ ਦੀ ਤਸਕਰੀ ਸਮੇਤ ਭਾਰਤ ਭੂਸ਼ਨ ਪੰਮੀ ਨੇ ਹਥਿਆਰਾਂ ਦੀ ਸਪਲਾਈ ਵੀ ਸ਼ੁਰੂ ਕਰ ਦਿੱਤੀ ਸੀ ਵਿਵੇਕ ਐੱਸ ਸੋਨੀ ਨੇ ਦੱਸਿਆ ਕਿ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਪਾਸੋਂ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਆਸ ਹੈ। ਮੁਕਦਮਾਂ ਦੀ ਤਫਤੀਸ਼ ਜਾਰੀ ਹੈ।

ਪੰਜਾਬ BJP ਨੇ 58 ਅਹੁਦੇਦਾਰਾਂ ਦਾ ਕੀਤਾ ਐਲਾਨ

0

ਪੰਜਾਬ ਭਾਜਪਾ ਨੇ ਅਹੁਦੇਦਾਰਾਂ ਦਾ ਐਲਾਨ ਕੀਤਾ ਹੈ। 11 ਮੀਤ ਪ੍ਰਧਾਨ ਤੇ ਪੰਜ ਜਨਰਲ ਸਕੱਤਰ ਲਗਾਏ ਹਨ। ਦੂਜੀਆਂ ਪਾਰਟੀਆਂ ‘ਚੋਂ ਆਏ ਆਗੂਆਂ ਨੂੰ ਵੀ ਕਾਰਜਕਾਰਨੀ ‘ਚ ਜਗ੍ਹਾ ਮਿਲੀ ਹੈ।

ਮੁਹਾਲੀ ‘ਚ ਰੇਹੜੀ-ਫੜ੍ਹੀ ਵਾਲਿਆਂ ਨੂੰ ਮਿਲੇਗੀ ਵੱਖਰੀ ਮਾਰਕੀਟ: ਅਮਨ ਅਰੋੜਾ

0

ਨਾਜਾਇਜ਼ ਕਬਜ਼ੇ ਹਟਾਉਣ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਕਿਸੇ ਨੂੰ ਆਪਣੀ ਰੋਜ਼ੀ-ਰੋਟੀ ਤੋਂ ਮੁਥਾਜ ਨਾ ਹੋਣਾ ਪਵੇ ਇਸ ਨੂੰ ਯਕੀਨੀ ਬਣਾਉਣ ਵਾਸਤੇ ਗਰੇਟਰ ਮੁਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਰੇਹੜੀ-ਫੜ੍ਹੀ (ਸਟਰੀਟ ਵੈਂਡਰਾਂ) ਵਾਲਿਆਂ ਲਈ ਵੱਖਰੀ (ਡੈਡੀਕੇਟਿਡ) ਮਾਰਕੀਟ ਵਿਕਸਤ ਕਰਨ ਲਈ ਨਗਰ ਨਿਗਮ, ਐਸ.ਏ.ਐਸ. ਨਗਰ ( ਮੁਹਾਲੀ ) ਨੂੰ ਚਾਰ ਸਾਈਟਾਂ ਅਲਾਟ ਕੀਤੀਆਂ ਗਈਆਂ ਹਨ, ਜਿਸ ਨਾਲ ਸਟਰੀਟ ਵੈਂਡਰਾਂ ਨੂੰ ਕੰਮ-ਕਾਜ ਅਤੇ ਲੋਕਾਂ ਨੂੰ ਖਰੀਦਦਾਰੀ ਕਰਨ ਵਿੱਚ ਸੌਖ ਹੋਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਨਾ ਕੇਵਲ ਇਨ੍ਹਾਂ ਸਟਰੀਟ ਵੈਂਡਰਾਂ ਨੂੰ ਕਾਰੋਬਾਰ ਲਈ ਇੱਕ ਸਮਰਪਿਤ ਜਗ੍ਹਾ ਮਿਲੇਗੀ ਬਲਕਿ ਗਾਹਕਾਂ ਨੂੰ ਵੀ ਇਕ ਸਥਾਨ ਉਤੇ ਖਰੀਦਦਾਰੀ ਕਰਨੀ ਸੌਖੀ ਹੋਵੇਗੀ। ਇਸ ਨਾਲ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਵੀ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਇਹ ਸਾਈਟਾਂ ਨਗਰ ਨਿਗਮ ਨੂੰ ਕੇਵਲ ਰੇਹੜੀ-ਫੜ੍ਹੀ ਵਾਲਿਆਂ ਲਈ ਮਾਰਕੀਟਾਂ ਵਿਕਸਤ ਕਰਨ ਲਈ ਮੁਫ਼ਤ ਵਿੱਚ ਸੌਂਪੀਆਂ ਗਈਆਂ ਹਨ।

ਅਮਨ ਅਰੋੜਾ ਨੇ ਦੱਸਿਆ ਕਿ ਇਹ ਚਾਰ ਥਾਵਾਂ ਸੈਕਟਰ-56 ਵਿੱਚ 3341.59 ਵਰਗ ਗਜ਼, ਸੈਕਟਰ-77 ਵਿੱਚ 2516.88 ਵਰਗ ਗਜ਼ ਤੇ 1873.14 ਵਰਗ ਗਜ਼, ਅਤੇ ਸੈਕਟਰ-78 ਵਿੱਚ 2588.24 ਵਰਗ ਗਜ਼ ਵਿੱਚ ਸਥਿਤ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਈਟਾਂ ਦੀ ਚੋਣ ਵੱਖ ਵੱਖ ਖੇਤਰਾਂ ਨੂੰ ਜੋੜਨ ਵਾਲੀਆਂ ਸੜਕਾਂ ਤੱਕ ਆਸਾਨ ਪਹੁੰਚ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੈ।

ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਕਿਹਾ ਕਿ ਨਗਰ ਨਿਗਮ, ਐਸ.ਏ.ਐਸ. ਨਗਰ ਨੂੰ ਸਟਰੀਟ ਵੈਂਡਰਾਂ ਨੂੰ ਅਜਿਹੇ ਢੰਗ ਨਾਲ ਤਬਦੀਲ ਕਰਨ ਲਈ ਕਿਹਾ ਹੈ ਤਾਂ ਜੋ ਇਕ ਪਾਕੇਟ ਵਿੱਚ ਇਕੋ ਤਰ੍ਹਾਂ ਦੇ ਕੰਮ ਵਾਲੇ ਹੋਣ ਤਾਂ ਜੋ ਖਰੀਦਦਾਰਾਂ ਅਤੇ ਕਾਰੋਬਾਰ ਕਰਨ ਵਾਲਿਆਂ ਨੂੰ ਲਾਭ ਮਿਲ ਸਕੇ।

ਉਨ੍ਹਾਂ ਦੱਸਿਆ ਕਿ ਨਗਰ ਨਿਗਮ ਨੂੰ ਅਲਾਟ ਕੀਤੀਆਂ ਗਈਆਂ ਇਨ੍ਹਾਂ ਸਾਈਟਾਂ ਦੀ ਮਾਲਕੀ ਗਮਾਡਾ ਕੋਲ ਹੀ ਰਹੇਗੀ। ਭਵਿੱਖ ਵਿੱਚ ਨਗਰ ਨਿਗਮ ਜੇਕਰ ਇਨ੍ਹਾਂ ਥਾਵਾਂ ਤੋਂ ਸਟਰੀਟ ਵੈਂਡਰਾਂ ਨੂੰ ਕਿਤੇ ਹੋਰ ਤਬਦੀਲ ਕਰਨਾ ਚਾਹੁੰਦਾ ਹੈ ਤਾਂ ਗਮਾਡਾ ਇਨ੍ਹਾਂ ਸਾਈਟਾਂ ਦਾ ਕਬਜ਼ਾ ਵਾਪਸ ਲੈ ਸਕੇਗਾ। ਅਜਿਹੀ ਸਥਿਤੀ ਵਿੱਚ ਇਨ੍ਹਾਂ ਵੈਂਡਰ ਸਾਈਟਾਂ ਨੂੰ ਹੋਰ ਥਾਂ ਤਬਦੀਲ ਕਰਨ ਦਾ ਖਰਚਾ ਨਗਰ ਨਿਗਮ ਵੱਲੋਂ ਹੀ ਚੁੱਕਿਆ ਜਾਵੇਗਾ।

PSEB ਵੱਲੋਂ ਸਲਾਨਾ ਪ੍ਰੀਖਿਆਵਾਂ ਸਬੰਧੀ ਮਿਤੀ ਦਾ ਐਲਾਨ

0

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫ਼ਰਵਰੀ/ਮਾਰਚ 2023 ਵਿੱਚ ਕਰਵਾਈਆਂ ਜਾਣ ਵਾਲੀਆਂ ਪੰਜਵੀਂ, ਅੱਠਵੀ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਸਲਾਨਾ ਪ੍ਰੀਖਿਆਵਾਂ ਦੀਆਂ ਮਿਤੀਆਂ ਨਿਰਧਾਰਤ ਕਰ ਦਿੱਤੀਆਂ ਗਈਆਂ ਹਨ।

ਕੰਟਰੋਲਰ ਪ੍ਰੀਖਿਆਵਾਂ ਜੇ.ਆਰ.ਮਹਿਰੋਕ ਵੱਲੋਂ ਮੀਡੀਆ ਨੂੰ ਮੁਹੱਈਆ ਕਰਵਾਈ ਜਾਣਕਾਰੀ ਅਨੁਸਾਰ ਫ਼ਰਵਰੀ/ਮਾਰਚ 2023 ਵਿੱਚ ਕਰਵਾਈਆਂ ਜਾਣ ਵਾਲੀਆਂ ਸਲਾਨਾਂ ਪ੍ਰੀਖਿਆਵਾਂ ਵਿੱਚ ਪੰਜਵੀਂ ਸ਼੍ਰੇਣੀ ਦੀਆਂ ਪਰੀਖਿਆਵਾਂ 16 ਫ਼ਰਵਰੀ 2023 ਤੋਂ 24 ਫ਼ਰਵਰੀ 2023 ਤੱਕ, ਅੱਠਵੀਂ ਸ਼੍ਰੇਣੀ ਦੀਆਂ ਪਰੀਖਿਆਵਾਂ 20 ਫ਼ਰਵਰੀ 2023 ਤੋਂ 6 ਮਾਰਚ 2023 ਤੱਕ, ਦਸਵੀਂ ਸ਼੍ਰੇਣੀ ਦੀਆਂ ਪਰੀਖਿਆਵਾਂ 21 ਮਾਰਚ 2023 ਤੋਂ 18 ਅਪਰੈਲ 2023 ਤੱਕ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਪਰੀਖਿਆਵਾਂ 20 ਫ਼ਰਵਰੀ 2023 ਤੋਂ 13 ਅਪਰੈਲ 2023 ਤੱਕ ਕਰਵਾਈਆਂ ਜਾਣਗੀਆਂ।

ਇਹ ਵੀ ਪੜ੍ਹੋ: ਮੁੱਖ ਸਕੱਤਰ ਵੱਲੋਂ ਸਾਰੇ ਬੱਚਿਆਂ ਦੇ ਆਧਾਰ ਕਾਰਡ ਬਣਾਉਣ ਦੇ ਨਿਰਦੇਸ਼

ਜੇ.ਆਰ.ਮਹਿਰੋਕ ਵੱਲੋਂ ਦਿੱਤੀ ਹੋਰ ਜਾਣਕਾਰੀ ਅਨੁਸਾਰ ਲਿਖਤੀ ਪਰੀਖਿਆਵਾਂ ਉਪਰੰਤ ਇਨ੍ਹਾਂ ਸਾਰੀਆਂ ਸ਼੍ਰੇਣੀਆਂ ਦੀਆਂ ਪ੍ਰਯੋਗੀ ਪਰੀਖਿਆਵਾ ਕਰਵਾਈਆਂ ਜਾਣਗੀਆਂ। ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੇ ਐੱਨ.ਐੱਸ.ਕਿਊ.ਐੱਫ ਵਿਸ਼ਿਆਂ ਦੀਆਂ, ਬਾਰ੍ਹਵੀਂ ਸ਼੍ਰੇਣੀ ਦੇ ਵੋਕੇਸ਼ਨਲ ਗਰੁੱਪ ਦੇ ਪ੍ਰਯੋਗੀ ਵਿਸ਼ਿਆਂ ਅਤੇ ਦਸਵੀਂ ਸ਼੍ਰੇਣੀ ਦੇ ਪ੍ਰੀ-ਵੋਕੇਸ਼ਨਲ ਵਿਸ਼ਿਆਂ ਦੀਆਂ ਪ੍ਰਯੋਗੀ ਪਰੀਖਿਆਵਾਂ ਮਿਤੀ 23 ਜਨਵਰੀ ਤੋਂ ਪਹਿਲੀ ਫ਼ਰਵਰੀ ਤੱਕ ਕਰਵਾਈਆਂ ਜਾਣਗੀਆਂ। ਇਹ ਪਰੀਖਿਆਵਾਂ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਕਰਵਾਈਆਂ ਜਾਣਗੀਆਂ।

ਇਹ ਵੀ ਪੜ੍ਹੋ: ਅੰਮ੍ਰਿਤਸਰ ਪੁਲਿਸ ਨੇ ਫਰਾਰ ਹੋਏ 2 ਗੈਂਗਸਟਰਾਂ ਨੂੰ ਕੀਤਾ ਕਾਬੂ

ਪੰਜਵੀਂ, ਅੱਠਵੀ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਦੀਆਂ ਪਰੀਖਿਆਵਾਂ ਸਬੰਧੀ ਡੇਟ-ਸ਼ੀਟ ਅਤੇ ਸੰਪੂਰਨ ਜਾਣਕਾਰੀ ਬਾਅਦ ਵਿੱਚ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ‘ਤੇ ਉਪਲਬਧ ਕਰਵਾਈ ਜਾਵੇਗੀ। ਵਧੇਰੇ ਜਾਣਕਾਰੀ ਲਈ ਦਫ਼ਤਰੀ ਕੰਮ-ਕਾਜ ਵਾਲੇ ਦਿਨਾਂ ਵਿੱਚ ਟੈਲੀਫ਼ੋਨ ਨੰਬਰ 0172-5227333, 5227334 ‘ਤੇ ਅਤੇ ਈ-ਮੇਲ ਆਈ.ਡੀ. conductpseb@gmail.com ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।

ਜੇ ਏਸ਼ੀਆ ਕੱਪ ਦੀ ਮੇਜ਼ਬਾਨੀ ਖੋਹੀ ਤਾਂ ਪਾਕ ਟੀਮ ਵੀ ਨਹੀਂ ਖੇਡੇਗੀ: ਰਮੀਜ਼ ਰਾਜਾ

0

ਜੇਕਰ ਪਾਕਿਸਤਾਨ ਤੋਂ ਏਸ਼ੀਆ ਕੱਪ ਦੀ ਮੇਜ਼ਬਾਨੀ ਖੋਹੀ ਤਾਂ ਪਾਕ ਟੀਮ ਵੀ ਟੂਰਨਾਮੈਂਟ ਨਹੀਂ ਖੇਡੇਗੀ। ਪਾਕਿਸਤਾਨ ਕ੍ਰਿਕੇਟ ਬੋਰਡ ਦੇ ਚੇਅਰਮੈਨ ਰਮੀਜ਼ ਰਾਜਾ ਨੇ ਇਹ ਬਿਆਨ ਦਿੰਦੇ ਹੋਏ ਆਪਣੇ ਇਰਾਦੇ ਸਾਫ ਕੀਤੇ ਹਨ। ਰਾਜਾ ਨੇ ਇਸ ਬਾਰੇ ਗੱਲਬਾਤ ਕਰਦੇ ਹੋਏ ਕਿਹਾ ਕਿ ਜੇ 2023 ਦਾ ਏਸ਼ੀਆ ਕੱਪ ਪਾਕਿਸਤਾਨ ‘ਚ ਨਹੀਂ ਹੋਇਆ ਤਾਂ ਉਹਨਾਂ ਦੀ ਟੀਮ ਵੀ ਟੂਰਨਾਮੈਂਟ ਵਿਚ ਨਹੀਂ ਖੇਡੇਗੀ। ਭਾਰਤੀ ਟੀਮ ਪਾਕਿਸਤਾਨ ਨਹੀਂ ਆ ਸਕਦੀ, ਇਸ ਵਜ੍ਹਾ ਕਰਕੇ ਟੂਰਨਾਮੈਂਟ ਦੀ ਲੋਕੇਸ਼ਨ ਸ਼ਿਫਟ ਨਹੀਂ ਹੋਣੀ ਚਾਹੀਦੀ। ਭਾਰਤ ਨਾ ਆਏ ਤਾਂ ਨਾ ਸਹੀ ਪਰ ਵੈਨਯੂ ਬਦਲਿਆ ਤਾਂ ਸਬ ਤੋਂ ਪਹਿਲਾਂ ਪਾਕਿਸਤਾਨ ਟੀਮ ਟੂਰਨਾਮੈਂਟ ਤੋਂ ਅਪਣਾ ਨਾਮ ਵਾਪਸ ਲਵੇਗੀ।

ਰਾਵਲਪਿੰਡੀ ‘ਚ ਇੰਗਲੈਂਡ- ਪਾਕਿਸਤਾਨ ਦੇ ਟੈਸਟ ਮੈਚ ਦੌਰਾਨ ਰਮੀਜ਼ ਰਾਜਾ ਨੇ ਨਰਾਜ਼ਗੀ ਦਿਖਾਉਂਦੇ ਹੋਏ ਕਿਹਾ ਕਿ ਅਸੀਂ ਟੂਰਨਾਮੈਂਟ ਹੋਸਟ ਕਰਣ ਲਈ ਮਰੇ ਨੀ ਜਾ ਰਹੇ। ਹੋਸਟਿੰਗ ਰਾਈਟਸ ਸਾਨੂੰ ਕੋਈ ਭੀਖ਼ ‘ਚ ਨਹੀਂ ਮਿਲੇ ਹਨ। ICC ਦੀ ਫੇਯਰ ਪ੍ਰੋਸੈਸ ਦੇ ਰਾਹੀਂ ਸਾਨੂੰ ਏਸ਼ੀਆ ਕੱਪ ਹੋਸਟ ਕਰਨ ਦੀ ਜਿੰਮੇਵਾਰੀ ਮਿਲੀ ਹੈ। ਜ਼ਿਕਰਯੋਗ ਹੈ ਕਿ 2023 ਦਾ ਏਸ਼ੀਆ ਕੱਪ ਸਤੰਬਰ ਮਹੀਨੇ ‘ਚ ਪਾਕਿਸਤਾਨ ਵਿੱਚ ਹੋਣਾ ਤੈਅ ਹੋਇਆ ਹੈ। ਇਸ ਵਾਰ ਏਸ਼ੀਆ ਕੱਪ 20 ਦਾ ਨਹੀਂ ਬਲਕਿ 50 ਓਵਰ ਦਾ ਹੋਵੇਗਾ। ਪਿਛਲੇ ਵਾਰ ਏਸ਼ੀਆ ਕੱਪ ਇਸੇ ਸਾਲ UAE ‘ਚ ਹੋਇਆ ਸੀ। ਹਾਲਾਂਕਿ 2022 ਵਾਲਾ ਕੱਪ ਸ਼੍ਰੀਲੰਕਾ ਵਿੱਚ ਹੋਣਾ ਸੀ ਪਰ ਉਹਨਾਂ ਦੇ ਦੇਸ਼ ਦੇ ਰਾਜਨੀਤਿਕ ਤੇ ਆਰਥਿਕ ਹਾਲਾਤ ਸਹੀ ਨਾ ਹੋਣ ਕਰਕੇ ਹੀ ਵੈਨਯੂ ਬਦਲਿਆ ਗਿਆ ਸੀ।

ਨਿਯੂਟਰਲ ਵੈਨਯੂ ‘ਤੇ ਹੋ ਸਕਦੇ ਮੈਚ

ਏਸ਼ੀਆ ਕ੍ਰਿਕਟ ਬੋਰਡ ਦੇ ਪ੍ਰੈਸੀਡੈਂਟ ਜੈ ਸ਼ਾਹ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਟੀਮ ਇੰਡੀਆ ਰਾਜਨੀਤਿਕ ਕਾਰਨਾਂ ਦੇ ਕਰਕੇ ਪਾਕਿਸਤਾਨ ਨਹੀਂ ਜਾ ਸਕਦੀ ਹੈ। ਕੱਪ ਦੇ ਹੋਸਟਿੰਗ ਰਾਈਟਸ ਪਾਕ ਕੋਲ ਹੈ ਪਰ ਟੂਰਨਾਮੈਂਟ ਦੀ ਲੋਕੇਸ਼ਨ ਸ਼ਿਫਟ ਕਰਕੇ ਨਿਯੂਟਰਲ ਵੈਨਯੂ ‘ਤੇ ਵੀ ਮੈਚ ਕਰਵਾਏ ਜਾ ਸਕਦੇ ਹਨ। ਸ਼ਾਹ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਸੇਕ੍ਰੇਟਰੀ ਵੀ ਹਨ। ਸ਼ਾਹ ਦੇ ਬਿਆਨ ਤੋਂ ਬਾਅਦ ਭਾਰਤ ਦੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਸੀ ਕਿ ਹੋਮ ਮਿਨੀਸਟ੍ਰੀ ਤੋਂ ਪਰਮਿਸ਼ਨ ਦੇ ਬਾਅਦ ਹੀ ਟੀਮ ਇੰਡੀਆ ਦੇ ਕਿਸੇ ਵੀ ਖਿਡਾਰੀ ਨੂੰ ਪਾਕਿਸਤਾਨ ਭੇਜਣ ‘ਤੇ ਫੈਸਲਾ ਲਿਆ ਜਾਵੇਗਾ। ਇਸਤੋਂ ਬਾਅਦ ਹੀ PCB ਚੇਅਰਮੈਨ ਨੇ ਕਿਹਾ ਸੀ ਕਿ ਮੇਜ਼ਬਾਨੀ ਹਟਾਈ ਗਈ ਤਾਂ ਪਾਕ ਟੀਮ ਵੀ ਨਹੀਂ ਖੇਡੇਗੀ। ਜ਼ਿਕਰਯੋਗ ਹੈ ਕਿ ਭਾਰਤੀ ਟੀਮ 2008 ਤੋਂ ਬਾਅਦ ਪਾਕਿਸਤਾਨ ਖੇਡਣ ਨਹੀਂ ਗਈ ਤੇ ਪਾਕਿ ਟੀਮ 2016 ਤੋਂ ਬਾਅਦ ਭਾਰਤ ਵਿੱਚ ਕੋਈ ਮੈਚ ਨਹੀਂ ਖੇਡੀ ਹੈ।