Home Blog Page 1800

ਮੁੱਖ ਸਕੱਤਰ ਵੱਲੋਂ ‘ਮੇਰਾ ਘਰ ਮੇਰੇ ਨਾਮ’ ਸਕੀਮ ਦੇ ਅਮਲ ਦੀ ਸਮੀਖਿਆ

0

ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਅੱਜ ਅਧਿਕਾਰੀਆਂ ਨੂੰ ਕਿਹਾ ਕਿ ਉਹ ਸੂਬੇ ਵਿੱਚ ‘ਮੇਰਾ ਘਰ ਮੇਰਾ ਨਾਮ’ ਸਕੀਮ ਤਹਿਤ ਚੱਲ ਰਹੇ ਕਾਰਜ ਨੂੰ ਜਲਦ ਤੋਂ ਜਲਦ ਮੁਕੰਮਲ ਕੀਤੇ ਜਾਣ ਨੂੰ ਯਕੀਨੀ ਬਣਾਉਣ।

ਮੀਟਿੰਗ ਦੌਰਾਨ ਮੁੱਖ ਸਕੱਤਰ ਨੂੰ ਸਕੀਮ ਦੀ ਪ੍ਰਗਤੀ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਨੂੰ ਦੱਸਿਆ ਗਿਆ ਕਿ ਸੂਬੇ ਦੇ 4200 ਤੋਂ ਵੱਧ ਪਿੰਡਾਂ ਵਿੱਚ ਡਰੋਨ ਮੈਪਿੰਗ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਬਾਕੀ ਪਿੰਡਾਂ ਵਿੱਚ ਵੀ ਕੰਮ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ।

ਮੁੱਖ ਸਕੱਤਰ ਨੇ ਇਸ ਸਕੀਮ ਅਧੀਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਲਾਲ ਲਕੀਰ ਦੀ ਹੱਦਬੰਦੀ ਲਈ ਸਾਰੇ ਜ਼ਿਲ੍ਹਿਆਂ ਵਿੱਚ ਡੀਜੀਪੀਐਸ ਡਿਵਾਈਸ ਦੀ ਵਰਤੋਂ ਕੀਤੀ ਜਾ ਸਕਦੀ ਹੈ ਤਾਂ ਜੋ ਕੰਮ ਵਿੱਚ ਤੇਜ਼ੀ ਲਿਆਂਦੀ ਜਾ ਸਕੇ। ਉਨ੍ਹਾਂ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਜ਼ਿਲ੍ਹਿਆਂ ਨੂੰ ਡੀਜੀਪੀਐਸ ਲਈ ਫੰਡ ਜਾਰੀ ਕੀਤੇ ਜਾਣ । ਉਨ੍ਹਾਂ ਕਿਹਾ ਕਿ ਇਸ ਕਾਰਜ ਨੂੰ ਮਿਸ਼ਨ ਮੋਡ ‘ਤੇ ਨੇਪਰੇ ਚਾੜ੍ਹਨ ਲਈ ਕੋਈ ਕਸਰ ਬਾਕੀ ਨਾ ਛੱਡੀ ਜਾਵੇ।

ਸਰਵੇ ਅਫਸਰਾਂ ਨੂੰ ਮਾਣ ਭੱਤਾ ਦੇਣ ਬਾਰੇ ਗੱਲ ਕਰਦਿਆਂ ਮੁੱਖ ਸਕੱਤਰ ਨੇ ਅੱਗੇ ਕਿਹਾ ਕਿ ਪੰਜਾਬ ਲੈਂਡ ਰਿਕਾਰਡ ਸੋਸਾਇਟੀ (ਪੀ.ਐਲ.ਆਰ ਐਸ.) ਦੇ ਫੰਡਾਂ ਵਿੱਚੋਂ ਸਰਵੇ ਅਫਸਰਾਂ ਨੂੰ ਪ੍ਰਤੀ ਪਿੰਡ ਦੇ ਹਿਸਾਬ ਨਾਲ ਮਾਣ ਭੱਤਾ ਅਦਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਪੀ.ਐਲ.ਆਰ.ਐਸ. ਨੂੰ ਹਦਾਇਤ ਕੀਤੀ ਕਿ ਉਹ ਸਕੀਮ ਨੂੰ ਲਾਗੂ ਕਰਨ ਦੌਰਾਨ ਤਿਆਰ ਕੀਤੇ ਗਏ ਰਿਕਾਰਡਾਂ ਦੀ ਸਾਫਟ ਕਾਪੀ ਮੈਂਟੇਨ ਕਰਕੇ ਰੱਖਣ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਸਕੀਮ ਦੌਰਾਨ ਤਿਆਰ ਕੀਤੇ ਰਿਕਾਰਡ ਦੀ ਹਾਰਡ ਕਾਪੀ ਸਬੰਧਤ ਪਟਵਾਰੀ ਕੋਲ ਰਹੇਗੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਕਮਿਸ਼ਨਰ ਮਾਲ ਕੇ.ਏ.ਪੀ.ਸਿਨਹਾ, ਪ੍ਰਮੁੱਖ ਸਕੱਤਰ ਵਿੱਤ ਏ.ਕੇ.ਸਿਨਹਾ, ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਸੋਨਾਲੀ ਗਿਰਿ, ਪੇਂਡੂ ਵਿਕਾਸ ਤੇ ਪੰਚਾਇਤਾਂ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਹਾਜ਼ਰ ਸਨ।

ਪੁਲਿਸ ਨੇ ਲੁਟੇਰਿਆਂ ਨੂੰ ਕੀਤਾ ਕਾਬੂ, ਲੁੱਟ ਦਾ ਸ਼ਿਕਾਰ ਹੋਏ ਵਿਦੇਸ਼ੀ ਨੌਜਵਾਨ ਦਾ ਮੋਬਾਇਲ ਕੀਤਾ ਬਰਾਮਦ

0

ਪੰਜਾਬ ਵਿੱਚ ਲੁੱਟਖੋਹ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਬੇਖੌਫ ਲੁਟੇਰੇ ਵਿਦੇਸ਼ੀਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੇ ਹਨ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਲੁਟੇਰਿਆਂ ਨੇ ਇੱਕ ਵਿਦੇਸ਼ੀ ਨੌਜਵਾਨ ਦਾ ਮੋਬਾਇਲ ਚੋਰੀ ਕਰ ਲਿਆ ਸੀ ਜਿਸ ਨੂੰ ਲੁਧਿਆਣਾ ਪੁਲਿਸ ਨੇ ਬਰਾਮਦ ਕਰ ਲਿਆ ਹੈ। ਜਿਸ ਨੂੰ ਪੁਲਿਸ ਕਮਿਸ਼ਨਰ ਨੇ ਵਿਦੇਸ਼ੀ ਨੌਜਵਾਨ ਇਸਪਿਨ ਨੂੰ ਵਾਪਸ ਕਰ ਦਿੱਤਾ ਹੈ।

ਇਸ ਸਬੰਧੀ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਕਿਹਾ ਕਿ ਪੁਲਿਸ ਦੀ ਟੀਮ ਵੱਲੋਂ 2 ਲੁੱਟਖੋਹਾਂ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕੁਝ ਲੋਕਾਂ ਨੇ ਵਿਦੇਸ਼ੀ ਵਿਅਕਤੀ ਦੀ ਮਦਦ ਕੀਤੀ ਸੀ ਉਨ੍ਹਾਂ ਨੂੰ ਪੰਜਾਬ ਪੁਲਿਸ ਸਰਟੀਫਿਕੇਟ ਦੇ ਕੇ ਸਨਮਾਨਿਤ ਕਰੇਗੀ।

ਦੱਸ ਦਈਏ ਕਿ ਇਸਪਿਨ ਆਪਣੇ ਸਾਈਕਲ ‘ਤੇ ਵਿਸ਼ਵ ਸੈਰ ‘ਤੇ ਨਿਕਲਿਆ ਹੋਇਆ ਹੈ। ਜਿਨ੍ਹਾਂ ਦਾ 14 ਦਸੰਬਰ ਨੂੰ ਥਾਣਾ ਮੋਤੀ ਨਗਰ ਦੇ ਅਧਿਨ ਉਨ੍ਹਾਂ ਦਾ ਮੋਬਾਇਲ ਚੋਰੀ ਹੋ ਗਿਆ ਸੀ। ਫਿਲਹਾਲ ਉਨ੍ਹਾਂ ਨੇ ਨੇ ਮੋਬਾਇਲ ਵਾਪਸ ਮਿਲਣ ’ਤੇ ਖੁਸ਼ੀ ਜਾਹਿਰ ਕੀਤੀ ਅਤੇ ਪੁਲਿਸ ਦਾ ਧੰਨਵਾਦ ਕੀਤਾ।

ਫਿਰੌਤੀ ਨਾ ਮਿਲਣ ‘ਤੇ ਅਗਵਾਕਾਰਾਂ ਨੇ ਨੌਜਵਾਨ ਦਾ ਕੀਤਾ ਕਤਲ

0

ਪੰਜਾਬ ‘ਚ ਆਏ ਦਿਨ ਅਪਰਾਧਿਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਪੰਜਾਬ ‘ਚ ਅਗਵਾਕਾਰਾਂ ਨੇ ਫਿਰੌਤੀ ਨਾ ਮਿਲਣ ‘ਤੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਹੈ। ਸ੍ਰੀ ਮੁਕਤਸਰ ਸਾਹਿਬ ਦੇ ਕੋਟਭਾਈ ਵਿਖੇ 25 ਨਵੰਬਰ ਨੂੰ ਅਗਵਾ ਕੀਤੇ ਹਰਮਨ ਸਿੰਘ ਦਾ ਅਗਵਾਕਾਰਾਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਅਗਵਾਕਾਰਾਂ ਨੇ 30 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ।

ਦੱਸਿਆ ਜਾ ਰਿਹਾ ਹੈ ਕਿ ਇਸ ਗਿਰੋਹ ਦੇ 10 ਤੋਂ ਜ਼ਿਆਦਾ ਮੈਂਬਰ ਹਨ ਜੋ ਲੋਕਾਂ ਨੂੰ ਅਗਵਾ ਕਰਕੇ ਫਿਰੌਤੀ ਮੰਗਦੇ ਹਨ। ਦੱਸਿਆ ਜਾ ਰਿਹਾ ਹੈ ਕਿ ਮਾਮਲੇ ਵਿੱਚ ਸ਼ਾਮਲ ਗਿਰੋਹ ਦੇ ਕੁਝ ਮੈਂਬਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਨ੍ਹਾਂ ਵੱਲੋਂ ਪਹਿਲਾਂ ਵੀ ਫਿਰੌਤੀ ਦੇ ਲਈ ਇੱਕ ਆਦਮੀ ਦਾ ਕਤਲ ਕੀਤਾ ਜਾ ਚੁੱਕਿਆ ਹੈ।

ਫਿਲਹਾਲ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਐਸਐਸਪੀ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੇ ਤਾਰ ਰਾਜਸਥਾਨ ਨਾਲ ਜੁੜੇ ਹੋਏ ਹਨ। ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਹੋਰ ਮਹਿੰਗੀ ਹੋਈ CNG, ਸਵੇਰ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ

0

ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਕੰਪਰੈੱਸਡ ਨੈਚੁਰਲ ਗੈਸ (CNG) ਫਿਰ ਮਹਿੰਗੀ ਹੋ ਗਈ ਹੈ। ਦਿੱਲੀ ਵਿੱਚ ਸੀਐਨਜੀ ਦੀ ਕੀਮਤ ਵਿੱਚ 95 ਪੈਸੇ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਹੈ। ਨਵੀਂ ਕੀਮਤ 17 ਦਸੰਬਰ 2022 ਨੂੰ ਸਵੇਰੇ 6 ਵਜੇ ਤੋਂ ਲਾਗੂ ਹੋਵੇਗੀ। ਇਸ ਵਾਧੇ ਦਾ ਐਲਾਨ ਇੰਦਰਪ੍ਰਸਥ ਗੈਸ ਲਿਮਟਿਡ (IGL) ਨੇ ਕੀਤਾ ਹੈ। ਹੁਣ ਤੁਹਾਨੂੰ ਦਿੱਲੀ ਵਿੱਚ ਇੱਕ ਕਿਲੋਗ੍ਰਾਮ ਸੀਐਨਜੀ ਭਰਨ ਲਈ 79.56 ਰੁਪਏ ਅਦਾ ਕਰਨੇ ਪੈਣਗੇ। ਇਸ ਤੋਂ ਪਹਿਲਾਂ 8 ਅਕਤੂਬਰ ਨੂੰ ਦਿੱਲੀ ਵਿੱਚ ਸੀਐਨਜੀ ਦੀ ਕੀਮਤ ਵਧਾਈ ਗਈ ਸੀ।

ਪਿਛਲੀ ਵਾਰ ਦਿੱਲੀ ਵਿੱਚ ਸੀਐਨਜੀ ਦੀ ਕੀਮਤ ਵਿੱਚ 3 ਰੁਪਏ ਪ੍ਰਤੀ ਕਿਲੋ ਦਾ ਵਾਧਾ ਕੀਤਾ ਗਿਆ ਸੀ। ਉਦੋਂ ਤੋਂ ਦਿੱਲੀ ‘ਚ CNG ਦੀ ਕੀਮਤ 78.61 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਸੀ। ਦੱਸ ਦੇਈਏ ਕਿ ਗੁਰੂਗ੍ਰਾਮ ‘ਚ CNG 86.94 ਰੁਪਏ ਪ੍ਰਤੀ ਕਿਲੋਗ੍ਰਾਮ, ਗਾਜ਼ੀਆਬਾਦ, ਨੋਇਡਾ-ਗ੍ਰੇਟਰ ਅਤੇ ਨੋਇਡਾ ‘ਚ 81.17 ਰੁਪਏ, ਰੇਵਾੜੀ ‘ਚ 78.61 ਰੁਪਏ ਅਤੇ ਫਰੀਦਾਬਾਦ ‘ਚ 84.19 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਉਪਲਬਧ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਮਾਰਚ ਤੋਂ ਬਾਅਦ ਇਹ 15ਵੀਂ ਵਾਰ ਹੈ ਜਦੋਂ ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਕੁੱਲ ਮਿਲਾ ਕੇ 10 ਮਹੀਨਿਆਂ ‘ਚ CNG ਦੀ ਕੀਮਤ ‘ਚ 23.55 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਅਪ੍ਰੈਲ ਵਿੱਚ ਸੀਐਨਜੀ ਦੀ ਕੀਮਤ 36.16 ਰੁਪਏ ਪ੍ਰਤੀ ਲੀਟਰ ਸੀ, ਜੋ ਹੁਣ ਦਿੱਲੀ ਵਿੱਚ ਲਗਭਗ 80 ਰੁਪਏ ਤੱਕ ਪਹੁੰਚ ਗਈ ਹੈ। ਇਸ ਦਾ ਕਾਰਨ ਰੂਸ-ਯੂਕਰੇਨ ਯੁੱਧ ਤੋਂ ਪੈਦਾ ਹੋਏ ਪ੍ਰਤੀਕੂਲ ਵਿਸ਼ਵ ਹਾਲਾਤਾਂ ਨੂੰ ਮੰਨਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕਿਆਸ ਲਗਾਏ ਜਾ ਰਹੇ ਹਨ ਕਿ ਸੀਐਨਜੀ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ।

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਮਾਮੂਲੀ ਵਾਧਾ

ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਗਿਰਾਵਟ ਦੇ ਬਾਵਜੂਦ ਅੱਜ ਤੇਲ ਮਾਰਕੀਟਿੰਗ ਕੰਪਨੀਆਂ ਨੇ ਮਹਾਰਾਸ਼ਟਰ ਅਤੇ ਛੱਤੀਸਗੜ੍ਹ ਸਮੇਤ ਦੇਸ਼ ਦੇ ਕਈ ਹੋਰ ਸੂਬਿਆਂ ‘ਚ ਪੈਟਰੋਲ ਅਤੇ ਡੀਜ਼ਲ ਨੂੰ ਮਹਿੰਗਾ ਕਰ ਦਿੱਤਾ ਹੈ। ਮਹਾਰਾਸ਼ਟਰ ‘ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਕਰੀਬ 1 ਰੁਪਏ ਦਾ ਵਾਧਾ ਕੀਤਾ ਗਿਆ ਹੈ।

ਫਰਾਂਸ ‘ਚ 7 ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ, 10 ਲੋਕਾਂ ਦੀ ਮੌਤ

0

ਫਰਾਂਸ ਦੇ ਸ਼ਹਿਰ ਲਿਓਨ ਨੇੜੇ ਵੌਲਕਸ-ਐਨ-ਵੇਲਿਨ ‘ਤੋਂ ਇਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇੱਕ 7 ਮੰਜ਼ਿਲਾ ਇਮਾਰਤ ‘ਚ ਅੱਗ ਲੱਗਣ ਕਾਰਨ ਪੰਜ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ ਹੈ। ਅੱਗ ‘ਤੇ ਕਾਬੂ ਪਾਉਣ ਲਈ ਐਮਰਜੈਂਸੀ ਸੇਵਾਵਾਂ ਭੇਜ ਦਿੱਤੀਆਂ ਗਈਆਂ ਹਨ।

ਜਾਣਕਾਰੀ ਅਨੁਸਾਰ ਅੱਗ ਲੱਗਣ ਦੀ ਸੂਚਨਾ ਸਭ ਤੋਂ ਪਹਿਲਾਂ ਐਮਰਜੈਂਸੀ ਸੇਵਾਵਾਂ ਨੂੰ ਸਵੇਰੇ 3 ਵਜੇ ਦੇ ਕਰੀਬ ਦਿੱਤੀ ਗਈ ਸੀ ਅਤੇ ਸਵੇਰੇ 3.25 ਵਜੇ ਤੱਕ ਲਗਭਗ 170 ਫਾਇਰਫਾਈਟਰ ਅਤੇ 65 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਸਨ। ਐਮਰਜੈਂਸੀ ਸੇਵਾਵਾਂ ਨੇ ਦੱਸਿਆ ਕਿ ਅੱਗ ਮਾਸ ਡੂ ਟੌਰੂ ਇਲਾਕੇ ਵਿੱਚ ਸੱਤ ਮੰਜ਼ਿਲਾ ਅਪਾਰਟਮੈਂਟ ਬਲਾਕ ‘ਚ ਲੱਗੀ ਸੀ।

ਇਹ ਵੀ ਪੜ੍ਹੋ : ਮੁਹਾਲੀ ਪੁਲਿਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ

ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ 10 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਚਾਰ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਅੱਗ ਵਿਚ ਦੋ ਫਾਇਰ ਫਾਈਟਰਾਂ ਸਮੇਤ 10 ਹੋਰ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

Cambridge University ‘ਚ ਭਾਰਤੀ ਵਿਦਿਆਰਥੀ ਦਾ ਕਮਾਲ, 2,500 ਸਾਲ ਪੁਰਾਣੇ ਸੰਸਕ੍ਰਿਤ ਨਿਯਮ ਨੂੰ ਕੀਤਾ ਹੱਲ

0

ਕੈਂਬਰਿਜ ਯੂਨੀਵਰਸਿਟੀ ਦੇ ਸੇਂਟ ਜੌਨਜ਼ ਕਾਲਜ ਵਿੱਚ ਏਸ਼ੀਅਨ ਅਤੇ ਮਿਡਲ ਈਸਟਰਨ ਵਿਭਾਗ ਵਿੱਚ ਪੀਐਚਡੀ ਕਰ ਰਹੇ 27 ਸਾਲਾ ਭਾਰਤੀ ਵਿਦਿਆਰਥੀ ਰਿਸ਼ੀ ਰਾਜਪੋਤ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਕੈਮਬ੍ਰਿਜ ਯੂਨੀਵਰਸਿਟੀ ਦੇ ਇੱਕ ਪੀਐਚਡੀ ਵਿਦਿਆਰਥੀ ਨੇ 2500 ਸਾਲ ਪੁਰਾਣੀ ਅਸ਼ਟਾਧਿਆਈ ਵਿੱਚ ਵਿਆਕਰਣ ਦੀ ਸਮੱਸਿਆ ਨੂੰ ਹੱਲ ਕੀਤਾ ਹੈ। ਇਸ ਨੂੰ ਸੰਸਕ੍ਰਿਤ ਦੇ ਮਹਾਨ ਵਿਦਵਾਨ ਪਾਣਿਨੀ ਦੁਆਰਾ 6ਵੀਂ ਜਾਂ 5ਵੀਂ ਸਦੀ ਈਸਾ ਪੂਰਵ ਦੇ ਆਸਪਾਸ ਲਿਖਿਆ ਗਿਆ ਸੀ। ਜਿਸ ਪੀਐਚਡੀ ਵਿਦਿਆਰਥੀ ਨੇ ਇਸ ਸਮੱਸਿਆ ਨੂੰ ਹੱਲ ਕੀਤਾ ਹੈ, ਉਸ ਦਾ ਨਾਮ ਰਿਸ਼ੀ ਰਾਜਪੋਪਟ (27) ਹੈ। 4000 ਸੂਤਰਾਂ ਵਾਲਾ ਅਸ਼ਟਾਧਿਆਈ ਸੰਸਕ੍ਰਿਤ ਦੇ ਪਿੱਛੇ ਵਿਗਿਆਨ ਦੀ ਵਿਆਖਿਆ ਕਰਦਾ ਹੈ।

ਅਸ਼ਟਾਧਿਆਈ ਵਿੱਚ ਮੂਲ ਸ਼ਬਦਾਂ ਤੋਂ ਨਵੇਂ ਸ਼ਬਦ ਬਣਾਉਣ ਦੇ ਨਿਯਮ ਹਨ। ਪਰ ਇਸਦੇ ਨਿਯਮਾਂ ਵਿੱਚ ਅਕਸਰ ਵਿਰੋਧਾਭਾਸ ਹੁੰਦਾ ਹੈ।ਇਸ ਦੀ ਵਰਤੋਂ ਕਰਕੇ ਤੁਸੀਂ ਕਿਸੇ ਵੀ ਸੰਸਕ੍ਰਿਤ ਸ਼ਬਦ ਦੇ ਅਧਾਰ ਅਤੇ ਪਿਛੇਤਰ ਨੂੰ ਭਰ ਸਕਦੇ ਹੋ ਅਤੇ ਵਿਆਕਰਨਿਕ ਤੌਰ ‘ਤੇ ਸਹੀ ਸ਼ਬਦਾਂ ਅਤੇ ਵਾਕਾਂ ਨੂੰ ਬਣਾ ਸਕਦੇ ਹੋ। ਹਾਲਾਂਕਿ ਪਾਣਿਨੀ ਦੇ ਵਿਆਕਰਣ ਦੇ ਦੋ ਜਾਂ ਦੋ ਤੋਂ ਵੱਧ ਨਿਯਮ ਇੱਕੋ ਸਮੇਂ ਲਾਗੂ ਹੋ ਸਕਦੇ ਹਨ, ਅਕਸਰ ਉਲਝਣ ਪੈਦਾ ਕਰਦੇ ਹਨ।

ਇਸ ਕਾਰਨ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਯਤਨ ਕੀਤੇ ਜਾ ਰਹੇ ਹਨ। ਸ਼ਬਦ ਬਣਾਉਂਦੇ ਸਮੇਂ ਨਿਯਮ ਇਕ ਦੂਜੇ ਨਾਲ ਨਹੀਂ ਟਕਰਾਉਣੇ ਚਾਹੀਦੇ, ਇਸ ਦੇ ਲਈ ਪਾਣਿਨੀ ਨੇ ਅਸ਼ਟਾਧਿਆਈ ਵਿਚ ਇਕ ਨਿਯਮ ਦਿੱਤਾ ਸੀ, ਜਿਸ ਨੂੰ ‘ਮੈਟਾ ਨਿਯਮ’ ਵੀ ਕਿਹਾ ਜਾਂਦਾ ਹੈ। ਹੁਣ ਤੱਕ ਇਸ ਦੀ ਵਿਆਖਿਆ ਇਸ ਤਰ੍ਹਾਂ ਕੀਤੀ ਜਾ ਰਹੀ ਸੀ ਕਿ ਵਿਆਕਰਨਿਕ ਕ੍ਰਮ ਤੋਂ ਬਾਅਦ ਆਉਣ ਵਾਲਾ ਸੂਤਰ ਦੋਵਾਂ ਸੂਤਰਾਂ ਦੇ ਵਿਰੋਧਾਭਾਸ ‘ਤੇ ਲਾਗੂ ਹੋਵੇਗਾ।

ਵਿਆਕਰਣ ਦੇ ਦ੍ਰਿਸ਼ਟੀਕੋਣ ਤੋਂ ਮੈਟਾ ਨਿਯਮ ਵੀ ਗ਼ਲਤ ਨਤੀਜੇ ਦਿੰਦਾ ਹੈ। ਆਪਣੇ ਪੀਐਚਡੀ ਥੀਸਿਸ ਵਿੱਚ ਰਾਜਪੋਪਟ ਨੇ ਇਸ ਪੁਰਾਣੀ ਵਿਆਖਿਆ ਨੂੰ ਰੱਦ ਕੀਤਾ ਹੈ। ਉਹ ਮੈਟਾ ਨਿਯਮਾਂ ਦੀ ਸਰਲ ਵਿਆਖਿਆ ਦਿੰਦਾ ਹੈ। ਉਸਦੇ ਅਨੁਸਾਰ ਪਾਣਿਨੀ ਦਾ ਨਿਯਮ ਕਹਿੰਦਾ ਹੈ ਕਿ ਕਿਸੇ ਸ਼ਬਦ ਦੇ ਖੱਬੇ ਅਤੇ ਸੱਜੇ ਪਾਸੇ ਦਿਖਾਈ ਦੇਣ ਵਾਲੇ ਨਿਯਮਾਂ ਵਿੱਚੋਂ ਸਾਨੂੰ ਸੱਜੇ ਪਾਸੇ ਦਿਖਾਈ ਦੇਣ ਵਾਲੇ ਨਿਯਮ ਦੀ ਚੋਣ ਕਰਨੀ ਚਾਹੀਦੀ ਹੈ। ਇਸ ਤਰਕ ਦੀ ਵਰਤੋਂ ਕਰਦੇ ਹੋਏ, ਰਾਜਪੋਤ ਨੇ ਪਾਇਆ ਕਿ ਅਸ਼ਟਾਧਿਆਈ ਇੱਕ ਸਟੀਕ ‘ਭਾਸ਼ਾ ਮਸ਼ੀਨ’ ਦੇ ਤੌਰ ‘ਤੇ ਕੰਮ ਕਰ ਸਕਦੀ ਹੈ ਜੋ ਲਗਭਗ ਹਰ ਵਾਰ ਵਿਆਕਰਣ ਦੇ ਰੂਪ ਵਿੱਚ ਨਵੇਂ ਸ਼ਬਦ ਅਤੇ ਵਾਕਾਂ ਨੂੰ ਤਿਆਰ ਕਰੇਗੀ।

ਮਾਹਿਰ ਰਾਜਪੋਪਟ ਦੇ ਇਸ ਸਿੱਟੇ ਨੂੰ ਕ੍ਰਾਂਤੀਕਾਰੀ ਦੱਸ ਰਹੇ ਹਨ। ਅਜਿਹਾ ਇਸ ਲਈ ਕਿਉਂਕਿ ਇਸ ਖੋਜ ਨਾਲ ਪਾਣਿਨੀ ਦੀ ਸੰਸਕ੍ਰਿਤ ਵਿਆਕਰਣ ਪਹਿਲੀ ਵਾਰ ਕੰਪਿਊਟਰਾਂ ਨੂੰ ਸਿਖਾਈ ਜਾ ਸਕੇਗੀ। ਰਾਜਪੋਤ ਕਹਿੰਦੇ ਹਨ ਕਿ ‘NLP ‘ਤੇ ਕੰਮ ਕਰ ਰਹੇ ਕੰਪਿਊਟਰ ਵਿਗਿਆਨੀਆਂ ਨੇ 50 ਸਾਲ ਪਹਿਲਾਂ ਨਿਯਮ-ਅਧਾਰਿਤ ਪਹੁੰਚ ਨੂੰ ਛੱਡ ਦਿੱਤਾ ਸੀ। ਪਰ ਹੁਣ ਕੰਪਿਊਟਰ ਲਈ ਪਾਣਿਨੀ ਦੇ ਨਿਯਮ ਦੇ ਆਧਾਰ ‘ਤੇ ਸਪੀਕਰ ਦੇ ਇਰਾਦੇ ਨੂੰ ਸਮਝਣਾ ਆਸਾਨ ਹੋ ਜਾਵੇਗਾ, ਜੋ ਮਨੁੱਖਾਂ ਅਤੇ ਮਸ਼ੀਨਾਂ ਦੇ ਆਪਸੀ ਤਾਲਮੇਲ ਦੇ ਇਤਿਹਾਸ ਵਿਚ ਇਕ ਵੱਡਾ ਮੀਲ ਪੱਥਰ ਸਾਬਤ ਹੋਵੇਗਾ।

ਮੁਹਾਲੀ ਪੁਲਿਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਟਰਾਂਜ਼ਿਟ ਰਿਮਾਂਡ

0

ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਅੱਜ ਰਿਮਾਂਡ ਪੂਰਾ ਹੋਣ ‘ਤੇ ਮਾਨਯੋਗ ਸੀ. ਜੇ. ਐੱਮ. ਰਾਜਪਾਲ ਸਿੰਘ ਰਾਵਤ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅੱਜ ਮੁਹਾਲੀ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਦੇ ਟਰਾਂਜ਼ਿਟ ਰਿਮਾਂਡ ਦੀ ਮੰਗ ਕੀਤੀ ਗਈ ਸੀ, ਜਿਸ ‘ਤੇ ਸੁਣਵਾਈ ਕਰਦਿਆਂ ਅਦਾਲਤ ਨੇ ਮੁਹਾਲੀ ਦੇ ਥਾਣਾ ਸੋਹਾਣਾ ਵਿਚ ਦਰਜ ਇਕ ਮਾਮਲੇ ‘ਚ ਲਾਰੈਂਸ ਦਾ ਟਰਾਂਜ਼ਿਟ ਰਿਮਾਂਡ ਦੇ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਮੁਕਤਸਰ ਪੁਲਿਸ ਲਾਰੈਂਸ ਬਿਸ਼ਨੋਈ ਨੂੰ 2021 ਦੇ ਇਕ ਫਿਰੌਤੀ ਦੇ ਮਾਮਲੇ ਵਿਚ ਲੈ ਕੇ ਆਈ ਸੀ। ਦੱਸ ਦੇਈਏ ਕਿ 22 ਮਾਰਚ 2021 ਨੂੰ ਸ੍ਰੀ ਮੁਕਤਸਰ ਸਾਹਿਬ ਦੇ ਇਕ ਵਿਅਕਤੀ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ 3 ਨੰਬਰਾਂ ਤੋਂ ਕਾਲ ਕਰਕੇ ਉਸਤੋਂ 30 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਅਤੇ ਧਮਕੀ ਦਿੱਤੀ ਜਾ ਰਹੀ ਕਿ ਜੇਕਰ ਉਨ੍ਹਾਂ ਨੂੰ 30 ਲੱਖ ਨਾ ਦਿੱਤਾ ਤਾਂ ਉਸ ਦੇ ਮੁੰਡੇ ਨੂੰ ਮਾਰ ਦਿੱਤਾ ਜਾਵੇਗਾ। ਧਮਕੀ ਦੇਣ ਵਾਲੇ ਨੇ ਖ਼ੁਦ ਨੂੰ ਲਾਰੈਂਸ ਬਿਸ਼ਨੋਈ ਦੱਸਿਆ ਅਤੇ 21 ਮਾਰਚ ਨੂੰ ਉਸਨੂੰ ਧਮਕੀ ਦੇਣ ਵਾਲੇ ਵਿਅਕਤੀ ਨੇ ਕਿਹਾ ਕਿ 23 ਮਾਰਚ ਨੂੰ ਉਹ ਫਰੀਦਕੋਟ ਪੇਸ਼ੀ ‘ਤੇ ਆ ਰਿਹਾ ਤੇ ਉਸ ਤੋਂ ਪਹਿਲਾ ਉਸਨੂੰ ਫਿਰੌਤੀ ਦਿੱਤੀ ਜਾਵੇ।

ਇਸ ਸਬੰਧੀ ਪੁਲਿਸ ਨੇ ਉਸ ਸਮੇਂ ਲਾਰੈਂਸ ਬਿਸ਼ਨੋਈ ਵਿਰੁੱਧ ਧਾਰਾ 387, 506 ਤਹਿਤ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸ ਮਾਮਲੇ ਵਿਚ ਦਮਨਪ੍ਰੀਤ ਨਾਮ ਦੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਹੁਣ ਜ਼ਮਾਨਤ ‘ਤੇ ਹੈ ਅਤੇ ਹੁਣ ਲਾਰੈਂਸ ਬਿਸ਼ਨੋਈ ਨੂੰ ਪੁਲਿਸ ਪੁੱਛਗਿੱਛ ਲਈ ਲੈ ਕੇ ਆਈ ਸੀ। ਇਸੇ ਮਾਮਲੇ ਵਿਚ ਬੀਤੇ ਦਿਨੀਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਸੰਬੰਧਿਤ ਗੈਂਗਸਟਰ ਗੁਰਪ੍ਰੀਤ ਸਿੰਘ ਗੋਪੀ ਨੂੰ ਵੀ ਪੁੱਛਗਿੱਛ ਲਈ ਲਿਆਂਦਾ ਗਿਆ ਸੀ।

ਇਸ ਮਾਮਲੇ ਵਿਚ ਲਾਰੈਂਸ ਦਾ ਪਹਿਲਾਂ 6 ਅਤੇ ਫਿਰ 3 ਦਿਨ ਦਾ ਰਿਮਾਂਡ ਦਿੱਤਾ ਗਿਆ। ਅੱਜ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਇਸ ਮਾਮਲੇ ‘ਚ ਪੁੱਛਗਿੱਛ ਪੂਰੀ ਹੋਣ ‘ਤੇ ਜੁਡੀਸ਼ੀਅਲ ਰਿਮਾਂਡ ਤੇ ਭੇਜਣ ਦੀ ਅਪੀਲ ਕੀਤੀ ਗਈ। ਇਸ ਦੌਰਾਨ ਮੁਹਾਲੀ ਪੁਲਿਸ ਵੱਲੋਂ ਮਾਣਯੋਗ ਅਦਾਲਤ ਵਿਚ ਟਰਾਂਜਿਟ ਰਿਮਾਂਡ ਦੀ ਮੰਗ ਕਰਨ ‘ਤੇ ਮਾਣਯੋਗ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ ਟਰਾਂਜ਼ਿਟ ਰਿਮਾਂਡ ‘ਤੇ ਭੇਜ ਦਿੱਤਾ।

ਮਹਿਲਾ ਅਧਿਆਪਕ ਦੀ ਬੇਰਹਿਮੀ, ਵਿਦਿਆਰਥਣ ਨੂੰ ਪਹਿਲੀ ਮੰਜ਼ਿਲ ਤੋਂ ਦਿੱਤਾ ਧੱਕਾ

0

ਦਿੱਲੀ ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਮਹਿਲਾ ਅਧਿਆਪਕ ਨੇ ਇੱਕ ਵਿਦਿਆਰਥਣ ਨੂੰ ਸਕੂਲ ਦੀ ਪਹਿਲੀ ਮੰਜ਼ਿਲ ਤੋਂ ਸੁੱਟ ਦਿੱਤਾ ਹੈ। ਬੱਚੀ ਹਸਪਤਾਲ ‘ਚ ਦਾਖਲ ਹੈ। ਉਸ ਦੇ ਸਿਰ ‘ਤੇ ਸੱਟਾਂ ਲੱਗੀਆਂ ਹਨ। ਪੁਲਿਸ ਨੇ ਦੱਸਿਆ ਕਿ ਮਾਡਲ ਬਸਤੀ ਦੇ ਪ੍ਰਾਇਮਰੀ ਸਕੂਲ ‘ਚ ਅਧਿਆਪਕਾ ਗੀਤਾ ਦੇਸ਼ਵਾਲ ਨੇ 5ਵੀਂ ਜਮਾਤ ਦੀ ਵਿਦਿਆਰਥਣ ਨੂੰ ਕੈਂਚੀ ਨਾਲ ਮਾਰਿਆ ਤੇ ਫਿਰ ਉਸ ਨੂੰ ਪਹਿਲੀ ਮੰਜ਼ਿਲ ਤੋਂ ਧੱਕਾ ਦੇ ਦਿੱਤਾ। ਚਸ਼ਮਦੀਦ ਦੇ ਬਿਆਨਾਂ ਦੇ ਆਧਾਰ ‘ਤੇ ਅਧਿਆਪਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਸਕੂਲ ਵਿੱਚ ਪੜ੍ਹਦੇ ਬੱਚਿਆਂ ਦੇ ਬਿਆਨ ਮੀਡੀਆ ਰਿਪੋਰਟਾਂ ਵਿੱਚ ਸਾਹਮਣੇ ਆਏ ਹਨ। ਇਕ ਨੇ ਦੱਸਿਆ ਕਿ ਇਸ ਅਧਿਆਪਕ ਨੇ ਪਹਿਲਾਂ ਵੀ ਵਿਦਿਆਰਥੀਆਂ ਦੀ ਕੁੱਟਮਾਰ ਕੀਤੀ ਸੀ ਪਰ ਇਸ ‘ਤੇ ਕੋਈ ਕਾਰਵਾਈ ਨਹੀਂ ਹੋਈ।

ਘਟਨਾ ਤੋਂ ਬਾਅਦ ਸਕੂਲ ਪਹੁੰਚੇ ਬਾਕੀ ਬੱਚਿਆਂ ਦੇ ਮਾਪਿਆਂ ਨੇ ਦੋਸ਼ ਲਾਇਆ ਕਿ ਅਧਿਆਪਕ ਨੇ ਪਹਿਲਾਂ ਵੀ ਕੁੱਟਮਾਰ ਕੀਤੀ ਸੀ। ਇਕ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਬੱਚੇ ਦੀ ਵੀ ਕੁੱਟਮਾਰ ਕੀਤੀ ਗਈ ਸੀ। ਇਨ੍ਹਾਂ ‘ਚੋਂ ਇੱਕ ਵਿਦਿਆਰਥੀ ਨੇ ਦਾਅਵਾ ਕੀਤਾ ਹੈ ਕਿ ਉਸ ਕੋਲ ਕਲਾਸਰੂਮ ਦਾ ਵੀਡੀਓ ਹੈ, ਜਿਸ ‘ਚ ਬੈਂਚ ‘ਤੇ ਖੂਨ ਦੇ ਛਿੱਟੇ ਪਏ ਦਿਖਾਈ ਦੇ ਰਹੇ ਹਨ।

ਪੰਜਾਬ ਪੁਲਿਸ ਨੇ ਤਰਨਤਾਰਨ RPG ਹਮਲੇ ਦਾ ਮਾਮਲਾ ਸੁਲਝਾਇਆ, 6 ਵਿਅਕਤੀ ਕੀਤੇ ਗ੍ਰਿਫ਼ਤਾਰ

0

ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਛੇੜੀ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਪੁਲਿਸ ਨੇ ਵਿਦੇਸ਼ ‘ਚੋਂ ਚਲਾਏ ਜਾ ਰਹੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਤਰਨਤਾਰਨ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰਪੀਜੀ) ਹਮਲੇ ਦੇ ਮਾਮਲੇ ਨੂੰ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਦੋ ਨਾਬਾਲਗਾਂ, ਜਿਨ੍ਹਾਂ ਨੇ ਤਰਨਤਾਰਨ ਦੇ ਪੁਲਿਸ ਸਟੇਸ਼ਨ ਸਰਹਾਲੀ ਦੀ ਇਮਾਰਤ ‘ਤੇ 9 ਦਸੰਬਰ ਨੂੰ ਰਾਤ 11.18 ਵਜੇ ਦੇ ਕਰੀਬ ਅੱਤਵਾਦੀ ਹਮਲਾ ਕੀਤਾ ਸੀ, ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਅੱਤਵਾਦੀ ਹਮਲੇ ਦੀ ਸਾਜਿਸ਼ ਵਿਦੇਸ਼ ਰਹਿੰਦੇ ਲੋੜੀਂਦੇ ਅੱਤਵਾਦੀ ਲਖਬੀਰ ਸਿੰਘ ਉਰਫ ਲੰਡਾ ਹਰੀਕੇ, ਸਤਬੀਰ ਸਿੰਘ ਉਰਫ ਸੱਤਾ ਅਤੇ ਗੁਰਦੇਵ ਉਰਫ ਜੈਸਲ ਵੱਲੋਂ ਗੋਇੰਦਵਾਲ ਸਾਹਿਬ ਜੇਲ੍ਹ ਵਿਚ ਬੰਦ ਅਜਮੀਤ ਸਿੰਘ ਦੀ ਮਦਦ ਨਾਲ ਰਚੀ ਗਈ ਸੀ।

ਦੋ ਨਾਬਾਲਗਾਂ ਦੀ ਗ੍ਰਿਫ਼ਤਾਰੀ ਤੋਂ ਇਲਾਵਾ ਗ੍ਰਿਫ਼ਤਾਰ ਕੀਤੇ ਗਏ ਮਾਡਿਊਲ ਦੇ ਬਾਕੀ ਚਾਰ ਮੈਂਬਰਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੰਬਰਦਾਰ (18) ਵਾਸੀ ਨੌਸ਼ਹਿਰਾ ਪੰਨੂਆ; ਗੁਰਲਾਲ ਸਿੰਘ ਉਰਫ ਗਹਿਲਾ (19) ਵਾਸੀ ਚੋਹਲਾ ਸਾਹਿਬ; ਸੁਰਲਾਲਪਾਲ ਸਿੰਘ ਉਰਫ਼ ਗੁਰਲਾਲ ਉਰਫ਼ ਲਾਲੀ (21) ਵਾਸੀ ਪਿੰਡ ਠੱਠੀਆ ਮਹੰਤਾ; ਅਤੇ ਜੋਬਨਪ੍ਰੀਤ ਸਿੰਘ ਉਰਫ਼ ਜੋਬਨ (18) ਵਾਸੀ ਨੌਸ਼ਹਿਰਾ ਪੰਨੂਆ ਵਜੋਂ ਹੋਈ ਹੈ । ਦਸਨਯੋਗ ਹੈ ਕਿ ਗੋਪੀ ਨੰਬਰਦਾਰ, ਜੋ ਕਿਸੇ ਹੋਰ ਕੇਸ ਵਿੱਚ ਗ੍ਰਿਫ਼ਤਾਰ ਸੀ, ਨੂੰ ਨਾਬਾਲਗ ਹੋਣ ਕਰਕੇ ਜ਼ਮਾਨਤ ਦੇ ਦਿੱਤੀ ਗਈ ਸੀ। 22 ਨਵੰਬਰ, 2022 ਨੂੰ ਆਪਣੀ ਰਿਹਾਈ ਤੋਂ ਇਕ ਦਿਨ ਬਾਅਦ ਉਹ 18 ਸਾਲ ਦਾ ਹੋ ਗਿਆ ਸੀ ਅਤੇ ਫਿਰ ਵਿਦੇਸ਼ੀ-ਅਧਾਰਤ ਹੈਂਡਲਰਾਂ ਦੇ ਸੰਪਰਕ ਵਿੱਚ ਆ ਗਿਆ।

ਵਿਦੇਸ਼ੀ-ਅਧਾਰਤ ਹੈਂਡਲਰਾਂ ਨੇ ਖੇਪ ਦੀ ਪ੍ਰਾਪਤੀ ਅਤੇ ਸੰਪਰਕ ਸਥਾਪਤ ਕਰਨ ਲਈ ਕੱਟ-ਆਉਟ ਅਤੇ ਡੈੱਡ ਲੈਟਰ ਬਾਕਸ (ਡੀ.ਐਲ, ਬੀ.) ਤਕਨੀਕਾਂ ਦੀ ਵਰਤੋਂ ਕੀਤੀ ਤਾਂ ਜੋ ਮਡਿਊਲ ਦੇ ਮੈਂਬਰਾਂ ਨੂੰ ਹੈਂਡਲਰਾਂ ਦੁਆਰਾ ਸਿੱਧੇ ਤੌਰ ‘ਤੇ ਕੰਮ ਸੌਂਪੇ ਜਾ ਸਕਣ। ਇੱਥੋਂ ਤੱਕ ਕਿ ਸਬ-ਮਡਿਊਲਾਂ ਦੀ ਪਛਾਣ ਵੀ ਦੂਜੇ ਸਬ-ਮਡਿਊਲਾਂ ਤੋਂ ਲੁਕੀ ਰਹੀ।

ਪੁਲਿਸ ਟੀਮਾਂ ਨੇ ਗਿ੍ਫ਼ਤਾਰ ਕੀਤੇ ਵਿਅਕਤੀਆਂ ਦੇ ਕਬਜ਼ੇ ‘ਚੋਂ ਗੋਲੀ ਸਿੱਕੇ ਸਮੇਤ ਦੋ .32 ਬੋਰ ਅਤੇ ਇੱਕ .30 ਬੋਰ ਪਿਸਤੌਲ , ਇੱਕ ਹੈਂਡ ਗ੍ਰਨੇਡ ਪੀ-86 ਅਤੇ ਅਪਰਾਧ ਵਿੱਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਜ਼ਿਕਰਯੋਗ ਹੈ ਕਿ ਹਮਲੇ ਨੂੰ ਅੰਜਾਮ ਦੇਣ ਲਈ ਸੋਵੀਅਤ ਯੁੱਗ ਦੇ 70 ਐਮਐਮ ਬੋਰ ਦੇ ਆਰ.ਪੀ.ਜੀ.-26 ਹਥਿਆਰ ਦੀ ਵਰਤੋਂ ਕੀਤੀ ਗਈ, ਜਿਸਨੂੰ 10 ਦਸੰਬਰ ਨੂੰ ਪਹਿਲਾਂ ਹੀ ਬਰਾਮਦ ਕਰ ਲਿਆ ਗਿਆ ਸੀ। ਇਹ ਆਰ.ਪੀ.ਜੀ-26 ਹਥਿਆਰ, ਜਿਸਦੀ ਵਰਤੋਂ ਅਫਗਾਨਿਸਤਾਨ ਵਿੱਚ ਮੁਜਾਹਦੀਨ ਦੁਆਰਾ ਕੀਤੀ ਜਾਂਦੀ ਸੀ, ਨੂੰ ਸਰਹੱਦ ਪਾਰ ਤੋਂ ਮੰਗਵਾਇਆ ਗਿਆ ਸੀ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਤਰਨਤਾਰਨ ਪੁਲਿਸ ਨੇ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਨਾਲ ਤਾਲਮੇਲ ਕਰਕੇ ਤਕਨੀਕੀ ਅਤੇ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਬਾਰੀਕੀ ਨਾਲ ਜਾਂਚ ਕੀਤੀ । ਗਰਾਊਂਡ ਇਨਵੈਸਟੀਗੇਸ਼ਨ ਦੀ ਅਗਵਾਈ ਐਸਐਸਪੀ ਤਰਨਤਾਰਨ ਗੁਰਮੀਤ ਚੌਹਾਨ ਅਤੇ ਉਨ੍ਹਾਂ ਦੀ ਟੀਮ ਨੇ ਕੀਤੀ ਜਿਸ ਤੋਂ ਪਤਾ ਲੱਗਿਆ ਕਿ ਹਮਲੇ ਵਿੱਚ ਗੋਪੀ ਨੰਬਰਦਾਰ ਅਤੇ ਗੁਰਲਾਲ ਗਹਿਲਾ ਦਾ ਹੱਥ ਸੀ, ਜੋ ਕਿ ਲੰਡਾ ਹਰੀਕੇ ਅਤੇ ਸੱਤਾ ਨੌਸ਼ਹਿਰਾ ਦੇ ਸਿੱਧੇ ਸੰਪਰਕ ਵਿੱਚ ਸਨ।

ਗੋਪੀ ਨੰਬਰਦਾਰ ਅਤੇ ਗੁਰਲਾਲ ਗਹਿਲਾ ਦੋਵਾਂ ਨੂੰ ਵੀਰਵਾਰ ਨੂੰ ਪੱਟੀ ਮੋੜ ਸਰਹਾਲੀ ਤੋਂ ਕਾਬੂ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ‘ਚੋਂ ਇੱਕ .32 ਬੋਰ ਪਿਸਤੌਲ ਸਮੇਤ 15 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਗੋਪੀ ਨੰਬਰਦਾਰ ਦੀ ਨਿਸ਼ਾਨਦੇਹੀ ‘ਤੇ ਇੱਕ ਹੈਂਡ ਗ੍ਰੇਨੇਡ ਵੀ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ: ਪਟਿਆਲਾ ‘ਚ ਘਰ ਦੀ ਛੱਤ ਡਿੱਗਣ ਨਾਲ ਇੱਕ ਵਿਅਕਤੀ ਦੀ ਹੋਈ ਮੌਤ

ਡੀਜੀਪੀ ਨੇ ਦੱਸਿਆ ਕਿ ਜਾਂਚ ਮੁਤਾਬਕ ਗੋਪੀ ਨੂੰ ਸ਼ੁਰੂ ਵਿੱਚ ਲੰਡਾ ਅਤੇ ਸੱਤਾ ਤੋਂ 8.5 ਲੱਖ ਰੁਪਏ ਦੀ ਫੰਡਿੰਗ ਅਤੇ 200 ਜ਼ਿੰਦਾ ਕਾਰਤੂਸ ਸਮੇਤ .30 ਬੋਰ ਦਾ ਪਿਸਤੌਲ ਮਿਲਿਆ ਸੀ। ਡੀਜੀਪੀ ਨੇ ਅੱਗੇ ਦੱਸਿਆ ਕਿ 1 ਦਸੰਬਰ, 2022 ਨੂੰ ਗੋਪੀ ਨੇ ਗੁਰਲਾਲ ਗਹਿਲਾ ਅਤੇ ਜੋਬਨਪ੍ਰੀਤ ਜੋਬਨ ਦੇ ਨਾਲ ਤਰਨਤਾਰਨ ਦੇ ਪਿੰਡ ਝੰਡੇਰ ਤੋਂ ਆਰਪੀਜੀ ਵਾਲੀ ਇੱਕ ਹੋਰ ਖੇਪ ਪ੍ਰਾਪਤ ਕੀਤੀ ਅਤੇ ਇਸ ਨੂੰ ਤਰਨਤਾਰਨ ਦੇ ਪਿੰਡ ਮਰਹਾਣਾ ਨੇੜੇ ਇੱਕ ਥਾਂ ‘ਤੇ ਲੁਕਾ ਦਿੱਤਾ।

ਡੀਜੀਪੀ ਯਾਦਵ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗੋਪੀ ਨੰਬਰਦਾਰ ਅਤੇ ਗੁਰਲਾਲ ਗਹਿਲਾ ਨੇ ਖੁਲਾਸਾ ਕੀਤਾ ਕਿ ਲੰਡਾ ਅਤੇ ਸੱਤਾ ਨੇ ਦੋ ਨਾਬਾਲਗ ਮੈਂਬਰਾਂ ਨੂੰ ਪੁਲਿਸ ਥਾਣਾ ਸਰਹਾਲੀ ‘ਤੇ ਹਮਲੇ ਨੂੰ ਅੰਜਾਮ ਦੇਣ ਦਾ ਜ਼ਿੰਮਾ ਸੌਂਪਿਆ ਸੀ, ਜਿਸ ਦਾ ਉਦੇਸ਼ ਸਰਹੱਦੀ ਸੂਬੇ ਵਿੱਚ ਦਹਿਸ਼ਤ ਪੈਦਾ ਕਰਨਾ ਸੀ। ਦੋਵਾਂ ਮੁਲਜ਼ਮਾਂ ਨੇ ਅੱਗੇ ਖੁਲਾਸਾ ਕੀਤਾ ਕਿ ਇੱਕ ਹੋਰ ਮੁਲਜ਼ਮ ਗੁਰਲਾਲ ਲਾਲੀ ਨੇ ਪੁਲਿਸ ਸਟੇਸ਼ਨ ਦੀ ਇਮਾਰਤ ‘ਤੇ ਹਮਲੇ ਤੋਂ ਕੁਝ ਘੰਟੇ ਪਹਿਲਾਂ ਪਿੰਡ ਮਰਹਾਣਾ ਵਿਖੇ ਰੁਕੇ ਹੋਏ ਦੋਵਾਂ ਨਾਬਾਲਗ ਮੈਂਬਰਾਂ ਨੂੰ ਲੌਜਿਸਟਿਕ ਸਹਾਇਤਾ ਅਤੇ ਇੱਕ ਲੱਖ ਰੁਪਏ ਮੁਹੱਈਆ ਕਰਵਾਏ।

ਪੁਲਿਸ ਨੇ ਨੌਸ਼ਹਿਰਾ ਪੰਨੂਆ ਨੇੜਿਓਂ ਜੋਬਨਪ੍ਰੀਤ ਜੋਬਨ ਅਤੇ ਗੁਰਲਾਲ ਲਾਲੀ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਇੱਕ .30 ਬੋਰ ਦਾ ਪਿਸਤੌਲ, 35 ਜਿੰਦਾ ਕਾਰਤੂਸ ਅਤੇ ਅਪਰਾਧ ਵਿੱਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕੀਤਾ ਹੈ।

ਇਹ ਵੀ ਪੜ੍ਹੋ: ਬਹੁ-ਕਰੋੜੀ ਟੈਂਡਰ ਘਪਲਾ: ਸਾਬਕਾ ਮੰਤਰੀ ਆਸ਼ੂ ਦੇ PA ਨੇ ਕੀਤਾ ਆਤਮ ਸਮਰਪਣ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਜੋਬਨ ਨੇ ਆਰਪੀਜੀ ਹਾਸਲ ਕਰਨ ਸਬੰਧੀ ਗੋਪੀ ਦੇ ਖੁਲਾਸੇ ਦੀ ਪੁਸ਼ਟੀ ਕੀਤੀ ਅਤੇ ਇਹ ਵੀ ਖੁਲਾਸਾ ਕੀਤਾ ਕਿ ਲੰਡਾ ਅਤੇ ਸੱਤਾ ਦੇ ਨਿਰਦੇਸ਼ਾਂ ‘ਤੇ ਉਸ ਨੇ ਪਿੰਡ ਸ਼ਾਹਬਾਜਪੁਰ ਤੋਂ ਇੱਕ ਨਾਬਾਲਗ ਨੂੰ ਨਾਲ ਲੈ ਕੇ ਗੁਰਦੇਵ ਉਰਫ ਜੈਸਲ ਦੇ ਕਹਿਣ ਅਨੁਸਾਰ ਪਿੰਡ ਮਰਹਾਣਾ ਵਿਖੇ ਛੱਡ ਦਿੱਤਾ ਸੀ।

ਉਨ੍ਹਾਂ ਕਿਹਾ ਕਿ ਕੜੀਆਂ ਨੂੰ ਜੋੜਦਿਆਂ ਪੁਲਿਸ ਟੀਮਾਂ ਨੇ ਦੋਵੇਂ ਨਾਬਾਲਗ ਹਮਲਾਵਰਾਂ ਨੂੰ ਪਿੰਡ ਚੰਬਾ ਦੇ ਟਿਊਬਵੈੱਲ ਤੋਂ ਸਫਲਤਾਪੂਰਵਕ ਕਾਬੂ ਕਰ ਲਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ .32 ਬੋਰ ਦਾ ਪਿਸਤੌਲ ਅਤੇ 15 ਜਿੰਦਾ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਅੱਗੇ ਕਿਹਾ ਕਿ ਹਮਲੇ ਤੋਂ ਬਾਅਦ ਉਹ ਦੋਵੇਂ ਪਿੰਡ ਸੈਦੋ ਵੱਲ ਭੱਜ ਗਏ ਜਿਨ੍ਹਾਂ ਨੇ ਲੰਡਾ ਦੁਆਰਾ ਪਹਿਲਾਂ ਹੀ ਪ੍ਰਬੰਧ ਕੀਤੇ ਇੱਕ ਟਿਊਬਵੈੱਲ ਕਮਰੇ ਵਿੱਚ ਪਨਾਹ ਲੈ ਲਈ। ਉਨ੍ਹਾਂ ਕਿਹਾ ਕਿ ਦੋਵੇਂ ਸ਼ੂਟਰਾਂ ਨੇ ਯੂਟਿਊਬ ਵੀਡੀਓਜ਼ ਤੋਂ ਅਤੇ ਲੰਡਾ ਦੁਆਰਾ ਵੀਡੀਓ ਕਾਲ ਵਿੱਚ ਦੱਸੇ ਅਨੁਸਾਰ ਆਰਪੀਜੀ ਚਲਾਉਣਾ ਸਿੱਖਿਆ ।

ਇਸ ਸਬੰਧੀ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 307, ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੀ ਧਾਰਾ 16 ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3 ਅਧੀਨ ਥਾਣਾ ਸਰਹਾਲੀ ਵਿਖੇ ਐਫਆਈਆਰ ਨੰਬਰ 187 ਮਿਤੀ 09.12.2022 ਦਰਜ ਹੈ। ਅਗਲੇ-ਪਿਛਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਤਵਾਦੀ ਮਾਡਿਊਲ ਦੇ ਬਾਕੀ ਮੈਂਬਰਾਂ ਦੀ ਗ੍ਰਿਫਤਾਰੀ ਅਤੇ ਸਬੂਤਾਂ ਜ਼ਰੀਏ ਜਾਂਚ ਨੂੰ ਤਰਕਪੂਰਨ ਸਿੱਟੇ ‘ਤੇ ਲਿਜਾਇਆ ਜਾਵੇਗਾ।

ਪੰਜਾਬ ਸਰਕਾਰ ਦੀ ਮੁੱਖ ਤਰਜ਼ੀਹ ਰਾਜ ਦੀਆਂ ਔਰਤਾਂ ਨੂੰ ਆਰਥਿਕ ਮਜ਼ਬੂਤੀ ਪ੍ਰਦਾਨ ਕਰਨਾ : ਡਾ. ਬਲਜੀਤ ਕੌਰ

0

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਇਸੇ ਦਿਸ਼ਾ ਤਹਿਤ ਕੰਮ ਕਰਦਿਆਂ ਸਮਾਜਿਕ ਸੁਰੱਖਿਆ ਵਿਭਾਗ ਨੇ ਮਾਤਾ ਤ੍ਰਿਪਤਾ ਮਹਿਲਾ ਯੋਜਨਾ ਤਹਿਤ 1, 45, 023 ਲਾਭਪਾਤਰੀਆਂ ਦਾ ਡਾਟਾ ਐਮ-ਸੇਵਾ ਐਪ ਤੇ ਅਪਲੋਡ ਕੀਤਾ ਜਾ ਚੁੱਕਾ ਹੈ।

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੀਆਂ ਔਰਤਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ ਅਤੇ ਪੰਜਾਬ ਸਰਕਾਰ ਦੀ ਮੁੱਖ ਤਰਜ਼ੀਹ ਸੂਬੇ ਦੀਆਂ ਔਰਤਾਂ ਨੂੰ ਆਰਥਿਕ ਮਜ਼ਬੂਤੀ ਪ੍ਰਦਾਨ ਕਰਨਾ ਹੈ।

ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਬਾਰੇ ਮੰਤਰੀ ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਔਰਤਾਂ ਦੀ ਅਗਵਾਈ ਵਾਲੇ ਪਰਿਵਾਰਾਂ ਦੇ ਸ਼ਸ਼ਕਤੀਕਰਨ ਲਈ ਮਾਤਾ ਤ੍ਰਿਪਤਾ ਮਹਿਲਾ ਯੋਜਨਾ ਲਾਗੂ ਕੀਤੀ ਗਈ ਹੈ। ਇਸ ਸਬੰਧੀ ਆਂਗਣਵਾੜੀ ਵਰਕਰਾਂ ਵੱਲੋਂ ਪੰਜਾਬ ਰਾਜ ਵਿੱਚ ਔਰਤਾਂ ਦੀ ਅਗਵਾਈ ਵਾਲੇ ਪਰਿਵਾਰਾਂ ਦਾ ਸਰਵੇ ਕੀਤਾ ਜਾ ਰਿਹਾ ਹੈ। ਔਰਤਾਂ ਦੀ ਅਗਵਾਈ ਵਾਲੇ ਪਰਿਵਾਰਾਂ ਦੇ 1, 45, 023 ਲਾਭਪਾਤਰੀਆਂ ਦਾ ਡਾਟਾ ਐਮ.ਸੇਵਾ ਐਪ ਤੇ ਅਪਲੋਡ ਕੀਤਾ ਜਾ ਚੁੱਕਾ ਹੈ।

ਡਾ. ਬਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਔਰਤਾਂ ਦੇ ਆਰਥਿਕ ਸ਼ਸ਼ਕਤੀਕਰਨ ਦੀ ਵਚਨਬੱਧਤਾ ਤਹਿਤ ਕੰਮ ਕਰਦਿਆਂ ਔਰਤਾਂ ਦੇ ਆਰਥਿਕ ਸ਼ਸ਼ਕਤੀਕਰਨ ਸਬੰਧੀ ਵੱਖ-ਵੱਖ ਸਕੀਮਾਂ ਨੂੰ ਲਾਗੂ ਕਰਨਾ ਯਕੀਨੀ ਬਣਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਔਰਤਾਂ ਦੇ ਆਰਥਿਕ ਸ਼ਸ਼ਕਤੀਕਰਨ ਲਈ ਹਰ ਸੰਭਵ ਕਦਮ ਚੁੱਕੇਗੀ।

ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਵਿਭਾਗ ਦੇ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਇੰਨ-ਬਿੰਨ ਲਾਗੂ ਕਰਨਾ ਯਕੀਨੀ ਬਣਾਇਆ ਜਾਵੇ।