ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ AIIMS ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਹਸਪਤਾਲ ਦੇ ਪ੍ਰਾਈਵੇਟ ਵਾਰਡ ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਦੁਪਹਿਰ ਕਰੀਬ 12 ਵਜੇ ਭਰਤੀ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਰੁਟੀਨ ਸਿਹਤ ਜਾਂਚ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪੰਜਾਬੀ ਗਾਇਕ ਹਰਭਜਨ ਮਾਨ ਖਿਲਾਫ ਦੋ NRI ਪਹੁੰਚੇ ਅਦਾਲਤ
ਪੰਜਾਬੀ ਗਾਇਕ ਹਰਭਜਨ ਮਾਨ ਦੇ ਖਿਲਾਫ ਅਰਬਪਤੀ NRI ਨੇ ਅਦਾਲਤ ਦਾ ਰੁਖ ਕੀਤਾ ਹੈ। ਜਾਣਕਾਰੀ ਅਨੁਸਾਰ ਹਰਵਿੰਦਰ ਸਰਾਂ ਅਤੇ ਦਰਸ਼ਨ ਰੰਗੀ ਨੇ ਹਿਸਾਬ ਕਿਤਾਬ ‘ਚ ਲਗਭਗ 2.5 ਕਰੋੜ ਰੁਪਏ ਦੀ ਹੇਰਾਫੇਰੀ ਦਾ ਇਲਜ਼ਾਮ ਲਗਾਉਂਦੇ ਹੋਏ ਸਿਵਲ ਕੋਰਟ ਮੋਹਾਲੀ ਵਿੱਚ ਪਹੁੰਚ ਕੀਤੀ ਹੈ। ਅਦਾਲਤ ਨੇ ਹਰਭਜਨ ਮਾਨ ਦੀ ਕੰਪਨੀ ਐਚਐਮ ਰਿਕਾਰਡਜ਼, ਹਰਭਜਨ ਮਾਨ ਅਤੇ ਗੁਰਬਿੰਦਰ ਸਿੰਘ ਨੂੰ 9 ਜਨਵਰੀ 2023 ਨੂੰ ਜਵਾਬ ਅਤੇ ਆਧਾਰ ਵੇਰਵੇ ਦਾਇਰ ਕਰਨ ਦੇ ਹੁਕਮ ਦਿੱਤੇ ਹਨ।
ਹਾਰਵੈਸਟ ਟੈਨਿਸ ਅਕੈਡਮੀ ਅਤੇ ਹਾਰਵੈਸਟ ਇੰਟਰਨੈਸ਼ਨਲ ਸਕੂਲ ਜੱਸੋਵਾਲ ਕੁਲਾਰ ਲੁਧਿਆਣਾ ਦੇ ਮਾਲਕ ਪ੍ਰਵਾਸੀ ਭਾਰਤੀ ਹਰਵਿੰਦਰ ਸਰਾਂ ਅਤੇ ਦਰਸ਼ਨ ਰੰਗੀ ਦਾ ਕਹਿਣਾ ਹੈ ਕਿ ਉਹ ਪੰਜਾਬੀ ਫਿਲਮ ਪੀਆਰ (ਪਰਮਾਨੈਂਟ ਰੈਜ਼ੀਡੈਂਟ) ਤੋਂ ਫਿਲਮ ਨਿਰਮਾਣ ਵਿੱਚ ਆਏ ਹਨ। ਪਰ ਹੁਣ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ।
ਹਰਵਿੰਦਰ ਸਰਾਂ ਅਤੇ ਦਰਸ਼ਨ ਰੰਗੀ ਨੇ ਮਾਨ ਦੇ ਖਿਲਾਫ ਆਪਣੀ ਫਿਲਮ ਪ੍ਰੋਡਕਸ਼ਨ ਕੰਪਨੀ ਸਾਰੰਗ ਫਿਲਮ ਪ੍ਰੋਡਕਸ਼ਨ ਦੇ ਨਿਰਦੇਸ਼ਕ ਅਟਾਰਨੀ ਅਨੀਸ਼ ਸੀ ਜੌਨ ਰਾਹੀਂ ਸ਼ਿਕਾਇਤ ਦਰਜ ਕਰਵਾਈ ਹੈ। ਜੌਨ ਦੇ ਅਦਾਲਤ ਵਿੱਚ ਪਹੁੰਚਣ ਤੋਂ ਬਾਅਦ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ।
ਚੰਡੀਗੜ੍ਹ ‘ਚ ਹਮਲਾਵਰਾਂ ਨੇ ਕਲੱਬ ਦੇ ਸਟਾਫ ਨਾਲ ਕੀਤੀ ਕੁੱਟਮਾਰ, ਮੈਨੇਜਰ ਦਾ ਕੱਟਿਆ ਹੱਥ
ਚੰਡੀਗੜ੍ਹ ‘ਚ ਸੈਕਟਰ 7 ਦੇ ਗ੍ਰਾਫੋ ਕਲੱਬ ਦੇ ਬਾਹਰ 20 ਦੇ ਕਰੀਬ ਅਣਪਛਾਤੇ ਹਮਲਾਵਰਾਂ ਵਲੋਂ ਕਲੱਬ ਦੇ ਮੈਨੇਜਰ ਨੂੰ ਹੱਥ ਵਿੱਚ ਚਾਕੂ ਮਾਰ ਕੇ ਜ਼ਖ਼ਮੀ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਹਮਲਾਵਰ ਆਪਣੇ ਨਾਲ ਡੰਡੇ, ਤਲਵਾਰਾਂ ਅਤੇ ਚਾਕੂ ਲੈ ਕੇ ਆਏ ਸਨ। ਇਸ ਦੇ ਨਾਲ ਹੀ ਹਮਲਾਵਰਾਂ ਨੇ ਕਲੱਬ ਵੱਲ ਇੱਟਾਂ ਵੀ ਸੁੱਟੀਆਂ। ਇਹ ਸਾਰੀ ਘਟਨਾ ਕਲੱਬ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਇਸ ਦੇ ਨਾਲ ਹੀ ਪੁਲਿਸ ਹੁਣ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਇਹ ਘਟਨਾ ਬੀਤੀ ਸ਼ਾਮ 4 ਤੋਂ 5 ਵਜੇ ਦਰਮਿਆਨ ਵਾਪਰੀ।
ਗ੍ਰਾਫ਼ੋ ਕਲੱਬ ਦੇ ਮਾਲਕ ਅਕਾਸ਼ ਨੇ ਦੱਸਿਆ ਕਿ ਉਨ੍ਹਾਂ ਦਾ ਸਟਾਫ਼ ਰੋਜ਼ਾਨਾ ਵਾਂਗ ਸ਼ਾਮ 4 ਵਜੇ ਦੇ ਕਰੀਬ ਕਾਊਂਟਰ ’ਤੇ ਸੀ। ਇਸ ਦੌਰਾਨ ਦਿ ਵਾਲਟ ਕਲੱਬ ਦੇ ਬਾਹਰ ਲੜਾਈ ਹੋ ਗਈ। ਜਿਸ ਤੋਂ ਬਾਅਦ ਕੁਝ ਅਣਪਛਾਤੇ ਨੌਜਵਾਨਾਂ ਨੇ ਉਸ ਦੇ ਕਲੱਬ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੇ ਸਟਾਫ ‘ਤੇ ਹਮਲਾ ਕੀਤਾ ਗਿਆ। ਆਕਾਸ਼ ਨੇ ਦੱਸਿਆ ਕਿ ਦਿ ਵਾਲਟ ਕਲੱਬ ‘ਚ ਪਾਰਟੀ ਚੱਲ ਰਹੀ ਸੀ, ਜਿਸ ‘ਚ ਕਾਫੀ ਲੋਕ ਮੌਜੂਦ ਸਨ। ਉਸੇ ਸਮੇਂ ਜਦੋਂ ਹਮਲਾਵਰ ਜ਼ਬਰਦਸਤੀ ਉਨ੍ਹਾਂ ਦੇ ਕਲੱਬ ਵਿੱਚ ਦਾਖਲ ਹੋਣ ਲੱਗੇ ਤਾਂ ਦਿ ਵਾਲਟ ਕਲੱਬ ਦਾ ਕੋਈ ਵੀ ਬਾਊਂਸਰ ਉਨ੍ਹਾਂ ਨੂੰ ਰੋਕਣ ਨਹੀਂ ਆਇਆ।
ਆਕਾਸ਼ ਅਨੁਸਾਰ ਭੰਨਤੋੜ ਕਰਨ ਤੋਂ ਬਾਅਦ ਭੱਜਣ ਵਾਲੇ ਹਮਲਾਵਰਾਂ ਨੇ ਉਨ੍ਹਾਂ ਦੇ ਸਟੋਰ ਮੈਨੇਜਰ ਸਮੇਤ ਤਿੰਨ ਮਹਿਲਾ ਕਰਮਚਾਰੀਆਂ ਦੀ ਕੁੱਟਮਾਰ ਕੀਤੀ। ਮਹਿਲਾ ਮੁਲਾਜ਼ਮਾਂ ਨੂੰ ਗਲਾ ਫੜ ਕੇ ਘਸੀਟਿਆ ਗਿਆ। ਬਾਰ ਦਾ ਮੈਨੇਜਰ ਰਾਜ ਹਮਲਾਵਰਾਂ ਨੂੰ ਸ਼ਾਂਤ ਕਰਨ ਲਈ ਉੱਥੇ ਪਹੁੰਚ ਗਿਆ। ਆਕਾਸ਼ ਅਨੁਸਾਰ ਉਕਤ ਨੌਜਵਾਨਾਂ ਕੋਲ ਤੇਜ਼ਧਾਰ ਹਥਿਆਰ ਸਨ। ਉਸ ਕੋਲ ਚਾਕੂ ਸੀ। ਜਿਸ ਨਾਲ ਬਾਰ ਮੈਨੇਜਰ ਦਾ ਹੱਥ ਕੱਟ ਗਿਆ। ਜੇਕਰ ਬਾਰ ਮੈਨੇਜਰ ਨੇ ਦਖਲ ਨਾ ਦਿੱਤਾ ਹੁੰਦਾ ਤਾਂ ਹਮਲਾਵਰਾਂ ਨੇ ਮਹਿਲਾ ਮੁਲਾਜ਼ਮ ਦੇ ਚਾਕੂ ਮਾਰ ਦੇਣ ਸੀ।ਹਮਲਾਵਰ ਲੁੱਟ-ਖੋਹ ਕਰਨ ਤੋਂ ਬਾਅਦ ਫਰਾਰ ਹੋ ਗਏ।
ਘਟਨਾ ਸੀਸੀਟੀਵੀ ਵਿੱਚ ਕੈਦ
ਘਟਨਾ ਦੀ ਪੂਰੀ ਸੀਸੀਟੀਵੀ ਫੁਟੇਜ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਕਲੱਬ ਦੇ ਮਾਲਕ ਸਮੇਤ ਸਟਾਫ਼ ਮੁਲਾਜ਼ਮਾਂ ਅਤੇ ਮੈਨੇਜਰ ਰਾਜ ਦੇ ਬਿਆਨ ਲਏ ਅਤੇ ਰਾਜ ਦਾ ਐਮਐਲਆਰ ਕੱਟਣ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਨੇ ਦਿ ਵਾਲਟ ਤੋਂ ਮੁਲਜ਼ਮਾਂ ਦੀ ਸੀਸੀਟੀਵੀ ਫੁਟੇਜ ਵੀ ਮੰਗੀ ਹੈ।
ਕਲੱਬ ਦੇ ਮਾਲਕ ਮੁਤਾਬਕ ਕਰੀਬ 20 ਹਮਲਾਵਰਾਂ ਨੇ ਉਸ ਦੇ ਕਲੱਬ ਦੇ ਬਾਹਰ ਕੁੱਟਮਾਰ ਕੀਤੀ ਅਤੇ ਭੰਨਤੋੜ ਕੀਤੀ। ਉਨ੍ਹਾਂ ਕੋਲ ਡੰਡੇ, ਤਲਵਾਰਾਂ ਅਤੇ ਚਾਕੂ ਸਨ। ਉਸਨੇ ਆਪਣਾ ਚਿਹਰਾ ਢੱਕ ਲਿਆ। ਕਲੱਬ ਦੇ ਬਾਹਰ ਇੱਟਾਂ ਵੀ ਚਲਾਈਆਂ ਗਈਆਂ। ਕਲੱਬ ਦੇ ਮਾਲਕ ਨੇ ਕਿਹਾ ਕਿ ਉਨ੍ਹਾਂ ਦੇ ਸਟਾਫ਼ ਦੀ ਕਿਸੇ ਵੀ ਮੁਲਜ਼ਮ ਨਾਲ ਕੋਈ ਦੁਸ਼ਮਣੀ ਨਹੀਂ ਸੀ ਪਰ ਜਿਸ ਢੰਗ ਨਾਲ ਹਮਲਾ ਕੀਤਾ ਗਿਆ ਉਹ ‘ਪੂਰਵ ਯੋਜਨਾਬੱਧ’ ਜਾਪਦਾ ਹੈ।
ਮਹਿਲਾ ਮੁਲਾਜ਼ਮ ਨੂੰ ਡੰਡੇ ਨਾਲ ਕੁੱਟਣ ਦੀ ਕੋਸ਼ਿਸ਼
ਕਲੱਬ ਦੀ ਇੱਕ ਮਹਿਲਾ ਮੁਲਾਜ਼ਮ ਨੇ ਦੱਸਿਆ ਕਿ ਉਹ ਆਪਣਾ ਕੰਮ ਕਰ ਰਹੀ ਸੀ। ਇਸ ਦੌਰਾਨ ਇਕ ਨੌਜਵਾਨ ਦੌੜਦਾ ਹੋਇਆ ਕਿ ਦੋਸ਼ੀ ਹਮਲਾਵਰ ਉਸ ਨੂੰ ਮਾਰ ਦੇਣਗੇ। ਇਸ ਤੋਂ ਬਾਅਦ ਹਮਲਾਵਰ ਨੌਜਵਾਨ ਕਲੱਬ ‘ਚ ਦਾਖਲ ਹੋਣ ਲਈ ਦੌੜੇ। ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਲੜਾਈ ਸ਼ੁਰੂ ਕਰ ਦਿੱਤੀ। ਮਹਿਲਾ ਕਰਮਚਾਰੀ ਨੇ ਦੱਸਿਆ ਕਿ ਦੋਸ਼ੀ ਨੇ ਉਸ ਨੂੰ ਡੰਡੇ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਜ਼ੋਰ ਨਾਲ ਧੱਕਾ ਦਿੱਤਾ। ਉਥੇ ਹੀ ਚਾਕੂ ਨਾਲ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸ ਦੇ ਮੈਨੇਜਰ ਰਾਜ ਨੇ ਉਸ ਨੂੰ ਬਚਾਇਆ ਅਤੇ ਚਾਕੂ ਉਸ ਦੇ ਹੱਥ ’ਤੇ ਲੱਗ ਗਿਆ।
ਛੁੱਟੀ ‘ਤੇ ਆਏ ਫੌਜੀ ਜਵਾਨ ਦੀ ਸੜਕ ਹਾਦਸੇ ‘ਚ ਹੋਈ ਮੌਤ
ਸੰਘਣੀ ਧੁੰਦ ਕਾਰਨ ਰੋਜ਼ਾਨਾ ਸੜਕ ਹਾਦਸੇ ਹੋ ਰਹੇ ਹਨ। ਆਏ ਦਿਨ ਧੁੰਦ ਕਾਰਨ ਸੜਕੀ ਹਾਦਸਿਆਂ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਛੁੱਟੀ ਕੱਟਣ ਆਏ ਫੌਜੀ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮਿਲੀ ਜਾਣਕਾਰੀ ਮ੍ਰਿਤਕ ਫੌਜੀ ਦੀ ਪਛਾਣ ਜਤਿੰਦਰ ਸਿੰਘ ਵਜੋਂ ਹੋਈ ਹੈ। ਜਤਿੰਦਰ ਲੁਧਿਆਣਾ ਦੇ ਪਿੰਡ ਅਖਾੜਾ ਨਾਲ ਸਬੰਧਿਤ ਸੀ।
ਮਿਲੀ ਜਾਣਕਾਰੀ ਅਨੁਸਾਰ ਪਠਾਨਕੋਟ ਵਿੱਚ ਡਿਊਟੀ ’ਤੇ ਤਾਇਨਾਤ ਜਤਿੰਦਰ ਸਿੰਘ ਪਿੰਡ ਛੁੱਟੀ ਕੱਟਣ ਆਇਆ ਸੀ ਤੇ ਸੰਘਣੀ ਧੁੰਦ ਕਾਰਨ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਪਰਿਵਾਰ ਨੂੰ ਸਦਾ ਲਈ ਵਿਛੋੜਾ ਦੇ ਗਿਆ।
ਦੱਸਿਆ ਜਾ ਰਿਹਾ ਹੀ ਕਿ ਬੀਤੇ ਦਿਨ ਦੇਰ ਸ਼ਾਮ ਜਤਿੰਦਰ ਪਿੰਡ ਤੋਂ ਬਾਹਰ ਰਹਿੰਦੇ ਕਰੀਬੀਆਂ ਨੂੰ ਮਿਲਣ ਲਈ ਮੋਟਰਸਾਈਕਲ ’ਤੇ ਗਿਆ ਸੀ। ਇਸ ਦੌਰਾਨ ਸੰਘਣੀ ਧੁੰਦ ਕਾਰਨ ਉਸਦੀ ਅੱਗਿਓਂ ਆ ਰਹੇ ਮੋਟਰਸਾਈਕਲ ਨਾਲ ਟੱਕਰ ਹੋ ਗਈ। ਇਸ ਹਾਦਸੇ ਵਿੱਚ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ ।
ਪੰਜਾਬ ਸਰਕਾਰ ਵੱਲੋਂ ਰੇਤਾ-ਬਜਰੀ ਦੀ ਢੋਆ-ਢੁਆਈ ਲਈ ਰੇਟ ਤੈਅ, ਨੋਟੀਫਿਕੇਸ਼ਨ ਵੀ ਹੋਇਆ ਜਾਰੀ
ਪੰਜਾਬ ਸਰਕਾਰ ਵੱਲੋਂ ਰੇਤ ਮਾਫੀਆ ਨੂੰ ਨੱਥ ਪਾਉਣ ਲਈ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਦਰਅਸਲ, ਪੰਜਾਬ ਸਰਕਾਰ ਵੱਲੋਂ ਰੇਤਾ-ਬਜਰੀ ਦੀ ਢੋਆ-ਢੁਆਈ ਦਾ ਭਾੜਾ ਤੈਅ ਕਰ ਦਿੱਤਾ ਗਿਆ ਹੈ। ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਹੁਣ ਟਰਾਂਸਪੋਰਟਰ ਰੇਤਾ-ਬਜਰੀ ਦੀ ਢੋਆ-ਢੁਆਈ ਵਿੱਚ ਮਨਮਰਜ਼ੀ ਦੇ ਰੇਟ ਨਹੀਂ ਵਸੂਲ ਸਕਣਗੇ। ਟਰਾਂਸਪੋਰਟ ਵਿਭਾਗ ਵੱਲੋਂ ਰੇਤਾ-ਬਜਰੀ ਦੀ ਢੋਆ-ਢੁਆਈ ਦਾ ਰੇਟ ਤੈਅ ਕਰਨ ਵਾਸਤੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ।
ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਰੇਤਾ-ਬਜਰੀ ਦੀ 2 ਕਿਲੋਮੀਟਰ ਤੱਕ ਦੀ ਢੋਆ-ਢੁਆਈ ਲਈ ਟਰਾਂਸਪੋਰਟਰ ਨੂੰ ਪ੍ਰਤੀ ਮੀਟਰਕ ਟਨ ਪਿੱਛੇ 84.92 ਰੁਪਏ ਮਿਲਣਗੇ ਅਤੇ 50 ਕਿਲੋਮੀਟਰ ਦੀ ਦੂਰੀ ਬਦਲੇ 349.82 ਰੁਪਏ ਪ੍ਰਤੀ ਟਨ ਮਿਲਣਗੇ । ਇਸੇ ਤਰ੍ਹਾਂ 100 ਕਿਲੋਮੀਟਰ ਦੀ ਦੂਰੀ ਦੇ 467.95 ਰੁਪਏ ਪ੍ਰਤੀ ਟਨ ਭਾੜਾ ਮਿਲੇਗਾ ਅਤੇ 150 ਕਿਲੋਮੀਟਰ ਦੂਰੀ ਦਾ ਭਾੜਾ 526.19 ਰੁਪਏ ਪ੍ਰਤੀ ਟਨ ਤੈਅ ਕੀਤਾ ਗਿਆ ਹੈ । ਇਸ ਤੋਂ ਇਲਾਵਾ 579.78 ਰੁਪਏ ਪ੍ਰਤੀ ਟਨ ਭਾੜਾ 200 ਕਿਲੋਮੀਟਰ ਦੀ ਦੂਰੀ ਦਾ ਨਿਸ਼ਚਿਤ ਕੀਤਾ ਗਿਆ ਹੈ। ਟਰਾਂਸਪੋਰਟਰ ਨੂੰ 300 ਕਿਲੋਮੀਟਰ ਦੀ ਦੂਰੀ ਦਾ ਕਿਰਾਇਆ 686.96 ਰੁਪਏ ਪ੍ਰਤੀ ਟਨ ਮਿਲੇਗਾ।
ਇਸਦੇ ਲਈ ਟਰਾਂਸਪੋਰਟਰਾਂ ਨੂੰ ਖਣਨ ਵਿਭਾਗ ਕੋਲ ਰਜਿਸਟਰੇਸ਼ਨ ਕਰਵਾਉਣੀ ਹੋਵੇਗੀ। ਢੋਆ-ਢੁਆਈ ਲਈ ਵਰਤੇ ਜਾਣ ਵਾਲੇ ਵਾਹਨਾਂ ਵਿੱਚ ਟਿੱਪਰ, ਟਰੱਕ ਅਤੇ ਟਰਾਲੇ ਆਦਿ ਸ਼ਾਮਲ ਹਨ। ਪੰਜਾਬ ਵਿੱਚ ਕਰੀਬ 6100 ਟਿੱਪਰ ਹਨ। ਖਣਨ ਮਹਿਕਮੇ ਵੱਲੋਂ ਕੈਬ ਦੀ ਤਰਜ਼ ’ਤੇ ਇਕ ਐਪ ਬਣਾਈ ਗਈ ਹੈ ਜਿਸ ’ਤੇ ਕੋਈ ਵੀ ਗਾਹਕ ਰੇਤਾ-ਬਜਰੀ ਦਾ ਆਨਲਾਈਨ ਆਰਡਰ ਕਰ ਸਕੇਗਾ। ਰਜਿਸਟਰਡ ਟਰੱਕਾਂ ਜਾਂ ਟਿੱਪਰਾਂ ਵਿੱਚੋਂ ਜੋ ਵੀ ਮੌਕੇ ’ਤੇ ਉਪਲਬਧ ਹੋਵੇਗਾ, ਉਸ ਨੂੰ ਆਰਡਰ ਦੇ ਦਿੱਤਾ ਜਾਵੇਗਾ।
PM ਮੋਦੀ ਨੇ ਲੋਕਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ‘ਤੇ ਲੇਖ ਮੁਕਾਬਲੇ ‘ਚ ਹਿੱਸਾ ਲੈਣ ਦੀ ਕੀਤੀ ਅਪੀਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ‘ਤੇ ਕਰਵਾਏ ਗਏ ਲੇਖ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਇਸ ਸੰਬੰਧੀ ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ‘ਤੇ ਪੰਜਾਬੀ ‘ਚ ਸੰਦੇਸ਼ ਪੋਸਟ ਕੀਤਾ।
ਪ੍ਰਧਾਨ ਮੰਤਰੀ ਨੇ ਪੰਜਾਬੀ ਵਿੱਚ ਪੋਸਟ ਕਰਦਿਆਂ ਕਿਹਾ ਕਿ, “ਮੈਂ ਸਾਰਿਆਂ ਨੂੰ, ਖਾਸ ਕਰਕੇ ਮੇਰੇ ਨੌਜਵਾਨ ਦੋਸਤਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ‘ਤੇ ਲੇਖ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਅਪੀਲ ਕਰਾਂਗਾ। ਭਾਰਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਬਹਾਦਰੀ ਨੂੰ ਹਮੇਸ਼ਾ ਯਾਦ ਰੱਖੇਗਾ।”
ਮੈਂ ਸਾਰਿਆਂ ਨੂੰ, ਖਾਸ ਕਰਕੇ ਮੇਰੇ ਨੌਜਵਾਨ ਦੋਸਤਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ‘ਤੇ ਲੇਖ ਮੁਕਾਬਲੇ ਵਿੱਚ ਹਿੱਸਾ ਲੈਣ ਦੀ ਤਾਕੀਦ ਕਰਾਂਗਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਬਹਾਦਰੀ ਨੂੰ ਭਾਰਤ ਸਦਾ ਯਾਦ ਰੱਖੇਗਾ। https://t.co/3KMLTlCChj
— Narendra Modi (@narendramodi) December 25, 2022
ਜਨਤਕ ਭਾਗੀਦਾਰੀ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ, ਸੱਭਿਆਚਾਰਕ ਮੰਤਰਾਲਾ ਇੱਕ ਲੇਖ ਲਿਖਣ ਮੁਕਾਬਲੇ ਦਾ ਆਯੋਜਨ ਕਰ ਰਿਹਾ ਹੈ ਜਿਸਦਾ ਉਦੇਸ਼ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੀ ਹਿੰਮਤ ਅਤੇ ਦੇਸ਼ ਭਗਤੀ ਦੇ ਇਤਿਹਾਸਕ ਕਾਰਜਾਂ ਤੋਂ ਜਾਣੂ ਕਰਵਾਉਣਾ ਅਤੇ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਹੈ।
ਸੱਭਿਆਚਾਰਕ ਮੰਤਰਾਲਾ ਨਾਗਰਿਕਾਂ ਨੂੰ 500 ਸ਼ਬਦਾਂ ਦੀ ਸੀਮਾ ਦੇ ਅੰਦਰ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਭਾਸ਼ਾ ਵਿੱਚ “ਗੁਰੂ ਗੋਬਿੰਦ ਜੀ ਦੇ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਸ਼ਹਾਦਤ” ਵਿਸ਼ੇ ‘ਤੇ ਆਪਣਾ ਲੇਖ ਜਮ੍ਹਾਂ ਕਰਾਉਣ ਲਈ ਸੱਦਾ ਦਿੰਦਾ ਹੈ।
ਇਨਾਮ:
1. ਚੁਣੇ ਗਏ 3 ਜੇਤੂਆਂ ਨੂੰ ਕ੍ਰਮਵਾਰ 10,000 ਰੁਪਏ, 8,000 ਰੁਪਏ ਅਤੇ 5,000 ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ।
2. ਵਿਜੇਤਾਵਾਂ ਦੀ ਚੋਣ ਉਪਭੋਗਤਾ ਦੁਆਰਾ ਜਮ੍ਹਾ ਕੀਤੀ ਗਈ ਲਿਖਤ ‘ਤੇ ਅਧਾਰਤ ਹੋਵੇਗੀ।
ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ – 5 ਜਨਵਰੀ 2023 ਹੈ।
ਨੌਕਰੀ ਤੋਂ ਕੱਢੇ ਜਾਣ ਤੋਂ ਨਾਰਾਜ਼ ਦੋ ਮੁਲਾਜ਼ਮਾਂ ਨੇ ਫੈਕਟਰੀ ਦੇ ਮਾਲਕ ਸਮੇਤ 3 ਦਾ ਕੀਤਾ ਕਤਲ
ਗੁਜਰਾਤ: ਸੂਰਤ ਦੇ ਅਮਰੋਲੀ ਇਲਾਕੇ ਵਿਚ ਟ੍ਰਿਪਲ ਮਰਡਰ ਕੇਸ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨੌਕਰੀ ਤੋਂ ਕੱਢੇ ਜਾਣ ਤੋਂ ਨਾਰਾਜ਼ ਦੋ ਮੁਲਾਜ਼ਮਾਂ ਨੇ ਫੈਕਟਰੀ ਦੇ ਮਾਲਕ, ਉਸ ਦੇ ਪਿਤਾ ਤੇ ਉਸ ਦੇ ਚਾਚੇ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਹੱਤਿਆ ਵਿਚ ਸ਼ਾਮਲ ਨਾਬਾਲਗ ਤੇ ਇਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਿਸ ਨੇ ਸੂਰਤ ਸ਼ਹਿਰ ਦੇ ਅਮਰੋਲੀ ਇਲਾਕੇ ਦੇ ਅੰਜਨੀ ਉਦਯੋਗਿਕ ਖੇਤਰ ਵਿੱਚ ਸਥਿਤ ਵੇਦਾਂਤ ਟੈਕਸੋ ਕੰਪਨੀ ਵਿੱਚ ਹੋਏ ਤੀਹਰੇ ਕਤਲ ਕਾਂਡ ਦਾ ਖੁਲਾਸਾ ਕੀਤਾ ਹੈ।
ਇਹ ਵੀ ਪੜ੍ਹੋ: ਧੁੰਦ ਦਾ ਫਾਇਦਾ ਉਠਾਉਣ ਦੀ ਫਿਰਾਕ ‘ਚ ਪਾਕਿਸਤਾਨ, BSF ਨੇ ਮੁੜ ਤੋਂ ਫਾਇਰਿੰਗ ਕਰ…
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਰਤ ਪੁਲਿਸ ਨੇ ਦੋਹਾਂ ਮੁਲਜ਼ਮਾਂ ਨੂੰ ਹਿਰਾਸਤ ‘ਚ ਲੈ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਗਿਆ ਹੈ।
ਪੁਲਿਸ ਦੇ ਡਿਪਟੀ ਕਮਿਸ਼ਨਰ (ਜ਼ੋਨ 5) ਹਰਸ਼ਦ ਮਹਿਤਾ ਨੇ ਕਿਹਾ, “ਦੋਸ਼ੀ ਅਤੇ ਉਸ ਦਾ ਸਾਥੀ ਐਤਵਾਰ ਸਵੇਰੇ ਫਰਮ ਵਿੱਚ ਆਏ ਅਤੇ ਇਸ ਦੇ ਮਾਲਕ, ਉਸ ਦੇ ਪਿਤਾ ਅਤੇ ਚਾਚੇ ਨੂੰ ਚਾਕੂ ਮਾਰ ਕੇ ਮਾਰ ਦਿੱਤਾ।” ਮ੍ਰਿਤਕਾਂ ਦੀ ਪਛਾਣ ਕਲਪੇਸ਼ ਢੋਲਕੀਆ (36), ਧਨਜੀ ਢੋਲਕੀਆ (61) ਅਤੇ ਘਨਸ਼ਿਆਮ ਰਾਜੋੜੀਆ (48) ਵਜੋਂ ਹੋਈ ਹੈ।
ਇਹ ਵੀ ਪੜ੍ਹੋ: PM ਮੋਦੀ ਅੱਜ ‘ਵੀਰ ਬਾਲ ਦਿਵਸ’ ਪ੍ਰੋਗਰਾਮ ‘ਚ ਹੋਣਗੇ ਸ਼ਾਮਲ, 300 ਬਾਲ ਕੀਰਤਨੀ ਕਰਨਗੇ…
ਪੁਲਿਸ ਦੇ ਡਿਪਟੀ ਕਮਿਸ਼ਨਰ ਨੇ ਕਿਹਾ, “ਇਹ ਘਟਨਾ ਕਢਾਈ ਫਰਮ ਦੇ ਮਾਲਕ ਅਤੇ ਉਸ ਦੇ ਕਰਮਚਾਰੀ ਵਿਚਕਾਰ ਝਗੜੇ ਤੋਂ ਬਾਅਦ ਹੋਈ। ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਫੈਕਟਰੀ ਦੇ ਮਾਲਕ ਨੇ ਇਸ ਵਿਅਕਤੀ ਨੂੰ 10 ਦਿਨ ਪਹਿਲਾਂ ਇਸ ਲਈ ਨੌਕਰੀ ਤੋਂ ਕੱਢ ਦਿੱਤਾ ਸੀ ਕਿਉਂਕਿ ਉਹ ਰਾਤ ਦੀ ਡਿਊਟੀ ਦੌਰਾਨ ਸੁੱਤਾ ਪਿਆ ਸੀ। ਇਸ ਦੌਰਾਨ ਉਨ੍ਹਾਂ ਵਿਚਕਾਰ ਬਹਿਸ ਹੋ ਗਈ।
ਮਹਿਤਾ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਵਿੱਚ ਮੁਲਜ਼ਮ ਤੇਜ਼ਧਾਰ ਹਥਿਆਰਾਂ ਨਾਲ ਲੈਸ ਫੈਕਟਰੀ ਵਿੱਚ ਦਾਖ਼ਲ ਹੁੰਦੇ ਹੋਏ ਅਤੇ ਕੰਪਨੀ ਦੇ ਮਾਲਕ, ਉਸ ਦੇ ਪਿਤਾ ਅਤੇ ਚਾਚੇ ’ਤੇ ਕਈ ਵਾਰ ਹਮਲਾ ਕਰਦੇ ਦੇਖਿਆ ਜਾ ਸਕਦਾ ਹੈ।
ਅਮਰੀਕਾ ‘ਚ ਬਰਫੀਲੇ ਤੂਫਾਨ ਨੇ ਮਚਾਈ ਤਬਾਹੀ, 30 ਤੋਂ ਜ਼ਿਆਦਾ ਲੋਕਾਂ ਦੀ ਮੌਤ
ਅਮਰੀਕਾ ‘ਚ ਬਰਫੀਲੇ ਤੂਫਾਨ ਨੇ ਤਬਾਹੀ ਮਚਾਈ ਹੋਈ ਹੈ। ਇਸ ‘ਚ ਮਰਨ ਵਾਲਿਆਂ ਦੀ ਗਿਣਤੀ 30 ਤੋਂ ਜ਼ਿਆਦਾ ਹੋ ਗਈ ਹੈ। ਕੜਾਕੇ ਦੀ ਠੰਢ ਨੇ ਲੋਕਾਂ ਨੂੰ ਘਰਾਂ ਤੱਕ ਕੈਦ ਕਰ ਦਿੱਤਾ ਹੈ ਅਤੇ ਬਿਜਲੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਕਰੀਬ ਅੱਠ ਲੱਖ ਲੋਕ ਬਿਜਲੀ ਤੋਂ ਵਾਂਝੇ ਹਨ।
ਰੇਲ ਅਤੇ ਸੜਕੀ ਆਵਾਜਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਹ ਤੂਫ਼ਾਨ ਇੱਕ ਚੌੜੇ ਖੇਤਰ ਵਿੱਚ ਫੈਲਿਆ ਹੋਇਆ ਹੈ। ਤੂਫਾਨ ਕੈਨੇਡਾ ਦੇ ਨੇੜੇ ਮਹਾਨ ਝੀਲਾਂ ਤੋਂ ਮੈਕਸੀਕਨ ਸਰਹੱਦ ਨੇੜੇ ਰੀਓ ਗ੍ਰਾਂਡੇ ਤੱਕ ਟਕਰਾ ਗਿਆ। ਅਮਰੀਕਾ ਦੀ ਲਗਪਗ 60 ਫੀਸਦੀ ਆਬਾਦੀ ਅੱਤ ਦੀ ਠੰਢ ਦਾ ਸਾਹਮਣਾ ਕਰ ਰਹੀ ਹੈ। ਰਾਸ਼ਟਰੀ ਮੌਸਮ ਸੇਵਾ ਦੇ ਅਨੁਸਾਰ, ਰੌਕੀ ਮਾਉਂਟੇਨ ਰੇਂਜ ਪੂਰਬ ਤੋਂ ਐਪਲਾਚੀਅਨਜ਼ ਤੱਕ ਕਈ ਥਾਵਾਂ ‘ਤੇ ਤਾਪਮਾਨ ਜ਼ੀਰੋ ਤੋਂ ਹੇਠਾਂ ਚਲਾ ਗਿਆ ਹੈ। ਕਾਰਜਕਾਰੀ ਮਾਰਕ ਪੋਲੋਨਕਾਰਜ਼ ਨੇ ਬਫੇਲੋ ਸਮੇਤ ਏਰੀਆ ਕਾਉਂਟੀ ਦੇ ਮੌਸਮ ਬਾਰੇ ਕਿਹਾ ਕਿ ਬਰਫੀਲਾ ਤੂਫਾਨ ਜਾਰੀ ਰਹਿ ਸਕਦਾ ਹੈ।
ਇਸ ਤੋਂ ਪਹਿਲਾਂ ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਪੱਛਮੀ ਨਿਊਯਾਰਕ ਦੇ ਕੁਝ ਹਿੱਸਿਆਂ ਵਿੱਚ ਐਮਰਜੈਂਸੀ ਦੀ ਘੋਸ਼ਣਾ ਕੀਤੀ, ਜਿਸ ਵਿੱਚ ਐਰੀ ਝੀਲ ਅਤੇ ਓਨਟਾਰੀਓ ਝੀਲ ਦੇ ਪੂਰਬੀ ਸਿਰੇ ਸ਼ਾਮਲ ਹਨ। ਇਸ ਦੌਰਾਨ ਇਲਾਕੇ ‘ਚ ਹਰ ਤਰ੍ਹਾਂ ਦੇ ਵਾਹਨਾਂ ‘ਤੇ ਪਾਬੰਦੀ ਲਗਾ ਦਿੱਤੀ ਗਈ।
ਸਰਕਾਰ ਪਿੰਡਾਂ ‘ਚ ਪਾਈਪ ਰਾਹੀਂ ਪਾਣੀ ਦੀ ਸਪਲਾਈ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ਲਗਾਏਗੀ ਸੋਲਰ ਪਾਵਰ ਐਨਰਜੀ ਸਿਸਟਮ: ਜਿੰਪਾ
ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਿੰਡਾਂ ਵਿੱਚ ਪਾਈਪ ਰਾਹੀਂ ਪਾਣੀ ਦੀ ਸਪਲਾਈ ਵਾਲੀਆਂ ਸਕੀਮਾਂ ਵਾਸਤੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੋਲਰ ਪਾਵਰ ਐਨਰਜੀ ਸਿਸਟਮ ਲਗਾਉਣ ਲਈ 60.50 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਸ ਪ੍ਰੋਜੈਕਟ ਤਹਿਤ 1508 ਪਿੰਡਾਂ ਨੂੰ ਕਵਰ ਕਰਦਿਆਂ ਸੂਬੇ ਦੇ ਪਿੰਡਾਂ ਵਿੱਚ 970 ਜਲ ਸਪਲਾਈ ਸਕੀਮਾਂ ਲਈ 8.698 ਮੈਗਾਵਾਟ ਦੀ ਸਮਰੱਥਾ ਵਾਲੇ ਸੋਲਰ ਪਾਵਰ ਐਨਰਜੀ ਪਲਾਂਟ (ਨੈੱਟ ਮੀਟਰਿੰਗ ‘ਤੇ ਆਧਾਰਿਤ) ਲਗਾਏ ਜਾਣਗੇ।
ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਦਿਨ-ਰਾਤ ਅਣਥੱਕ ਯਤਨ ਕਰ ਰਹੀ ਹੈ। ਸਰਕਾਰ ਦਾ ਉਦੇਸ਼ ਹੈ ਕਿ ਲੋਕਾਂ ਨੂੰ ਸਹੂਲਤਾਂ ਲਈ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਾਰੀਆਂ ਸਹੂਲਤਾਂ ਲੋਕਾਂ ਨੂੰ ਉਨ੍ਹਾਂ ਦੇ ਦਰ ‘ਤੇ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਮਿਲਣ।
ਸੋਲਰ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਬਿਜਲੀ ਖਰਚਿਆਂ ਦੇ ਬੋਝ ਨੂੰ ਘਟਾ ਕੇ ਜਲ ਸਪਲਾਈ ਸਕੀਮਾਂ ਦੀ ਵਿੱਤੀ ਸਥਿਰਤਾ ਅਤੇ ਗ੍ਰਾਮ ਪੰਚਾਇਤ ਜਲ ਸਪਲਾਈ ਕਮੇਟੀਆਂ (ਜੀ.ਪੀ.ਡਬਲਿਊ.ਐਸ.ਸੀ.) ਦੁਆਰਾ ਪਿੰਡਾਂ ਵਿੱਚ ਜਲ ਸਪਲਾਈ ਸਕੀਮਾਂ ਦੇ ਸਫ਼ਲ ਸੰਚਾਲਨ ਅਤੇ ਪ੍ਰਬੰਧਨ ਨੂੰ ਯਕੀਨੀ ਬਣਾਉਣਾ ਹੈ। ਇਸ ਤੋਂ ਇਲਾਵਾ ਇਹ ਸਾਫ਼ ਅਤੇ ਸਵੱਛ ਊਰਜਾ ਦੀ ਵਰਤੋਂ ਵਧਣ ਦੇ ਨਾਲ ਨਾਲ ਵਾਤਾਵਰਣ ਸਥਿਰਤਾ ਵਿੱਚ ਵੀ ਸਹਾਈ ਹੋਵੇਗਾ।
ਜਿੰਪਾ ਨੇ ਦੱਸਿਆ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਸੋਲਰ ਰੂਫ ਟਾਪ ਪੈਨਲਾਂ ਦੀ ਸਥਾਪਨਾ ਨਾਲ ਇਹ ਪ੍ਰੋਜੈਕਟ ਕਾਫ਼ੀ ਫਾਇਦੇਮੰਦ ਸਾਬਤ ਹੋਵੇਗਾ ਜਿਵੇਂ ਬਿੱਲ ਵਿੱਚ ਕਟੌਤੀ, ਕਿਉਂਕਿ ਬਿਜਲੀ ਦੀ ਬਰਾਮਦ ਅਤੇ ਦਰਾਮਦ ਦੇ ਸਮਾਯੋਜਨ ਤੋਂ ਬਾਅਦ ਪੀਐਸਪੀਸੀਐਲ ਦੁਆਰਾ ਬਿੱਲ ਜਾਰੀ ਕੀਤਾ ਜਾਂਦਾ ਹੈ, ਵਾਤਾਵਰਣ ਪੱਖੀ ਸਵੱਛ ਅਤੇ ਸਾਫ਼ ਊਰਜਾ ਦਾ ਉਤਪਾਦਨ ਅਤੇ ਡੀਡਬਲਿਯੂਐਸਐਸ/ਜੀਪੀਡਬਲਿਯੂਐਸਸੀ ਆਪਣੀਆਂ ਬਿਜਲੀ ਲੋੜਾਂ ਖੁਦ ਪੂਰੀਆਂ ਕਰੇਗਾ।
ਪ੍ਰਮੁੱਖ ਸਕੱਤਰ ਜਲ ਸਪਲਾਈ ਅਤੇ ਸੈਨੀਟੇਸ਼ਨ ਡੀ.ਕੇ. ਤਿਵਾੜੀ ਨੇ ਅੱਗੇ ਕਿਹਾ ਕਿ ਬਿਜਲੀ ਦੀ ਦਰਾਮਦ ਅਤੇ ਬਰਾਮਦ ਦੇ ਸਮਾਯੋਜਨ ਤੋਂ ਬਾਅਦ ਹੀ ਬਿਲ ਦੀ ਰਕਮ ‘ਤੇ ਬਿਜਲੀ ਡਿਊਟੀ/ਚੁੰਗੀ ਆਦਿ ਲਗਾਇਆ ਜਾਵੇਗਾ। ਵਾਧੂ ਬਿਜਲੀ ਪੀ.ਐਸ.ਪੀ.ਸੀ.ਐਲ. ਦੇ ਗਰਿੱਡ ਨੂੰ ਸਪਲਾਈ ਕੀਤੀ ਜਾਵੇਗੀ ਜਿਸ ਨਾਲ ਬਿਜਲੀ ਦੀ ਘਾਟ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ।
ਧੁੰਦ ਦਾ ਫਾਇਦਾ ਉਠਾਉਣ ਦੀ ਫਿਰਾਕ ‘ਚ ਪਾਕਿਸਤਾਨ, BSF ਨੇ ਮੁੜ ਤੋਂ ਫਾਇਰਿੰਗ ਕਰ ਕਬਜ਼ੇ ‘ਚ ਲਿਆ ਡਰੋਨ
ਪਾਕਿਸਤਾਨ ਦੀਆਂ ਨਾਪਾਕ ਹਰਕਤਾਂ ਜਾਰੀ ਹਨ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਬੀਤੀ ਰਾਤ ਅੰਮ੍ਰਿਤਸਰ ਦੇ ਸਰਹੱਦੀ ਖੇਤਰ ਨੇੜੇ ਇਕ ਵਾਰ ਫਿਰ ਡਰੋਨ ਦੇਖਿਆ ਤੇ ਜਿਸ ‘ਤੇ ਫਾਇਰਿੰਗ ਕਰ ਉਸਨੂੰ ਜ਼ਮੀਨ ‘ਤੇ ਸੁੱਟ ਦਿੱਤਾ। ਅੰਮ੍ਰਿਤਸਰ ਦੇ ਪਿੰਡ ਰਾਜਾਤਾਲ ਨੇੜੇ ਜਵਾਨਾਂ ਨੇ ਡਰੋਨ ਬਰਾਮਦ ਕਰ ਲਿਆ ਹੈ। ਪਾਕਿਸਤਾਨ ਆਪਣੇ ਨਾਪਾਕ ਇਰਾਦਿਆਂ ਤੋਂ ਪਿੱਛੇ ਹਟਣ ਵਾਲਾ ਨਹੀਂ ਹੈ ਅਤੇ ਇਸ ਧੁੰਦ ਦੇ ਮੌਸਮ ਵਿੱਚ ਇਸਦੇ ਗੁਰਗੇ ਭਾਰਤ ‘ਚ ਹੈਰੋਇਨ/ਹਥਿਆਰ ਭੇਜਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।
ਫਿਲਹਾਲ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਡਰੋਨ ਰਾਹੀਂ ਹਥਿਆਰ ਜਾਂ ਨਸ਼ੀਲੇ ਪਦਾਰਥ ਕਿੱਥੇ ਸੁੱਟੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਦੇ ਜਵਾਨਾਂ ਨੇ 25 ਦਸੰਬਰ ਦੀ ਰਾਤ ਨੂੰ ਸਰਹੱਦ ’ਤੇ ਡਰੋਨ ਦੀ ਆਵਾਜ਼ ਸੁਣੀ ਸੀ। ਚੌਕਸ ਬੀਐਸਐਫ ਦੇ ਜਵਾਨਾਂ ਨੇ ਤੁਰੰਤ ਉਸ ‘ਤੇ ਗੋਲੀਬਾਰੀ ਕੀਤੀ ਅਤੇ ਉਸ ਨੂੰ ਮਾਰ ਸੁੱਟਿਆ। ਬੀਐਸਐਫ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਮੁਹਿੰਮ ਦੌਰਾਨ ਖੇਤ ਵਿੱਚ ਇੱਕ ਡਰੋਨ ਮਿਲਿਆ ਹੈ।















