Home Blog Page 1787

ਸਰਕਾਰ ਪਿੰਡਾਂ ‘ਚ ਪਾਈਪ ਰਾਹੀਂ ਪਾਣੀ ਦੀ ਸਪਲਾਈ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਗਾਏਗੀ ਸੋਲਰ ਪਾਵਰ ਐਨਰਜੀ ਸਿਸਟਮ: ਜਿੰਪਾ

0

ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਿੰਡਾਂ ਵਿੱਚ ਪਾਈਪ ਰਾਹੀਂ ਪਾਣੀ ਦੀ ਸਪਲਾਈ ਵਾਲੀਆਂ ਸਕੀਮਾਂ ਵਾਸਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੋਲਰ ਪਾਵਰ ਐਨਰਜੀ ਸਿਸਟਮ ਲਗਾਉਣ ਲਈ 60.50 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਸ ਪ੍ਰੋਜੈਕਟ ਤਹਿਤ 1508 ਪਿੰਡਾਂ ਨੂੰ ਕਵਰ ਕਰਦਿਆਂ ਸੂਬੇ ਦੇ ਪਿੰਡਾਂ ਵਿੱਚ 970 ਜਲ ਸਪਲਾਈ ਸਕੀਮਾਂ ਲਈ 8.698 ਮੈਗਾਵਾਟ ਦੀ ਸਮਰੱਥਾ ਵਾਲੇ ਸੋਲਰ ਪਾਵਰ ਐਨਰਜੀ ਪਲਾਂਟ (ਨੈੱਟ ਮੀਟਰਿੰਗ ‘ਤੇ ਆਧਾਰਿਤ) ਲਗਾਏ ਜਾਣਗੇ।

ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਦਿਨ-ਰਾਤ ਅਣਥੱਕ ਯਤਨ ਕਰ ਰਹੀ ਹੈ। ਸਰਕਾਰ ਦਾ ਉਦੇਸ਼ ਹੈ ਕਿ ਲੋਕਾਂ ਨੂੰ ਸਹੂਲਤਾਂ ਲਈ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਾਰੀਆਂ ਸਹੂਲਤਾਂ ਲੋਕਾਂ ਨੂੰ ਉਨ੍ਹਾਂ ਦੇ ਦਰ ‘ਤੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਮਿਲਣ।

ਸੋਲਰ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਬਿਜਲੀ ਖਰਚਿਆਂ ਦੇ ਬੋਝ ਨੂੰ ਘਟਾ ਕੇ ਜਲ ਸਪਲਾਈ ਸਕੀਮਾਂ ਦੀ ਵਿੱਤੀ ਸਥਿਰਤਾ ਅਤੇ ਗ੍ਰਾਮ ਪੰਚਾਇਤ ਜਲ ਸਪਲਾਈ ਕਮੇਟੀਆਂ (ਜੀ.ਪੀ.ਡਬਲਿਊ.ਐਸ.ਸੀ.) ਦੁਆਰਾ ਪਿੰਡਾਂ ਵਿੱਚ ਜਲ ਸਪਲਾਈ ਸਕੀਮਾਂ ਦੇ ਸਫ਼ਲ ਸੰਚਾਲਨ ਅਤੇ ਪ੍ਰਬੰਧਨ ਨੂੰ ਯਕੀਨੀ ਬਣਾਉਣਾ ਹੈ। ਇਸ ਤੋਂ ਇਲਾਵਾ ਇਹ ਸਾਫ਼ ਅਤੇ ਸਵੱਛ ਊਰਜਾ ਦੀ ਵਰਤੋਂ ਵਧਣ ਦੇ ਨਾਲ ਨਾਲ ਵਾਤਾਵਰਣ ਸਥਿਰਤਾ ਵਿੱਚ ਵੀ ਸਹਾਈ ਹੋਵੇਗਾ।

ਜਿੰਪਾ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸੋਲਰ ਰੂਫ ਟਾਪ ਪੈਨਲਾਂ ਦੀ ਸਥਾਪਨਾ ਨਾਲ ਇਹ ਪ੍ਰੋਜੈਕਟ ਕਾਫ਼ੀ ਫਾਇਦੇਮੰਦ ਸਾਬਤ ਹੋਵੇਗਾ ਜਿਵੇਂ ਬਿੱਲ ਵਿੱਚ ਕਟੌਤੀ, ਕਿਉਂਕਿ ਬਿਜਲੀ ਦੀ ਬਰਾਮਦ ਅਤੇ ਦਰਾਮਦ ਦੇ ਸਮਾਯੋਜਨ ਤੋਂ ਬਾਅਦ ਪੀਐਸਪੀਸੀਐਲ ਦੁਆਰਾ ਬਿੱਲ ਜਾਰੀ ਕੀਤਾ ਜਾਂਦਾ ਹੈ, ਵਾਤਾਵਰਣ ਪੱਖੀ ਸਵੱਛ ਅਤੇ ਸਾਫ਼ ਊਰਜਾ ਦਾ ਉਤਪਾਦਨ ਅਤੇ ਡੀਡਬਲਿਯੂਐਸਐਸ/ਜੀਪੀਡਬਲਿਯੂਐਸਸੀ ਆਪਣੀਆਂ ਬਿਜਲੀ ਲੋੜਾਂ ਖੁਦ ਪੂਰੀਆਂ ਕਰੇਗਾ।

ਪ੍ਰਮੁੱਖ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਡੀ.ਕੇ. ਤਿਵਾੜੀ ਨੇ ਅੱਗੇ ਕਿਹਾ ਕਿ ਬਿਜਲੀ ਦੀ ਦਰਾਮਦ ਅਤੇ ਬਰਾਮਦ ਦੇ ਸਮਾਯੋਜਨ ਤੋਂ ਬਾਅਦ ਹੀ ਬਿਲ ਦੀ ਰਕਮ ‘ਤੇ ਬਿਜਲੀ ਡਿਊਟੀ/ਚੁੰਗੀ ਆਦਿ ਲਗਾਇਆ ਜਾਵੇਗਾ। ਵਾਧੂ ਬਿਜਲੀ ਪੀ.ਐਸ.ਪੀ.ਸੀ.ਐਲ. ਦੇ ਗਰਿੱਡ ਨੂੰ ਸਪਲਾਈ ਕੀਤੀ ਜਾਵੇਗੀ ਜਿਸ ਨਾਲ ਬਿਜਲੀ ਦੀ ਘਾਟ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ।

ਧੁੰਦ ਦਾ ਫਾਇਦਾ ਉਠਾਉਣ ਦੀ ਫਿਰਾਕ ‘ਚ ਪਾਕਿਸਤਾਨ, BSF ਨੇ ਮੁੜ ਤੋਂ ਫਾਇਰਿੰਗ ਕਰ ਕਬਜ਼ੇ ‘ਚ ਲਿਆ ਡਰੋਨ

0

ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਜਾਰੀ ਹਨ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਬੀਤੀ ਰਾਤ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਨੇੜੇ ਇਕ ਵਾਰ ਫਿਰ ਡਰੋਨ ਦੇਖਿਆ ਤੇ ਜਿਸ ‘ਤੇ ਫਾਇਰਿੰਗ ਕਰ ਉਸਨੂੰ ਜ਼ਮੀਨ ‘ਤੇ ਸੁੱਟ ਦਿੱਤਾ। ਅੰਮ੍ਰਿਤਸਰ ਦੇ ਪਿੰਡ ਰਾਜਾਤਾਲ ਨੇੜੇ ਜਵਾਨਾਂ ਨੇ ਡਰੋਨ ਬਰਾਮਦ ਕਰ ਲਿਆ ਹੈ। ਪਾਕਿਸਤਾਨ ਆਪਣੇ ਨਾਪਾਕ ਇਰਾਦਿਆਂ ਤੋਂ ਪਿੱਛੇ ਹਟਣ ਵਾਲਾ ਨਹੀਂ ਹੈ ਅਤੇ ਇਸ ਧੁੰਦ ਦੇ ਮੌਸਮ ਵਿੱਚ ਇਸਦੇ ਗੁਰਗੇ ਭਾਰਤ ‘ਚ ਹੈਰੋਇਨ/ਹਥਿਆਰ ਭੇਜਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।

ਫਿਲਹਾਲ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਡਰੋਨ ਰਾਹੀਂ ਹਥਿਆਰ ਜਾਂ ਨਸ਼ੀਲੇ ਪਦਾਰਥ ਕਿੱਥੇ ਸੁੱਟੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਦੇ ਜਵਾਨਾਂ ਨੇ 25 ਦਸੰਬਰ ਦੀ ਰਾਤ ਨੂੰ ਸਰਹੱਦ ’ਤੇ ਡਰੋਨ ਦੀ ਆਵਾਜ਼ ਸੁਣੀ ਸੀ। ਚੌਕਸ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਉਸ ‘ਤੇ ਗੋਲੀਬਾਰੀ ਕੀਤੀ ਅਤੇ ਉਸ ਨੂੰ ਮਾਰ ਸੁੱਟਿਆ। ਬੀਐਸਐਫ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਮੁਹਿੰਮ ਦੌਰਾਨ ਖੇਤ ਵਿੱਚ ਇੱਕ ਡਰੋਨ ਮਿਲਿਆ ਹੈ।

ਮੋਗਾ ‘ਚ NRI ਪੰਜਾਬੀਆਂ ਨਾਲ ਮਿਲਣੀ’ ਪ੍ਰੋਗਰਾਮ ਅੱਜ, ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਸੁਣੇਗੀ ਸਰਕਾਰ

0

CM ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਦੀਆਂ ਸ਼ਿਕਾਇਤਾਂ ਤੇ ਸਮੱਸਿਆਵਾਂ ਦਾ ਹੱਲ ਕਰਨ ਲਈ ਵਚਨਬੱਧ ਹੈ। ਇਸੇ ਦਿਸ਼ਾ ਵਿੱਚ ਅੱਗੇ ਵਧਦਿਆਂ ਸੂਬਾ ਸਰਕਾਰ ‘NRI ਪੰਜਾਬੀਆਂ ਨਾਲ ਮਿਲਣੀ’ ਸਮਾਗਮ ਕਰਵਾ ਰਹੀ ਹੈ ਤਾਂ ਜੋ ਪ੍ਰਵਾਸੀ ਪੰਜਾਬੀਆਂ ਨਾਲ ਸਬੰਧਤ ਮਾਮਲਿਆਂ ਨੂੰ ਛੇਤੀ ਤੇ ਤਸੱਲੀਬਖਸ਼ ਢੰਗ ਨਾਲ ਹੱਲ ਕੀਤਾ ਜਾ ਸਕੇ। ਪੰਜਾਬ ਦੇ ਭਾਰਤੀ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ‘ਮਿਲਨੀ’ ਪ੍ਰੋਗਰਾਮ ਵਿੱਚ ਮੋਗਾ, ਫਿਰੋਜ਼ਪੁਰ, ਫਰੀਦਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਬਠਿੰਡਾ ਅਤੇ ਮਾਨਸਾ ਆਦਿ ਜ਼ਿਲ੍ਹਿਆਂ ਨਾਲ ਸਬੰਧਤ ਪਰਵਾਸੀ ਪੰਜਾਬੀਆਂ ਦੇ ਮਾਮਲਿਆਂ ਦੀ ਸੁਣਵਾਈ ਕੀਤੀ ਜਾਵੇਗੀ ਤਾਂ ਜੋ ਉਨ੍ਹਾਂ ਦੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕੇ।

ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ 30 ਦਸੰਬਰ ਨੂੰ ਮਿਲਣੀ ਪ੍ਰੋਗਰਾਮ ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਜਾਵੇਗਾ । ਇਸ ਵਿੱਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਅਤੇ ਤਰਨਤਾਰਨ ਜ਼ਿਲ੍ਹਿਆਂ ਨਾਲ ਸਬੰਧਤ ਪਰਵਾਸੀ ਪੰਜਾਬੀਆਂ ਦੀ ਸੁਣਵਾਈ ਕੀਤੀ ਜਾਵੇਗੀ । ਇਸ ਦੇ ਲਈ ਪ੍ਰਵਾਸੀ ਪੰਜਾਬੀ ਆਨਲਾਈਨ ਜਾਂ ਮੌਕੇ ‘ਤੇ ਹੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ । ਉਨ੍ਹਾਂ ਦੱਸਿਆ ਕਿ ਪ੍ਰਵਾਸੀ ਪੰਜਾਬੀਆਂ ਦੀਆਂ ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਮਾਮਲਿਆਂ ਨਾਲ ਸਬੰਧਤ ਸਮੱਸਿਆਵਾਂ ਨੂੰ ਸਮਾਂਬੱਧ ਢੰਗ ਨਾਲ ਹੱਲ ਕਰਨ ਲਈ ਵਿਸ਼ੇਸ਼ ਨੀਤੀ ਤਿਆਰ ਕਰ ਰਹੀ ਹੈ।

ਇਹ ਵੀ ਪੜ੍ਹੋ: PM ਮੋਦੀ ਅੱਜ ‘ਵੀਰ ਬਾਲ ਦਿਵਸ’ ਪ੍ਰੋਗਰਾਮ ‘ਚ ਹੋਣਗੇ ਸ਼ਾਮਲ, 300 ਬਾਲ ਕੀਰਤਨੀ ਕਰਨਗੇ…

ਇਸ ਤੋਂ ਅੱਗੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ NRI ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਉਨ੍ਹਾਂ ਦੇ ਹੱਲ ਦੇ ਲਈ ਪੰਜਾਬ ਸਰਕਾਰ ਹਰ ਸਾਲ ਦਸੰਬਰ ਤੇ ਅਪ੍ਰੈਲ ਮਹੀਨੇ ਵਿੱਚ ਦੋ ਮੀਟਿੰਗਾਂ ਦਾ ਆਯੋਜਨ ਕਰੇਗੀ । ਇਸ ਨਾਲ ਪ੍ਰਵਾਸੀ ਪੰਜਾਬੀਆਂ ਨੂੰ ਸਰਕਾਰੀ ਦਫ਼ਤਰਾਂ, ਸਕੱਤਰੇਤ ਅਤੇ ਮੰਤਰੀਆਂ ਦੇ ਦਫ਼ਤਰਾਂ ਵਿੱਚ ਪ੍ਰੇਸ਼ਾਨੀ ਤੋਂ ਬਚ ਸਕਣਗੇ। ਇਸ ਕਾਰਨ ਸਰਕਾਰ ਖੁਦ ਪਰਵਾਸੀ ਪੰਜਾਬੀਆਂ ਦੇ ਜ਼ਿਲ੍ਹਿਆਂ ਵਿੱਚ ਜਾ ਕੇ ਉਨ੍ਹਾਂ ਦੇ ਕੇਸ ਹੱਲ ਕਰੇਗੀ। ਮੰਤਰੀ ਕੁਲਦੀਪ ਧਾਲੀਵਾਲ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ ਵਿੱਚ 16 ਦਸੰਬਰ ਨੂੰ 160, SAS ਨਗਰ (ਮੋਹਾਲੀ) ਵਿੱਚ 19 ਦਸੰਬਰ ਨੂੰ 74 ਅਤੇ ਲੁਧਿਆਣਾ ਵਿੱਚ 23 ਦਸੰਬਰ ਨੂੰ 170 ਤੋਂ ਵੱਧ ਕੇਸਾਂ ਦੀ ਸੁਣਵਾਈ ਕੀਤੀ ਗਈ ।

PM ਮੋਦੀ ਅੱਜ ‘ਵੀਰ ਬਾਲ ਦਿਵਸ’ ਪ੍ਰੋਗਰਾਮ ‘ਚ ਹੋਣਗੇ ਸ਼ਾਮਲ, 300 ਬਾਲ ਕੀਰਤਨੀ ਕਰਨਗੇ ਸ਼ਬਦ ਕੀਰਤਨ

0

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ 26 ਦਸੰਬਰ ਨੂੰ ਦਿੱਲੀ ਦੇ ਮੇਜਰ ਧਿਆਨ ਚੰਦ ਨੈਸ਼ਨਲ ਸਟੇਡੀਅਮ ‘ਚ ‘ਵੀਰ ਬਾਲ ਦਿਵਸ’ ਦੇ ਮੌਕੇ ‘ਤੇ ‘ਇਤਿਹਾਸਕ’ ਪ੍ਰੋਗਰਾਮ ‘ਚ ਹਿੱਸਾ ਲੈਣਗੇ।

ਪੀਐਮਓ ਯਾਨੀ ਪ੍ਰਧਾਨ ਮੰਤਰੀ ਦਫ਼ਤਰ ਨੇ ਇਹ ਜਾਣਕਾਰੀ ਦਿੱਤੀ ਹੈ। ਪੀਐਮਓ ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਭਗ 300 ਬਾਲ ਕੀਰਤਨੀਆਂ ਦੁਆਰਾ ਕੀਤੇ ਜਾਣ ਵਾਲੇ ਸ਼ਬਦ ਕੀਰਤਨ ਵਿੱਚ ਸ਼ਾਮਲ ਹੋਣਗੇ ਅਤੇ ਲਗਭਗ 3,000 ਬੱਚਿਆਂ ਦੁਆਰਾ ਕੀਤੇ ਜਾਣ ਵਾਲੇ ‘ਮਾਰਚ-ਪਾਸਟ’ ਨੂੰ ਹਰੀ ਝੰਡੀ ਦੇਣਗੇ।

ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਨਾਗਰਿਕਾਂ, ਖਾਸ ਤੌਰ ‘ਤੇ ਛੋਟੇ ਬੱਚਿਆਂ ਨੂੰ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਮਿਸਾਲੀ ਸਾਹਸ ਦੀ ਦਾਸਤਾਨ ਦੱਸਣ ਲਈ ਦੇਸ਼ ਭਰ ਵਿੱਚ ਇੰਟਰਐਕਟਿਵ ਅਤੇ ਭਾਗੀਦਾਰੀ ਪ੍ਰੋਗਰਾਮਾਂ ਦਾ ਆਯੋਜਨ ਕਰ ਰਹੀ ਹੈ।

ਦੇਸ਼ ਭਰ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਲੇਖ ਲਿਖਣ, ਕੁਇਜ਼ ਮੁਕਾਬਲੇ ਅਤੇ ਹੋਰ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। ਬਿਆਨ ‘ਚ ਕਿਹਾ ਗਿਆ ਹੈ ਕਿ ਰੇਲਵੇ ਸਟੇਸ਼ਨਾਂ, ਪੈਟਰੋਲ ਪੰਪਾਂ ਅਤੇ ਹਵਾਈ ਅੱਡਿਆਂ ਵਰਗੀਆਂ ਜਨਤਕ ਥਾਵਾਂ ‘ਤੇ ਡਿਜੀਟਲ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ।

ਇਸ ਸਾਲ 9 ਜਨਵਰੀ ਨੂੰ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਐਲਾਨ ਕੀਤਾ ਸੀ ਕਿ ਸਿੱਖ ਗੁਰੂ ਦੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਦੀ ਸ਼ਹਾਦਤ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਈ ਜਾਵੇਗੀ।

ਸਿੱਖ ਜਗਤ ‘ਵੀਰ ਬਾਲ ਦਿਵਸ’ ਨਹੀਂ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਮਨਾਏ- ਐਡਵੋਕੇਟ ਧਾਮੀ

0

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਵੱਲੋਂ ਮਨਾਏ ਜਾ ਰਹੇ ਵੀਰ ਬਾਲ ਦਿਵਸ ਨੂੰ ਰੱਦ ਕਰਦਿਆਂ ਸਿੱਖ ਇਤਿਹਾਸ ਛੁਟਿਆਉਣ ਵਾਲੀ ਸਰਕਾਰੀ ਚਾਲ ਤੋਂ ਸੰਗਤ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਭਾਰਤ ਸਰਕਾਰ ਸਿੱਖਾਂ ਦੇ ਇਤਿਹਾਸ ਨੂੰ ਰਲਗੱਡ ਕਰਨ ਦੇ ਰਾਹ ਤੁਰੀ ਹੋਈ ਹੈ ਅਤੇ ਦੁੱਖ ਦੀ ਗੱਲ ਹੈ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਇਸ ਵਿਚ ਸਹਿਯੋਗ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀਆਂ ਪਰੰਪਰਾਵਾਂ ਦੇ ਵਿਰੁੱਧ ਜਾ ਕੇ ਭਾਰਤ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਵਸ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣਾ ਦੁਨੀਆ ਦੇ ਧਰਮ ਇਤਿਹਾਸ ਅੰਦਰ ਸਭ ਤੋਂ ਵੱਡੀ ਸ਼ਹਾਦਤ ਤੇ ਮੁੱਲਵਾਨ ਵਿਰਾਸਤ ਨੂੰ ਖੋਰਾ ਲਗਾਉਣ ਦੀ ਕੋਝੀ ਸਾਜ਼ਿਸ਼ ਹੈ।

ਐਡਵੋਕੇਟ ਧਾਮੀ ਨੇ ਆਖਿਆ ਕਿ ਜੇਕਰ ਸਰਕਾਰ ਸਾਹਿਬਜ਼ਾਦਿਆਂ ਨੂੰ ਸੱਚਮੁੱਚ ਹੀ ਸ਼ਰਧਾ ਤੇ ਸਤਿਕਾਰ ਭੇਟ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਸਾਹਿਬਜ਼ਾਦੇ ਸ਼ਹਾਦਤ ਦਿਵਸ ਵਜੋਂ ਇਹ ਦਿਹਾੜਾ ਮਨਾਉਣ ਵਿੱਚ ਕੀ ਪ੍ਰੇਸ਼ਾਨੀ ਹੈ? ਉਨ੍ਹਾਂ ਆਖਿਆ ਕਿ ਇਤਿਹਾਸ ਗਵਾਹ ਹੈ ਕਿ ਮੁਗਲਾਂ ਦੀਆਂ ਇਸ ਖਿੱਤੇ ਵਿੱਚੋਂ ਜੜ੍ਹਾਂ ਪੁੱਟਣ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਹਿਮ ਸੀ, ਪਰ ਜਿਸ ਤਰ੍ਹਾਂ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦੀ ਜ਼ਿੱਦ ਕੀਤੀ ਜਾ ਰਹੀ ਹੈ ਉਸ ਤੋਂ ਸਾਫ ਜਾਹਿਰ ਹੈ ਕਿ ਇਹ ਖੇਡ ਸਰਕਾਰ ਵੱਲੋਂ ਪੰਥ ਵਿਰੋਧੀ ਸ਼ਕਤੀਆਂ ਦੇ ਇਸ਼ਾਰੇ `ਤੇ ਖੇਡੀ ਜਾ ਰਹੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਨੂੰ ਵੀ ਨਿਸ਼ਾਨੇ `ਤੇ ਲੈਂਦਿਆਂ ਕਿਹਾ ਕਿ ਵੀਰ ਬਾਲ ਦਿਵਸ ਨਾਮ ਕੌਮ ਨੂੰ ਪ੍ਰਵਾਨ ਨਾ ਹੁੰਦੀਆਂ ਵੀ ਕਾਲਕਾ ਕੇਂਦਰ ਸਰਕਾਰ ਦਾ ਮੋਹਰਾ ਬਣੇ ਹੋਏ ਹਨ। ਉਨ੍ਹਾਂ ਕਾਲਕਾ ਨੂੰ ਸੁਆਲ ਕੀਤਾ ਕਿ ਕੀ ਉਸ ਦੀ ਇਹ ਹਰਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਮੰਨਣ ਤੋਂ ਇਨਕਾਰੀ ਹੋਣਾ ਨਹੀਂ ਹੈ? ਐਡਵੋਕੇਟ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ `ਤੇ ਸਿੱਖ ਵਿਦਵਾਨਾਂ ਦੀ ਕਮੇਟੀ ਵੱਲੋਂ ਵੀਰ ਬਾਲ ਦਿਵਸ ਦੀ ਥਾਂ `ਤੇ ਸਾਹਿਬਜ਼ਾਦੇ ਸ਼ਹਾਦਤ ਦਿਵਸ ਨਾਮ ਸੁਝਾਇਆ ਗਿਆ ਹੈ।

ਇਸ ਸਬੰਧ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਭਿਆਚਾਰਕ ਮੰਤਰਾਲੇ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੱਤਰ ਵੀ ਭੇਜਿਆ ਜਾ ਚੁੱਕਾ ਹੈ ਪਰ ਫੇਰ ਵੀ ਸਰਕਾਰ ਵੱਲੋਂ ਨਾਮ ਨਾ ਬਦਲਣਾ ਅਤੇ ਦਿੱਲੀ ਕਮੇਟੀ ਪ੍ਰਧਾਨ ਸ. ਕਾਲਕਾ ਵੱਲੋਂ ਸਰਕਾਰੀ ਸਮਾਗਮਾਂ ਦਾ ਹਿੱਸਾ ਬਣਨਾ ਕੌਮ ਲਈ ਦੁਖਦਾਈ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸ. ਹਰਮੀਤ ਸਿੰਘ ਕਾਲਕਾ ਸਿੱਖ ਇਤਿਹਾਸ ਵਿਗਾੜਨ ਦੀਆਂ ਸਰਕਾਰੀ ਚਾਲਾਂ ਵਿੱਚ ਆਪਣੀ ਸ਼ਮੂਲੀਅਤ ਬਾਰੇ ਜਰੂਰ ਸਪਸ਼ਟ ਕਰਨ। ਉਨ੍ਹਾਂ ਦਿੱਲੀ ਕਮੇਟੀ ਦੇ ਬਾਕੀ ਅਹੁਦੇਦਾਰਾਂ ਅਤੇ ਸਮੂਹ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਵਿਚਾਰਧਾਰਾ ਦਾ ਘਾਣ ਨਾ ਹੋਣ ਦੇਣ।

ਐਡਵੋਕੇਟ ਧਾਮੀ ਨੇ ਕਿਹਾ ਕਿ ਸਿੱਖ ਕੌਮ ਆਪਣੇ ਇਤਿਹਾਸ ਦੀ ਮੌਲਿਕਤਾ ਅਤੇ ਮਹੱਤਤਾ ਨੂੰ ਕਦੇ ਵੀ ਘੱਟ ਨਹੀਂ ਹੋਣ ਦੇਵੇਗੀ ਅਤੇ ਆਪਣੇ ਇਤਿਹਾਸ ਦੀ ਭਾਵਨਾ ਅਨੁਸਾਰ ਹੀ ਸਾਹਿਬਜ਼ਾਦਿਆਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰੇਗੀ।

ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ

0

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਵਿਚ ਸਭ ਤੋਂ ਵੱਧ ਦਰਦਨਾਕ ਘਟਨਾ ਅਤੇ ਦਿਲ ਨੂੰ ਕੰਬਾ ਦੇਣ ਵਾਲਾ ਸਾਕਾ ਹੈ। ਇਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ। ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਚਮਕੌਰ ਦੀ ਜੰਗ ਵਿਚ ਲੜਦੇ ਹੋਏ ਸ਼ਹੀਦ ਹੋ ਗਏ ਅਤੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਸੂਬਾ ਸਰਹਿੰਦ ਦੇ ਹੁਕਮ ਨਾਲ ਸ਼ਹੀਦ ਕਰ ਦਿੱਤੇ ਗਏ।

ਮੁਗ਼ਲ ਅਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਰਲ਼ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਘੇਰਾ ਲੰਮਾ ਹੋਣ ‘ਤੇ ਦੁਸ਼ਮਣ ਵੱਲੋਂ ਗੁਰੂ ਜੀ ਨਾਲ ਸਮਝੌਤਾ ਕੀਤਾ ਗਿਆ। ਸਮਝੌਤੇ ਦੀ ਸ਼ਰਤ ਇਹ ਸੀ ਕਿ ਇਕ ਵਾਰ ਗੁਰੂ ਜੀ ਅਨੰਦਪੁਰ ਸਾਹਿਬ ਛੱਡ ਦੇਣ ਉਨ੍ਹਾਂ ਨੂੰ ਬੇਰੋਕ ਜਾਣ ਦਿੱਤਾ ਜਾਵੇਗਾ।

ਗੁਰੂ ਜੀ ਦੇ ਕਿਲ੍ਹਾ ਖ਼ਾਲੀ ਕਰ ਕੇ ਜਾਣ ‘ਤੇ ਦੁਸ਼ਮਣ ਨੇ ਸਾਰੀਆਂ ਕਸਮਾਂ ਤੋੜ ਕੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਇਹ ਧਰਮ-ਹੀਣ ਰਾਜ ਸੱਤਾ ਦਾ ਹੀ ਨੰਗਾ ਨਾਚ ਸੀ। ਬੇਈਮਾਨੀ, ਵਾਅਦਾ-ਖਿਲਾਫ਼ੀ, ਚੰਗੇਜ਼ੀ ਅਤੇ ਦਰਿੰਦਗੀ ਦਾ ਘਿਨਾਉਣਾ ਕਾਰਾ ਸੀ।

ਸਰਸਾ ਨਦੀ ਦੇ ਨੇੜੇ ਪਹੁੰਚਦਿਆਂ ਗਹਿਗੱਚ ਲੜਾਈ ਹੋਈ ਜਿਸ ਦੌਰਾਨ ਗੁਰੂ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਵਹੀਰ ਤੋਂ ਵੱਖ ਹੋ ਗਏ। ਸਰਸਾ ਨਦੀ ਵਿਚ ਭਾਰੀ ਹੜ੍ਹ ਅਤੇ ਦੁਸ਼ਮਣਾਂ ਦਾ ਜ਼ੋਰਦਾਰ ਹਮਲਾ ਇਉਂ ਜਾਪਦਾ ਸੀ ਜਿਵੇਂ ਦੋਵੇਂ ਇਕ ਦੂਜੇ ਨਾਲ ਇਸ ਘਿਨਾਉਣੇ ਕਾਰਨਾਮੇ ਵਿਚ ਸ਼ਾਮਲ ਹੋ ਗਏ ਹੋਣ। ਭਾਵੇਂ ਇਸ ਯੁੱਧ ਵਿਚ ਸੈਂਕੜੇ ਹੀ ਮਰਜੀਵੜੇ ਸਿੰਘਾਂ ਸਮੇਤ ਭਾਈ ਜੀਵਨ ਸਿੰਘ (ਜੈਤਾ ਜੀ) ਅਤੇ ਭਾਈ ਉਦੇ ਸਿੰਘ ਸ਼ਹੀਦ ਹੋ ਗਏ ਪਰੰਤੂ ਦੁਸ਼ਮਣ ਦੇ ਦੰਦ ਖੱਟੇ ਕਰ ਦਿੱਤੇ। ਇਥੇ ਗੁਰੂ ਸਾਹਿਬ ਦੇ ਕਾਫਲੇ ਨਾਲੋਂ ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਿਹ ਸਿੰਘ ਜੀ ਵਿਛੜ ਗਏ। ਇਸ ਸਥਾਨ ‘ਤੇ ਅੱਜਕਲ੍ਹ ‘ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ’ ਸੁਸ਼ੋਭਿਤ ਹੈ ਜਿਸ ਨੇ ਇਤਿਹਾਸ ਦੀ ਇਸ ਦਰਦਨਾਕ ਘਟਨਾ ਦੀ ਯਾਦ ਨੂੰ ਸੰਭਾਲ ਰੱਖਿਆ ਹੈ।

ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਗੁਰੂ-ਘਰ ਦਾ ਰਸੋਈਆ ਗੰਗੂ ਮਿਲ ਗਿਆ। ਇਹ ਉਨ੍ਹਾਂ ਨੂੰ ਮੋਰਿੰਡੇ ਕੋਲ ਪਿੰਡ ਸਹੇੜੀ ਆਪਣੇ ਘਰ ਲੈ ਗਿਆ। ਘਰ ਜਾ ਕੇ ਗੰਗੂ ਦਾ ਮਨ ਬੇਈਮਾਨ ਹੋ ਗਿਆ। ਉਸ ਨੇ ਮੋਰਿੰਡੇ ਦੇ ਥਾਣੇਦਾਰ ਨੂੰ ਖ਼ਬਰ ਦੇ ਕੇ ਬੱਚਿਆਂ ਅਤੇ ਮਾਤਾ ਜੀ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ। ਮੋਰਿੰਡੇ ਦੇ ਥਾਣੇਦਾਰ ਨੇ ਮਾਤਾ ਜੀ ਤੇ ਬੱਚਿਆਂ ਨੂੰ ਸੂਬਾ ਸਰਹਿੰਦ ਦੇ ਹਵਾਲੇ ਕਰ ਦਿੱਤਾ।ਇਸ ਤਰ੍ਹਾਂ ਉਹ ਬੇਵਫ਼ਾ, ਵਿਸ਼ਵਾਸਘਾਤੀ ਅਤੇ ਬੇਈਮਾਨ ਹੋ ਨਿਬੜਿਆ। ਇਕ ਵਿਸ਼ਵਾਸਪਾਤਰ ਵਿਅਕਤੀ ਵੱਲੋਂ ਇਸ ਤਰ੍ਹਾਂ ਦਾ ਵਿਸ਼ਵਾਸਘਾਤ ਹੀ ਦੁਖਾਂਤ ਨੂੰ ਹੋਰ ਗਹਿਰਾ ਅਤੇ ਦੁਖਦਾਇਕ ਬਣਾ ਦਿੰਦਾ ਹੈ।

ਉਸ ਰਾਤ ਉਨ੍ਹਾਂ ਨੂੰ ਸਰਹਿੰਦ ਕਿਲ੍ਹੇ ਦੇ ਠੰਡੇ ਬੁਰਜ ਵਿਚ ਰੱਖਿਆ ਗਿਆ। ਪੋਹ ਦੀ ਠੰਡੀ ਰਾਤ ਭੁੱਖੇ-ਭਾਣੇ ਦਾਦੀ ਅਤੇ ਨਿੱਕੇ-ਨਿੱਕੇ ਸੋਹਲ ਕਲੀਆਂ ਵਰਗੇ ਪੋਤਰੇ। ਇਸ ਤੋਂ ਵੱਡਾ ਅਤੇ ਕਠਿਨ ਇਮਤਿਹਾਨ ਸ਼ਾਇਦ ਹੀ ਦੁਨੀਆਂ ਦੇ ਇਤਿਹਾਸ ਵਿਚ ਕਿਸੇ ਨੂੰ ਪਾਸ ਕਰਨਾ ਪਿਆ ਹੋਵੇ। ਰਾਜ ਦੇ ਸਹਿਮ ਅਤੇ ਸਖ਼ਤੀ ਦੇ ਬਾਵਜੂਦ ਭਾਈ ਮੋਤੀ ਰਾਮ ਮਹਿਰਾ ਨੇ ਭਾਰੀ ਜ਼ੋਖਮ ਉਠਾ ਕੇ ਇਨ੍ਹਾਂ ਨਿਰਭੈ ਅਤੇ ਨਿਰਵੈਰ ਸੂਰਬੀਰਾਂ ਦੀ ਦੁੱਧ-ਪਾਣੀ ਨਾਲ ਸੇਵਾ ਕੀਤੀ। ਜਿਸ ਦੇ ਨਤੀਜੇ ਵਜੋਂ ਬਾਅਦ ਵਿਚ ਭਾਈ ਮੋਤੀ ਰਾਮ ਮਹਿਰਾ ਨੂੰ ਸਮੇਤ ਪਰਵਾਰ ਸ਼ਾਹੀ ਹੁਕਮ ਅਨੁਸਾਰ ਕੋਹਲੂ ਵਿਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ। ਦੂਜੇ ਦਿਨ ਬੱਚਿਆਂ ਨੂੰ ਸੂਬਾ ਸਰਹਿੰਦ ਦੀ ਕਚਹਿਰੀ ਵਿਚ ਪੇਸ਼ ਕੀਤਾ ਗਿਆ।

ਕਚਹਿਰੀ ਵਿਚ ਬੱਚਿਆਂ ਨੂੰ ਦੀਨ-ਏ-ਮੁਹੰਮਦੀ ਕਬੂਲ ਕਰਨ ਲਈ ਲਾਲਚ ਦੇਣ ਤੇ ਡਰਾਉਣ-ਧਮਕਾਉਣ ਦੇ ਜਤਨ ਕੀਤੇ ਗਏ। ਉਨ੍ਹਾਂ ਨੂੰ ਝੂਠ ਵੀ ਬੋਲਿਆ ਗਿਆ ਕਿ ਤੁਹਾਡਾ ਪਿਤਾ ਮਾਰਿਆ ਗਿਆ ਹੈ, ਹੁਣ ਤੁਸੀਂ ਕਿੱਥੇ ਜਾਓਗੇ। ਬੱਚਿਆਂ ਨੇ ਸੂਬਾ ਸਰਹਿੰਦ ਨੂੰ ਆਪਣਾ ਧਰਮ ਛੱਡਣ ਤੋਂ ਦਲੇਰੀ ਨਾਲ ਇਨਕਾਰ ਕਰ ਦਿੱਤਾ। ਵਜ਼ੀਰ ਖ਼ਾਨ ਨੇ ਕਾਜ਼ੀ ਦੀ ਰਾਇ ਲਈ ਕਿ ਇਨ੍ਹਾਂ ਬੱਚਿਆਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਹੈ। ਕਾਜ਼ੀ ਨੇ ਕਿਹਾ ਕਿ ਇਸਲਾਮ ਵਿਚ ਬੱਚਿਆਂ ਨੂੰ ਸਜ਼ਾ ਦੇਣ ਦੀ ਇਜਾਜ਼ਤ ਨਹੀਂ ਹੈ। ਵਜ਼ੀਰ ਖ਼ਾਨ ਵੀ ਕਿਸੇ ਹੱਦ ਤਕ ਬੱਚਿਆਂ ਦੇ ਕਤਲ ਦਾ ਕਲੰਕ ਆਪਣੇ ਮੱਥੇ ‘ਤੇ ਲਾਉਣ ਤੋਂ ਬਚਣਾ ਚਾਹੁੰਦਾ ਸੀ। ਹੁਣ ਉਸ ਨੇ ਨਵਾਬ ਮਲੇਰਕੋਟਲਾ ਨੂੰ ਕਿਹਾ ਕਿ ਉਹ ਚਾਹੇ ਤਾਂ ਆਪਣੀ ਮਰਜ਼ੀ ਅਨੁਸਾਰ ਇਨ੍ਹਾਂ ਬੱਚਿਆਂ ਨੂੰ ਸਜ਼ਾ ਦੇ ਕੇ ਆਪਣੇ ਭਰਾ ਦਾ ਬਦਲਾ ਲੈ ਸਕਦਾ ਹੈ। ਨਵਾਬ ਮਲੇਰਕੋਟਲਾ ਮੁਹੰਮਦ ਸ਼ੇਰ ਖ਼ਾਨ ਨੇ ਅੱਗੋਂ ਕਿਹਾ ਕਿ ਮੇਰਾ ਭਰਾ ਜੰਗ ਵਿਚ ਮਾਰਿਆ ਗਿਆ ਸੀ, ਮੈਂ ਇਨ੍ਹਾਂ ਬੱਚਿਆਂ ਤੋਂ ਕੋਈ ਬਦਲਾ ਨਹੀਂ ਲੈਣਾ ਚਾਹੁੰਦਾ।

ਕਾਜ਼ੀ ਅਤੇ ਸ਼ੇਰ ਖ਼ਾਨ ਦੇ ਇਸੇ ਤਰ੍ਹਾਂ ਦੇ ਰਵੱਈਏ ਨੂੰ ਵੇਖਦੇ ਹੋਏ ਵਜ਼ੀਰ ਖ਼ਾਨ ਦੇ ਮਨ ਵਿਚ ਨਰਮੀ ਆਉਣ ਲੱਗੀ ਸੀ, ਪਰ ਦੀਵਾਨ ਸੁੱਚਾ ਨੰਦ ਇਹ ਨਹੀਂ ਸੀ ਚਾਹੁੰਦਾ ਕਿ ਸਾਹਿਬਜ਼ਾਦਿਆਂ ਨੂੰ ਛੱਡਿਆ ਜਾਵੇ। ਇਤਿਹਾਸਕ ਹਵਾਲਿਆਂ ਅਨੁਸਾਰ ਉਸ ਨੇ ਇਕ ਸ਼ੈਤਾਨ ਵਾਂਗ ਸਾਹਿਬਜ਼ਾਦਿਆਂ ਨੂੰ ਕੁਝ ਅਜਿਹੇ ਪ੍ਰਸ਼ਨ ਕੀਤੇ, ਜਿਨ੍ਹਾਂ ਦੇ ਉੱਤਰ ਤੋਂ ਉਨ੍ਹਾਂ ਨੂੰ ਬਾਗ਼ੀ ਸਿੱਧ ਕੀਤਾ ਜਾਵੇ। ਸਾਹਿਬਜ਼ਾਦਿਆਂ ਨੇ ਠੋਕ ਕੇ ਜਵਾਬ ਦਿੱਤਾ: “ਹਮਰੇ ਬੰਸ ਰੀਤਿ ਇਮ ਆਈ। ਸੀਸ ਦੇਤਿ ਪਰ ਧਰਮ ਨ ਜਾਈ।” ਉਸ ਨੇ ਵਜ਼ੀਰ ਖ਼ਾਨ ਨੂੰ ਵੀ ਉਕਸਾਇਆ ਕਿ ਇਨ੍ਹਾਂ ਬੱਚਿਆਂ ਨੂੰ ਛੱਡਣਾ ਸਿਆਣਪ ਨਹੀਂ ਹੋਵੇਗੀ। ਕਿਉਂਕਿ ਇਹ ਬਾਗ਼ੀ ਪਿਤਾ ਦੇ ਬਾਗ਼ੀ ਪੁੱਤਰ ਹਨ ਅਤੇ ਵੱਡੇ ਹੋ ਕੇ ਮੁਗ਼ਲੀਆ ਸਲਤਨਤ ਲਈ ਖ਼ਤਰਾ ਬਣ ਜਾਣਗੇ।

ਸੁੱਚਾ ਨੰਦ ਦੀਆਂ ਉਕਸਾਊ ਦਲੀਲਾਂ ਸੁਣ ਕੇ ਵਜ਼ੀਰ ਖ਼ਾਨ ਨੇ ਵੀ ਬੱਚਿਆਂ ਨੂੰ ਸਜ਼ਾ ਦੇਣ ਦਾ ਮਨ ਬਣਾ ਲਿਆ। ਕਾਜ਼ੀ ਤੋਂ ਫਿਰ ਪੁੱਛਿਆ। ਇਸ ਵਾਰ ਕਾਜ਼ੀ ਨੇ ਮਾਲਕਾਂ ਦੀ ਮਰਜ਼ੀ ਅਨੁਸਾਰ ਪਰੰਤੂ ਕੁਰਾਨ ਸ਼ਰੀਫ ਦੀਆਂ ਸਿੱਖਿਆਵਾਂ ਤੋਂ ਉਲਟ ਦੋਹਾਂ ਬੱਚਿਆਂ ਨੂੰ ਕੰਧਾਂ ਵਿਚ ਚਿਣੇ ਜਾਣ ਦਾ ਫਤਵਾ ਦੇ ਦਿੱਤਾ। ਬੱਚਿਆਂ ਨੂੰ ਕੰਧਾਂ ਵਿਚ ਚਿਣਿਆ ਗਿਆ। ਕੰਧ ਜਦੋਂ ਮੋਢਿਆਂ ਤਕ ਆਈ ਤਾਂ ਡਿੱਗ ਗਈ ਸੀ। ਬੱਚਿਆਂ ਦੇ ਫੁੱਲਾਂ ਵਰਗੇ ਸਰੀਰ ਬੇਹੋਸ਼ ਹੋ ਗਏ ਸਨ।

ਹੁਣ ਬੱਚਿਆਂ ਨੂੰ ਜ਼ਿਬਹ ਕਰਨ ਦਾ ਹੁਕਮ ਸੁਣਾਇਆ ਗਿਆ। ਸਮਾਣਾ ਦੇ ਦੋ ਜਲਾਦਾਂ ਸਾਸ਼ਲ ਬੇਗ ਅਤੇ ਬਾਸ਼ਲ ਬੇਗ ਨੇ ਦੋਵਾਂ ਬੱਚਿਆਂ ਨੂੰ ਗੋਡੇ ਹੇਠ ਦੇ ਕੇ ਸੀਸ ਧੜ ਤੋਂ ਅਲੱਗ ਕਰ ਦਿੱਤੇ। ਦੁਨੀਆਂ ਦੀ ਇਹ ਅਜੀਮ, ਨਿਵੇਕਲੀ, ਲਾਮਿਸਾਲ, ਦਿਲ-ਕੰਬਾਊ ਅਤੇ ਇਤਿਹਾਸਕ ਸ਼ਹੀਦੀ ਨੇ ਭਾਰਤ ਦੇ ਇਤਿਹਾਸ ਦਾ ਵਹਿਣ ਹੀ ਮੋੜ ਦਿੱਤਾ ਅਤੇ ਦੁਨੀਆਂ ਨੂੰ ਅਸਚਰਜਤਾ ਵਿਚ ਪਾ ਦਿੱਤਾ। ਸਾਹਿਬਜ਼ਾਦਿਆਂ ਨੇ ਆਪਣੇ ਸੀਸ ਭੇਟ ਕਰ ਕੇ ਸਿੱਖ ਕੌਮ ਅਤੇ ਭਾਰਤ ਦਾ ਸੀਸ ਉੱਚਾ ਕਰ ਦਿੱਤਾ। ਸਾਹਿਬਜ਼ਾਦਿਆਂ ਦੀ ਸ਼ਹੀਦੀ ਮਹਿਜ਼ ਸ਼ਹੀਦੀ ਨਹੀਂ ਸਗੋਂ ਇਸ ਤੋਂ ਵੀ ਬਹੁਤ ਵੱਧ ਸੀ। ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਭਰਮਾਉਣ ਦਾ ਯਤਨ ਕੀਤਾ ਗਿਆ ਸੀ। ਕਈ ਵਾਰ ਮੌਤ ਦੇ ਭੈਅ ਵਿੱਚੋਂ ਲੰਘਾਇਆ ਗਿਆ ਸੀ ਅਤੇ ਤੜਫਾ-ਤੜਫਾ ਕੇ ਸ਼ਹੀਦ ਕੀਤਾ ਗਿਆ ਸੀ। ਇਹ ਸਾਰਾ ਤਸ਼ਦੱਦ ਉਨ੍ਹਾਂ ਨੇ ਕਿਵੇਂ ਬਰਦਾਸ਼ਤ ਕੀਤਾ, ਇਸ ਦਾ ਅੰਦਾਜ਼ਾ ਵੀ ਨਹੀਂ ਲਗਾਇਆ ਜਾ ਸਕਦਾ। ਉਨ੍ਹਾਂ ਨੇ ਜਬਰ ਦਾ ਮੂੰਹ ਮੋੜ ਕੇ ਦਸਾਂ ਪਾਤਸ਼ਾਹੀਆਂ, ਦੇਸ਼ ਅਤੇ ਕੌਮ ਦੀ ਸ਼ਾਨ ਨੂੰ ਕਾਇਮ ਹੀ ਨਹੀਂ ਰੱਖਿਆ ਸਗੋਂ ਉੱਚਾ ਚੁੱਕਿਆ ਅਤੇ ਖਾਲਸਾ ਪੰਥ ਨੂੰ ਲਾਸਾਨੀ ਅਤੇ ਇਤਿਹਾਸਕ ਫ਼ਤਿਹ ਦਿਵਾਈ।

ਬਿਰਧ ਉਮਰੇ ਮਾਤਾ ਗੁਜਰੀ ਜੀ ਵੀ ਠੰਡੇ ਬੁਰਜ ਅੰਤਾਂ ਦੇ ਤਸੀਹੇ ਝਲਦੇ ਹੋਏ ਸ਼ਹੀਦੀ ਪਾ ਗਏ। ਭਾਰਤ ਅਤੇ ਸਿੱਖ ਕੌਮ ਦੇ ਇਤਿਹਾਸ ਵਿਚ ਸੱਚ, ਹੱਕ, ਧਰਮ, ਮਨੁੱਖੀ ਅਧਿਕਾਰ ਅਤੇ ਰਾਸ਼ਟਰੀ ਗੌਰਵ ਲਈ ਕਿਸੇ ਇਸਤਰੀ ਦੀ ਇਹ ਪਹਿਲੀ ਸ਼ਹੀਦੀ ਸੀ।
ਸਾਹਿਬਜ਼ਾਦਿਆਂ ਨੇ ਗੁਰੂ-ਘਰ ਦੇ ਮਹਾਨ ਉਦੇਸ਼ਾਂ ਦੀ ਪੂਰਤੀ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਵਕਤ ਦੀ ਹੈਰਤਅੰਗੇਜ਼ੀ ਅਤੇ ਰਾਜ ਦੀ ਸ਼ਕਤੀ ਦੀ ਦਰਿੰਦਗੀ ਦੀ ਇੰਤਹਾ! ਸੂਬਾ ਸਰਹਿੰਦ ਨੇ ਇਨ੍ਹਾਂ ਸ਼ਹੀਦਾਂ ਦਾ ਸਸਕਾਰ ਕਰਨ ਲਈ ਜਗ੍ਹਾ ਦੇਣ ਲਈ ਸ਼ਰਤ ਰੱਖ ਦਿੱਤੀ। ਜਿਸ ਅਨੁਸਾਰ ਸੂਬਾ ਸਰਹਿੰਦ ਦੇ ਅਹਿਮ ਅਹਿਲਕਾਰ ਪਰੰਤੂ ਗੁਰੂ-ਘਰ ਦੇ ਸ਼ਰਧਾਲੂ ਦੀਵਾਨ ਟੋਡਰ ਮੱਲ ਨੇ ਧਨ ਇਕੱਠਾ ਕਰ ਕੇ ਖੜ੍ਹੀਆਂ ਅਸ਼ਰਫੀਆਂ ਰੱਖ ਕੇ ਸਸਕਾਰ ਲਈ ਜ਼ਮੀਨ ਖ਼ਰੀਦ ਕੇ ਤਿੰਨਾਂ ਸ਼ਹੀਦਾਂ ਦਾ ਸਸਕਾਰ ਕਰ ਦਿੱਤਾ।

ਇਥੇ ਅੱਜਕਲ੍ਹ ‘ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ’ ਸੁਸ਼ੋਭਿਤ ਹੈ। ਬਿਨਾਂ ਸ਼ੱਕ ਦੀਵਾਨ ਟੋਡਰ ਮੱਲ ਪੰਥ ਦਾ ਅਨਮੋਲ ਹੀਰਾ ਸੀ, ਗੁਰੂ-ਘਰ ਦਾ ਅਨਿੰਨ ਸੇਵਕ ਸੀ, ਰੱਬ ਦਾ ਪਿਆਰਾ ਸੀ, ਹੱਕ ਅਤੇ ਸੱਚ ਦਾ ਪਹਿਰੇਦਾਰ ਸੀ। ਇਹ ਦੋਵੇਂ ਭਾਈ ਮੋਤੀ ਰਾਮ ਮਹਿਰਾ ਅਤੇ ਦੀਵਾਨ ਟੋਡਰ ਮੱਲ ਕੌਮ ਦੇ ‘ਪੰਥ ਰਤਨ’ ਹਨ। ਮੁਗ਼ਲ ਸਰਕਾਰ ਦੇ ਅਹਿਮ ਅਹਿਲਕਾਰ ਦੀਵਾਨ ਟੋਡਰ ਮੱਲ ਅਤੇ ਗੁਰੂ-ਘਰ ਦੇ ਰਸੋਈਏ ਗੰਗਾ ਰਾਮ ਦਾ ਕਿਰਦਾਰ ਸਮਝਣਯੋਗ ਹੈ। ਗੰਗਾ ਰਾਮ ਨੇ ਜਹਾਨ ਵਿਚ ਜੀਵਨ ਦੀ ਖੁਸ਼ਹਾਲੀ ਹਿੱਤ ਧਨ ਦੀ ਖ਼ਾਤਰ ਧਰਮ ਅਤੇ ਇਖ਼ਲਾਕ ਕੁਰਬਾਨ ਕਰ ਦਿੱਤੇ। ਇਨ੍ਹਾਂ ਦੇ ਕਿਰਦਾਰ ਤੋਂ ਬਹੁਤ ਵੱਡਾ ਸਬਕ ਸਿੱਖਣਯੋਗ ਹੈ।

ਕੁਝ ਸਮੇਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਚੱਪੜਚਿੜੀ ਦੇ ਮੈਦਾਨ ਵਿਚ ਸੂਬਾ ਸਰਹਿੰਦ ਨੂੰ ਮਾਰ ਕੇ ਸਰਹਿੰਦ ਨੂੰ ਫ਼ਤਿਹ ਕੀਤਾ ਅਤੇ ਬਾਬਾ ਬਾਜ ਸਿੰਘ ਅਤੇ ਬਾਬਾ ਆਲੀ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਨੀਯਤ ਕਰ ਦਿੱਤਾ। ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਪਾ ਜਾਣ ਉਪਰੰਤ ਸਰਹਿੰਦ ਮੁੜ ਮੁਗ਼ਲਾਂ ਦੇ ਕਬਜ਼ੇ ਹੇਠ ਆ ਗਿਆ। ਸਿੱਖ ਮਿਸਲਾਂ ਨੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸਿੰਘਾਂ ਨੇ ਸਰਹਿੰਦ ਨੂੰ ਫ਼ਤਿਹ ਕੀਤਾ।

ਇਸ ਲੜਾਈ ਵਿਚ ਸੂਬੇਦਾਰ ਜੈਨ ਖਾਨ ਮਾਰਿਆ ਗਿਆ। ਨਾਲ ਹੀ ਉਸ ਦੇ ਦੋਵੇਂ ਜਰਨੈਲ ਸੈਦ ਖਾਂ ਅਤੇ ਯਾਰ ਮੁਹੰਮਦ ਖ਼ਾਂ ਵੀ ਮਾਰੇ ਗਏ। ਅਫ਼ਗਾਨ ਫੌਜਾਂ ਹਾਰ ਖਾ ਕੇ ਭੱਜ ਨਿਕਲੀਆਂ। ਇਸ ਉਪਰੰਤ ਸਿੰਘ ਫੌਜਾਂ ਵੱਲੋਂ ਨੂੰ ਸਰਹਿੰਦ ‘ਤੇ ਹਮਲਾ ਬੋਲ ਦਿੱਤਾ ਗਿਆ ਅਤੇ ਸ਼ਹਿਰ ਨੂੰ ਤਬਾਹ ਕਰ ਦਿੱਤਾ। ਸਰਹਿੰਦ ਦਾ ਕਿਲ੍ਹਾ, ਜੋ ਮੁਗ਼ਲ ਰਾਜ ਸ਼ਕਤੀ ਦਾ ਚਿੰਨ੍ਹ ਸੀ, ਨੂੰ ਮਿੱਟੀ ਵਿਚ ਮਿਲਾ ਕੇ ਉਥੇ ਖੋਤਿਆਂ ਨਾਲ ਹਲ ਚਲਾਇਆ ਗਿਆ। ਸਿੰਘਾਂ ਨੇ “ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ” ਅਨੁਸਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਅਤੇ ਆਮ ਲੋਕਾਈ ‘ਤੇ ਕੀਤੇ ਗਏ ਅੰਨ੍ਹੇ ਤਸ਼ਦਦ ਦਾ ਬਦਲਾ ਲੈ ਕੇ ਦਰਿੰਦਿਆਂ ਨਾਲ ਹਿਸਾਬ ਚੁਕਤਾ ਕੀਤਾ ਅਤੇ ਇਤਿਹਾਸ ਵਿਚ ਇਕ ਹੋਰ ਸੁਨਹਿਰੀ ਪੰਨਾ ਜੋੜ ਦਿੱਤਾ।

ਖਾਲਸਾ ਪੰਥ ਅਤੇ ਦੇਸ਼ ਵਾਸੀ ਉਨ੍ਹਾਂ ਮਹਾਨ ਆਤਮਾਵਾਂ—ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਸਾਕੇ ਦੀ ਸਾਲਾਨਾ ਯਾਦ ਸਤਿਕਾਰ ਅਤੇ ਪੂਰਨ ਸ਼ਰਧਾ ਸਹਿਤ ਹਰ ਸਾਲ ਮਨਾਉਂਦੇ ਹਨ। ਹਰ ਰੋਜ਼ ਸੈਂਕੜੇ ਅਤੇ ਤਿੰਨ ਦਿਨਾਂ ਸਾਲਾਨਾ ਸ਼ਹੀਦੀ ਜੋੜ-ਮੇਲੇ ਸਮੇਂ ਲੱਖਾਂ ਸ਼ਰਧਾਲੂ ਦੇਸ਼-ਪ੍ਰਦੇਸ ਅਤੇ ਵਿਦੇਸ਼ ਤੋਂ ਆਪਣੀ ਸ਼ਰਧਾ ਅਤੇ ਸਤਿਕਾਰ ਭੇਟ ਕਰਨ ਲਈ ਆਉਂਦੇ ਹਨ।

ਪਟਿਆਲਾ ਪੁਲਿਸ ਵੱਲੋਂ ਸ਼ਹੀਦੀ ਦਿਹਾੜੇ ਮੌਕੇ ਲੰਗਰ ਦੀ ਸੇਵਾ

0

ਐਸ.ਐਸ.ਪੀ ਪਟਿਆਲਾ ਵਰੁਣ ਸ਼ਰਮਾ ਆਈ.ਪੀ.ਐਸ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਦੇ ਮੱਦੇਨਜ਼ਰ, ਪਟਿਆਲਾ ਪੁਲਿਸ ਵੱਲੋਂ ਪੁਲਿਸ ਲਾਇਨ ਪਟਿਆਲਾ ਵਿਖੇ ਲੰਗਰ ਦੀ ਸੇਵਾ ਕਰਵਾਈ ਗਈ, ਜਿੱਥੇ ਸਮੂਹ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਸਰੀਰਿਕ ਅਤੇ ਆਰਥਿਕ ਤੌਰ ਤੇ ਆਪਣਾ ਯੋਗਦਾਨ ਪਾਇਆ।

ਗੁਰੂਦਵਾਰਾ ਸਾਹਿਬ ਪੁਲਿਸ ਲਾਇਨ ਪਟਿਆਲਾ ਦੇ ਗ੍ਰੰਥੀ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਐਸ.ਐਸ.ਪੀ ਪਟਿਆਲਾ ਸਮੇਤ ਸਮੂਹ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਲੰਗਰ ਵਰਤਾਉਣ ਦੀ ਸੇਵਾ ਵੀ ਕੀਤੀ ਗਈ। ਇਹ ਲੰਗਰ ਦੀ ਸੇਵਾ 3 ਦਿਨਾਂ ਤੱਕ ਲਗਾਤਾਰ ਚਲਾਈ ਜਾਵੇਗੀ।

ਐਸ.ਐਸ.ਪੀ ਪਟਿਆਲਾ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਪਟਿਆਲਾ ਪੁਲਿਸ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿ ਨਮਨ ਕਰਦੀ ਹੈ।

 

ਇਨ੍ਹਾਂ ਸ਼ਹੀਦਾਂ ਨੇ ਮਨੁੱਖਤਾ ਲਈ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਹਨ ਅਤੇ ਅਸੀਂ ਇਨ੍ਹਾਂ ਦੀ ਸ਼ਹਾਦਤ ਦਾ ਕਰਜ਼ ਕਦੇ ਵੀ ਅਦਾ ਨਹੀਂ ਕਰ ਸਕਦੇ। ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਪਟਿਆਲਾ ਪੁਲਿਸ ਵੱਲੋਂ ਇਹ ਬਹੁਤ ਛੋਟਾ ਉਪਰਾਲਾ ਕੀਤਾ ਗਿਆ ਹੈ।

 

ਅੰਮ੍ਰਿਤਸਰ ਪੁਲਿਸ ਨੇ 10 ਕਿਲੋ ਹੈਰੋਇਨ ਸਣੇ 2 ਡਰੱਗ ਸਮੱਗਲਰ ਕੀਤੇ ਕਾਬੂ

0

ਪੰਜਾਬ ਸਰਕਾਰ ਦੇ ਨਿਰੇਦਸ਼ ‘ਤੇ ਸ਼ੁਰੂ ਕੀਤੀ ਗਈ ਨਸ਼ਿਆਂ ਵਿਰੁੱਧ ਜਾਰੀ ਜੰਗ ਵਿਚ ਸਰਹੱਦ ਪਾਰ ਤਸਕਰਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਪੰਜਾਬ ਪੁਲਿਸ ਨੇ 10 ਕਿਲੋ ਹੈਰੋਇਨ ਤੇ ਇਕ ਡ੍ਰੋਨ ਦੀ ਬਰਾਮਦਗੀ ਨਾਲ ਦੋ ਡੱਰਗ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ।

ਜਾਣਕਾਰੀ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈਟਵਰਕ ਖਿਲਾਫ ਵੱਡੀ ਸਫਲਤਾ ਵਿਚ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਡਰੱਗ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਪਿਛਲੇ 3 ਸਾਲਾਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਸ਼ਾਮਲ ਹਨ।

DGP ਗੌਰਵ ਯਾਦਵ ਨੇ ਕਿਹਾ ਕਿ ਐੱਸਐੱਸਪੀ ਸਵਪਨ ਸ਼ਰਮਾ ਦੀ ਅਗਵਾਈ ਵਾਲੀ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇਸ ਡਰੱਗ ਤਸਕਰੀ ਦਾ ਸਫਲਤਾਪੂਰਵਕ ਭੰਡਾਫੋੜ ਕੀਤਾ ਹੈ ਜੋ ਡ੍ਰੋਨ ਦਾ ਇਸਤੇਮਾਲ ਕਰਕੇ ਸਰਹੱਦ ਪਾਰੋਂ ਆਯਾਤ ਕਰਕੇ ਹਰਿਆਣਾ, ਦਿੱਲੀ ਤੇ ਉੱਤਰ ਪ੍ਰਦੇਸ਼ ਸਣੇ ਸੂਬਿਆਂ ਵਿਚ ਤਸਕਰੀ ਕਰ ਰਿਹਾ ਸੀ।

ਉਨ੍ਹਾਂ ਕਿਹਾ ਕਿ ਤਸਕਰਾਂ ਕੋਲੋਂ ਇਕ ਡ੍ਰੋਨ ਵੀ ਬਰਾਮਦ ਕੀਤਾ ਗਿਆ ਹੈ। ਇਹ ਇਕ ਡੀਜੇਆਈ ਲੜੀ ਦਾ ਡ੍ਰੋਨ ਹੈ ਜਿਸ ਦੀ ਕੀਮਤ 20 ਲੱਖ ਰੁਪਏ ਹੈ ਜਿਸ ਵਿਚ ਲੰਬੇ ਸਮੇਂ ਤੱਕ ਚੱਲਣ ਵਾਲੀ ਬੈਟਰੀ ਬੈਕਅੱਪ ਤੇ ਇੰਫ੍ਰਾਰੈਡ ਆਧਾਰਿਤ ਨਾਈਟ ਵਿਜਨ ਕੈਮਰਾ ਸਣੇ ਹਾਈਟੈੱਕ ਵਿਸ਼ੇਸ਼ਤਾਵਾਂ ਹਨ। ਉਨ੍ਹਾਂ ਕਿਹਾ ਕਿ ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਬਰਾਮਦ ਕੀਤਾ ਗਿਆ ਇਹ ਪੰਜਵਾਂ ਅਜਿਹਾ ਡ੍ਰੋਨ ਹੈ।

ਸ਼ੇਅਰ ਮਾਰਕਿਟ ‘ਚ ਗਿਰਾਵਟ ਨੂੰ ਦੇਖਦਿਆਂ ਐਲੋਨ ਮਸਕ ਨੇ ਨਿਵੇਸ਼ਕਾਂ ਨੂੰ ਦਿੱਤੀ ਇਹ ਸਲਾਹ

0

ਦੁਨੀਆ ਭਰ ‘ਚ ਕੋਵਿਡ-19 ਦੀ ਚਿੰਤਾ ਦੇ ਵਿਚਕਾਰ ਪਿਛਲੇ ਹਫਤੇ ਸ਼ੇਅਰ ਬਾਜ਼ਾਰ ‘ਚ ਗਿਰਾਵਟ ਦਰਜ ਕੀਤੀ ਗਈ ਸੀ। ਜਿਸ ਦੇ ਕਾਰਨ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਪਿਛਲੇ ਹਫਤੇ ਭਾਰਤੀ ਸ਼ੇਅਰ ਬਾਜ਼ਾਰ ਦੇ ਵਿੱਚ ਨਿਵੇਸ਼ਕਾਂ ਨੂੰ 7 ਦਿਨਾਂ ਦੌਰਾਨ 19 ਲੱਖ ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਸੀ।ਇਸ ਦੇ ਨਾਲ ਹੀ ਪਿਛਲੇ ਤਿੰਨ ਮਹੀਨਿਆਂ ਦੇ ਦੌਰਾਨ 8 ਖਰਬ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਸ਼ੇਅਰ ਬਾਜ਼ਾਰ ਵਿੱਚ ਚੱਲ ਰਹੀ ਗਿਰਾਵਟ ਨੂੰ ਦੇਖਦਿਆਂ ਐਲੋਨ ਮਸਕ ਨੇ ਨਿਵੇਸ਼ਕਾਂ ਨੂੰ ਇੱਕ ਸਲਾਹ ਦਿੱਤੀ ਹੈ।

ਦਰਅਸਲ ਇਸ ਸਾਲ ਦੇ ਸ਼ੁਰੂ ਵਿੱਚ ਹੀ ਐਲੋਨ ਮਸਕ ਨੇ ਟਵਿੱਟਰ ਇੰਕ ਨੂੰ 44 ਬਿਲੀਅਨ ਡਾਲਰ ਵਿੱਚ ਖਰੀਦਿਆ ਅਤੇ ਕੰਪਨੀ ਉੱਤੇ ਜੋ 13 ਬਿਲੀਅਨ ਡਾਲਰ ਦਾ ਕਰਜ਼ਾ ਸੀ ਉਸ ਨੂੰ ਵੀ ਅਦਾ ਕੀਤਾ। ਹਾਲਾਂਕਿ ਇਸ ਤੋਂ ਬਾਅਦ ਟੇਸਲਾ ਦੇ ਸ਼ੇਅਰਾਂ ਦੇ ਵਿੱਚ ਵੱਡੀ ਗਿਰਾਵਟ ਆ ਗਈ ਹੈ। ਟਵਿੱਟਰ ਨੂੰ ਖਰੀਦਣ ਤੋਂ ਬਾਅਦ ਐਲੋਨ ਮਸਕ ਨੇ ਕਰਜ਼ੇ ਦੀ ਅਦਾਇਗੀ ਕਰਨ ਲਈ ਟੇਸਲਾ ਦੇ ਲਗਭਗ 40 ਬਿਲੀਅਨ ਡਾਲਰ ਸ਼ੇਅਰਾਂ ਦਾ ਨਿਪਟਾਰਾ ਕੀਤਾ ਹੈ।

ਟੇਸਲਾ ਦੇ ਸ਼ੇਅਰ ਨੂੰ ਵੇਚਣ ਤੋਂ ਬਾਅਦ ਐਲੋਨ ਮਸਕ ਨੇ ਦੁਹਰਾਇਆ ਕਿ ਉਹ ਇਸ ਹਫਤੇ ਸ਼ੇਅਰ ਵੇਚਣਾ ਬੰਦ ਕਰ ਦੇਣਗੇ।ਮਸਕ ਨੇ ਕਿਹਾ ਕਿ ਇਹ ਵਿਰਾਮ ਦੋ ਸਾਲ ਜਾਂ ਇਸ ਤੋਂ ਵੱਧ ਰਹਿ ਸਕਦਾ ਹੈ। ਆਲ-ਇਨ ਪੋਡਕਾਸਟ ਵਿੱਚ ਐਲੋਨ ਮਸਕ ਨੇ ਨਿਵੇਸ਼ਕਾਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਮੈਂ ਅਸਲ ਵਿੱਚ ਲੋਕਾਂ ਨੂੰ ਇੱਕ ਅਸਥਿਰ ਸਟਾਕ ਮਾਰਕੀਟ ਵਿੱਚ ਮਾਰਜਿਨ ਲੋਨ ਨਾ ਲੈਣ ਦੀ ਸਲਾਹ ਦੇਵਾਂਗਾ ਕਿਉਂਕਿ ਅਜਿਹੇ ਹਾਲਾਤਾਂ ਵਿੱਚ ਤੁਹਾਡੀ ਸਮੱਸਿਆ ਵਧ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਡਿੱਗ ਰਹੀ ਮੰਡੀ ਵਿੱਚ ਕੁਝ ਠੋਸ ਗੱਲਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ।

ਐਲੋਨ ਮਸਕ ਨੇ ਟਵਿੱਟਰ ਸਪੇਸ ਗਰੁੱਪ ਦੇ ਦੌਰਾਨ ਇਹ ਕਿਹਾ ਹੈ ਕਿ ਉਹ ਅਜੇ ਟੇਸਲਾ ਦੇ ਸ਼ੇਅਰ ਵੇਚਣ ‘ਤੇ ਵਿਚਾਰ ਨਹੀਂ ਕਰ ਰਹੇ ਹਨ। ਉਹ ਅਗਲੇ 18 ਤੋਂ 24 ਮਹੀਨਿਆਂ ਤੱਕ ਟੇਸਲਾ ਦਾ ਕੋਈ ਸ਼ੇਅਰ ਨਹੀਂ ਵੇਚਣਗੇ। ਤੁਹਾਨੂੰ ਦੱਸ ਦਈਏ ਕਿ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਨੇ ਪਿਛਲੇ ਹਫਤੇ 2.58 ਅਰਬ ਡਾਲਰ ਦੇ ਸ਼ੇਅਰ ਵੇਚ ਦਿੱਤੇ ਸਨ। ਅਪ੍ਰੈਲ ਮਹੀਨੇ ਤੋਂ ਲੈ ਕੇ ਹੁਣ ਤੱਕ ਐਲੋਨ ਮਸਕ ਨੇ 23 ਬਿਲੀਅਨ ਡਾਲਰ ਦੇ ਸ਼ੇਅਰ ਵੇਚ ਦਿੱਤੇ ਹਨ।

ਤੁਹਾਨੂੰ ਦੱਸ ਦਈਏ ਕਿ ਐਲੋਨ ਮਸਕ ਇੱਕ ਵਾਰ ਫਿਰ ਟਵਿਟਰ ਦੇ ਅਹੁਦੇ ਤੋਂ ਅਸਤੀਫਾ ਦੇਣ ਨੂੰ ਲੈ ਕੇ ਚਰਚਾ ਵਿੱਚ ਆ ਗਏ ਸਨ। ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਾਹ ਹੈ ਕਿ ਉਹ ਟਵਿਟਰ ਲਈ ਨਵੇਂ ਸੀਈਓ ਦੀ ਭਾਲ ਕਰ ਰਹੇ ਹਨ ਅਤੇ ਜਲਦੀ ਹੀ ਟਵਿਟਰ ਨੂੰ ਨਵਾਂ ਸੀਈਓ ਵੀ ਮਿਲ ਸਕਦਾ ਹੈ।

ਪੇਟ ਤੇ ਗੋਡਿਆਂ ਦੇ ਦਰਦ ਨੂੰ ਦੂਰ ਕਰਦੀ ਹੈ ਕਾਲੀ ਮਿਰਚ, ਜਾਣੋ ਹੋਰ ਵੀ ਫਾਇਦੇ

0

ਕਾਲੀ ਮਿਰਚ ਸਿਹਤ ਲਈ ਬਹੁਤ ਹੀ ਗੁਣਕਾਰੀ ਮੰਨੀ ਜਾਂਦੀ ਹੈ। ਘਰਾਂ ਵਿੱਚ ਕਾਲੀ ਮਿਰਚ ਨੂੰ ਮਸਾਲੇ ਵਜੋਂ ਵਰਤਿਆ ਜਾਂਦਾ ਹੈ। ਇਸ ਦੇ ਨਾਲ ਹੀ ਕੁਝ ਲੋਕ ਕਾਲੀ ਮਿਰਚ ਦਾ ਕਾੜ੍ਹਾ ਬਣਾ ਕੇ ਵੀ ਪੀਂਦੇ ਹਨ। ਕਾਲੀ ਮਿਰਚ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ ਐਂਟੀਬੈਕਟੀਰੀਅਲ, ਐਂਟੀਮਾਈਕਰੋਬੀਅਲ, ਐਂਟੀਓਬੀਸਿਟੀ ਅਤੇ ਐਂਟੀਇਨਫਲੇਮੇਟਰੀ ਗੁਣ ਹੁੰਦੇ ਹਨ। ਇਹ ਸਾਰੇ ਗੁਣ ਕਈ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਹੋ ਸਕਦੇ ਹਨ।

ਪਾਚਨ ਹੁੰਦਾ ਹੈ ਬਿਹਤਰ
ਕਾਲੀ ਮਿਰਚ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਠੀਕ ਕਰਨ ‘ਚ ਮਦਦ ਕਰਦੀ ਹੈ। ਕਾਲੀ ਮਿਰਚ ਵਿੱਚ ਪਾਈਪਰੀਨ ਹੁੰਦਾ ਹੈ ਜੋ ਪਾਚਨ ਕਿਰਿਆ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਇਹ ਪਾਚਨ ਕਿਰਿਆ ਨੂੰ ਵੀ ਸੁਧਾਰਦਾ ਹੈ। ਇਸ ਨਾਲ ਗੈਸ, ਕਬਜ਼ ਅਤੇ ਬਦਹਜ਼ਮੀ ਵਰਗੀਆਂ ਪਾਚਨ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

ਭਾਰ ਘਟਾਉਣ ‘ਚ ਮਦਦਗਾਰ
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਕਾਲੀ ਮਿਰਚ ਦਾ ਸੇਵਨ ਸ਼ੁਰੂ ਕਰ ਸਕਦੇ ਹੋ। ਕਾਲੀ ਮਿਰਚ ਵਿੱਚ ਪਾਈਪਰੀਨ ਅਤੇ ਐਂਟੀਓਬੇਸਿਟੀ ਪ੍ਰਭਾਵ ਹੁੰਦੇ ਹਨ, ਜੋ ਭਾਰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਤੁਸੀਂ ਭੋਜਨ ਵਿਚ ਕਾਲੀ ਮਿਰਚ ਨੂੰ ਸ਼ਾਮਲ ਕਰ ਸਕਦੇ ਹੋ ਜਾਂ ਤੁਸੀਂ ਇਸ ਦਾ ਕਾੜ੍ਹਾ ਬਣਾ ਕੇ ਵੀ ਪੀ ਸਕਦੇ ਹੋ।

ਜ਼ੁਕਾਮ ਅਤੇ ਫਲੂ ਤੋਂ ਮਿਲਦੀ ਹੈ ਰਾਹਤ
ਕਾਲੀ ਮਿਰਚ ‘ਚ ਮੌਜੂਦ ਪਾਈਪਰੀਨ ਸਰਦੀ, ਖਾਂਸੀ ਅਤੇ ਜ਼ੁਕਾਮ ਦੀ ਸਮੱਸਿਆ ਤੋਂ ਵੀ ਰਾਹਤ ਦਿਵਾਉਂਦਾ ਹੈ। ਕਾਲੀ ਮਿਰਚ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੀ ਹੈ। ਜਦੋਂ ਇਮਿਊਨਿਟੀ ਮਜ਼ਬੂਤ​ਹੁੰਦੀ ਹੈ, ਤਾਂ ਇਹ ਸਰੀਰ ਨੂੰ ਬੈਕਟੀਰੀਆ ਅਤੇ ਵਾਇਰਸ ਨਾਲ ਲੜਨ ਵਿੱਚ ਮਦਦ ਕਰਦੀ ਹੈ। ਜੇਕਰ ਤੁਹਾਨੂੰ ਖੰਘ ਜਾਂ ਜ਼ੁਕਾਮ ਹੈ ਤਾਂ ਕਾਲੀ ਮਿਰਚ ਦਾ ਸੇਵਨ ਜ਼ਰੂਰ ਕਰੋ।

ਕਾਲੀ ਮਿਰਚ ਵਿੱਚ ਐਂਟੀਮਾਈਕਰੋਬੀਅਲ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਇਹ ਸਾਰੇ ਮੂੰਹ ਵਿੱਚ ਮੌਜੂਦ ਹਾਨੀਕਾਰਕ ਬੈਕਟੀਰੀਆ ਨੂੰ ਮਾਰਦੇ ਹਨ। ਇਸ ਦੇ ਨਾਲ ਹੀ ਸੋਜ ਆਦਿ ਤੋਂ ਵੀ ਰਾਹਤ ਮਿਲਦੀ ਹੈ। ਕਾਲੀ ਮਿਰਚ ਖਾਣ ਨਾਲ ਦੰਦ ਵੀ ਸੁਰੱਖਿਅਤ ਰਹਿੰਦੇ ਹਨ।

ਗੋਡੇ ਤੇ ਜੋੜਾਂ ਦੇ ਦਰਦ ਤੋਂ ਰਾਹਤ
ਕਾਲੀ ਮਿਰਚ ਵਿੱਚ ਮੌਜੂਦ ਐਂਟੀ-ਇੰਫਲੇਮੇਟਰੀ ਅਤੇ ਐਂਟੀ-ਆਰਥਰਾਈਟਿਸ ਪ੍ਰਭਾਵ ਪਾਇਆ ਜਾਂਦਾ ਹੈ। ਇਹ ਗੁਣ ਗਠੀਏ ਕਾਰਨ ਹੋਣ ਵਾਲੇ ਦਰਦ ਅਤੇ ਸੋਜ ਨੂੰ ਘੱਟ ਕਰਨ ਵਿੱਚ ਕਾਰਗਰ ਹਨ।